Skip to content

Skip to table of contents

ਸਫ਼ਲਤਾ ਪਾਉਣ ਦੀਆਂ ਛੇ ਕੁੰਜੀਆਂ

ਸਫ਼ਲਤਾ ਪਾਉਣ ਦੀਆਂ ਛੇ ਕੁੰਜੀਆਂ

ਸਫ਼ਲਤਾ ਪਾਉਣ ਦੀਆਂ ਛੇ ਕੁੰਜੀਆਂ

ਸੱਚ-ਮੁੱਚ ਸਫ਼ਲ ਹੋਣ ਲਈ ਅਸੀਂ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਾਂਗੇ ਅਤੇ ਉਸ ਦੇ ਮਕਸਦ ਅਨੁਸਾਰ ਜੀਵਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਸਭ ਤੋਂ ਵਧੀਆ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੇ। ਬਾਈਬਲ ਕਹਿੰਦੀ ਹੈ ਕਿ ਜੇ ਇਨਸਾਨ ਇਸ ਤਰ੍ਹਾਂ ਜੀਵੇਗਾ ਉਹ ‘ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।’—ਜ਼ਬੂਰਾਂ ਦੀ ਪੋਥੀ 1:3.

ਭਾਵੇਂ ਅਸੀਂ ਪਾਪੀ ਹੋਣ ਕਾਰਨ ਗ਼ਲਤੀਆਂ ਕਰ ਬੈਠਦੇ ਹਾਂ, ਫਿਰ ਵੀ ਅਸੀਂ ਸਫ਼ਲ ਹੋ ਸਕਦੇ ਹਾਂ। ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਪਾਉਣੀ ਚਾਹੁੰਦੇ ਹੋ? ਜੇ ਹਾਂ, ਤਾਂ ਅੱਗੇ ਦੱਸੇ ਗਏ ਬਾਈਬਲ ਦੇ ਛੇ ਅਸੂਲਾਂ ’ਤੇ ਚੱਲ ਕੇ ਤੁਹਾਨੂੰ ਮਦਦ ਮਿਲੇਗੀ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਪਾਏ ਜਾਂਦੇ ਅਸੂਲ ਸੱਚ-ਮੁੱਚ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਦਿੰਦੇ ਹਨ।—ਯਾਕੂਬ 3:17.

1 ਪੈਸੇ ਬਾਰੇ ਸਹੀ ਨਜ਼ਰੀਆ ਰੱਖੋ

“ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ . . . ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:10) ਧਿਆਨ ਦੇਣਾ ਕਿ ਮਾਇਆ ਜਾਂ ਪੈਸਾ ਆਪਣੇ ਆਪ ਵਿਚ ਮਾੜਾ ਨਹੀਂ ਹੈ, ਲੇਕਿਨ ਇਸ ਦਾ ਲੋਭ ਕਰਨਾ ਗ਼ਲਤ ਹੈ। ਗੁਜ਼ਾਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਪੈਸੇ ਦੀ ਲੋੜ ਹੈ, ਲੇਕਿਨ ਜੇ ਅਸੀਂ ਪੈਸੇ ਨਾਲ ਪਿਆਰ ਕਰਨ ਲੱਗਦੇ ਹਾਂ, ਤਾਂ ਉਹੀ ਪੈਸਾ ਸਾਡਾ ਮਾਲਕ ਜਾਂ ਰੱਬ ਬਣ ਜਾਂਦਾ ਹੈ।

ਜਿਵੇਂ ਅਸੀਂ ਆਪਣੇ ਪਹਿਲੇ ਲੇਖ ਵਿਚ ਦੇਖਿਆ ਸੀ ਉਹ ਲੋਕ ਜੋ ਪੈਸੇ ਦਾ ਪਿੱਛਾ ਕਰ ਕੇ ਸਫ਼ਲਤਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਹਮੇਸ਼ਾ ਅਸਫ਼ਲ ਰਹਿੰਦੇ ਹਨ। ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਲੱਗਦੀ ਹੈ ਅਤੇ ਉਨ੍ਹਾਂ ਨੂੰ ਕਈ ਦੁੱਖ ਸਹਿਣੇ ਪੈਂਦੇ ਹਨ। ਮਿਸਾਲ ਲਈ, ਜਦ ਲੋਕ ਦਿਨ ਰਾਤ ਪੈਸੇ ਦਾ ਪਿੱਛਾ ਕਰਦੇ ਹਨ, ਤਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਰਿਸ਼ਤੇ ਅਕਸਰ ਵਿਗੜ ਜਾਂ ਟੁੱਟ ਜਾਂਦੇ ਹਨ। ਕੰਮ ਜਾਂ ਚਿੰਤਾਵਾਂ ਦੇ ਕਾਰਨ ਕਈਆਂ ਦੀ ਨੀਂਦ ਵੀ ਉੱਡ ਜਾਂਦੀ ਹੈ। ਬਾਈਬਲ ਵਿਚ ਲਿਖਿਆ ਹੈ: “ਇਕ ਮਿਹਨਤੀ ਮਜ਼ਦੂਰ ਕੋਲ ਬੇਸ਼ਕ ਬਹੁਤਾ ਪੇਟ ਭਰਨ ਲਈ ਨਾ ਹੋਵੇ, ਪਰ ਉਹ ਰਾਤ ਦੀ ਨੀਂਦ, ਤਾਂ ਆਰਾਮ ਨਾਲ ਲੈ ਸਕਦਾ ਹੈ, ਪਰ ਧਨੀ ਆਦਮੀ ਤਾਂ ਚਿੰਤਾ ਦੇ ਕਾਰਨ ਰਾਤ ਨੂੰ ਸੌਂ ਵੀ ਨਹੀਂ ਸਕਦਾ ਹੈ।”—ਉਪਦੇਸ਼ਕ 5:12, CL.

