Skip to content

Skip to table of contents

ਭਗਤੀ ਵਿਚ ਮਾਲਾ ਅਤੇ ਅਜਿਹੀਆਂ ਚੀਜ਼ਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

ਭਗਤੀ ਵਿਚ ਮਾਲਾ ਅਤੇ ਅਜਿਹੀਆਂ ਚੀਜ਼ਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

ਬਾਈਬਲ ਕੀ ਕਹਿੰਦੀ ਹੈ

ਭਗਤੀ ਵਿਚ ਮਾਲਾ ਅਤੇ ਅਜਿਹੀਆਂ ਚੀਜ਼ਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

ਬੁੱਧ, ਹਿੰਦੂ, ਇਸਲਾਮ, ਯਹੂਦੀ, ਰੋਮਨ ਕੈਥੋਲਿਕ ਤੇ ਗ੍ਰੀਕ ਆਰਥੋਡਾਕਸ ਧਰਮਾਂ ਦੇ ਸ਼ਰਧਾਲੂ ਆਮ ਤੌਰ ਤੇ ਆਪਣੀ ਭਗਤੀ ਵਿਚ ਮਾਲਾ ਵਗੈਰਾ ਵਰਤਦੇ ਹਨ। ਇਸ ਕਰਕੇ ਸੰਸਾਰ ਭਰ ਵਿਚ ਲੱਖਾਂ ਹੀ ਲੋਕ ਮੰਨਦੇ ਹਨ ਕਿ ਅਜਿਹੀਆਂ ਚੀਜ਼ਾਂ ਦੇ ਜ਼ਰੀਏ ਉਹ ਪਰਮੇਸ਼ੁਰ ਦੀ ਭਗਤੀ ਕਰ ਕੇ ਉਸ ਦੀ ਕਿਰਪਾ ਹਾਸਲ ਕਰ ਸਕਦੇ ਹਨ ਅਤੇ ਉਸ ਦੀ ਬਰਕਤ ਪਾ ਸਕਦੇ ਹਨ। ਪਰ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਇਤਹਾਸ ਮੁਤਾਬਕ ਕਿਸੇ ਚੀਜ਼ ਦੇ ਜ਼ਰੀਏ ਭਗਤੀ ਕਰਨੀ ਹਜ਼ਾਰਾਂ ਹੀ ਸਾਲ ਪੁਰਾਣਾ ਦਸਤੂਰ ਹੈ। ਮਿਸਾਲ ਲਈ, ਪ੍ਰਾਚੀਨ ਨੀਨਵਾਹ ਸ਼ਹਿਰ ਦੀ ਖੁਦਾਈ ਕਰਦਿਆਂ ਪੁਰਾਤੱਤਵ-ਵਿਗਿਆਨੀਆਂ ਨੂੰ ‘ਖੰਭਾਂ ਵਾਲੀਆਂ ਦੋ ਪਰੀਆਂ ਦੇ ਬੁੱਤ ਲੱਭੇ। ਉਨ੍ਹਾਂ ਦੇ ਖੱਬੇ ਹੱਥਾਂ ਵਿਚ ਹਾਰ ਜਾਂ ਮਾਲਾ ਫੜੀਆਂ ਹਨ ਜਿਨ੍ਹਾਂ ਨਾਲ ਉਹ ਇਕ ਪਵਿੱਤਰ ਦਰਖ਼ਤ ਸਾਮ੍ਹਣੇ ਪੂਜਾ ਕਰਦੀਆਂ ਨਜ਼ਰ ਆਉਂਦੀਆਂ ਹਨ।’—ਦ ਕੈਥੋਲਿਕ ਐਨਸਾਈਕਲੋਪੀਡੀਆ।

ਮਾਲਾ ਕਿਉਂ ਵਰਤੀਆਂ ਜਾਂਦੀਆਂ ਹਨ? ਇਹੀ ਕਿਤਾਬ ਕਹਿੰਦੀ ਹੈ ਕਿ ‘ਵਾਰ-ਵਾਰ ਕੀਤੀਆਂ ਪ੍ਰਾਰਥਨਾਵਾਂ ਦੀ ਗਿਣਤੀ ਕਰਨ ਲਈ ਆਪਣੀਆਂ ਉਂਗਲੀਆਂ ਵਰਤਣ ਦੀ ਬਜਾਇ ਕੋਈ ਹੋਰ ਚੀਜ਼ ਵਰਤਣ ਵਿਚ ਹਰਜ਼ ਨਹੀਂ ਹੈ।’

