ਕੀ ਤੁਹਾਡੀ ਕਿਸਮਤ ਲਿਖੀ ਹੋਈ ਹੈ?
ਬਾਈਬਲ ਕੀ ਕਹਿੰਦੀ ਹੈ
ਕੀ ਤੁਹਾਡੀ ਕਿਸਮਤ ਲਿਖੀ ਹੋਈ ਹੈ?
ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਰੱਬ ਨੇ ਪਹਿਲਾਂ ਹੀ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੈ। ਉਹ ਸੋਚਦੇ ਹਨ ਕਿ ਰੱਬ ਨੇ ਪਹਿਲਾਂ ਹੀ ਲਿਖ ਦਿੱਤਾ ਹੈ ਕਿ ਜਨਮ ਤੋਂ ਲੈ ਕੇ ਮੌਤ ਤਕ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ-ਕੀ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ‘ਰੱਬ ਸ਼ਕਤੀਸ਼ਾਲੀ ਅਤੇ ਜਾਣੀ-ਜਾਣ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਤੀਤ ਵਿਚ ਕੀ ਹੋਇਆ ਸੀ, ਹੁਣ ਕੀ ਹੋ ਰਿਹਾ ਹੈ ਅਤੇ ਭਵਿੱਖ ਵਿਚ ਕੀ ਹੋਵੇਗਾ।’
ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? ਕੀ ਰੱਬ ਨੇ ਪਹਿਲਾਂ ਹੀ ਤੈਅ ਕਰ ਦਿੱਤਾ ਹੈ ਕਿ ਸਾਡੇ ਭਵਿੱਖ ਵਿਚ ਕੀ ਹੋਵੇਗਾ? ਕੀ ਅਸੀਂ ਜ਼ਿੰਦਗੀ ਵਿਚ ਆਪਣੇ ਆਪ ਕੁਝ ਕਰ ਹੀ ਨਹੀਂ ਸਕਦੇ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਕੀ ਰੱਬ ਸਾਡੇ ਭਵਿੱਖ ਬਾਰੇ ਸਭ ਕੁਝ ਜਾਣਦਾ ਹੈ?
ਬਾਈਬਲ ਤੋਂ ਸਾਫ਼ ਪਤਾ ਚੱਲਦਾ ਹੈ ਕਿ ਰੱਬ ਕੋਲ ਭਵਿੱਖ ਜਾਣਨ ਦੀ ਯੋਗਤਾ ਹੈ। ਯਸਾਯਾਹ 46:10 ਵਿਚ ਲਿਖਿਆ ਗਿਆ ਹੈ ਕਿ ਉਹ “ਆਦ ਤੋਂ ਅੰਤ” ਜਾਣਦਾ ਹੈ। ਪਰਮੇਸ਼ੁਰ ਨੇ ਕਈ ਭਵਿੱਖਬਾਣੀਆਂ ਵੀ ਲਿਖਵਾਈਆਂ। (2 ਪਤਰਸ 1:21) ਪਰਮੇਸ਼ੁਰ ਬੁੱਧੀਮਾਨ ਹੈ ਅਤੇ ਉਹ ਇਨ੍ਹਾਂ ਭਵਿੱਖਬਾਣੀਆਂ ਦੀ ਇਕ-ਇਕ ਗੱਲ ਨੂੰ ਪੂਰੀ ਕਰਨ ਦੀ ਤਾਕਤ ਵੀ ਰੱਖਦਾ ਹੈ। ਪਰਮੇਸ਼ੁਰ ਸਿਰਫ਼ ਭਵਿੱਖ ਜਾਣ ਹੀ ਨਹੀਂ ਸਕਦਾ, ਪਰ ਉਸ ਕੋਲ ਭਵਿੱਖ ਬਦਲਣ ਦੀ ਵੀ ਤਾਕਤ ਹੈ। ਸੋ ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਨੇ ਹਰ ਇਨਸਾਨ ਦੀ ਕਿਸਮਤ ਲਿਖੀ ਹੈ ਅਤੇ ਉਸ ਨੇ ਪਹਿਲਾਂ ਹੀ ਤੈਅ ਕਰ ਲਿਆ ਹੈ ਕਿ ਕਿੰਨੇ ਲੋਕ ਦੁਨੀਆਂ ਦੇ ਅੰਤ ਵਿੱਚੋਂ ਬਚਣਗੇ? ਬਾਈਬਲ ਦੇ ਅਨੁਸਾਰ ਇਸ ਦਾ ਜਵਾਬ ਹੈ, ਨਹੀਂ।
ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਭਵਿੱਖ ਬਦਲਣ ਦੀ ਯੋਗਤਾ ਰੱਖਦਾ ਹੈ, ਪਰ ਉਹ ਇਸ ਯੋਗਤਾ ਨੂੰ ਹਰ ਵੇਲੇ ਇਸਤੇਮਾਲ ਨਹੀਂ ਕਰਦਾ। ਮਿਸਾਲ ਲਈ, ਪਰਮੇਸ਼ੁਰ ਨੇ ਦੱਸਿਆ ਹੈ ਕਿ ਜਦ ਦੁਨੀਆਂ ਦੇ ਅੰਤ ਵੇਲੇ ਬੁਰੇ ਲੋਕਾਂ ਦਾ ਨਾਸ਼ ਕੀਤਾ ਜਾਵੇਗਾ, ਤਾਂ ਧਰਮੀ ਇਨਸਾਨਾਂ ਦੀ “ਇੱਕ ਵੱਡੀ ਭੀੜ” ਬਚ ਨਿਕਲੇਗੀ। (ਪਰਕਾਸ਼ ਦੀ ਪੋਥੀ 7:9, 14) ਪਰ ਪਰਮੇਸ਼ੁਰ ਨੇ ਇਹ ਨਹੀਂ ਦੱਸਿਆ ਕਿ ਇਸ ਵੱਡੀ ਭੀੜ ਵਿਚ ਕਿੰਨੇ ਕੁ ਲੋਕ ਹੋਣਗੇ। ਕਿਉਂ? ਕਿਉਂਕਿ ਉਸ ਨੇ ਇਕ-ਇਕ ਇਨਸਾਨ ਦੀ ਕਿਸਮਤ ਨਹੀਂ ਲਿਖੀ ਕਿ ਕੌਣ-ਕੌਣ ਵੱਡੀ ਭੀੜ ਵਿਚ ਸ਼ਾਮਲ ਹੋਵੇਗਾ। ਪਰਮੇਸ਼ੁਰ ਇਕ ਪਿਆਰ ਕਰਨ ਵਾਲੇ ਪਿਤਾ ਦੀ ਤਰ੍ਹਾਂ ਹੈ ਜੋ ਆਪਣੇ ਵੱਡੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ। ਉਹ ਜਾਣਦਾ ਹੈ ਕਿ ਇਸ ਪਿਆਰ ਦੇ ਬਦਲੇ ਉਸ ਦੇ ਕੁਝ ਬੱਚੇ ਉਸ ਨੂੰ ਪਿਆਰ ਕਰਨਗੇ। ਪਰ ਉਸ ਨੇ ਇਹ ਤੈਅ ਨਹੀਂ ਕੀਤਾ ਕਿ ਕਿੰਨੇ ਕੁ ਜਣੇ ਉਸ ਨੂੰ ਪਿਆਰ ਕਰਨਗੇ।