ਜਦ ਅਸੀਂ ਪੈਸੇ ਨੂੰ ਆਪਣਾ ਮਾਲਕ ਬਣਾਉਂਦੇ ਹਾਂ, ਤਾਂ ਸਾਨੂੰ ਕਈ ਦੁੱਖ ਸਹਿਣੇ ਪੈਂਦੇ ਹਨ। ਇਸ ਤੋਂ ਇਲਾਵਾ ਯਿਸੂ ਨੇ ‘ਧਨ ਦੇ ਧੋਖੇ’ ਦੀ ਵੀ ਗੱਲ ਕੀਤੀ ਸੀ। (ਮਰਕੁਸ 4:19) ਕਹਿਣ ਦਾ ਮਤਲਬ ਹੈ ਕਿ ਪੈਸਾ ਸਾਨੂੰ ਕਦੀ ਖ਼ੁਸ਼ੀ ਨਹੀਂ ਦੇ ਸਕਦਾ। ਇਸ ਦੀ ਬਜਾਇ ਇਹ ਸਾਡੇ ਵਿਚ ਅਜਿਹੀ ਲਾਲਚ ਪੈਦਾ ਕਰਦਾ ਹੈ ਕਿ ਸਾਡੇ ਕੋਲ ਭਾਵੇਂ ਜਿੰਨਾ ਮਰਜ਼ੀ ਹੋਵੇ, ਫਿਰ ਵੀ ਅਸੀਂ ਕਦੇ ਰੱਜਦੇ ਨਹੀਂ। ਬਾਈਬਲ ਕਹਿੰਦੀ ਹੈ: “ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ ਹੈ, ਕਦੇ ਵੀ ਪੈਸੇ ਨਾਲ ਸੰਤੁਸ਼ਟ ਨਹੀਂ ਹੋਵੇਗਾ।”—ਉਪਦੇਸ਼ਕ 5:10, ERV.

ਜਿਹੜਾ ਇਨਸਾਨ ਪੈਸੇ ਨਾਲ ਪਿਆਰ ਕਰਦਾ ਹੈ ਉਹ ਆਪਣਾ ਹੀ ਨੁਕਸਾਨ ਕਰਦਾ ਹੈ। ਅੰਤ ਵਿਚ ਉਹ ਨਿਰਾਸ਼ਾ ਵਿਚ ਡੁੱਬ ਸਕਦਾ ਹੈ ਜਾਂ ਜੁਰਮ ਵਿਚ ਪੈ ਸਕਦਾ ਹੈ। (ਕਹਾਉਤਾਂ 28:20) ਪਰ ਸਫ਼ਲਤਾ ਅਤੇ ਖ਼ੁਸ਼ੀ ਦਾ ਤਅੱਲਕ ਦਰਿਆ-ਦਿਲੀ, ਮਾਫ਼ ਕਰਨ, ਪਰਮੇਸ਼ੁਰ ਦਾ ਕਹਿਣਾ ਮੰਨਣ, ਪਿਆਰ ਕਰਨ ਅਤੇ ਰੱਬ ਬਾਰੇ ਜਾਣਨ ਨਾਲ ਹੈ।

2 ਦਰਿਆ-ਦਿਲ ਵਾਲੇ ਬਣੋ

“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਕਦੀ-ਕਦੀ ਦੇਣ ਨਾਲ ਸਾਨੂੰ ਪਲ ਦੋ ਪਲ ਖ਼ੁਸ਼ੀ ਮਿਲ ਸਕਦੀ ਹੈ, ਪਰ ਦਰਿਆ-ਦਿਲ ਇਨਸਾਨ ਹਮੇਸ਼ਾ ਖ਼ੁਸ਼ ਰਹਿੰਦਾ ਹੈ। ਅਸੀਂ ਕਈ ਤਰੀਕਿਆਂ ਨਾਲ ਦਰਿਆ-ਦਿਲੀ ਦਿਖਾ ਸਕਦੇ ਹਾਂ। ਲੋਕ ਅਕਸਰ ਇਸ ਗੱਲ ਦੀ ਕਦਰ ਕਰਦੇ ਹਨ ਜਦ ਅਸੀਂ ਉਨ੍ਹਾਂ ਨਾਲ ਸਮਾਂ ਗੁਜ਼ਾਰਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਦੇ ਹਾਂ।

