Skip to content

Skip to table of contents

ਨੌਜਵਾਨ ਪੁੱਛਦੇ ਹਨ

ਮੈਂ ਸਮੇਂ ਸਿਰ ਘਰ ਕਿਉਂ ਵਾਪਸ ਮੁੜਾਂ?

ਮੈਂ ਸਮੇਂ ਸਿਰ ਘਰ ਕਿਉਂ ਵਾਪਸ ਮੁੜਾਂ?

ਤੁਸੀਂ ਆਪਣੇ ਦੋਸਤ-ਮਿੱਤਰਾਂ ਨਾਲ ਸ਼ਾਮ ਗੁਜ਼ਾਰ ਕੇ ਲੇਟ ਘਰ ਪਹੁੰਚਦੇ ਹੋ। ਕਾਫ਼ੀ ਰਾਤ ਲੰਘ ਚੁੱਕੀ ਹੈ। ਇਸ ਲਈ ਤੁਹਾਡਾ ਦਿਲ ਧੜਕ ਰਿਹਾ ਹੈ। ਤੁਸੀਂ ਦੱਬੇ ਪੈਰੀਂ ਦਰਵਾਜ਼ਾ ਖੋਲ੍ਹਦੇ ਹੋ। ਆਸ ਹੈ ਕਿ ‘ਮੰਮੀ-ਡੈਡੀ ਤਾਂ ਕਦੋਂ ਤੋਂ ਹੀ ਸੌਂ ਚੁੱਕੇ ਹੋਣਗੇ।’ ਪਰ ਨਹੀਂ! ਉਹ ਦੋਨੋਂ ਬੜੇ ਪਰੇਸ਼ਾਨੀ ਨਾਲ ਕਦੋਂ ਤੋਂ ਤੁਹਾਡੀ ਉਡੀਕ ਕਰ ਰਹੇ ਹਨ। ਘੜੀ ਵੱਲ ਨਜ਼ਰਾਂ ਮਾਰਦੇ ਉਹ ਜਾਣਨਾ ਚਾਹੁੰਦੇ ਹਨ ਕਿ ਇੰਨੀ ਦੇਰ ਕਿਉਂ ਹੋ ਗਈ।

ਕੀ ਤੁਹਾਡੇ ਨਾਲ ਕਦੇ ਇਵੇਂ ਹੋਇਆ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਦੇਰ ਤਕ ਘਰੋਂ ਬਾਹਰ ਰਹਿਣ ਦੇ ਮਾਮਲੇ ਵਿਚ ਤੁਹਾਡੇ ਮਾਪੇ ਤੁਹਾਡੇ ਨਾਲ ਬਹੁਤ ਸਖ਼ਤੀ ਵਰਤਦੇ ਹਨ? ਡੈਬਰਾ ਨਾਂ ਦੀ ਇਕ 17 ਸਾਲਾਂ ਦੀ ਕੁੜੀ ਨੇ ਕਿਹਾ ਕਿ “ਸਾਡੇ ਸ਼ਹਿਰ ਵਿਚ ਰਾਤ ਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਹੈ, ਪਰ ਜੇ ਮੈਂ ਰਾਤ ਨੂੰ ਜ਼ਰਾ ਲੇਟ ਘਰ ਪਹੁੰਚਦੀ ਹਾਂ, ਤਾਂ ਮੇਰੇ ਮੰਮੀ-ਡੈਡੀ ਐਵੇਂ ਫ਼ਿਕਰ ਕਰਨ ਲੱਗ ਪੈਂਦੇ ਹਨ।” *

ਸਮੇਂ ਸਿਰ ਘਰ ਵਾਪਸ ਮੁੜਨਾ ਇੰਨਾ ਮੁਸ਼ਕਲ ਕਿਉਂ ਲੱਗ ਸਕਦਾ ਹੈ? ਜ਼ਿਆਦਾ ਆਜ਼ਾਦੀ ਵਿਚ ਕੀ ਹਰਜ਼ ਹੈ? ਇਸ ਮਾਮਲੇ ਦੇ ਸੰਬੰਧ ਵਿਚ ਤੁਹਾਨੂੰ ਆਪਣੇ ਮਾਪਿਆਂ ਦੇ ਕਹਿਣੇ ਵਿਚ ਕਿਉਂ ਰਹਿਣਾ ਚਾਹੀਦਾ ਹੈ?