ਆਓ ਦੇਖੀਏ ਕਿ ਪਰਮੇਸ਼ੁਰ ਆਪਣੀ ਭਵਿੱਖ ਜਾਣਨ ਦੀ ਯੋਗਤਾ ਦੇ ਨਾਲ-ਨਾਲ ਆਪਣੀ ਤਾਕਤ ਦਾ ਇਸਤੇਮਾਲ ਕਿਵੇਂ ਕਰਦਾ ਹੈ। ਸਰਬਸ਼ਕਤੀਮਾਨ ਯਹੋਵਾਹ ਅਸੀਮ ਤਾਕਤ ਦਾ ਮਾਲਕ ਹੈ। (ਜ਼ਬੂਰਾਂ ਦੀ ਪੋਥੀ 91:1; ਯਸਾਯਾਹ 40:26, 28) ਪਰ ਕੀ ਉਹ ਆਪਣੀ ਤਾਕਤ ਬਿਨਾਂ ਸੋਚੇ-ਸਮਝੇ ਇਸਤੇਮਾਲ ਕਰਦਾ ਹੈ? ਆਓ ਇਕ ਮਿਸਾਲ ਉੱਤੇ ਗੌਰ ਕਰੀਏ। ਪੁਰਾਣੇ ਜ਼ਮਾਨੇ ਵਿਚ ਬਾਬਲੀ ਲੋਕ ਇਸਰਾਏਲੀਆਂ ਯਾਨੀ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਸਨ। ਪਰਮੇਸ਼ੁਰ ਨੇ ਇਨ੍ਹਾਂ ਬਾਬਲੀ ਦੁਸ਼ਮਣਾਂ ਦਾ ਇਕਦਮ ਨਾਸ਼ ਨਹੀਂ ਕੀਤਾ, ਸਗੋਂ ਢੁਕਵਾਂ ਸਮਾਂ ਆਉਣ ਤੇ ਉਨ੍ਹਾਂ ਦਾ ਨਾਸ਼ ਕੀਤਾ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਖ਼ੁਦ ਕਿਹਾ: “ਮੈਂ . . . ਆਪਣੇ ਜੀ ਨੂੰ ਰੋਕਿਆ।” (ਯਸਾਯਾਹ 42:14) ਇਸੇ ਤਰ੍ਹਾਂ ਪਰਮੇਸ਼ੁਰ ਭਵਿੱਖ ਜਾਣਨ ਦੀ ਆਪਣੀ ਯੋਗਤਾ ਨੂੰ ਇਸਤੇਮਾਲ ਕਰਦਾ ਹੈ। ਯਹੋਵਾਹ ਸਾਡੇ ਭਵਿੱਖ ਦੀ ਹਰ ਇਕ ਗੱਲ ਤੈਅ ਨਹੀਂ ਕਰਦਾ ਕਿਉਂਕਿ ਉਸ ਨੇ ਇਹ ਸਾਡੇ ਉੱਤੇ ਛੱਡਿਆ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ।
ਭਾਵੇਂ ਪਰਮੇਸ਼ੁਰ ਆਪਣੀ ਤਾਕਤ ਨੂੰ ਕੰਟ੍ਰੋਲ ਕਰਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਵਿਚ ਕੋਈ ਕਮੀ ਹੈ ਜਾਂ ਉਹ ਨਾਮੁਕੰਮਲ ਹੈ। ਇਸ ਦੇ ਉਲਟ ਅਸੀਂ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ ਕਿ ਉਹ ਸਾਨੂੰ ਖ਼ੁਦ ਆਪਣੇ ਫ਼ੈਸਲਾ ਕਰਨ ਦਾ ਹੱਕ ਦਿੰਦਾ ਹੈ ਅਤੇ ਸਾਡਾ ਰਿਸ਼ਤਾ ਉਸ ਨਾਲ ਹੋਰ ਵੀ ਗੂੜ੍ਹਾ ਹੁੰਦਾ ਹੈ। ਭਾਵੇਂ ਪਰਮੇਸ਼ੁਰ ਸਭ ਕੁਝ ਜਾਣ ਸਕਦਾ ਹੈ ਅਤੇ ਉਸ ਕੋਲ ਅਸੀਮ ਤਾਕਤ ਹੈ, ਫਿਰ ਵੀ ਉਹ ਸਾਡੇ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦਾ ਹੈ ਤੇ ਚਾਹੁੰਦਾ ਹੈ ਕਿ ਅਸੀਂ ਖ਼ੁਦ ਆਪਣਾ ਭਵਿੱਖ ਤੈਅ ਕਰੀਏ।
