Skip to content

Skip to table of contents

ਇਕ ਟੀਚਰ ਨੇ ਆਪਣਾ ਨਜ਼ਰੀਆ ਬਦਲਿਆ

ਇਕ ਟੀਚਰ ਨੇ ਆਪਣਾ ਨਜ਼ਰੀਆ ਬਦਲਿਆ

ਇਕ ਟੀਚਰ ਨੇ ਆਪਣਾ ਨਜ਼ਰੀਆ ਬਦਲਿਆ

◼ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਜਾਰਜੀਆ ਦੇਸ਼ ਦੇ ਬਾਟੂਮੀ ਸ਼ਹਿਰ ਵਿਚ ਰਹਿੰਦੀ ਇਕ ਟੀਚਰ ਨੇ ਆਪਣੇ ਵਿਦਿਆਰਥੀਆਂ ਨੂੰ ਬਾਈਬਲ ਵਿਚ ਮੂਸਾ ਵੱਲੋਂ ਦੱਸੇ ਦਸ ਹੁਕਮਾਂ ਦੀ ਲਿਸਟ ਬਣਾਉਣ ਲਈ ਕਿਹਾ। ਟੀਚਰ ਬੜੀ ਹੈਰਾਨ ਹੋਈ ਜਦੋਂ ਆਨਾ ਨਾਂ ਦੀ ਇਕ ਵਿਦਿਆਰਥਣ ਨੇ ਦਸਾਂ ਦੇ ਦਸ ਹੁਕਮ ਮੂੰਹ-ਜ਼ਬਾਨੀ ਸੁਣਾਏ। ਉਸ ਨੇ ਬਾਈਬਲ ਦੇ ਹੋਰ ਸਵਾਲਾਂ ਦੇ ਵੀ ਵਧੀਆ ਜਵਾਬ ਦਿੱਤੇ। ਟੀਚਰ ਜਾਣਨਾ ਚਾਹੁੰਦੀ ਸੀ ਕਿ ਆਨਾ ਨੂੰ ਇੰਨਾ ਕੁਝ ਕਿੱਦਾਂ ਪਤਾ ਸੀ। ਜਦੋਂ ਆਨਾ ਨੇ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੀ ਹੈ, ਤਾਂ ਟੀਚਰ ਨੇ ਉਸ ਦੀ ਗੱਲ ਟੋਕ ਕੇ ਕਿਹਾ ਕਿ ਯਹੋਵਾਹ ਦੇ ਗਵਾਹ ਤਾਂ ਬਹੁਤ ਕੱਟੜ ਹਨ।

ਇਕ ਵਾਰ ਟੀਚਰ ਨੇ ਵਿਦਿਆਰਥੀਆਂ ਨੂੰ ਜਾਰਜੀਆ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਾਰੇ ਅਤੇ ਦੇਸ਼ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਲੇਖ ਲਿਖਣ ਲਈ ਕਿਹਾ। ਲੇਖ ਦੇ ਅਖ਼ੀਰ ਵਿਚ ਆਨਾ ਨੇ ਲਿਖਿਆ ਕਿ “ਲੋਕ ਸਮਾਜ ਨੂੰ ਪੂਰੀ ਤਰ੍ਹਾਂ ਨਹੀਂ ਸੁਧਾਰ ਸਕਦੇ ਕਿਉਂਕਿ ਯਿਰਮਿਯਾਹ 10:23 ਵਿਚ ਕਿਹਾ ਗਿਆ ਹੈ: ‘ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।’ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗਾ।”

ਅਗਲੇ ਦਿਨ ਟੀਚਰ ਨੇ ਸਾਰੀ ਕਲਾਸ ਦੇ ਸਾਮ੍ਹਣੇ ਆਨਾ ਦੇ ਲੇਖ ਦੀ ਤਾਰੀਫ਼ ਕਰਦਿਆਂ ਕਿਹਾ: “ਆਨਾ ਨੇ ਆਪਣੇ ਹੀ ਸ਼ਬਦਾਂ ਵਿਚ ਬਹੁਤ ਵਧੀਆ ਲੇਖ ਲਿਖਿਆ ਹੈ। ਉਸ ਨੇ ਲੇਖ ਵਿਚ ਸਮਝਾਇਆ ਹੈ ਕਿ ਸੰਸਾਰ ਦੇ ਹਾਲਾਤ ਕਿਸ ਤਰ੍ਹਾਂ ਬਦਲਣਗੇ।” ਟੀਚਰ ਆਨਾ ਦੇ ਚਾਲ-ਚਲਣ ਤੋਂ ਵੀ ਬਹੁਤ ਖ਼ੁਸ਼ ਸੀ। ਉਸ ਨੇ ਕਿਹਾ ਕਿ ਆਨਾ ਦੂਸਰਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ ਤੇ ਉਸ ਦਾ ਪਹਿਰਾਵਾ ਵੀ ਚੰਗਾ ਹੈ।

ਜਦੋਂ ਘਰ-ਘਰ ਪ੍ਰਚਾਰ ਕਰਦਿਆਂ ਯਹੋਵਾਹ ਦੇ ਗਵਾਹ ਟੀਚਰ ਨੂੰ ਮਿਲੇ, ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਹਿਲਾਂ ਉਨ੍ਹਾਂ ਨੂੰ ਬਹੁਤ ਕੱਟੜ ਸਮਝਦੀ ਸੀ। ਪਰ ਹੁਣ ਉਸ ਨੇ ਆਪਣੀ ਵਿਦਿਆਰਥਣ ਆਨਾ ਕਰਕੇ ਆਪਣਾ ਨਜ਼ਰੀਆ ਬਦਲ ਲਿਆ। 2007 ਵਿਚ ਇਹ ਟੀਚਰ ਯਹੋਵਾਹ ਦੇ ਗਵਾਹਾਂ ਨਾਲ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਈ ਅਤੇ ਉਸ ਨੇ ਬੜੇ ਧਿਆਨ ਨਾਲ ਪ੍ਰੋਗ੍ਰਾਮ ਸੁਣਿਆ।

ਇਸ ਤੋਂ ਬਾਅਦ ਆਨਾ ਦੀ ਟੀਚਰ ਨੇ ਕਿਹਾ ਕਿ ਉਹ ਇਹ ਦੇਖ ਕੇ ਬੜੀ ਹੈਰਾਨ ਹੋਈ ਕਿ ਯਹੋਵਾਹ ਦੇ ਗਵਾਹ ਬਾਈਬਲ ਬਾਰੇ ਕਿੰਨਾ ਕੁਝ ਜਾਣਦੇ ਹਨ। ਹੁਣ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਟੀਚਰ ਵਾਂਗ ਜਾਣਨਾ ਚਾਹੋਗੇ ਕਿ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਤੇ ਵਧੀਆ ਚਾਲ-ਚਲਣ ਦਾ ਕੀ ਰਾਜ਼ ਹੈ। ਕਿਉਂ ਨਾ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ ਕਿ ਉਹ ਤੁਹਾਡੇ ਨਾਲ ਬਾਈਬਲ ਸਟੱਡੀ ਕਰਨ? (g09 03)

[ਸਫ਼ਾ 9 ਉੱਤੇ ਤਸਵੀਰ]

ਆਪਣਾ ਲੇਖ ਲਿਖ ਰਹੀ ਆਨਾ