ਚੁਣੌਤੀਆਂ

ਤੁਹਾਨੂੰ ਸ਼ਾਇਦ ਖਿੱਝ ਆਵੇ ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਬਾਹਰ ਰਹਿ ਕੇ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੁੰਦੇ ਹੋ, ਪਰ ਤੁਹਾਡੇ ਮਾਪਿਆਂ ਦੀ ਲਾਈ ਹੋਈ ਪਾਬੰਦੀ ਕਰਕੇ ਤੁਹਾਨੂੰ ਜਲਦੀ ਘਰ ਵਾਪਸ ਮੁੜਨਾ ਪੈਂਦਾ ਹੈ। 17 ਸਾਲਾਂ ਦੀ ਨੀਸ਼ਾ ਨੇ ਕਿਹਾ ਕਿ “ਮੈਨੂੰ ਆਪਣੇ ਮਾਪਿਆਂ ਦੀਆਂ ਪਾਬੰਦੀਆਂ ਤੋਂ ਬਹੁਤ ਖਿੱਝ ਆਉਂਦੀ ਹੈ। ਇਕ ਵਾਰ ਮੇਰੇ ਮਾਪਿਆਂ ਨੂੰ ਪਤਾ ਵੀ ਸੀ ਕਿ ਮੈਂ ਲਾਗੇ ਹੀ ਗੁਆਂਢੀਆਂ ਦੇ ਘਰ ਆਪਣੀਆਂ ਸਹੇਲੀਆਂ ਨਾਲ ਬੈਠ ਕੇ ਫ਼ਿਲਮ ਦੇਖ ਰਹੀ ਹਾਂ। ਪਰ ਜਦੋਂ ਮੈਂ ਘਰ ਪਹੁੰਚਣ ਵਿਚ ਸਿਰਫ਼ ਦੋ ਮਿੰਟ ਲੇਟ ਹੋ ਗਈ, ਤਾਂ ਉਹ ਫ਼ੋਨ ਕਰ ਕੇ ਪੁੱਛਣ ਲੱਗ ਪਏ ਕਿ ਮੈਂ ਅਜੇ ਤਕ ਘਰ ਕਿਉਂ ਨਹੀਂ ਪਹੁੰਚੀ!”

ਸਟੇਸੀ ਨਾਂ ਦੀ ਕੁੜੀ ਨੇ ਇਕ ਹੋਰ ਚੁਣੌਤੀ ਦੱਸੀ। ਉਸ ਨੇ ਕਿਹਾ ਕਿ “ਮੇਰੇ ਮੰਮੀ-ਡੈਡੀ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦੇ ਸੌਂ ਜਾਣ ਤੋਂ ਪਹਿਲਾਂ-ਪਹਿਲਾਂ ਘਰ ਮੁੜ ਆਵਾਂ। ਜੇ ਉਹ ਦੋਵੇਂ ਮੇਰੇ ਲਈ ਜਾਗਦੇ ਰਹਿੰਦੇ, ਤਾਂ ਉਹ ਬੈਠੇ-ਬੈਠੇ ਬਹੁਤ ਥੱਕ ਜਾਂਦੇ ਜਿਸ ਕਰਕੇ ਸਾਡੇ ਆਪਸ ਵਿਚ ਚਿੜ-ਚਿੜ ਪੈਦਾ ਹੋ ਜਾਂਦੀ।” ਫਿਰ ਕੀ ਹੁੰਦਾ ਸੀ? ਸਟੇਸੀ ਨੇ ਦੱਸਿਆ ਕਿ “ਇਸ ਵਜ੍ਹਾ ਉਹ ਮੈਨੂੰ ਬੁਰਾ ਮਹਿਸੂਸ ਕਰਾਉਂਦੇ ਸੀ। ਮੈਨੂੰ ਸਮਝ ਨਹੀਂ ਪੈਂਦੀ ਸੀ ਕਿ ਉਹ ਸੌਂ ਕਿਉਂ ਨਹੀਂ ਜਾਂਦੇ!” ਇਸ ਤਰ੍ਹਾਂ ਦੀ ਟੈਨਸ਼ਨ ਕਰਕੇ ਸ਼ਾਇਦ ਤੁਸੀਂ 18 ਸਾਲਾਂ ਦੀ ਕੇਟੀ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਮੇਰੇ ਮੰਮੀ-ਡੈਡੀ ਮੇਰੇ ਉੱਤੇ ਯਕੀਨ ਕਰਨ ਤਾਂਕਿ ਮੈਂ ਇਸ ਤਰ੍ਹਾਂ ਨਾ ਮਹਿਸੂਸ ਕਰਾਂ ਕਿ ਮੈਂ ਉਨ੍ਹਾਂ ਤੋਂ ਪੱਲਾ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹਾਂ।”