ਵਾਰ-ਵਾਰ ਪ੍ਰਾਰਥਨਾਵਾਂ ਕਰਨ ਦਾ ਕੰਮ ਸੌਖਾ ਬਣਾਉਣ ਲਈ ਪ੍ਰਾਰਥਨਾ-ਚੱਕਰ ਵੀ ਵਰਤੇ ਜਾਂਦੇ ਹਨ। ਚੱਕਰ ਭਾਵੇਂ ਹੱਥ, ਹਵਾ, ਪਾਣੀ ਜਾਂ ਬਿਜਲੀ ਨਾਲ ਘੁਮਾਇਆ ਜਾਵੇ, ਪਰ ਸ਼ਰਧਾਲੂਆਂ ਮੁਤਾਬਕ ਚੱਕਰ ਦਾ ਹਰ ਗੇੜ ਉਸ ਦੀ ਪ੍ਰਾਰਥਨਾ ਰੱਬ ਨੂੰ ਪਹੁੰਚਾਉਂਦਾ ਹੈ। ਪ੍ਰਾਰਥਨਾ-ਚੱਕਰਾਂ ਦੇ ਘੁੰਮਣ ਨਾਲ ਮੰਤਰ ਵੀ ਜਪੇ ਜਾਂਦੇ ਹਨ। ਪਰ ਆਓ ਆਪਾਂ ਦੇਖੀਏ ਕਿ ਅਜਿਹੀਆਂ ਚੀਜ਼ਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ।

“ਬਾਰ ਬਾਰ ਇਕ ਹੀ ਗੱਲ ਨਾ ਕਰੋ”

ਮਸੀਹੀਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕ ਵੀ ਮੰਨਦੇ ਹਨ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਘੱਲਿਆ ਹੋਇਆ ਇਕ ਨਬੀ ਸੀ। ਉਸ ਨੇ ਪ੍ਰਾਰਥਨਾ ਵਿਚ ਵਾਰ-ਵਾਰ ਇੱਕੋ ਹੀ ਗੱਲ ਕਰਨ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਦੱਸਿਆ: “ਪ੍ਰਾਰਥਨਾ ਕਰਦੇ ਵੇਲੇ ਆਪਣੀ ਪ੍ਰਾਰਥਨਾ ਵਿਚ ਅੰਧ-ਵਿਸ਼ਵਾਸੀਆਂ ਦੀ ਤਰ੍ਹਾਂ ਬਾਰ ਬਾਰ ਇਕ ਹੀ ਗੱਲ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਨ ਨਾਲ ਪਰਮੇਸ਼ੁਰ ਉਹਨਾਂ ਦੀ ਸੁਣ ਲਵੇਗਾ।” *ਮੱਤੀ 6:7, CL.

ਫਿਰ ਜੇ ਪਰਮੇਸ਼ੁਰ ਨੂੰ “ਬਾਰ ਬਾਰ” ਯਾਨੀ ਬੇਮਤਲਬੀ ਪ੍ਰਾਰਥਨਾਵਾਂ ਨਹੀਂ ਮਨਜ਼ੂਰ, ਤਾਂ ਕੀ ਉਹ ਭਗਤੀ ਵਿਚ ਮਾਲਾ ਵਗੈਰਾ ਦੀ ਵਰਤੋ ਮਨਜ਼ੂਰ ਕਰੇਗਾ? ਇਸੇ ਕਰਕੇ ਅਸੀਂ ਬਾਈਬਲ ਵਿਚ ਕਿਤੇ ਵੀ ਨਹੀਂ ਪੜ੍ਹਦੇ ਕਿ ਪਰਮੇਸ਼ੁਰ ਦੇ ਕਿਸੇ ਵਫ਼ਾਦਾਰ ਭਗਤ ਨੇ ਮਾਲਾ, ਪ੍ਰਾਰਥਨਾ-ਚੱਕਰ ਜਾਂ ਕੋਈ ਹੋਰ ਚੀਜ਼ ਵਰਤ ਕੇ ਕਦੇ ਉਸ ਦੀ ਭਗਤੀ ਕੀਤੀ ਸੀ। ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਪ੍ਰਾਰਥਨਾ ਹੈ ਕੀ ਤੇ ਇਸ ਦਾ ਮਕਸਦ ਕੀ ਹੈ।

