Skip to content

Skip to table of contents

ਨੌਜਵਾਨ ਪੁੱਛਦੇ ਹਨ

ਮੈਂ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਿਵੇਂ ਲਿਆ ਸਕਦਾ ਹਾਂ?

ਮੈਂ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਿਵੇਂ ਲਿਆ ਸਕਦਾ ਹਾਂ?

“ਜਦ ਸੂਕਲੇ ਜਾਂ ਕੰਮ ਤੇ ਤੁਹਾਨੂੰ ਇੰਨੀ ਟੈਨਸ਼ਨ ਹੁੰਦੀ ਹੈ ਅਤੇ ਦੋਸਤਾਂ ਤੇ ਘਰ ਵਾਲਿਆਂ ਲਈ ਵੀ ਸਮਾਂ ਕੱਢਣਾ ਪੈਂਦਾ ਹੈ, ਤਾਂ ਕਈ ਵਾਰੀ ਤੁਸੀਂ ਰੱਬ ਨੂੰ ਪ੍ਰਾਰਥਨਾ ਕਰਨੀ ਭੁੱਲ ਜਾਂਦੇ ਹੋ।”—ਫੈਵਿਓਲਾ, 15, ਅਮਰੀਕਾ।

“ਨਿਤ ਪ੍ਰਾਰਥਨਾ ਕਰੋ।” (1 ਥੱਸਲੁਨੀਕੀਆਂ 5:17) “ਪ੍ਰਾਰਥਨਾ ਲਗਾਤਾਰ ਕਰਦੇ ਰਹੋ।” (ਰੋਮੀਆਂ 12:12) “ਤੁਹਾਡੀਆਂ ਅਰਦਾਸਾਂ . . . ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” (ਫ਼ਿਲਿੱਪੀਆਂ 4:6) ਜੇ ਤੁਸੀਂ ਯਹੋਵਾਹ ਦੇ ਇਕ ਗਵਾਹ ਹੋ, ਤਾਂ ਤੁਸੀਂ ਸ਼ਾਇਦ ਇਨ੍ਹਾਂ ਹਵਾਲਿਆਂ ਨੂੰ ਜਾਣਦੇ ਹੋ। ਤੁਹਾਨੂੰ ਸ਼ਾਇਦ ਅਹਿਸਾਸ ਹੋਵੇ ਕਿ ਪ੍ਰਾਰਥਨਾ ਕਰਨੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜ਼ਰਾ ਸੋਚੋ: ਤੁਸੀਂ ਦਿਨ-ਰਾਤ ਕਿਸੇ ਵੀ ਸਮੇਂ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹੋ! ਬਾਈਬਲ ਕਹਿੰਦੀ ਹੈ ਕਿ “ਉਹ ਸਾਡੀ ਸੁਣਦਾ ਹੈ।” *1 ਯੂਹੰਨਾ 5:14.

ਫੈਵਿਓਲਾ ਵਾਂਗ ਸ਼ਾਇਦ ਤੁਹਾਡੇ ਲਈ ਵੀ ਪ੍ਰਾਰਥਨਾ ਕਰਨੀ ਮੁਸ਼ਕਲ ਹੋਵੇ। ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ? ਇਹ ਲੇਖ ਤੁਹਾਨੂੰ ਇਨ੍ਹਾਂ ਤਿੰਨ ਗੱਲਾਂ ਦੀ ਜਾਂਚ ਕਰਨ ਵਿਚ ਮਦਦ ਕਰੇਗਾ: (1) ਤੁਹਾਨੂੰ ਪ੍ਰਾਰਥਨਾ ਕਰਨੀ ਮੁਸ਼ਕਲ ਕਿਉਂ ਲੱਗਦੀ ਹੈ? (2) ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਹੋ ਜਿਹਾ ਸੁਧਾਰ ਲਿਆਉਣਾ ਚਾਹੁੰਦੇ ਹੋ? (3) ਤੁਸੀਂ ਸੁਧਾਰ ਲਿਆਉਣ ਲਈ ਕੀ ਕਰ ਸਕਦੇ ਹੋ?