ਸ਼ਾਇਦ ਤੁਸੀਂ ਇਨ੍ਹਾਂ ਨੌਜਵਾਨਾਂ ਵਾਂਗ ਮਹਿਸੂਸ ਕਰ ਰਹੇ ਹੋ। ਜੇ ਕਰ ਰਹੇ ਹੋ, ਤਾਂ ਆਪਣੇ ਆਪ ਨੂੰ ਇਹ ਸਵਾਲ ਪੁੱਛੋ:

 

  • ਮੈਨੂੰ ਆਜ਼ਾਦੀ ਪਸੰਦ ਹੈ।

  • ਮੈਂ ਰਿਲੈਕਸ ਕਰ ਸਕਦਾ ਹਾਂ।

  • ਮੈਂ ਆਪਣੇ ਦੋਸਤਾਂ ਨਾਲ ਸਮਾਂ ਗੁਜ਼ਾਰ ਸਕਦਾ ਹਾਂ।

ਇਹ ਗੱਲਾਂ ਆਮ ਹਨ। ਵੱਡੇ ਹੋਣ ਦੇ ਨਾਲ-ਨਾਲ ਜ਼ਿਆਦਾ ਆਜ਼ਾਦੀ ਪਾਉਣ ਦੀ ਇੱਛਾ ਵੀ ਕੁਦਰਤੀ ਹੈ ਅਤੇ ਮਨੋਰੰਜਨ ਕਰ ਕੇ ਸਾਨੂੰ ਤਾਜ਼ਗੀ ਮਿਲਦੀ ਹੈ। ਇਸ ਤੋਂ ਇਲਾਵਾ ਬਾਈਬਲ ਸਾਨੂੰ ਚੰਗੇ ਦੋਸਤ ਬਣਾਉਣ ਲਈ ਵੀ ਕਹਿੰਦੀ ਹੈ। (ਜ਼ਬੂਰਾਂ ਦੀ ਪੋਥੀ 119:63; 2 ਤਿਮੋਥਿਉਸ 2:22) ਸਾਰਾ ਸਮਾਂ ਘਰ ਹੀ ਬੈਠਿਆਂ ਇਹ ਨਹੀਂ ਕੀਤਾ ਜਾ ਸਕਦਾ, ਹੈ ਨਾ?