ਪਰਮੇਸ਼ੁਰ ਨੂੰ ਮਨਜ਼ੂਰ ਪ੍ਰਾਰਥਨਾਵਾਂ

ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ “ਪਿਤਾ” ਕਿਹਾ ਸੀ। ਹਾਂ, ਸਾਡਾ ਕਰਤਾਰ ਕੋਈ ਦੂਰ-ਦੁਰੇਡੀ ਵੱਸ ਰਹੀ ਸ਼ਕਤੀ ਨਹੀਂ ਹੈ ਜਿਸ ਨੂੰ ਜਾਦੂ-ਟੂਣੇ, ਰਸਮਾਂ ਜਾਂ ਮੰਤਰਾਂ ਨਾਲ ਖ਼ੁਸ਼ ਰੱਖਣ ਦੀ ਲੋੜ ਹੈ। ਸਗੋਂ ਉਹ ਪਿਆਰ ਕਰਨ ਵਾਲਾ ਪਿਤਾ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪਿਆਰ ਦੀਆਂ ਨਜ਼ਰਾਂ ਨਾਲ ਦੇਖੀਏ ਤੇ ਉਸ ਨਾਲ ਪਿਆਰ ਕਰੀਏ। ਯਿਸੂ ਨੇ ਖ਼ੁਦ ਕਿਹਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰਨਾ 14:31) ਪ੍ਰਾਚੀਨ ਇਸਰਾਏਲ ਵਿਚ ਇਕ ਨਬੀ ਨੇ ਕਿਹਾ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।”—ਯਸਾਯਾਹ 64:8.

ਅਸੀਂ ਸਵਰਗ ਵਿਚ ਵੱਸਦੇ ਆਪਣੇ ਪਿਤਾ ਯਹੋਵਾਹ ਦੇ ਨੇੜੇ ਕਿਵੇਂ ਰਹਿ ਸਕਦੇ ਹਾਂ? (ਯਾਕੂਬ 4:8) ਕਿਸੇ ਵੀ ਰਿਸ਼ਤੇ ਵਿਚ ਇਕ-ਦੂਜੇ ਨਾਲ ਗੱਲ ਕਰਨ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਬਾਰੇ ਵੀ ਕਿਹਾ ਜਾ ਸਕਦਾ ਹੈ। ਪਰਮੇਸ਼ੁਰ ਆਪਣੇ ਬਚਨ ਬਾਈਬਲ ਰਾਹੀਂ ਮਾਨੋ ਸਾਡੇ ਨਾਲ “ਗੱਲਾਂ ਕਰਦਾ ਹੈ।” ਉਸ ਨੇ ਬਾਈਬਲ ਵਿਚ ਆਪਣੀਆਂ ਕਾਰਵਾਈਆਂ, ਆਪਣੀ ਸ਼ਖ਼ਸੀਅਤ ਤੇ ਇਨਸਾਨਾਂ ਲਈ ਆਪਣੇ ਮਕਸਦ ਬਾਰੇ ਦੱਸਿਆ ਹੈ। (2 ਤਿਮੋਥਿਉਸ 3:16) ਅਸੀਂ ਸ਼ਰਧਾ ਨਾਲ ਕੀਤੀਆਂ ਪ੍ਰਾਰਥਨਾਵਾਂ ਦੇ ਜ਼ਰੀਏ ਉਸ ਨਾਲ ਗੱਲਾਂ ਕਰਦੇ ਹਾਂ। ਅਜਿਹੀਆਂ ਪ੍ਰਾਰਥਨਾਵਾਂ ਦਿਖਾਵੇ ਲਈ ਨਹੀਂ, ਸਗੋਂ ਦਿਲੋਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਜ਼ਰਾ ਸੋਚੋ: ਇਕ ਪਰਿਵਾਰ ਵਿਚ ਸਮਝਦਾਰ ਬੱਚੇ ਆਪਣੇ ਮਾਪਿਆਂ ਨਾਲ ਕਿੱਦਾਂ ਗੱਲਾਂ ਕਰਦੇ ਹਨ? ਕੀ ਉਹ ਇਕ ਤੋਤੇ ਦੀ ਤਰ੍ਹਾਂ ਰਟੇ ਹੋਏ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ ਹਨ ਜਾਂ ਇਕ ਯੰਤਰ ਵਰਤ ਕੇ ਦੁਹਰਾਈਆਂ ਗੱਲਾਂ ਗਿਣਦੇ ਹਨ? ਬਿਲਕੁਲ ਨਹੀਂ! ਇਸ ਦੀ ਬਜਾਇ ਉਹ ਆਦਰ ਨਾਲ ਅਤੇ ਦਿਲੋਂ ਗੱਲਾਂ ਕਰਨਗੇ।