ਨਿਰਸੁਆਰਥ, ਖ਼ੁਸ਼ੀ ਅਤੇ ਸਿਹਤ ਬਾਰੇ ਕਈ ਰਿਪੋਰਟਾਂ ਲਿਖੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਰਿਵਿਊ ਕਰਨ ਤੋਂ ਬਾਅਦ ਇਕ ਖੋਜਕਾਰ ਨੇ ਇਹ ਸਿੱਟਾ ਕੱਢਿਆ ਕਿ ਜਿਹੜਾ ਇਨਸਾਨ ਨਿਰਸੁਆਰਥ ਹੈ ਅਤੇ ਹੋਰਨਾਂ ਦੀ ਮਦਦ ਕਰਦਾ ਹੈ ਉਸ ਦੀ ਉਮਰ ਲੰਮੀ ਹੁੰਦੀ ਹੈ, ਉਹ ਜ਼ਿਆਦਾ ਖ਼ੁਸ਼ ਤੇ ਤੰਦਰੁਸਤ ਰਹਿੰਦਾ ਹੈ। ਉਸ ਦੀ ਮਾਨਸਿਕ ਸਿਹਤ ’ਤੇ ਵੀ ਚੰਗਾ ਅਸਰ ਪੈਂਦਾ ਹੈ। ਮਿਸਾਲ ਲਈ, ਉਸ ਨੂੰ ਡਿਪਰੈਸ਼ਨ ਵੀ ਘੱਟ ਹੁੰਦਾ ਹੈ।

ਖੁੱਲ੍ਹੇ ਦਿਲ ਵਾਲੇ ਇਨਸਾਨ ਨੂੰ ਕਦੀ ਘਾਟਾ ਨਹੀਂ ਹੁੰਦਾ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਖੁਲ੍ਹੇ ਦਿਲ ਵਾਲੇ ਮਨੁੱਖ ਨੂੰ ਅਸੀਸ ਮਿਲਦੀ ਹੈ, ਅਤੇ ਦੂਜਿਆਂ ਦੀ ਮਦਦ ਕਰਨ ਵਾਲਾ, ਮਦਦ ਪ੍ਰਾਪਤ ਕਰਦਾ ਹੈ।” (ਕਹਾਉਤਾਂ 11:25, CL) ਇਨ੍ਹਾਂ ਸ਼ਬਦਾਂ ਦੇ ਅਨੁਸਾਰ ਦਰਿਆ-ਦਿਲ ਵਾਲੇ ਇਹ ਉਮੀਦ ਨਹੀਂ ਰੱਖਦੇ ਕਿ ਉਨ੍ਹਾਂ ਨੂੰ ਕੁਝ ਵਾਪਸ ਮਿਲੇਗਾ। ਦੂਸਰੇ ਅਤੇ ਖ਼ਾਸਕਰ ਪਰਮੇਸ਼ੁਰ ਉਨ੍ਹਾਂ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਨਾਲ ਪਿਆਰ ਕਰਦਾ ਹੈ।—ਇਬਰਾਨੀਆਂ 13:16.

3 ਖੁੱਲ੍ਹੇ ਦਿਲ ਨਾਲ ਮਾਫ਼ ਕਰੋ

“ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ . . . ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13) ਅੱਜ-ਕੱਲ੍ਹ ਲੋਕ ਇਕ-ਦੂਜੇ ਨੂੰ ਮਾਫ਼ ਨਹੀਂ ਕਰਦੇ। ਦਇਆ ਕਰਨ ਦੀ ਬਜਾਇ ਉਹ ਬਦਲਾ ਲੈਣਾ ਪਸੰਦ ਕਰਦੇ ਹਨ। ਇਸ ਦਾ ਨਤੀਜਾ ਕੀ ਨਿਕਲਦਾ ਹੈ? ਲੋਕ ਇਕ ਗਾਲ ਦੇ ਬਦਲੇ ਦੋ ਗਾਲਾਂ ਕੱਢਦੇ ਹਨ ਅਤੇ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਹਨ।

ਜੇ ਅਸੀਂ ਹੋਰਨਾਂ ਨੂੰ ਮਾਫ਼ ਨਹੀਂ ਕਰਦੇ, ਤਾਂ ਸਾਡਾ ਹੀ ਨੁਕਸਾਨ ਹੁੰਦਾ ਹੈ। ਮਾਂਟ੍ਰੀਆਲ, ਕੈਨੇਡਾ ਦ ਗਜ਼ੈਟ ਅਖ਼ਬਾਰ ਨੇ ਖੋਜਕਾਰਾਂ ਦੀ ਇਕ ਸਟੱਡੀ ਬਾਰੇ ਲਿਖਿਆ: ‘ਲਗਭਗ 4,600 ਲੋਕਾਂ ਦੀ ਸਟੱਡੀ ਕੀਤੀ ਗਈ ਜਿਨ੍ਹਾਂ ਦੀ ਉਮਰ 18 ਤੋਂ 30 ਸਾਲਾਂ ਦੀ ਸੀ। ਦੇਖਿਆ ਗਿਆ ਕਿ ਉਹ ਜਿੰਨੇ ਜ਼ਿਆਦਾ ਗੁੱਸੇਖ਼ੋਰ ਅਤੇ ਰੁੱਖੇ ਸਨ ਉਨ੍ਹਾਂ ਦੇ ਫੇਫੜੇ ਉੱਨੇ ਹੀ ਖ਼ਰਾਬ ਸਨ।’ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੇ ਫੇਫੜੇ ਸਿਗਰਟ ਪੀਣ ਵਾਲਿਆਂ ਦੇ ਫੇਫੜਿਆਂ ਨਾਲੋਂ ਵੀ ਖ਼ਰਾਬ ਸਨ! ਸੋ ਖੁੱਲ੍ਹੇ ਦਿਲ ਨਾਲ ਮਾਫ਼ ਕਰਨ ਦੇ ਨਾਲ ਨਾ ਸਿਰਫ਼ ਸਾਡੀ ਹੋਰਨਾਂ ਨਾਲ ਬਣੀ ਰਹਿੰਦੀ ਹੈ, ਪਰ ਸਾਡੀ ਸਿਹਤ ’ਤੇ ਵੀ ਚੰਗਾ ਅਸਰ ਪੈਂਦਾ ਹੈ।

ਤੁਸੀਂ ਖੁੱਲ੍ਹੇ ਦਿਲ ਨਾਲ ਮਾਫ਼ ਕਰਨ ਵਾਲੇ ਕਿੱਦਾਂ ਬਣ ਸਕਦੇ ਹੋ? ਪਹਿਲਾਂ ਆਪਣੇ ਆਪ ਦੀ ਜਾਂਚ ਕਰੋ। ਕੀ ਤੁਸੀਂ ਹੋਰਨਾਂ ਨੂੰ ਨਾਰਾਜ਼ ਨਹੀਂ ਕਰਦੇ? ਕੀ ਤੁਹਾਨੂੰ ਉਦੋਂ ਚੰਗਾ ਨਹੀਂ ਲੱਗਦਾ ਜਦ ਕੋਈ ਤੁਹਾਨੂੰ ਮਾਫ਼ ਕਰ ਦਿੰਦਾ ਹੈ? ਤਾਂ ਫਿਰ ਕਿਉਂ ਨਾ ਤੁਸੀਂ ਹੋਰਨਾਂ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰੋ? (ਮੱਤੀ 18:21-35) ਜ਼ਰੂਰੀ ਹੈ ਕਿ ਅਸੀਂ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਸਿੱਖੀਏ। ਜਵਾਬ ਦੇਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਠੰਢਾ ਹੋ ਲੈਣ ਦਿਓ। ਕਹਾਉਤਾਂ 16:32 ਦੇ ਅਨੁਸਾਰ “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ . . . ਨਾਲੋਂ ਚੰਗਾ ਹੈ।” ਇਸ ਤੋਂ ਪਤਾ ਚੱਲਦਾ ਹੈ ਕਿ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਕਮਜ਼ੋਰੀ ਨਹੀਂ ਬਲਕਿ ਤਾਕਤ ਹੈ। ਇਹ ਇਕ ਸਫ਼ਲ ਇਨਸਾਨ ਦੀ ਪਛਾਣ ਹੈ।

4 ਪਰਮੇਸ਼ੁਰ ਦਾ ਕਹਿਣਾ ਮੰਨੋ

“ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 19:8) ਪਰਮੇਸ਼ੁਰ ਦੇ ਹੁਕਮ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਸਾਡੇ ਭਲੇ ਲਈ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰ ਕੇ ਅਸੀਂ ਡ੍ਰੱਗਜ਼ ਲੈਣ, ਸ਼ਰਾਬੀ ਹੋਣ, ਬਦਚਲਣੀ ਕਰਨ ਅਤੇ ਗੰਦੀਆਂ ਤਸਵੀਰਾਂ ਦੇਖਣ ਵਰਗੇ ਗ਼ਲਤ ਕੰਮਾਂ ਤੋਂ ਦੂਰ ਰਹਾਂਗੇ। (2 ਕੁਰਿੰਥੀਆਂ 7:1; ਕੁਲੁੱਸੀਆਂ 3:5) ਜੇ ਅਸੀਂ ਇਨ੍ਹਾਂ ਕੰਮਾਂ ਤੋਂ ਦੂਰ ਨਹੀਂ ਰਹਾਂਗੇ, ਤਾਂ ਸਾਡਾ ਪਰਿਵਾਰ ਬਿਖਰ ਸਕਦਾ ਹੈ ਅਤੇ ਅਸੀਂ ਜੁਰਮ, ਗ਼ਰੀਬੀ, ਬੇਇਤਬਾਰੀ, ਮਾਨਸਿਕ ਅਤੇ ਜਜ਼ਬਾਤੀ ਸਮੱਸਿਆਵਾਂ, ਬੀਮਾਰੀ ਅਤੇ ਮੌਤ ਦੇ ਸ਼ਿਕਾਰ ਹੋ ਸਕਦੇ ਹਾਂ।

ਦੂਜੇ ਪਾਸੇ ਜੇ ਅਸੀਂ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ, ਤਾਂ ਅਸੀਂ ਦੂਜਿਆਂ ਨਾਲ ਚੰਗੇ ਰਿਸ਼ਤੇ ਕਾਇਮ ਕਰ ਸਕਾਂਗੇ। ਇਸ ਦੇ ਨਾਲ-ਨਾਲ ਅਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਾਂਗੇ ਅਤੇ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ। ਯਸਾਯਾਹ 48:17, 18 ਵਿਚ ਲਿਖਿਆ ਹੈ ਕਿ “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” ਪਰਮੇਸ਼ੁਰ ਸਾਡਾ ਭਲਾ ਹੀ ਚਾਹੁੰਦਾ ਹੈ। ਉਹ ਸਾਨੂੰ ਸਫ਼ਲਤਾ ਦੇ “ਰਾਹ ਪਾਉਂਦਾ ਹੈ।”

5 ਪਿਆਰ ਦਿਖਾਓ

“ਪ੍ਰੇਮ ਬਣਾਉਂਦਾ ਹੈ।” (1 ਕੁਰਿੰਥੀਆਂ 8:1) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪਿਆਰ ਬਿਨਾਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਅਜਿਹੀ ਜ਼ਿੰਦਗੀ ਕਿੰਨੀ ਖੋਖਲੀ ਹੋਵੇਗੀ! ਪੌਲੁਸ ਰਸੂਲ ਨੇ ਲਿਖਿਆ: ‘ਜੇ ਮੈਂ ਹੋਰਨਾਂ ਲਈ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ। ਮੈਨੂੰ ਕੁਝ ਲਾਭ ਨਹੀਂ।’—1 ਕੁਰਿੰਥੀਆਂ 13:2, 3.