ਪਰ ਜੇ ਤੁਹਾਡੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ, ਤਾਂ ਤੁਸੀਂ ਇਸ ਤਰ੍ਹਾਂ ਦੀ ਆਜ਼ਾਦੀ ਕਿੱਦਾਂ ਮਾਣ ਸਕਦੇ ਹੋ? ਹੇਠਲੀਆਂ ਗੱਲਾਂ ਉੱਤੇ ਵਿਚਾਰ ਕਰੋ।

ਚੁਣੌਤੀ ਨੰ. 1: ਮੈਨੂੰ ਇੱਦਾਂ ਲੱਗਦਾ ਹੈ ਕਿ ਮੇਰੇ ਮਾਪੇ ਮੈਨੂੰ ਛੋਟਾ ਬੱਚਾ ਹੀ ਸਮਝਦੇ ਹਨ। ਅੰਜਨਾ ਹੁਣ 21 ਸਾਲਾਂ ਦੀ ਹੈ। ਉਹ ਯਾਦ ਕਰਦੀ ਹੈ: “ਜਦੋਂ ਦੂਸਰਿਆਂ ਨੂੰ ਪਾਰਟੀ ਛੱਡ ਕੇ ਮੈਨੂੰ ਟਾਈਮ-ਸਿਰ ਘਰ ਪਹੁੰਚਾਉਣਾ ਪੈਂਦਾ ਸੀ, ਤਾਂ ਮੈਨੂੰ ਇਵੇਂ ਲੱਗਦਾ ਸੀ ਕਿ ਮੈਂ ਅਜੇ ਨਿਆਣੀ ਹੀ ਹਾਂ।”

 

ਡ੍ਰਾਈਵਰ ਦੇ ਲਸੰਸ ਵਾਂਗ ਤੁਹਾਡੇ ’ਤੇ ਲੱਗੀਆਂ ਪਾਬੰਦੀਆਂ ਤੁਹਾਡੀ ਤਰੱਕੀ ਦੀ ਨਿਸ਼ਾਨੀ ਹਨ

ਕਿਹੜੀ ਗੱਲ ਮਦਦ ਕਰ ਸਕਦੀ ਹੈ: ਕਲਪਨਾ ਕਰੋ ਕਿ ਤੁਹਾਨੂੰ ਗੱਡੀ ਚਲਾਉਣ ਦਾ ਲਸੰਸ ਮਿਲ ਗਿਆ ਹੈ। ਕਈਆਂ ਦੇਸ਼ਾਂ ਵਿਚ ਕਾਨੂੰਨ ਨਵੇਂ ਡ੍ਰਾਈਵਰਾਂ ਉੱਤੇ ਪਹਿਲਾਂ-ਪਹਿਲਾਂ ਕੁਝ ਪਾਬੰਦੀਆਂ ਲਾਉਂਦਾ ਹੈ ਜਿਵੇਂ ਕਿ ਖ਼ਾਸ ਉਮਰ ਹੋਣ ਤਕ ਉਹ ਕਿੱਥੇ, ਕਦੋਂ ਤੇ ਕਿਸ ਦੇ ਨਾਲ ਗੱਡੀ ਚਲਾ ਸਕਦੇ ਹਨ। ਕੀ ਤੁਸੀਂ ਲਸੰਸ ਲੈਣ ਤੋਂ ਇਨਕਾਰ ਕਰ ਕੇ ਇਹ ਕਹੋਗੇ ਕਿ “ਮੈਂ ਗੱਡੀ ਹੀ ਨਹੀਂ ਚਲਾਵਾਂਗਾ ਕਿਉਂਕਿ ਮੈਨੂੰ ਆਪਣੀ ਮਰਜ਼ੀ ਨਾਲ ਜਿੱਥੇ ਅਤੇ ਜਦੋਂ ਮਰਜ਼ੀ ਗੱਡੀ ਚਲਾਉਣ ਦੀ ਇਜਾਜ਼ਤ ਨਹੀਂ ਹੈ”? ਬਿਲਕੁਲ ਨਹੀਂ! ਸਗੋਂ ਲਸੰਸ ਮਿਲਣ ਤੇ ਤੁਸੀਂ ਫੁੱਲੇ ਹੀ ਨਹੀਂ ਸਮਾਉਂਦੇ!