ਪਰਮੇਸ਼ੁਰ ਨੂੰ ਕੀਤੀ ਪ੍ਰਾਰਥਨਾ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ। ਵਾਕਈ ਅਸੀਂ ਆਪਣੇ ਪਿਤਾ ਯਹੋਵਾਹ ਨਾਲ ਕਿਸੇ ਵੀ ਚੀਜ਼ ਬਾਰੇ ਗੱਲ ਕਰ ਸਕਦੇ ਹਾਂ। ਫ਼ਿਲਿੱਪੀਆਂ 4:6, 7 ਵਿਚ ਲਿਖਿਆ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ . . . ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਇਹ ਕੁਦਰਤੀ ਹੈ ਕਿ ਜਦੋਂ ਸਾਨੂੰ ਕਿਸੇ ਗੱਲ ਦਾ ਫ਼ਿਕਰ ਹੁੰਦਾ ਹੈ, ਤਾਂ ਅਸੀਂ ਉਸ ਬਾਰੇ ਕਈ ਵਾਰ ਪ੍ਰਾਰਥਨਾ ਕਰਦੇ ਹਾਂ। ਪਰ ਇਹ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਤੋਂ ਬਿਲਕੁਲ ਉਲਟ ਹੈ।—ਮੱਤੀ 7:7-11.

ਬਾਈਬਲ ਵਿਚ ਪਰਮੇਸ਼ੁਰ ਨੂੰ ਮਨਜ਼ੂਰ ਪ੍ਰਾਰਥਨਾਵਾਂ ਦੀਆਂ ਕਈਆਂ ਉਦਾਹਰਣਾਂ ਹਨ ਜਿਨ੍ਹਾਂ ਵਿਚ ਜ਼ਬੂਰਾਂ ਦੇ ਗੀਤ ਜਾਂ ਭਜਨ ਹੀ ਨਹੀਂ ਸ਼ਾਮਲ, ਪਰ ਬਾਈਬਲ ਵਿਚ ਯਿਸੂ ਦੀਆਂ ਖ਼ੁਦ ਕਹੀਆਂ ਪ੍ਰਾਰਥਨਾਵਾਂ ਵੀ ਦਰਜ ਹਨ। * (ਜ਼ਬੂਰਾਂ ਦੀ ਪੋਥੀ 17 ਅਤੇ 86 ਦੇ ਸਿਰਲੇਖ; ਲੂਕਾ 10:21, 22; 22:40-44) ਤੁਸੀਂ ਯੂਹੰਨਾ ਦੇ 17ਵੇਂ ਅਧਿਆਏ ਵਿਚ ਯਿਸੂ ਦੀ ਇਕ ਪ੍ਰਾਰਥਨਾ ਪੜ੍ਹ ਸਕਦੇ ਹੋ। ਕਿਉਂ ਨਾ ਇਸ ਨੂੰ ਪੜ੍ਹਨ ਲਈ ਕੁਝ ਸਮਾਂ ਕੱਢੋ? ਨੋਟ ਕਰੋ ਕਿ ਇਸ ਪ੍ਰਾਰਥਨਾ ਵਿਚ ਯਿਸੂ ਨੇ ਕਿਵੇਂ ਪਰਮੇਸ਼ੁਰ ਨਾਲ ਆਪਣੇ ਦਿਲ ਦਿਆਂ ਗੱਲਾਂ ਕੀਤੀਆਂ। ਇਹ ਵੀ ਨੋਟ ਕਰੋ ਕਿ ਉਹ ਕਿੰਨਾ ਨਿਰਸੁਆਰਥੀ ਸੀ। ਉਸ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੇ ਚੇਲਿਆਂ ਨਾਲ ਡੂੰਘਾ ਪਿਆਰ ਕਰਦਾ ਸੀ। ਉਸ ਨੇ ਕਿਹਾ: ‘ਹੇ ਪਵਿੱਤ੍ਰ ਪਿਤਾ, ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰ,’ ਯਾਨੀ ਸ਼ਤਾਨ ਤੋਂ।—ਯੂਹੰਨਾ 17:11, 15.

ਯਿਸੂ ਦੀਆਂ ਗੱਲਾਂ ਕਦੇ ਵੀ ਰਟੀਆਂ-ਰਟਾਈਆਂ ਨਹੀਂ ਸਨ। ਉਸ ਦੀਆਂ ਗੱਲਾਂ ਤੋਂ ਪਿਆਰ ਝਲਕਦਾ ਸੀ। ਯਿਸੂ ਨੇ ਸਾਡੇ ਲਈ ਕਿੰਨੀ ਚੰਗੀ ਮਿਸਾਲ ਕਾਇਮ ਕੀਤੀ! ਵਾਕਈ ਸਾਨੂੰ ਪਰਮੇਸ਼ੁਰ ਨੂੰ ਜਾਣਨ ਦੀ ਲੋੜ ਹੈ। ਫਿਰ ਇਸ ਗਿਆਨ ਦੇ ਆਧਾਰ ’ਤੇ ਸਾਡਾ ਪਿਆਰ ਵਧੇਗਾ ਅਤੇ ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲੀਆਂ ਧਾਰਮਿਕ ਰੀਤਾਂ ਤੋਂ ਦੂਰ ਰਹਾਂਗੇ। ਉਸ ਦਾ ਕਹਿਣਾ ਮੰਨਣ ਵਾਲਿਆਂ ਬਾਰੇ ਯਹੋਵਾਹ ਕਹਿੰਦਾ ਹੈ: ‘ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤ੍ਰ ਧੀਆਂ ਹੋਵੋਗੇ।’—2 ਕੁਰਿੰਥੀਆਂ 6:17, 18. (g08 11)