ਜੇ ਪਰਮੇਸ਼ੁਰ ਨੇ ਪਹਿਲਾਂ ਹੀ ਸਾਡੀ ਕਿਸਮਤ ਲਿਖੀ ਹੋਈ ਹੁੰਦੀ, ਤਾਂ ਇਸ ਦਾ ਇਹ ਮਤਲਬ ਹੁੰਦਾ ਕਿ ਉਹ ਹਰੇਕ ਬੁਰੇ ਹਾਦਸੇ ਅਤੇ ਘਿਣਾਉਣੇ ਕੰਮ ਲਈ ਜ਼ਿੰਮੇਵਾਰ ਹੈ। ਜੇ ਇਹ ਸੱਚ ਹੁੰਦਾ, ਤਾਂ ਪਰਮੇਸ਼ੁਰ ਧਰਤੀ ਉੱਤੇ ਹੋ ਰਹੀਆਂ ਸਾਰੀਆਂ ਦੁੱਖ-ਤਕਲੀਫ਼ਾਂ ਲਈ ਕਸੂਰਵਾਰ ਹੁੰਦਾ। ਸੋ ਇਸ ਤਰ੍ਹਾਂ ਸਿਖਾਉਣਾ ਕਿ ਪਰਮੇਸ਼ੁਰ ਸਾਡੀ ਕਿਸਮਤ ਲਿਖਦਾ ਹੈ, ਪਰਮੇਸ਼ੁਰ ਦਾ ਆਦਰ ਨਹੀਂ, ਸਗੋਂ ਉਸ ਦਾ ਅਪਮਾਨ ਕਰਦਾ ਹੈ। ਇਸ ਸਿੱਖਿਆ ਮੁਤਾਬਕ ਰੱਬ ਬੇਰਹਿਮ, ਬੇਈਮਾਨ ਅਤੇ ਪੱਥਰ-ਦਿਲ ਹੈ ਜੋ ਬਾਈਬਲ ਦੀ ਸਿੱਖਿਆ ਦੇ ਬਿਲਕੁਲ ਖ਼ਿਲਾਫ਼ ਹੈ।—ਬਿਵਸਥਾ ਸਾਰ 32:4.
ਚੋਣ ਤੁਹਾਡੀ ਹੈ
ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਰਾਹੀਂ ਇਸਰਾਏਲੀ ਕੌਮ ਨੂੰ ਕਿਹਾ: ‘ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ ਰੱਖੀ ਹੈ। ਏਸ ਲਈ ਜੀਵਨ ਨੂੰ ਚੁਣੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ।’ (ਬਿਵਸਥਾ ਸਾਰ 30:19, 20) ਪਰਮੇਸ਼ੁਰ ਇਹ ਗੱਲ ਕਿਉਂ ਕਹਿੰਦਾ ਜੇ ਉਸ ਨੇ ਪਹਿਲਾਂ ਹੀ ਤੈਅ ਕਰ ਦਿੱਤਾ ਹੁੰਦਾ ਕਿ ਕੌਣ ਜੀਵੇਗਾ ਅਤੇ ਕੌਣ ਮਰੇਗਾ? ਕੀ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ੁਰ ਜੋ “ਨਿਆਉਂ ਨਾਲ ਪ੍ਰੇਮ ਰੱਖਦਾ ਹੈ” ਅਤੇ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ, ਕੋਈ ਗੱਲ ਕਹਿ ਕੇ ਉਸ ਦੇ ਉਲਟ ਚੱਲੇਗਾ?—ਜ਼ਬੂਰਾਂ ਦੀ ਪੋਥੀ 37:28; 1 ਯੂਹੰਨਾ 4:8.