ਇੱਥੇ ਕਿਹੋ ਜਿਹੇ ਪਿਆਰ ਦੀ ਗੱਲ ਕੀਤੀ ਜਾ ਰਹੀ ਹੈ? ਇੱਥੇ ਜਿਨਸੀ ਸੰਬੰਧ ਦੀ ਗੱਲ ਨਹੀਂ ਬਲਕਿ ਅਜਿਹੇ ਪਿਆਰ ਦੀ ਗੱਲ ਕੀਤੀ ਜਾ ਰਹੀ ਹੈ ਜੋ ਪਰਮੇਸ਼ੁਰ ਦੇ ਅਸੂਲਾਂ ’ਤੇ ਆਧਾਰਿਤ ਹੈ। * (ਮੱਤੀ 22:37-39) ਅਸੀਂ ਆਪਣੇ ਕੰਮਾਂ ਰਾਹੀਂ ਇਸ ਪਿਆਰ ਦਾ ਸਬੂਤ ਦਿੰਦੇ ਹਾਂ। ਪੌਲੁਸ ਨੇ ਇਹ ਵੀ ਕਿਹਾ ਸੀ ਕਿ ਇਹ ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ। ਇਹ ਪਿਆਰ ਜਲ਼ਦਾ ਨਹੀਂ, ਸ਼ੇਖ਼ੀ ਨਹੀਂ ਮਾਰਦਾ ਅਤੇ ਨਾ ਹੀ ਹੰਕਾਰ ਕਰਦਾ ਹੈ। ਇਹ ਹੋਰਨਾਂ ਦਾ ਭਲਾ ਕਰਦਾ ਹੈ। ਇਹ ਬੁਰਾ ਮੰਨਣ ਦੀ ਬਜਾਇ ਮਾਫ਼ ਕਰਦਾ ਹੈ ਅਤੇ ਹੌਸਲਾ ਦਿੰਦਾ ਹੈ। ਇਸ ਪਿਆਰ ਨੂੰ ਦਿਖਾ ਕੇ ਅਸੀਂ ਹੋਰਨਾਂ ਨਾਲ ਚੰਗੇ ਰਿਸ਼ਤੇ ਬਣਾਈ ਰੱਖਦੇ ਹਾਂ, ਖ਼ਾਸ ਕਰ ਕੇ ਆਪਣੇ ਪਰਿਵਾਰ ਨਾਲ।—1 ਕੁਰਿੰਥੀਆਂ 13:4-8.

ਜਦ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਬਾਈਬਲ ਤੋਂ ਸਮਝਾਉਂਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਤੇ ਕੀ ਗ਼ਲਤ ਹੈ। ਜਿਨ੍ਹਾਂ ਬੱਚਿਆਂ ਨੂੰ ਅਜਿਹੀ ਸਿੱਖਿਆ ਮਿਲਦੀ ਹੈ ਉਹ ਆਪਣੇ ਪਰਿਵਾਰ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਸੱਚ-ਮੁੱਚ ਪਿਆਰ ਕਰਦੇ ਹਨ।—ਅਫ਼ਸੀਆਂ 5:33–6:4; ਕੁਲੁੱਸੀਆਂ 3:20.

ਜੈਕ ਅਮਰੀਕਾ ਵਿਚ ਵੱਡਾ ਹੋਇਆ ਸੀ ਅਤੇ ਉਸ ਦੇ ਮਾਪਿਆਂ ਨੇ ਉਸ ਨੂੰ ਬਾਈਬਲ ਦੀ ਸਿੱਖਿਆ ਦਿੱਤੀ ਸੀ। ਵੱਡਾ ਹੋ ਕੇ ਘਰ ਛੱਡਣ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਨੂੰ ਇਕ ਚਿੱਠੀ ਲਿਖੀ। ਉਸ ਵਿਚ ਉਸ ਨੇ ਲਿਖਿਆ: “ਮੈਂ ਹਮੇਸ਼ਾ ਬਾਈਬਲ ਦੇ ਇਸ ਅਸੂਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ: ‘ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਅਤੇ ਤੇਰਾ ਭਲਾ ਹੋਵੇਗਾ।’ (ਬਿਵਸਥਾ ਸਾਰ 5:16) ਮੈਂ ਕਹਿ ਸਕਦਾ ਹਾਂ ਕਿ ਮੇਰਾ ਭਲਾ ਜ਼ਰੂਰ ਹੋਇਆ ਹੈ ਅਤੇ ਹੁਣ ਮੈਂ ਸਮਝ ਗਿਆ ਹਾਂ ਕਿ ਇਹ ਤੁਹਾਡੀ ਮਿਹਨਤ ਅਤੇ ਪਿਆਰ ਦਾ ਹੀ ਫਲ ਹੈ। ਮੈਂ ਤੁਹਾਡੀ ਮਿਹਨਤ ਨੂੰ ਕਦੀ ਨਹੀਂ ਭੁੱਲਾਂਗਾ।” ਜੇ ਤੁਸੀਂ ਮਾਪੇ ਹੋ, ਤਾਂ ਅਜਿਹੀ ਚਿੱਠੀ ਮਿਲਣ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ? ਵਾਕਈ ਇਹ ਤੁਹਾਡੇ ਦਿਲ ਨੂੰ ਛੋਂਹਦੀ!