ਪਹਿਲਾਂ ਇਸ ਬਾਰੇ ਸੋਚੋ ਕਿ ਮੁਸ਼ਕਲ ਕੀ ਹੈ।

ਹੁਣ ਸੋਚੋ ਕਿ ਤੁਸੀਂ ਇਸ ਬਾਰੇ ਕੀ ਕਰਨਾ ਚਾਹੁੰਦੇ ਹੋ। ਹੇਠਾਂ ਲਿਖੀਆਂ ਗੱਲਾਂ ਵਿੱਚੋਂ ਇਕ ਤੇ ਨਿਸ਼ਾਨ ਲਓ ਜਾਂ ਕੋਈ ਹੋਰ ਗੱਲ ਲਿਖੋ।

  • ਮੈਂ ਹੋਰ ਜ਼ਿਆਦਾ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ।

  • ਮੈਂ ਉਹੀ ਗੱਲਾਂ ਬਾਰੇ ਨਹੀਂ, ਸਗੋਂ ਵੱਖ-ਵੱਖ ਵਿਸ਼ਿਆਂ ਬਾਰੇ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ।

  • ਮੈਂ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ।

  • ਹੋਰ

ਦਰਵਾਜ਼ੇ ਦਾ ਜਿੰਦਾ ਖੋਲ੍ਹਣਾ

ਪ੍ਰਾਰਥਨਾ ਇਕ ਦਰਵਾਜ਼ੇ ਵਾਂਗ ਹੈ। ਜੇ ਜਿੰਦਾ ਲੱਗਾ ਹੋਵੇ, ਤਾਂ ਬਾਈਬਲ ਵਿੱਚੋਂ ਚਾਬੀਆਂ ਵਰਤੋ

ਪ੍ਰਾਰਥਨਾ ਇਕ ਦਰਵਾਜ਼ੇ ਵਾਂਗ ਹੈ ਜੋ ਤੁਸੀਂ ਕਿਸੇ ਵੀ ਸਮੇਂ ਖੋਲ੍ਹ ਸਕਦੇ ਹੋ। ਪਰ ਕਈ ਨੌਜਵਾਨ ਕਹਿੰਦੇ ਹਨ ਕਿ ਉਹ ਇਹ ਦਰਵਾਜ਼ਾ ਉੱਨਾ ਨਹੀਂ ਖੋਲ੍ਹਦੇ ਜਿੰਨਾ ਉਨ੍ਹਾਂ ਨੂੰ ਖੋਲ੍ਹਣਾ ਚਾਹੀਦਾ ਹੈ। ਜੇ ਇਹ ਗੱਲ ਤੁਹਾਡੇ ਬਾਰੇ ਸੱਚ ਹੈ, ਤਾਂ ਹਾਰ ਨਾ ਮੰਨੋ! ਤੁਸੀਂ ਪਹਿਲਾਂ ਹੀ ਜਾਣ ਗਏ ਹੋ ਕਿ ਮੁਸ਼ਕਲ ਕੀ ਹੈ ਅਤੇ ਤੁਸੀਂ ਉਸ ਬਾਰੇ ਕੀ ਕਰਨਾ ਚਾਹੁੰਦੇ ਹੋ। ਹੁਣ ਤੁਹਾਨੂੰ ਦਰਵਾਜ਼ੇ ਦਾ ਜਿੰਦਾ ਖੋਲ੍ਹਣ ਲਈ ਚਾਬੀ ਦੀ ਲੋੜ ਹੈ। ਆਓ ਆਪਾਂ ਕੁਝ ਮੁਸ਼ਕਲਾਂ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਲਿਆਉਣ ਲਈ ਕੀ ਕਰ ਸਕਦੇ ਹੋ।

“ਕਈ ਵਾਰੀ ਮੇਰੇ ਕੋਲ ਇੰਨਾ ਕੁਝ ਕਰਨ ਲਈ ਹੁੰਦਾ ਹੈ ਕਿ ਮੈਂ ਪ੍ਰਾਰਥਨਾ ਨਹੀਂ ਕਰਦੀ।”—ਪ੍ਰੀਤੀ, 20, ਇੰਗਲੈਂਡ।