ਇਸੇ ਤਰ੍ਹਾਂ ਤੁਹਾਡੇ ਮਾਪੇ ਤੁਹਾਨੂੰ ਬਾਹਰ ਜਾਣ ਦੀ ਇਜਾਜ਼ਤ ਤਾਂ ਦੇ ਰਹੇ ਹਨ, ਪਰ ਉਹ ਸਿਰਫ਼ ਕੁਝ ਪਾਬੰਦੀ ਲਾ ਰਹੇ ਹਨ। ਪਾਬੰਦੀ ਬਾਰੇ ਸੋਚਣ ਦੀ ਬਜਾਇ ਇਸ ਬਾਰੇ ਸੋਚੋ ਕਿ ਉਹ ਤੁਹਾਨੂੰ ਕੁਝ ਹੱਦ ਤਕ ਆਜ਼ਾਦੀ ਦੇ ਰਹੇ ਹਨ। ਕੀ ਇਹ ਸੱਚ ਨਹੀਂ ਕਿ ਪਹਿਲਾਂ ਨਾਲੋਂ ਤੁਹਾਡੇ ਕੋਲ ਹੁਣ ਜ਼ਿਆਦਾ ਆਜ਼ਾਦੀ ਹੈ?

ਇਹ ਕਿਉਂ ਕਾਮਯਾਬ ਹੁੰਦਾ ਹੈ: ਜੇ ਤੁਸੀਂ ਇਸ ਪਾਬੰਦੀ ਨੂੰ ਪੈਰ ਦਾ ਰੋੜਾ ਸਮਝਣ ਦੀ ਬਜਾਇ ਨਵੇਂ ਪੱਧਰ ਤੇ ਪੈਰ ਰੱਖਣ ਦਾ ਮੌਕਾ ਵਿਚਾਰੋਗੇ, ਤਾਂ ਇਸ ਵਿਚ ਤੁਹਾਡਾ ਹੀ ਭਲਾ ਹੋਵੇਗਾ। ਜੇ ਤੁਸੀਂ ਹੁਣ ਸੰਭਲ ਕੇ ਚੱਲੋਗੇ, ਤਾਂ ਹੋ ਸਕਦਾ ਹੈ ਕਿ ਤੁਸੀਂ ਹੌਲੀ-ਹੌਲੀ ਹੋਰ ਵੀ ਆਜ਼ਾਦੀ ਮਿਲਣ ਦੇ ਯੋਗ ਬਣ ਜਾਓਗੇ।—ਲੂਕਾ 16:10.

ਚੁਣੌਤੀ ਨੰ. 2: ਮੈਨੂੰ ਸਮਝ ਨਹੀਂ ਪੈਂਦੀ ਕਿ ਮੈਨੂੰ ਇੰਨੀ ਛੇਤੀ ਘਰ ਕਿਉਂ ਮੁੜਨਾ ਪੈਂਦਾ ਹੈ। ਨਿੱਕੀ ਨਾਂ ਦੀ ਕੁੜੀ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਸ ਉੱਤੇ ਇਹ ਪਾਬੰਦੀ ਕਿਉਂ ਲਾਈ ਗਈ ਸੀ। ਉਸ ਨੇ ਕਿਹਾ: “ਮੈਨੂੰ ਯਾਦ ਹੈ ਕਿ ਮੈਂ ਸੋਚਦੀ ਹੁੰਦੀ ਸੀ ਕਿ ਮੇਰੀ ਮੰਮੀ ਬਿਨਾਂ ਮਤਲਬ ਪਾਬੰਦੀਆਂ ਲਾਉਂਦੀ ਰਹਿੰਦੀ ਸੀ।”

 

ਕਿਹੜੀ ਗੱਲ ਮਦਦ ਕਰ ਸਕਦੀ ਹੈ: ਬਾਈਬਲ ਵਿਚ ਪਾਇਆ ਜਾਂਦਾ ਇਹ ਅਸੂਲ ਲਾਗੂ ਕਰੋ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ, ਸੋ ਜਿੰਨੇ ਸਲਾਹਕਾਰ ਅਧਿਕ ਹੋਣਗੇ ਉੱਨੀ ਅਧਿਕ ਸਫਲਤਾ ਮਿਲੇਗੀ।” (ਕਹਾਉਤਾਂ 15:22, CL) ਸ਼ਾਂਤੀ ਨਾਲ ਆਪਣੇ ਮੰਮੀ-ਡੈਡੀ ਨਾਲ ਬੈਠ ਕੇ ਇਸ ਬਾਰੇ ਗੱਲ ਕਰੋ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਨੇ ਤੁਹਾਨੂੰ ਇੰਨੇ ਵਜੇ ਘਰ ਵਾਪਸ ਆਉਣ ਲਈ ਕਿਉਂ ਕਿਹਾ ਹੈ। *