ਪਰਮੇਸ਼ੁਰ ਦੇ ਅਸੂਲਾਂ ’ਤੇ ਆਧਾਰਿਤ ਪਿਆਰ ਬਾਈਬਲ ਦੀ “ਸਚਿਆਈ ਨਾਲ ਅਨੰਦ ਹੁੰਦਾ ਹੈ।” (1 ਕੁਰਿੰਥੀਆਂ 13:6; ਯੂਹੰਨਾ 17:17) ਫ਼ਰਜ਼ ਕਰੋ ਕਿ ਇਕ ਪਤੀ-ਪਤਨੀ ਦੇ ਆਪਸ ਵਿਚ ਮੁਸ਼ਕਲਾਂ ਆ ਰਹੀਆਂ ਹਨ। ਉਹ ਮਰਕੁਸ 10:9 ਵਿਚ ਯਿਸੂ ਦੇ ਸ਼ਬਦ ਪੜ੍ਹਦੇ ਹਨ: “ਜੋ ਕੁਝ ਪਰਮੇਸ਼ੁਰ ਨੇ [ਵਿਆਹ ਦੇ ਵਿਚ] ਜੋੜ ਦਿੱਤਾ ਹੈ ਮਨੁੱਖ ਉਸ ਨੂੰ ਅੱਡ ਨਾ ਕਰੇ।” ਹੁਣ ਉਨ੍ਹਾਂ ਨੂੰ ਆਪਣੇ ਦਿਲ ਦੀ ਜਾਂਚ ਕਰਨੀ ਪਵੇਗੀ। ਕੀ ਉਹ ਸੱਚ-ਮੁੱਚ “ਸਚਿਆਈ ਨਾਲ ਅਨੰਦ” ਹੋਣਗੇ? ਕੀ ਉਹ ਪਰਮੇਸ਼ੁਰ ਵਾਂਗ ਵਿਆਹ ਦੇ ਬੰਧਨ ਨੂੰ ਪਵਿੱਤਰ ਸਮਝਣਗੇ? ਕੀ ਉਹ ਪਿਆਰ ਨਾਲ ਆਪਣੀਆਂ ਮੁਸ਼ਕਲਾਂ ਸੁਲਝਾਉਣ ਦੀ ਕੋਸ਼ਿਸ਼ ਕਰਨਗੇ? ਜੇ ਹਾਂ, ਤਾਂ ਉਹ ਆਪਣੇ ਵਿਆਹੁਤਾ ਜ਼ਿੰਦਗੀ ਵਿਚ ਸਫ਼ਲ ਹੋਣਗੇ ਅਤੇ ਇਸ ਤੋਂ ਖ਼ੁਸ਼ੀ ਪਾਉਣਗੇ।

6 ਪਰਮੇਸ਼ੁਰ ਬਾਰੇ ਜਾਣੋ

“ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਅਸੀਂ ਜਾਨਵਰਾਂ ਵਰਗੇ ਨਹੀਂ ਹਾਂ ਕਿਉਂਕਿ ਅਸੀਂ ਜ਼ਿੰਦਗੀ ਬਾਰੇ ਕਈ ਸਵਾਲ ਪੁੱਛਦੇ ਹਾਂ। ਮਿਸਾਲ ਲਈ, ਸਾਡੇ ਮਨ ਵਿਚ ਇਹੋ ਜਿਹੇ ਸਵਾਲ ਉੱਠਦੇ ਹਨ: ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਰੱਬ ਹੈ? ਮਰਨ ਤੋਂ ਬਾਅਦ ਕੀ ਹੁੰਦਾ ਹੈ? ਅਤੇ ਭਵਿੱਖ ਵਿਚ ਕੀ ਹੋਵੇਗਾ?

ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਮਿਲੇ ਹਨ। ਮਿਸਾਲ ਲਈ, ਬਾਈਬਲ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਪਰਮੇਸ਼ੁਰ ਕੀ ਕਰੇਗਾ। ਉਸ ਦਾ ਮਕਸਦ ਹੈ ਕਿ ਪੂਰੀ ਧਰਤੀ ਇਕ ਸੁੰਦਰ ਬਾਗ਼ ਬਣੇਗੀ ਜਿੱਥੇ ਅਜਿਹੇ ਲੋਕ ਵੱਸਣਗੇ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਅਸੂਲਾਂ ਉੱਤੇ ਚੱਲਦੇ ਹਨ। ਉਸ ਸਮੇਂ ਬਾਰੇ ਜ਼ਬੂਰ 37:29 ਵਿਚ ਦੱਸਿਆ ਗਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”