 

ਚਾਬੀ: “ਆਪਣੇ ਰਹਿਣ-ਬਹਿਣ ਵੱਲ ਧਿਆਨ ਦੇਵੋ। ਮੂਰਖਾਂ ਵਾਲਾ ਵਰਤਾਓ ਨਾ ਕਰੋ, ਸਗੋਂ ਅਕਲਮੰਦਾਂ ਵਾਲਾ ਕਰੋ। ਆਪਣੇ ਸਮੇਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰੋ, ਕਿਉਂਕਿ ਇਹ ਦਿਨ ਬੁਰੇ ਹਨ।”—ਅਫ਼ਸੀਆਂ 5:15, 16, CL.

ਸੁਝਾਅ: ਪਹਿਲਾਂ ਹੀ ਠਾਣ ਲਓ ਕਿ ਦਿਨ ਵਿਚ ਪ੍ਰਾਰਥਨਾ ਕਰਨ ਲਈ ਤੁਹਾਡੇ ਲਈ ਕਿਹੜਾ ਸਮਾਂ ਠੀਕ ਰਹੇਗਾ। ਤੁਸੀਂ ਇਸ ਨੂੰ ਲਿਖ ਵੀ ਸਕਦੇ ਹੋ ਤਾਂਕਿ ਤੁਸੀਂ ਭੁੱਲ ਨਾ ਜਾਓ। ਜਪਾਨ ਵਿਚ 18 ਸਾਲਾਂ ਦੀ ਯੋਸ਼ੀਕੋ ਕਹਿੰਦੀ ਹੈ: “ਜੇ ਮੈਂ ਪ੍ਰਾਰਥਨਾ ਕਰਨ ਲਈ ਖ਼ਾਸ ਸਮਾਂ ਨਾ ਕੱਢਾਂ, ਤਾਂ ਮੈਂ ਹੋਰਨਾਂ ਕੰਮਾਂ ਵਿਚ ਰੁੱਝ ਜਾਂਦੀ ਹਾਂ।”

“ਪ੍ਰਾਰਥਨਾ ਕਰਦੀ-ਕਰਦੀ ਮੇਰਾ ਧਿਆਨ ਹੋਰ ਪਾਸੇ ਚਲੇ ਜਾਂਦਾ ਹੈ।”—ਪੈਮਲਾ, 17, ਮੈਕਸੀਕੋ।

 

ਚਾਬੀ: “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।”—ਮੱਤੀ 12:34.

ਸੁਝਾਅ: ਜੇ ਪ੍ਰਾਰਥਨਾ ਕਰਦੇ ਸਮੇਂ ਤੁਹਾਡਾ ਮਨ ਹੋਰ ਪਾਸੇ ਲੱਗ ਜਾਂਦਾ ਹੈ, ਤਾਂ ਕਿਉਂ ਨਾ ਆਪਣੀਆਂ ਪ੍ਰਾਰਥਨਾਵਾਂ ਨੂੰ ਥੋੜ੍ਹਾ ਛੋਟਾ ਕਰੋ? ਆਪਣਾ ਧਿਆਨ ਵਧਾਉਣ ਦੀ ਵੀ ਕੋਸ਼ਿਸ਼ ਕਰੋ। ਇਕ ਹੋਰ ਸੁਝਾਅ: ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰੋ ਜੋ ਤੁਹਾਡੇ ਦਿਲ ਵਿਚ ਹਨ। ਰੂਸ ਤੋਂ 14 ਸਾਲਾਂ ਦੀ ਮਾਰੀਨਾ ਕਹਿੰਦੀ ਹੈ, “ਜਦ ਮੈਂ ਤੇਰਾਂ ਸਾਲਾਂ ਦੀ ਹੋਈ, ਤਾਂ ਮੈਂ ਇਸ ਬਾਰੇ ਡੂੰਘੀ ਤਰ੍ਹਾਂ ਸੋਚਣ ਲੱਗ ਪਈ ਕਿ ਪ੍ਰਾਰਥਨਾ ਪਰਮੇਸ਼ੁਰ ਨਾਲ ਗੱਲਬਾਤ ਹੈ। ਇਸ ਨੂੰ ਮਨ ਵਿਚ ਰੱਖ ਕੇ ਮੈਂ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨ ਲੱਗ ਪਈ।”