ਇਹ ਕਿਉਂ ਕਾਮਯਾਬ ਹੁੰਦਾ ਹੈ: ਆਪਣੇ ਮਾਪਿਆਂ ਨਾਲ ਗੱਲਬਾਤ ਕਰ ਕੇ ਤੁਹਾਨੂੰ ਸ਼ਾਇਦ ਪਤਾ ਲੱਗ ਜਾਵੇ ਕਿ ਉਨ੍ਹਾਂ ਨੇ ਇਹ ਪਾਬੰਦੀ ਕਿਉਂ ਲਾਈ ਹੋਈ ਹੈ। ਸਤੀਸ਼ ਨੇ ਕਿਹਾ ਕਿ “ਮੇਰੇ ਪਿਤਾ ਜੀ ਨੇ ਮੈਨੂੰ ਸਮਝਾਇਆ ਕਿ ਮੇਰੀ ਮੰਮੀ ਉਦੋਂ ਤਕ ਨਹੀਂ ਸੌਂਦੀ ਸੀ ਜਦ ਤਕ ਮੈਂ ਸਹੀ-ਸਲਾਮਤ ਘਰ ਨਹੀਂ ਮੁੜ ਆਉਂਦਾ ਸੀ, ਪਰ ਮੈਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ।”

ਯਾਦ ਰੱਖੋ ਕਿ ਲਾਲ-ਪੀਲੇ ਹੋ ਕੇ ਝਗੜਾ ਕਰਨ ਨਾਲ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਆਰਾਮ ਨਾਲ ਬੈਠ ਕੇ ਚੁਣੌਤੀਆਂ ਬਾਰੇ ਗੱਲ ਕਰਨੀ ਬਿਹਤਰ ਰਹੇਗਾ। ਉੱਪਰ ਜ਼ਿਕਰ ਕੀਤੀ ਗਈ ਨੀਸ਼ਾ ਨੇ ਕਿਹਾ: “ਮੈਨੂੰ ਇਹ ਪਤਾ ਚੱਲਿਆ ਹੈ ਕਿ ਜੇ ਮੈਂ ਆਪਣੇ ਮੰਮੀ-ਡੈਡੀ ਨਾਲ ਲੜਦੀ ਹਾਂ, ਤਾਂ ਇਸ ਵਿਚ ਮੇਰਾ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਮੇਰੇ ਉੱਤੇ ਹੋਰ ਵੀ ਪਾਬੰਦੀਆਂ ਲਗਾ ਦਿੰਦੇ ਹਨ।”

ਚੁਣੌਤੀ ਨੰ. 3: ਮੈਨੂੰ ਲੱਗਦਾ ਹੈ ਕਿ ਮੇਰੇ ਮਾਪੇ ਮੇਰੀ ਜ਼ਿੰਦਗੀ ਨੂੰ ਕੰਟ੍ਰੋਲ ਕਰ ਰਹੇ ਹਨ। ਕਈ ਵਾਰ ਮਾਪੇ ਕਹਿੰਦੇ ਹਨ ਕਿ ਘਰ ਦੇ ਅਸੂਲ ਤੁਹਾਡੇ ਹੀ ਭਲੇ ਲਈ ਬਣਾਏ ਜਾਂਦੇ ਹਨ। 20 ਸਾਲਾਂ ਦੀ ਬਲਰਾਜ ਨਾਂ ਦੀ ਲੜਕੀ ਨੇ ਕਿਹਾ: “ਜਦੋਂ ਮੇਰੇ ਮੰਮੀ-ਡੈਡੀ ਇੱਦਾਂ ਕਹਿੰਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਕੋਈ ਫ਼ੈਸਲਾ ਕਰਨ ਦਾ ਹੱਕ ਨਹੀਂ ਜਾਂ ਮੇਰੀ ਗੱਲ ਕੋਈ ਨਹੀਂ ਸੁਣਦਾ।”

 

ਕਿਹੜੀ ਗੱਲ ਮਦਦ ਕਰ ਸਕਦੀ ਹੈ: ਤੁਸੀਂ ਯਿਸੂ ਦੀ ਸਲਾਹ ਉੱਤੇ ਚੱਲ ਸਕਦੇ ਹੋ: “ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਣ ਲਈ ਮਜਬੂਰ ਕਰੇ ਤਾਂ ਤੁਸੀਂ ਉਸ ਨਾਲ ਦੋ ਮੀਲ ਚੱਲੋ।” (ਮੱਤੀ 5:41, ERV) ਆਸ਼ਾ ਤੇ ਉਸ ਦੇ ਭਰਾ ਨੇ ਇਹ ਅਸੂਲ ਲਾਗੂ ਕਰਨ ਦਾ ਵਧੀਆ ਤਰੀਕਾ ਲੱਭਿਆ ਹੈ। ਉਸ ਨੇ ਕਿਹਾ ਕਿ “ਅਸੀਂ ਆਮ ਤੌਰ ਤੇ 15 ਮਿੰਟ ਪਹਿਲਾਂ ਹੀ ਘਰ ਮੁੜ ਆਉਂਦੇ ਹਾਂ।” ਕੀ ਤੁਸੀਂ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ?

ਇਹ ਕਿਉਂ ਕਾਮਯਾਬ ਹੁੰਦਾ ਹੈ: ਮਜਬੂਰਨ ਕੀਤੇ ਗਏ ਕੰਮ ਨਾਲੋਂ ਰਜ਼ਾਮੰਦੀ ਨਾਲ ਕੀਤੇ ਗਏ ਕੰਮ ਵਿਚ ਕਿੰਨਾ ਜ਼ਿਆਦਾ ਮਜ਼ਾ ਹੈ! ਇਸ ਗੱਲ ਬਾਰੇ ਵੀ ਜ਼ਰਾ ਸੋਚੋ: ਜਦੋਂ ਤੁਸੀਂ ਖ਼ੁਦ ਸਮੇਂ ਤੋਂ ਪਹਿਲਾਂ ਘਰ ਆਉਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਸੀਂ ਆਪਣੇ ਸਮੇਂ ਨੂੰ ਕੰਟ੍ਰੋਲ ਕਰ ਰਹੇ ਹੋ। ਯਾਦ ਰੱਖੋ ਕਿ ਜੇ ਤੁਸੀਂ ਹਰ ਕੰਮ “ਰਜ਼ਾਮੰਦੀ ਨਾਲ” ਕਰੋਗੇ, ਤਾਂ ਤੁਹਾਡਾ ਹੀ ਫ਼ਾਇਦਾ ਹੋਵੇਗਾ।—ਫਿਲੇਮੋਨ 14.

ਜੇ ਤੁਸੀਂ ਸਮੇਂ ਸਿਰ ਘਰ ਮੁੜ ਆਓਗੇ, ਤਾਂ ਤੁਹਾਡੇ ਮਾਪੇ ਤੁਹਾਡੇ ਉੱਤੇ ਹੋਰ ਵਿਸ਼ਵਾਸ ਕਰਨਗੇ ਜਿਸ ਨਾਲ ਉਹ ਤੁਹਾਨੂੰ ਹੋਰ ਆਜ਼ਾਦੀ ਦੇਣਗੇ। 18 ਸਾਲਾਂ ਦੇ ਵਰਿੰਦਰ ਨੇ ਕਿਹਾ ਕਿ “ਜੇ ਤੁਸੀਂ ਆਪਣੇ ਮਾਪਿਆਂ ਦਾ ਵਿਸ਼ਵਾਸ ਪਾਓਗੇ, ਤਾਂ ਤੁਹਾਨੂੰ ਹੌਲੀ-ਹੌਲੀ ਹੋਰ ਖੁੱਲ੍ਹ ਦਿੱਤੀ ਜਾਵੇਗੀ।”

ਸਮੇਂ ਸਿਰ ਘਰ ਵਾਪਸ ਮੁੜਨ ਦੇ ਸੰਬੰਧ ਵਿਚ ਇਕ ਹੋਰ ਚੁਣੌਤੀ ਲਿਖੋ।

ਕਿਹੜੀ ਗੱਲ ਤੁਹਾਨੂੰ ਇਸ ਦਾ ਸਾਮ੍ਹਣਾ ਕਰਨ ਵਿਚ ਮਦਦ ਕਰ ਸਕਦੀ ਹੈ?

ਤੁਹਾਡੇ ਖ਼ਿਆਲ ਵਿਚ ਇਹ ਕਿਉਂ ਕਾਮਯਾਬ ਹੋਵੇਗਾ?

ਕਿਸੇ ਦਿਨ ਤੁਸੀਂ ਆਪਣਾ ਬਸੇਰਾ ਕਿਤੇ ਹੋਰ ਬਣਾਓਗੇ ਤੇ ਤੁਹਾਡੇ ਕੋਲ ਮਨ-ਚਾਹੀ ਆਜ਼ਾਦੀ ਹੋਵੇਗੀ। ਪਰ ਧੀਰਜ ਰੱਖੋ। 20 ਸਾਲਾਂ ਦੀ ਟੀਨਾ ਨੇ ਕਿਹਾ: “ਤੁਸੀਂ ਭਾਵੇਂ ਹਰ ਗੱਲ ਵਿਚ ਅਜੇ ਆਪਣੀ ਮਰਜ਼ੀ ਨਹੀਂ ਕਰ ਪਾਉਂਦੇ, ਪਰ ਜੇ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਸਿੱਖ ਲਵੋਗੇ, ਤਾਂ ਤੁਹਾਨੂੰ ਸਾਰੀ ਕਿਸ਼ੋਰ ਉਮਰ ਖਿੱਝ-ਖਿੱਝ ਕੇ ਨਹੀਂ ਕੱਟਣੀ ਪਵੇਗੀ।” (g08 10)

 

^ ਪੈਰਾ 4 ਇਸ ਲੇਖ ਵਿਚ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 21 ਹੋਰ ਸੁਝਾਵਾਂ ਲਈ ਜਨਵਰੀ-ਮਾਰਚ 2007 ਦੇ ਜਾਗਰੂਕ ਬਣੋ! ਵਿਚ “ਨੌਜਵਾਨ ਪੁੱਛਦੇ ਹਨ . . . ਆਖ਼ਰ ਇੰਨੇ ਨਿਯਮ ਕਿਉਂ?” ਨਾਂ ਦਾ ਲੇਖ ਦੇਖੋ।

ਇਸ ਬਾਰੇ ਸੋਚੋ

  • ਤੁਹਾਡੇ ਮਾਪਿਆਂ ਦੀ ਲਾਈ ਹੋਈ ਪਾਬੰਦੀ ਤੋਂ ਉਨ੍ਹਾਂ ਦੇ ਪਿਆਰ ਦਾ ਸਬੂਤ ਕਿੱਦਾਂ ਮਿਲਦਾ ਹੈ?

  • ਜੇ ਤੁਸੀਂ ਦੇਰ ਨਾਲ ਘਰ ਵਾਪਸ ਮੁੜੇ ਹੋ, ਤਾਂ ਤੁਸੀਂ ਫਿਰ ਤੋਂ ਆਪਣੇ ਮੰਮੀ-ਡੈਡੀ ਦਾ ਵਿਸ਼ਵਾਸ ਕਿੱਦਾਂ ਪਾ ਸਕਦੇ ਹੋ?