ਇਸ ਤੋਂ ਪਤਾ ਚੱਲਦਾ ਹੈ ਕਿ ਰੱਬ ਇਹ ਨਹੀਂ ਚਾਹੁੰਦਾ ਕਿ ਅਸੀਂ ਸਿਰਫ਼ 70 ਜਾਂ 80 ਸਾਲਾਂ ਲਈ ਜੀਏ। ਉਹ ਚਾਹੁੰਦਾ ਹੈ ਕਿ ਅਸੀਂ ਸਫ਼ਲਤਾ ਦੇ ਰਾਹ ਉੱਤੇ ਚੱਲ ਕੇ ਹਮੇਸ਼ਾ ਲਈ ਜੀਏ। ਇਸ ਲਈ ਸਾਨੂੰ ਹੁਣ ਉਸ ਬਾਰੇ ਸਿੱਖਣ ਦੀ ਲੋੜ ਹੈ। ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਜਦ ਤੁਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਬਾਰੇ ਸਿੱਖੋਗੇ ਅਤੇ ਬਾਈਬਲ ਦੀ ਸਿੱਖਿਆ ਨੂੰ ਲਾਗੂ ਕਰੋਗੇ, ਤਾਂ ਤੁਸੀਂ ਦੇਖੋਗੇ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22. (g08 11)

[ਫੁਟਨੋਟ]

^ ਪੈਰਾ 22 ਨਵੇਂ ਨੇਮ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ ਬਹੁਤ ਵਾਰ “ਪਿਆਰ” ਕੀਤਾ ਗਿਆ ਹੈ, ਉਹ ਯੂਨਾਨੀ ਭਾਸ਼ਾ ਵਿਚ ਅਗਾਪੇ ਹੈ। ਅਗਾਪੇ ਉਹ ਪਿਆਰ ਹੈ ਜੋ ਸਾਨੂੰ ਦਿਲੋਂ ਦੂਸਰੇ ਦੀ ਭਲਾਈ ਬਾਰੇ ਸੋਚ ਕੇ ਸਹੀ ਕੰਮ ਕਰਨ ਲਈ ਪ੍ਰੇਰਦਾ ਹੈ। ਅਗਾਪੇ ਪਿਆਰ ਕਰਨਾ ਸਾਡਾ ਫ਼ਰਜ਼ ਹੈ, ਇਹ ਪਰਮੇਸ਼ੁਰ ਦੇ ਅਸੂਲਾਂ ਦੇ ਮੁਤਾਬਕ ਹੈ ਅਤੇ ਇਸ ਤਰ੍ਹਾਂ ਕਰਨਾ ਸਹੀ ਹੈ। ਪਰ ਅਗਾਪੇ ਸਾਡੇ ਜਜ਼ਬਾਤਾਂ ਨਾਲ ਵੀ ਸੰਬੰਧ ਰੱਖਦਾ ਹੈ। ਇਹ ਬਹੁਤ ਨਿੱਘਾ ਅਤੇ ਗੂੜ੍ਹਾ ਪਿਆਰ ਹੈ।—1 ਪਤਰਸ 1:22.

[ਸਫ਼ਾ 7 ਉੱਤੇ ਡੱਬੀ]

ਸਫ਼ਲਤਾ ਪਾਉਣ ਲਈ ਹੋਰ ਅਸੂਲ

ਪਰਮੇਸ਼ੁਰ ਤੋਂ ਡਰੋ। “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ।”—ਕਹਾਉਤਾਂ 9:10.

ਚੰਗੇ ਦੋਸਤ ਚੁਣੋ। “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

ਸੰਤੁਲਨ ਰੱਖੋ। “ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ।”—ਕਹਾਉਤਾਂ 23:21.

ਬਦਲਾ ਨਾ ਲਓ। “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ।”—ਰੋਮੀਆਂ 12:17.

ਮਿਹਨਤ ਕਰੋ। “ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।”—2 ਥੱਸਲੁਨੀਕੀਆਂ 3:10.

ਹੋਰਨਾਂ ਨਾਲ ਚੰਗੀ ਤਰ੍ਹਾਂ ਪੇਸ਼ ਆਓ। “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.

ਸੋਚ-ਸਮਝ ਕੇ ਗੱਲ ਕਰੋ। “ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ ਰੋਕ ਰੱਖੇ।”—1 ਪਤਰਸ 3:10.

[ਸਫ਼ਾ 8 ਉੱਤੇ ਡੱਬੀ/ਤਸਵੀਰ]

ਪਿਆਰ ਚੰਗੀ ਦਵਾਈ ਹੈ

ਇਕ ਡਾਕਟਰ ਅਤੇ ਲੇਖਕ ਨੇ ਆਪਣੀ ਕਿਤਾਬ ਵਿਚ ਲਿਖਿਆ: “ਪਿਆਰ ਤੋਂ ਬਿਨਾਂ ਅਸੀਂ ਬੀਮਾਰ, ਉਦਾਸ ਅਤੇ ਦੁਖੀ ਹੋ ਜਾਂਦੇ ਹਾਂ। ਪਰ ਪਿਆਰ ਮਿਲਣ ਤੇ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਜਾਂਦੀ ਹੈ ਅਤੇ ਸਾਡੀ ਸਿਹਤ ’ਤੇ ਵੀ ਚੰਗਾ ਅਸਰ ਪੈਂਦਾ ਹੈ। ਜੇ ਇਕ ਨਵੀਂ ਦਵਾਈ ਦਾ ਇੰਨਾ ਅਸਰ ਹੁੰਦਾ, ਤਾਂ ਦੇਸ਼ ਦਾ ਹਰ ਡਾਕਟਰ ਆਪਣੇ ਮਰੀਜ਼ਾਂ ਨੂੰ ਇਹ ਦਵਾਈ ਲਿਖ ਕੇ ਦਿੰਦਾ। ਮਰੀਜ਼ਾਂ ਨੂੰ ਇਹ ਦਵਾਈ ਦੇਣੀ ਡਾਕਟਰਾਂ ਦਾ ਫ਼ਰਜ਼ ਹੁੰਦਾ।”