“ਜਦ ਮੈਂ ਪ੍ਰਾਰਥਨਾ ਕਰਦਾ ਹਾਂ, ਤਾਂ ਮੈਂ ਮੁੜ-ਮੁੜ ਕੇ ਉਹੀ ਗੱਲਾਂ ਕਹਿੰਦਾ ਰਹਿੰਦਾ ਹਾਂ।”—ਡੂਏਪ, 17, ਬੇਨਿਨ।

 

ਚਾਬੀ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”—ਜ਼ਬੂਰਾਂ ਦੀ ਪੋਥੀ 77:12.

ਸੁਝਾਅ: ਜੇ ਤੁਸੀਂ ਬਿਨਾਂ ਸੋਚੇ ਪ੍ਰਾਰਥਨਾ ਵਿਚ ਮੁੜ-ਮੁੜ ਉਹੀ ਗੱਲਾਂ ਦੁਹਰਾਉਂਦੇ ਹੋ, ਤਾਂ ਹਰੇਕ ਦਿਨ ਇਕ ਖ਼ਾਸ ਬਰਕਤ ਬਾਰੇ ਸੋਚੋ ਜੋ ਯਹੋਵਾਹ ਨੇ ਤੁਹਾਨੂੰ ਦਿੱਤੀ ਹੈ। ਫਿਰ ਉਸ ਬਰਕਤ ਲਈ ਯਹੋਵਾਹ ਦਾ ਧੰਨਵਾਦ ਕਰੋ। ਜੇ ਤੁਸੀਂ ਇਕ ਹਫ਼ਤੇ ਲਈ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਸੱਤ ਨਵੀਆਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕੋਗੇ। ਇਸੇ ਤਰ੍ਹਾਂ ਹਰ ਰੋਜ਼ ਦੀਆਂ ਘਟਨਾਵਾਂ ਨਾਲ ਵੀ ਕੀਤਾ ਜਾ ਸਕਦਾ ਹੈ। ਬ੍ਰਾਜ਼ੀਲ ਤੋਂ 21 ਸਾਲਾਂ ਦਾ ਬਰੂਨੋ ਕਹਿੰਦਾ ਹੈ ਕਿ “ਜਿਹੜੀਆਂ ਗੱਲਾਂ ਮੇਰੇ ਨਾਲ ਉਸੇ ਦਿਨ ਹੋਈਆਂ ਹਨ, ਮੈਂ ਉਨ੍ਹਾਂ ਬਾਰੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।” ਅਮਰੀਕਾ ਵਿਚ 18 ਸਾਲਾਂ ਦੀ ਸਮੇਂਥਾ ਵੀ ਇਸੇ ਤਰ੍ਹਾਂ ਕਰਦੀ ਹੈ। ਉਹ ਕਹਿੰਦੀ ਹੈ: “ਮੈਂ ਸੋਚਦੀ ਹਾਂ ਕੀ ਅੱਜ ਕਿਹੜੀ ਗੱਲ ਹੈ ਜੋ ਬਾਕੀ ਦਿਨਾਂ ਤੋਂ ਵੱਖਰੀ ਹੈ। ਫਿਰ ਮੈਂ ਇਸ ਬਾਰੇ ਪ੍ਰਾਰਥਨਾ ਕਰਦੀ ਹਾਂ। ਇੱਦਾਂ ਕਰਨ ਨਾਲ ਮੈਂ ਇੱਕੋ ਗੱਲ ਮੁੜ-ਮੁੜ ਕੇ ਨਹੀਂ ਦੁਹਰਾਉਂਦੀ।” *