ਇਸਰਾਏਲੀਆਂ ਨੂੰ ਕਹੀ ਪਰਮੇਸ਼ੁਰ ਦੀ ਗੱਲ ਅੱਜ ਸਾਡੇ ਉੱਤੇ ਜ਼ਿਆਦਾ ਲਾਗੂ ਹੁੰਦੀ ਹੈ। ਸਾਨੂੰ ਵੀ ਜੀਵਨ ਚੁਣਨਾ ਚਾਹੀਦਾ ਹੈ। ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਬਹੁਤ ਜਲਦੀ ਮਾੜੇ ਲੋਕਾਂ ਦਾ ਨਾਸ਼ ਕੀਤਾ ਜਾਵੇਗਾ। (ਮੱਤੀ 24:3-9; 2 ਤਿਮੋਥਿਉਸ 3:1-5) ਅਸੀਂ ਜੀਵਨ ਕਿਵੇਂ ਚੁਣ ਸਕਦੇ ਹਾਂ? ਸਾਨੂੰ ਵੀ ਇਸਰਾਏਲੀਆਂ ਵਾਂਗ ਕੁਝ ਕਰਨ ਦੀ ਲੋੜ ਹੈ।
ਤੁਸੀਂ ਜੀਵਨ ਨੰ ਕਿਵੇਂ ਚੁਣ ਸਕਦੇ ਹੋ?
ਅਸੀਂ ‘ਯਹੋਵਾਹ ਨਾਲ ਪ੍ਰੇਮ ਰੱਖ ਕੇ,’ ਉਸ ਦੀ ‘ਅਵਾਜ਼ ਸੁਣ ਕੇ’ ਅਤੇ ਉਸ ਦੇ ‘ਅੰਗ ਸੰਗ ਲੱਗੇ ਰਹਿ ਕੇ’ ਜੀਵਨ ਚੁਣਦੇ ਹਾਂ। ਅਸੀਂ ਇਸ ਤਰ੍ਹਾਂ ਉਦੋਂ ਹੀ ਕਰ ਪਾਵਾਂਗੇ ਜੇ ਅਸੀਂ ਰੱਬ ਨੂੰ ਚੰਗੀ ਤਰ੍ਹਾਂ ਜਾਣਾਂਗੇ ਅਤੇ ਪਤਾ ਕਰਾਂਗੇ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ। ਰੱਬ ਨੂੰ ਪ੍ਰਾਰਥਨਾ ਕਰਦੇ ਹੋਏ ਯਿਸੂ ਮਸੀਹ ਨੇ ਕਿਹਾ ਸੀ ਕਿ ‘ਅੰਨਤ ਜੀਵਨ ਇਹ ਹੈ: ਉਹ ਤੈਨੂੰ ਸੱਚੇ ਪਰਮੇਸ਼ੁਰ ਨੂੰ ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਘਲਿਆ ਹੈ, ਜਾਣਨ।’—ਯੂਹੰਨਾ 17:3, CL.
ਇਹ ਕੀਮਤੀ ਗਿਆਨ ਪਰਮੇਸ਼ੁਰ ਦੇ ਬਚਨ ਪਵਿੱਤਰ ਬਾਈਬਲ ਵਿਚ ਪਾਇਆ ਜਾਂਦਾ ਹੈ। (ਯੂਹੰਨਾ 17:17; 2 ਤਿਮੋਥਿਉਸ 3:16) ਉਸ ਨੇ ਬਾਈਬਲ ਸਾਨੂੰ ਇਸੇ ਕਰਕੇ ਦਿੱਤੀ ਹੈ ਤਾਂਕਿ ਅਸੀਂ ਇਸ ਨੂੰ ਪੜ੍ਹ ਕੇ ਖ਼ੁਦ ਫ਼ੈਸਲੇ ਕਰ ਸਕੀਏ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਸਾਡੀ ਕਿਸਮਤ ਨਹੀਂ ਲਿਖੀ।—ਯਸਾਯਾਹ 48:17, 18.