[ਸਫ਼ਾ 9 ਉੱਤੇ ਡੱਬੀ/ਤਸਵੀਰ]

ਨਿਰਾਸ਼ਾ ਤੋਂ ਸਫ਼ਲਤਾ

ਮੀਲਾਂਗਕੋ ਬਾਲਕਨ ਵਿਚ ਰਹਿੰਦਾ ਹੈ। ਜਦ ਉਸ ਦੇ ਦੇਸ਼ ਵਿਚ ਲੜਾਈ ਸ਼ੁਰੂ ਹੋਈ, ਤਾਂ ਉਹ ਫ਼ੌਜ ਵਿਚ ਭਰਤੀ ਹੋਇਆ। ਉਹ ਇੰਨਾ ਬਹਾਦਰ ਸਾਬਤ ਹੋਇਆ ਕਿ ਲੋਕ ਉਸ ਨੂੰ ਫਿਲਮੀ ਹੀਰੋ ਰੈਮਬੋ ਦੇ ਨਾਂ ਤੋਂ ਸੱਦਣ ਲੱਗ ਪਏ। ਸਮੇਂ ਦੇ ਬੀਤਣ ਨਾਲ ਮੀਲਾਂਗਕੋ ਨੇ ਦੇਖਿਆ ਕਿ ਫ਼ੌਜ ਵਿਚ ਬਹੁਤ ਬੇਈਮਾਨੀ ਅਤੇ ਪਖੰਡ ਹੋ ਰਿਹਾ ਸੀ। ਇਸ ਕਾਰਨ ਉਹ ਬਹੁਤ ਨਿਰਾਸ਼ ਹੋਇਆ। ਉਸ ਨੇ ਲਿਖਿਆ: “ਇਨ੍ਹਾਂ ਚੀਜ਼ਾਂ ਕਰਕੇ ਮੈਂ ਮਾੜੇ ਕੰਮਾਂ ਵਿਚ ਪੈ ਗਿਆ। ਮੈਂ ਸ਼ਰਾਬ ਅਤੇ ਸਿਗਰਟ ਪੀਣ, ਡ੍ਰੱਗਜ਼ ਲੈਣ, ਜੂਆ ਖੇਡਣ ਅਤੇ ਬਦਚਲਣੀ ਕਰਨ ਲੱਗ ਪਿਆ। ਮੈਂ ਇਸ ਹੱਦ ਤਕ ਗਿਰ ਗਿਆ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਕਰਾਂ।”

ਜ਼ਿੰਦਗੀ ਦੇ ਇਸ ਮੋੜ ’ਤੇ ਆ ਕੇ ਮੀਲਾਂਗਕੋ ਬਾਈਬਲ ਪੜ੍ਹਨ ਲੱਗ ਪਿਆ। ਇਕ ਦਿਨ ਉਹ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਅਤੇ ਉੱਥੇ ਉਸ ਨੇ ਪਹਿਰਾਬੁਰਜ ਰਸਾਲਾ ਦੇਖਿਆ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਜਾਂਦਾ ਹੈ। ਉਸ ਨੂੰ ਇਹ ਰਸਾਲਾ ਬਹੁਤ ਪਸੰਦ ਆਇਆ ਅਤੇ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕੀਤੀ। ਬਾਈਬਲ ਦੀ ਸਿੱਖਿਆ ਨੇ ਉਸ ਨੂੰ ਖ਼ੁਸ਼ੀ ਅਤੇ ਸਫ਼ਲਤਾ ਦੇ ਰਾਹ ਪਾਇਆ। ਮੀਲਾਂਗਕੋ ਦੱਸਦਾ ਹੈ ਕਿ “ਮੈਨੂੰ ਆਪਣੇ ਸਾਰੇ ਮਾੜੇ ਕੰਮਾਂ ਨੂੰ ਛੱਡਣ ਦੀ ਤਾਕਤ ਮਿਲੀ। ਮੇਰਾ ਸੁਭਾਅ ਬਿਲਕੁਲ ਬਦਲ ਗਿਆ ਅਤੇ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਇਕ ਗਵਾਹ ਬਣਿਆ। ਮੇਰੇ ਬਦਲੇ ਸੁਭਾਅ ਕਾਰਨ ਜਿਹੜੇ ਮੈਨੂੰ ਪਹਿਲਾਂ ਜਾਣਦੇ ਹੁੰਦੇ ਸਨ ਹੁਣ ਮੈਨੂੰ ਰੈਮਬੋ ਨਹੀਂ, ਸਗੋਂ ਬੰਨੀ ਸੱਦਦੇ ਹਨ। ਜਦ ਮੈਂ ਛੋਟਾ ਹੁੰਦਾ ਸੀ ਮੇਰੇ ਘਰ ਵਾਲਿਆਂ ਨੇ ਪਿਆਰ ਨਾਲ ਮੇਰਾ ਇਹ ਨਾਂ ਰੱਖਿਆ ਸੀ।”