“ਇਕ ਵਾਰ ਸਕੂਲੇ ਮੈਨੂੰ ਇਕ ਮੁਸ਼ਕਲ ਆਈ। ਪਰ ਜਦ ਮੈਂ ਇਸ ਬਾਰੇ ਪ੍ਰਾਰਥਨਾ ਕੀਤੀ, ਤਾਂ ਉਹ ਦੂਰ ਨਹੀਂ ਹੋਈ। ਇਸ ਦੀ ਬਜਾਇ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਮੈਂ ਸੋਚਿਆ, ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ? ਯਹੋਵਾਹ ਕਿਹੜਾ ਸੁਣਦਾ ਹੈ!”—ਮਿਨੋਰੀ, 15, ਜਪਾਨ।

 

ਚਾਬੀ: “ਪਰੀਖਿਆ ਆਉਣ ਤੇ [ਯਹੋਵਾਹ ਪਰਮੇਸ਼ੁਰ] ਤੁਹਾਨੂੰ ਉਸ ਨੂੰ ਸਹਿ ਸਕਣ ਦੀ ਸ਼ਕਤੀ ਵੀ ਦੇਵੇਗਾ ਅਤੇ ਉਸ ਤੋਂ ਬਾਹਰ ਨਿਕਲਨ ਦਾ ਰਾਹ ਵੀ ਦੇਵੇਗਾ।”—1 ਕੁਰਿੰਥੀਆਂ 10:13, CL.

ਸੁਝਾਅ: ਇਕ ਗੱਲ ਪੱਕੀ ਹੈ: ਯਹੋਵਾਹ ਸੱਚ-ਮੁੱਚ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਪਰ ਕਈ ਵਾਰ ਯਹੋਵਾਹ ਉਸ ਤਰ੍ਹਾਂ ਸਾਡੀ ਪ੍ਰਾਰਥਨਾ ਦਾ ਜਵਾਬ ਨਹੀਂ ਦਿੰਦਾ ਜਿਸ ਤਰ੍ਹਾਂ ਅਸੀਂ ਉਮੀਦ ਰੱਖਦੇ ਹਾਂ। ਹੋ ਸਕਦਾ ਹੈ ਕਿ ਉਸ ਨੇ ਜਵਾਬ ਦਿੱਤਾ ਹੋਵੇ, ਪਰ ਇਹ ਉਹ ਜਵਾਬ ਨਾ ਹੋਵੇ ਜੋ ਅਸੀਂ ਸੋਚਦੇ ਸੀ। ਕਈ ਵਾਰ ਯਹੋਵਾਹ ਸਾਡੀ ਕਿਸੇ ਮੁਸ਼ਕਲ ਨੂੰ ਦੂਰ ਕਰਨ ਦੀ ਬਜਾਇ ਸਾਨੂੰ ਉਸ ਨੂੰ ਸਹਿਣ ਦੀ ਸ਼ਕਤੀ ਦਿੰਦਾ ਹੈ। ਜੇ ਤੁਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਹੁਣ ਵੀ ਕਰ ਰਹੇ ਹੋ, ਤਾਂ ਇਹ ਇਸ ਦਾ ਸਬੂਤ ਹੈ ਕਿ ਯਹੋਵਾਹ ਨੇ ਤੁਹਾਡੀ ਜ਼ਰੂਰ ਸੁਣੀ ਹੈ।—ਫ਼ਿਲਿੱਪੀਆਂ 4:13.

“ਜੇ ਖਾਣ ਤੋਂ ਪਹਿਲਾਂ ਮੇਰੇ ਦੋਸਤ ਮੈਨੂੰ ਪ੍ਰਾਰਥਨਾ ਕਰਦੇ ਹੋਏ ਦੇਖ ਲੈਣ, ਤਾਂ ਉਹ ਕੀ ਕਹਿਣਗੇ? ਇਸ ਬਾਰੇ ਸੋਚ ਕੇ ਮੈਨੂੰ ਸ਼ਰਮ ਆ ਜਾਂਦੀ ਹੈ।”—ਹੀਕਾਰੂ, 17, ਜਪਾਨ।

 

ਚਾਬੀ: “ਹਰੇਕ ਕੰਮ ਦਾ ਇੱਕ ਸਮਾ ਹੈ।”—ਉਪਦੇਸ਼ਕ ਦੀ ਪੋਥੀ 3:1.