ਬਾਈਬਲ ਰਾਹੀਂ ਪਰਮੇਸ਼ੁਰ ਮਾਨੋ ਸਾਨੂੰ ਕਹਿ ਰਿਹਾ ਹੈ: ‘ਧਰਤੀ ਲਈ ਅਤੇ ਮਨੁੱਖਾਂ ਲਈ ਮੇਰਾ ਇਹ ਮਕਸਦ ਹੈ ਅਤੇ ਜੇ ਤੁਸੀਂ ਹਮੇਸ਼ਾ ਲਈ ਜੀਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੇਰੀ ਸੁਣਨ ਦੀ ਲੋੜ ਹੈ। ਇਹ ਹੁਣ ਤੁਹਾਡਾ ਫ਼ੈਸਲਾ ਹੈ ਕਿ ਕੀ ਤੁਸੀਂ ਮੇਰੀ ਸੁਣੋਗੇ ਜਾਂ ਮੇਰਾ ਇਨਕਾਰ ਕਰੋਗੇ?’ ਸੋ ਪਰਮੇਸ਼ੁਰ ਕੋਲ ਭਵਿੱਖ ਜਾਣਨ ਦੀ ਯੋਗਤਾ ਤਾਂ ਹੈ, ਪਰ ਉਹ ਸਾਡੇ ’ਤੇ ਕੋਈ ਦਬਾਅ ਨਹੀਂ ਪਾਉਂਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸਵਾਲ ਇਹ ਹੈ ਕਿ ਕੀ ਤੁਸੀਂ ‘ਪਰਮੇਸ਼ੁਰ ਦੀ ਅਵਾਜ਼ ਸੁਣ ਕੇ ਅਤੇ ਉਸ ਦੇ ਅੰਗ ਸੰਗ ਲੱਗੇ ਰਹਿ ਕੇ’ ਜ਼ਿੰਦਗੀ ਚੁਣੋਗੇ? (g09 02)
ਕੀ ਤੁਸੀਂ ਕਦੇ ਸੋਚਿਆ ਹੈ?
◼ ਪਰਮੇਸ਼ੁਰ ਭਵਿੱਖ ਜਾਣਨ ਦੀ ਯੋਗਤਾ ਕਿਵੇਂ ਵਰਤਦਾ ਹੈ?—ਬਿਵਸਥਾ ਸਾਰ 30:19, 20; ਯਸਾਯਾਹ 46:10.
◼ ਪਰਮੇਸ਼ੁਰ ਸਾਰਾ ਕੁਝ ਪਹਿਲਾਂ ਹੀ ਤੈਅ ਕਿਉਂ ਨਹੀਂ ਕਰਦਾ ਜਿਸ ਵਿਚ ਲੋਕਾਂ ਨਾਲ ਹੁੰਦੀਆਂ ਮਾੜੀਆਂ ਘਟਨਾਵਾਂ ਵੀ ਸ਼ਾਮਲ ਹਨ?—ਬਿਵਸਥਾ ਸਾਰ 32:4.
◼ ਕਿਹੜੀ ਗੱਲ ਸਾਡਾ ਭਵਿੱਖ ਤੈਅ ਕਰੇਗੀ?—ਯੂਹੰਨਾ 17:3, CL.
[ਸਫ਼ਾ 28 ਉੱਤੇ ਸੁਰਖੀ]
ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਭਵਿੱਖ ਜਾਣਨ ਦੀ ਯੋਗਤਾ ਰੱਖਦਾ ਹੈ, ਪਰ ਉਹ ਇਸ ਯੋਗਤਾ ਨੂੰ ਹਰ ਵੇਲੇ ਇਸਤੇਮਾਲ ਨਹੀਂ ਕਰਦਾ