[ਫੁਟਨੋਟ]

^ ਪੈਰਾ 8 ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਤਾਂ ਉਸ ਨੇ ਇਹ ਨਹੀਂ ਕਿਹਾ ਸੀ ਕਿ ‘ਤੁਸੀਂ ਇਹ ਪ੍ਰਾਰਥਨਾ ਕਰੋ,’ ਕਿਉਂਕਿ ਇਵੇਂ ਕਹਿਣਾ ਉਸ ਦੀ ਹੁਣੇ ਕਹੀ ਗੱਲ ਦੇ ਉਲਟ ਹੁੰਦਾ। ਇਸ ਦੀ ਬਜਾਇ ਉਸ ਨੇ ਕਿਹਾ: ‘ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ।’ (ਮੱਤੀ 6:9-13, CL) ਉਹ ਕੀ ਸਿਖਾ ਰਿਹਾ ਸੀ? ਇਹੀ ਕਿ ਸਾਨੂੰ ਆਪਣੀਆਂ ਲੋੜਾਂ ਨੂੰ ਪਹਿਲ ਦੇਣ ਦੀ ਬਜਾਇ ਪਰਮੇਸ਼ੁਰ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

^ ਪੈਰਾ 15 ਭਾਵੇਂ ਕਿ ਜ਼ਬੂਰਾਂ ਦੇ ਗੀਤ ਕਈਆਂ ਮੌਕਿਆਂ ’ਤੇ ਗਾਏ ਜਾਂਦੇ ਸਨ ਉਹ ਮੰਤਰਾਂ ਵਾਂਗ ਮੁੜ-ਮੁੜ ਨਹੀਂ ਦੁਹਰਾਏ ਜਾਂਦੇ ਸਨ ਤੇ ਨਾ ਹੀ ਉਹ ਕਿਸੇ ਰੀਤ ਵਿਚ ਮਾਲਾ ਜਾਂ ਪ੍ਰਾਰਥਨਾ-ਚੱਕਰ ਦੇ ਜ਼ਰੀਏ ਵਰਤੇ ਜਾਂਦੇ ਸਨ।

ਕੀ ਤੁਸੀਂ ਕਦੇ ਸੋਚਿਆ ਹੈ ਕਿ:

◼ ਕੀ ਯਿਸੂ ਦੀ ਸਲਾਹ ਕਿ ਵਾਰ-ਵਾਰ ਪ੍ਰਾਰਥਨਾ ਵਿਚ ਉਹੀ ਗੱਲਾਂ ਨਾ ਦੁਹਰਾਓ, ਮਾਲਾ ਜਾਂ ਪ੍ਰਾਰਥਨਾ-ਚੱਕਰ ਦੀ ਵਰਤੋ ਉੱਤੇ ਵੀ ਲਾਗੂ ਹੁੰਦੀ ਹੈ?—ਮੱਤੀ 6:7.

◼ ਸਾਡੀਆਂ ਪ੍ਰਾਰਥਨਾਵਾਂ ਤੋਂ ਪਰਮੇਸ਼ੁਰ ਬਾਰੇ ਸਾਡੇ ਨਜ਼ਰੀਏ ਬਾਰੇ ਕੀ ਪਤਾ ਚੱਲਣਾ ਚਾਹੀਦਾ ਹੈ?—ਯਸਾਯਾਹ 64:8.

◼ ਜੇ ਅਸੀਂ ਝੂਠੀਆਂ ਧਾਰਮਿਕ ਸਿੱਖਿਆਵਾਂ ਤੋਂ ਦੂਰ ਰਹਾਂਗੇ, ਤਾਂ ਪਰਮੇਸ਼ੁਰ ਸਾਨੂੰ ਕਿੱਦਾਂ ਵਿਚਾਰੇਗਾ?—2 ਕੁਰਿੰਥੀਆਂ 6:17, 18.