ਸੁਝਾਅ: ਇਹ ਸੱਚ ਹੈ ਕਿ ਜੇ ਕੋਈ ਸਾਨੂੰ ਪ੍ਰਾਰਥਨਾ ਕਰਦੇ ਹੋਏ ਦੇਖ ਲਵੇ, ਤਾਂ ਉਸ ਉੱਤੇ ਚੰਗਾ ਅਸਰ ਪੈ ਸਕਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਸਾਰਿਆਂ ਦੇ ਸਾਮ੍ਹਣੇ ਖੁੱਲੇ-ਆਮ ਲੰਬੀ-ਚੌੜੀ ਪ੍ਰਾਰਥਨਾ ਕਰੀਏ। ਮਿਸਾਲ ਲਈ, ਇਕ ਵਾਰ ਜਦ ਯਹੋਵਾਹ ਦਾ ਵਫ਼ਾਦਾਰ ਸੇਵਕ ਨਹਮਯਾਹ ਰਾਜਾ ਅਰਤਹਸ਼ਸ਼ਤਾ ਦੇ ਨਾਲ ਸੀ, ਤਾਂ ਉਸ ਨੇ ਯਹੋਵਾਹ ਨੂੰ ਇਕ ਛੋਟੀ ਜਿਹੀ ਪ੍ਰਾਰਥਨਾ ਕੀਤੀ। ਰਾਜੇ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਾ ਸੀ ਕਿ ਨਹਮਯਾਹ ਨੇ ਪ੍ਰਾਰਥਨਾ ਕੀਤੀ ਹੈ ਕਿਉਂਕਿ ਉਸ ਨੇ ਮਨ ਹੀ ਮਨ ਵਿਚ ਪ੍ਰਾਰਥਨਾ ਕੀਤੀ। (ਨਹਮਯਾਹ 2:1-5) ਤੁਸੀਂ ਵੀ ਕਿਸੇ ਦੇ ਜਾਣੇ ਬਿਨਾਂ ਮਨ ਹੀ ਮਨ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹੋ।

“ਯਹੋਵਾਹ ਤਾਂ ਮੇਰੀਆਂ ਮੁਸ਼ਕਲਾਂ ਬਾਰੇ ਜਾਣਦਾ ਹੀ ਹੈ। ਜੇ ਮੈਂ ਆਪਣੀਆਂ ਮੁਸ਼ਕਲਾਂ ਤੋਂ ਤੰਗ ਆ ਗਈ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਯਹੋਵਾਹ ਵੀ ਸ਼ਾਇਦ ਇਨ੍ਹਾਂ ਤੋਂ ਤੰਗ ਆ ਗਿਆ ਹੈ! ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਉਸ ਨਾਲ ਗੱਲ ਕਰਨ ਦੇ ਲਾਇਕ ਨਹੀਂ।”—ਇਲਿਜ਼ਬਥ, 20, ਆਇਰਲੈਂਡ।

 

ਚਾਬੀ: “ਆਪਣੀ ਸਾਰੀ ਚਿੰਤਾ [ਪਰਮੇਸ਼ੁਰ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.

ਸੁਝਾਅ: ਸਟੱਡੀ ਪ੍ਰਾਜੈਕਟ ਵਜੋਂ ਇਨ੍ਹਾਂ ਹਵਾਲਿਆਂ ਉੱਤੇ ਸੋਚ-ਵਿਚਾਰ ਅਤੇ ਰੀਸਰਚ ਕਰੋ: ਲੂਕਾ 12:6, 7; ਯੂਹੰਨਾ 6:44; ਇਬਰਾਨੀਆਂ 4:16; 6:10; 2 ਪਤਰਸ 3:9. ਇਨ੍ਹਾਂ ਆਇਤਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਸੁਣਨੀਆਂ ਚਾਹੁੰਦਾ ਹੈ ਅਤੇ ਭਾਵੇਂ ਤੁਸੀਂ ਗ਼ਲਤੀਆਂ ਕੀਤੀਆਂ ਹਨ, ਫਿਰ ਵੀ ਯਹੋਵਾਹ ਤੁਹਾਡੀ ਸੁਣਨ ਲਈ ਤਿਆਰ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੂੰ ਵੀ ਕਈ ਤੰਗੀਆਂ ਆਈਆਂ ਸਨ, ਫਿਰ ਵੀ ਉਸ ਨੂੰ ਪੂਰਾ ਭਰੋਸਾ ਸੀ ਕਿ ‘ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲੇ ਹੋਏ ਲੋਕਾਂ ਨੂੰ ਬਚਾਉਂਦਾ ਹੈ।’ *ਜ਼ਬੂਰਾਂ ਦੀ ਪੋਥੀ 34:18.

ਯਾਦ ਰੱਖੋ ਕਿ ਯਹੋਵਾਹ ਖ਼ੁਦ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਇਸ ਤੋਂ ਸਬੂਤ ਮਿਲਦਾ ਹੈ ਕਿ ਉਹ ਤੁਹਾਡੇ ਵਿਚ ਦਿਲਚਸਪੀ ਲੈਂਦਾ ਹੈ। ਇਟਲੀ ਤੋਂ 17 ਸਾਲਾਂ ਦੀ ਨੀਕੌਲ ਕਹਿੰਦੀ ਹੈ: “ਯਹੋਵਾਹ ਨੇ ਪ੍ਰਾਰਥਨਾ ਸੁਣਨ ਦਾ ਕੰਮ ਆਪਣੇ ਫ਼ਰਿਸ਼ਤਿਆਂ ਨੂੰ ਨਹੀਂ ਦਿੱਤਾ। ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਬਹੁਤ ਕੀਮਤੀ ਸਮਝਦਾ ਹੈ ਅਤੇ ਇਸੇ ਲਈ ਉਹ ਖ਼ੁਦ ਇਨ੍ਹਾਂ ਨੂੰ ਸੁਣਦਾ ਹੈ।” (g08 11)

 

^ ਪੈਰਾ 4 ਪ੍ਰਾਰਥਨਾ ਸਿਰਫ਼ ਉੱਚੀ ਬੋਲ ਕੇ ਹੀ ਨਹੀਂ, ਪਰ ਦਿਲ ਵਿਚ ਵੀ ਕੀਤੀ ਜਾ ਸਕਦੀ ਹੈ। ਪਰਮੇਸ਼ੁਰ ਦਿਲ ਵਿਚ ਕੀਤੀਆਂ ਪ੍ਰਾਰਥਨਾਵਾਂ ਨੂੰ ਵੀ ਸੁਣ ਸਕਦਾ ਹੈ।—ਜ਼ਬੂਰਾਂ ਦੀ ਪੋਥੀ 19:14.

^ ਪੈਰਾ 32 ਜੇ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਇਸ ਲਈ ਤੁਹਾਡੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਕਿਉਂਕਿ ਤੁਸੀਂ ਕੋਈ ਵੱਡਾ ਪਾਪ ਕੀਤਾ ਹੈ, ਤਾਂ ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ। ਤੁਸੀਂ ਮਦਦ ਲਈ ‘ਕਲੀਸਿਯਾ ਦੇ ਬਜ਼ੁਰਗਾਂ ਨੂੰ ਵੀ ਸੱਦ ਘੱਲ ਸਕਦੇ ਹੋ।’ (ਯਾਕੂਬ 5:14) ਉਹ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਫਿਰ ਤੋਂ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਇਸ ਬਾਰੇ ਸੋਚੇ

  • ਉਹ ਕਿਹੜੀਆਂ ਕੁਝ ਗੱਲਾਂ ਹਨ ਜੋ ਯਹੋਵਾਹ ਜ਼ਰੂਰੀ ਸਮਝਦਾ ਹੈ ਅਤੇ ਜਿਨ੍ਹਾਂ ਬਾਰੇ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ?

  • ਤੁਸੀਂ ਹੋਰਨਾਂ ਦੇ ਸੰਬੰਧ ਵਿਚ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ?