ਬਚਪਨ ਵਿਚ ਵਧ ਰਹੇ ਮੋਟਾਪੇ ਬਾਰੇ ਕੀ ਕੀਤਾ ਜਾ ਸਕਦਾ ਹੈ?
ਬਚਪਨ ਵਿਚ ਵਧ ਰਹੇ ਮੋਟਾਪੇ ਬਾਰੇ ਕੀ ਕੀਤਾ ਜਾ ਸਕਦਾ ਹੈ?
ਅੱਜ-ਕੱਲ੍ਹ ਸੰਸਾਰ ਦੇ ਬਹੁਤਿਆਂ ਦੇਸ਼ਾਂ ਵਿਚ ਬੱਚੇ ਮੋਟਾਪੇ ਦੇ ਸਰਾਪੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਭਰ ਵਿਚ ਪੰਜ ਸਾਲਾਂ ਤੋਂ ਛੋਟੀ ਉਮਰ ਦੇ 2.2 ਕਰੋੜ ਬੱਚਿਆਂ ’ਤੇ ਚਰਬੀ ਚੜ੍ਹੀ ਹੋਈ ਹੈ।
ਸਪੇਨ ਵਿਚ ਇਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 3 ਬੱਚਿਆਂ ਵਿੱਚੋਂ 1 ਬੱਚਾ ਗੋਲ-ਮਟੋਲ ਹੈ। ਆਸਟ੍ਰੇਲੀਆ ਵਿਚ ਦਸਾਂ ਸਾਲਾਂ (1985-1995) ਦੌਰਾਨ ਬੱਚਿਆਂ ਵਿਚ ਮੋਟਾਪੇ ਦੀ ਸਮੱਸਿਆ ਤਿੰਨ ਗੁਣਾ ਵਧ ਗਈ ਹੈ। ਅਮਰੀਕਾ ਵਿਚ ਪਿਛਲੇ ਤੀਹ ਸਾਲਾਂ ਦੌਰਾਨ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿਚ ਮੋਟਾਪਾ ਤਿੰਨ ਗੁਣਾ ਵਧਿਆ ਹੈ।
ਗ਼ਰੀਬ ਦੇਸ਼ਾਂ ਵਿਚ ਵੀ ਇਹ ਸਮੱਸਿਆ ਵਧ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਇਕ ਵਿਭਾਗ ਅਨੁਸਾਰ ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ ਬੱਚੇ ਭੁੱਖ ਤੋਂ ਨਹੀਂ, ਸਗੋਂ ਮੋਟਾਪੇ ਤੋਂ ਪੀੜਿਤ ਹਨ। ਸਾਲ 2007 ਵਿਚ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮੋਟੇ ਬੱਚੇ ਸਨ ਅਤੇ ਦੂਜੀ ਜਗ੍ਹਾ ਤੇ ਮੈਕਸੀਕੋ ਸੀ। ਖ਼ਬਰਾਂ ਅਨੁਸਾਰ ਮੈਕਸੀਕੋ ਸ਼ਹਿਰ ਵਿਚ 70 ਫੀ ਸਦੀ ਨਿਆਣੇ ਤੇ ਨੌਜਵਾਨ ਮੋਟੇ ਹਨ। ਬੱਚਿਆਂ ਦੇ ਡਾਕਟਰ ਫ਼੍ਰਾਂਸੀਸਕੋ ਗੋਨਜ਼ਾਲੇਜ਼ ਨੇ ਚੇਤਾਵਨੀ ਦਿੱਤੀ ਕਿ ਸ਼ਾਇਦ “ਇਹ ਪਹਿਲੀ ਪੀੜ੍ਹੀ ਹੋਵੇਗੀ ਜੋ ਮੋਟਾਪੇ ਦੇ ਕਾਰਨ ਹੁੰਦੀਆਂ ਬੀਮਾਰੀਆਂ ਕਰਕੇ ਆਪਣੇ ਮਾਪਿਆਂ ਤੋਂ ਪਹਿਲਾਂ ਮੌਤ ਦਾ ਮੂੰਹ ਦੇਖੇਗੀ।”
ਮੋਟਾਪੇ ਦੇ ਕੀ ਕੁਝ ਖ਼ਤਰੇ ਹਨ? ਸ਼ੱਕਰ ਦਾ ਰੋਗ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬੀਮਾਰੀ ਤਿੰਨ ਖ਼ਤਰੇ ਹਨ। ਪਹਿਲਾਂ ਇਹ ਸਿਰਫ਼ ਬਾਲਗਾਂ ਦੀਆਂ ਬੀਮਾਰੀਆਂ ਮੰਨੀਆਂ ਜਾਂਦੀਆਂ ਸਨ। ਅਮਰੀਕਾ ਦੀ ਇਕ ਡਾਕਟਰੀ ਸੰਸਥਾ ਅਨੁਸਾਰ ਸਾਲ
2000 ਵਿਚ ਅਮਰੀਕਾ ਵਿਚ ਪੈਦਾ ਹੋਏ 30 ਫੀ ਸਦੀ ਮੁੰਡਿਆਂ ਤੇ 40 ਫੀ ਸਦੀ ਕੁੜੀਆਂ ਨੂੰ ਟਾਈਪ 2 ਡਾਈਬੀਟੀਜ਼ ਲੱਗਣ ਦਾ ਖ਼ਤਰਾ ਹੈ।ਦੁੱਖ ਦੀ ਗੱਲ ਹੈ ਕਿ ਇਹ ਵਧ ਰਿਹਾ ਰੁਝਾਨ ਬੱਚਿਆਂ ਵਿਚ ਦੇਖਿਆ ਜਾ ਰਿਹਾ ਹੈ। ਮੋਟਾਪਾ ਵਧਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਵਧ ਰਿਹਾ ਹੈ। ਐਟਲਾਂਟਾ, ਜਾਰਜੀਆ ਦੇ ਇਕ ਡਾਕਟਰੀ ਸਕੂਲ ਵਿਚ ਕੰਮ ਕਰਦੀ ਡਾਕਟਰ ਰਬੈਕਾ ਡੀਨ-ਜ਼ੀਥਮ ਨੇ ਚੇਤਾਵਨੀ ਦਿੱਤੀ ਕਿ “ਜੇ ਹਾਈ ਬਲੱਡ ਪ੍ਰੈਸ਼ਰ ਦਾ ਵਧ ਰਿਹਾ ਰੁਝਾਨ ਰੋਕਿਆ ਨਾ ਜਾਵੇ, ਤਾਂ ਅਸੀਂ ਨੌਜਵਾਨਾਂ ਤੇ ਸਿਆਣਿਆਂ ਦੋਹਾਂ ਵਿਚ ਦਿਲ ਦੇ ਨਵੇਂ ਰੋਗਾਂ ਦਾ ਭਿਆਨਕ ਵਾਧਾ ਦੇਖਾਂਗੇ।”
ਮੋਟਾਪੇ ਦੇ ਕਾਰਨ
ਸੰਸਾਰ ਭਰ ਵਿਚ ਵਧ ਰਹੀ ਮੋਟਾਪੇ ਦੀ ਇਸ ਸਮੱਸਿਆ ਦੇ ਕੀ ਕਾਰਨ ਹਨ? ਇਸ ਦੇ ਜਨੈਟਿਕ ਯਾਨੀ ਖ਼ਾਨਦਾਨੀ ਕਾਰਨ ਹੋ ਸਕਦੇ ਹਨ, ਪਰ ਜੇ ਪਿਛਲੇ 20 ਜਾਂ 30 ਸਾਲਾਂ ਦੌਰਾਨ ਲੋਕਾਂ ਵਿਚ ਮੋਟਾਪੇ ਦੀ ਵਧ ਰਹੀ ਸਮੱਸਿਆ ਨੂੰ ਦੇਖਿਆ ਜਾਵੇ, ਤਾਂ ਇਸ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਇੰਗਲੈਂਡ ਦੀ ਕੇਮਬ੍ਰਿਜ ਯੂਨੀਵਰਸਿਟੀ ਵਿਚ ਡਾਕਟਰੀ ਦੇ ਇਕ ਪ੍ਰੋਫ਼ੈਸਰ ਸਟੀਵਨ ਓਰਾਹੀਲੀ ਨੇ ਕਿਹਾ: “ਇਸ ਤਰ੍ਹਾਂ ਕਹਿਣਾ ਗ਼ਲਤ ਹੈ ਕਿ ਸਾਡੀ ਜਨੈਟਿਕ ਬਣਤਰ ਕਾਰਨ ਮੋਟਾਪਾ ਵਧ ਰਿਹਾ ਹੈ। ਸਾਡੇ ਜੀਨ 30 ਸਾਲਾਂ ਦੇ ਵਿਚ-ਵਿਚ ਨਹੀਂ ਬਦਲ ਸਕਦੇ।”
ਮੋਟਾਪੇ ਦਾ ਕਾਰਨ ਦੱਸਦਿਆਂ ਅਮਰੀਕਾ ਦੀ ਮਸ਼ਹੂਰ ਮੇਓ ਕਲਿਨਿਕ ਨੇ ਕਿਹਾ: “ਭਾਵੇਂ ਬਚਪਨ ਵਿਚ ਮੋਟਾਪੇ ਦੇ ਕੁਝ ਕਾਰਨ ਜਨੈਟਿਕ ਅਤੇ ਹਾਰਮੋਨਲ ਹਨ, ਪਰ ਬੱਚੇ ਇਸ ਲਈ ਜ਼ਿਆਦਾਤਰ ਮੋਟੇ ਹੁੰਦੇ ਹਨ ਕਿਉਂਕਿ ਉਹ ਲੋੜੋਂ ਵਧ ਖਾਂਦੇ ਤੇ ਘੱਟ ਕਸਰਤ ਕਰਦੇ ਹਨ।” ਥੱਲੇ ਦਿੱਤੀਆਂ ਦੋ ਮਿਸਾਲਾਂ ਦਿਖਾਉਂਦੀਆਂ ਹਨ ਕਿ ਅੱਜ-ਕੱਲ੍ਹ ਲੋਕਾਂ ਦੀਆਂ ਖਾਣ ਦੀਆਂ ਆਦਤਾਂ ਕਿੰਨੀਆਂ ਬਦਲ ਚੁੱਕੀਆਂ ਹਨ।
ਪਹਿਲੀ ਗੱਲ ਇਹ ਹੈ ਕਿ ਕੰਮ-ਕਾਜੀ ਮਾਪਿਆਂ ਕੋਲ ਵਧੀਆ ਭੋਜਨ ਤਿਆਰ ਕਰਨ ਲਈ ਘੱਟ ਸਮਾਂ ਹੈ, ਪਰ ਫਾਸਟ-ਫੂਡ ਬਹੁਤ ਆਸਾਨੀ ਨਾਲ ਪਰੋਸਿਆ ਜਾ ਸਕਦਾ ਹੈ। ਫਾਸਟ-ਫੂਡ ਵਾਲੇ ਰੈਸਤੋਰਾਂ ਥਾਂ-ਥਾਂ ਖੁੱਲ੍ਹ ਗਏ ਹਨ। ਇਕ ਸਰਵੇਖਣ ਅਨੁਸਾਰ ਅਮਰੀਕਾ ਵਿਚ 4 ਤੋਂ 19 ਸਾਲਾਂ ਦੇ ਬੱਚਿਆਂ ਦੀ ਇਕ ਤਿਹਾਈ ਗਿਣਤੀ ਹਰ ਰੋਜ਼ ਫਾਸਟ-ਫੂਡ ਖਾਂਦੀ ਹੈ। ਇਸ ਤਰ੍ਹਾਂ ਦੇ ਖਾਣੇ ਆਮ ਤੌਰ ਤੇ ਖੰਡ ਅਤੇ ਫੈਟ ਨਾਲ ਭਰੇ ਹੁੰਦੇ ਹਨ ਤੇ ਵੱਡੇ-ਵੱਡੇ ਸਾਈਜ਼ ਵਿਚ ਪਰੋਸੇ ਜਾਂਦੇ ਹਨ।
ਦੂਸਰੀ ਗੱਲ, ਦੁੱਧ ਤੇ ਪਾਣੀ ਦੀ ਥਾਂ ਲੋਕ ਹੁਣ ਸੌਫਟ-ਡ੍ਰਿੰਕ ਪੀਂਦੇ ਹਨ। ਮਿਸਾਲ ਲਈ, ਮੈਕਸੀਕੋ ਦੇ ਲੋਕ ਸਭ ਤੋਂ ਲੋੜੀਂਦੇ ਦਸਾਂ ਭੋਜਨਾਂ ਦੀ ਥਾਂ ਕੋਲਾ ਵਰਗੇ ਸੌਫਟ-ਡ੍ਰਿੰਕ ਪੀਣ ’ਤੇ ਹਰ
ਸਾਲ ਜ਼ਿਆਦਾ ਖ਼ਰਚਾ ਕਰਦੇ ਹਨ। ਮੋਟਾਪੇ ਦੇ ਵਿਸ਼ੇ ਉੱਤੇ ਇਕ ਕਿਤਾਬ ਕਹਿੰਦੀ ਹੈ ਕਿ ਰੋਜ਼ ਕੋਲਾ ਦੀ ਇਕ ਬੋਤਲ (ਅੱਧਾ ਕੁ ਲੀਟਰ) ਪੀਣ ਨਾਲ ਸਾਲ ਵਿਚ 10 ਕਿਲੋ ਭਾਰ ਵਧ ਸਕਦਾ ਹੈ।ਸਕਾਟਲੈਂਡ ਦੀ ਗਲਾਸਗੋ ਯੂਨੀਵਰਸਿਟੀ ਦੀ ਇਕ ਸਟੱਡੀ ਅਨੁਸਾਰ ਤਿੰਨ ਸਾਲਾਂ ਦੇ ਬੱਚਿਆਂ ਦੀ 20 ਕੁ ਮਿੰਟਾਂ ਦੀ ਨੱਠ-ਭੱਜ ਤੋਂ ਸਿਵਾਇ ਰੋਜ਼ ਹੋਰ ਕੋਈ ਕਸਰਤ ਨਹੀਂ ਹੁੰਦੀ। ਉਸੇ ਸਟੱਡੀ ’ਤੇ ਟਿੱਪਣੀ ਕਰਦਿਆਂ ਕੋਲੋਰਾਡੋ ਦੀ ਯੂਨੀਵਰਸਿਟੀ ਵਿਚ ਕੰਮ ਕਰਦੇ ਬੱਚਿਆਂ ਦੇ ਡਾ. ਜੇਮਜ਼ ਹਿਲ ਨੇ ਕਿਹਾ: “ਕਸਰਤ ਦੀ ਕਮੀ ਇੰਗਲੈਂਡ ਦੇ ਬੱਚਿਆਂ ਵਿਚ ਹੀ ਨਹੀਂ ਦੇਖੀ ਜਾਂਦੀ, ਸਗੋਂ ਸੰਸਾਰ ਭਰ ਦੇ ਹੋਰਨਾਂ ਬਹੁਤ ਸਾਰੇ ਦੇਸ਼ਾਂ ਵਿਚ ਵੀ ਦੇਖੀ ਜਾ ਰਹੀ ਹੈ।”
ਮੋਟਾਪੇ ਦਾ ਕੀ ਹੱਲ ਹੈ?
ਪੌਸ਼ਟਿਕ ਖ਼ੁਰਾਕ ਦੇ ਮਾਹਰ ਬੱਚਿਆਂ ਨੂੰ ਡਾਇਟਿੰਗ ਕਰਨ ਦੀ ਸਲਾਹ ਨਹੀਂ ਦਿੰਦੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਵਧਣ-ਫੁੱਲਣ ਅਤੇ ਉਨ੍ਹਾਂ ਦੀ ਸਿਹਤ ’ਤੇ ਫ਼ਰਕ ਪੈ ਸਕਦਾ ਹੈ। ਇਸ ਦੀ ਬਜਾਇ ਮੇਓ ਕਲਿਨਿਕ ਕਹਿੰਦੀ ਹੈ: “ਬੱਚਿਆਂ ਵਿਚ ਮੋਟਾਪੇ ਦਾ ਮੁਕਾਬਲਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਉਨ੍ਹਾਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖੋ ਤੇ ਸਾਰਾ ਪਰਿਵਾਰ ਮਿਲ ਕੇ ਕਸਰਤ ਕਰੋ।”—ਡੱਬੀ ਦੇਖੋ।
ਪਰਿਵਾਰ ਵਿਚ ਸਾਰੇ ਜਣੇ ਸਿਹਤਮੰਦ ਆਦਤਾਂ ਅਪਣਾਉਣ ਦਾ ਫ਼ੈਸਲਾ ਕਰਨ। ਜੇ ਤੁਸੀਂ ਇਵੇਂ ਕਰੋਗੇ, ਤਾਂ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਨਗੇ ਅਤੇ ਉਨ੍ਹਾਂ ਨੂੰ ਵੱਡੇ ਹੋ ਕੇ ਵੀ ਇਸ ਤੋਂ ਲਾਭ ਮਿਲੇਗਾ। (g09 03)
[ਸਫ਼ਾ 12 ਉੱਤੇ ਡੱਬੀ/ਤਸਵੀਰ]
ਮਾਪੇ ਕੀ ਕਰ ਸਕਦੇ ਹਨ?
1 ਬਾਜ਼ਾਰੋਂ ਬਣੇ-ਬਣਾਏ ਖਾਣੇ ਲਿਆਉਣ ਦੀ ਬਜਾਇ ਤਾਜ਼ੀਆਂ ਫਲ-ਸਬਜ਼ੀਆਂ ਖ਼ਰੀਦੋ ਤੇ ਪਰਿਵਾਰ ਨੂੰ ਖੁਆਓ।
2 ਸੌਫਟ-ਡ੍ਰਿੰਕਾਂ, ਖੰਡ ਵਾਲੀਆਂ ਡ੍ਰਿੰਕਾਂ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਘੱਟ ਖੁਆਓ। ਉਨ੍ਹਾਂ ਦੀ ਬਜਾਇ ਪਾਣੀ ਤੇ ਘੱਟ ਚਿਕਨਾਈ ਵਾਲਾ ਦੁੱਧ ਤੇ ਪੌਸ਼ਟਿਕ ਚੀਜ਼ਾਂ ਖੁਆਓ।
3 ਭੋਜਨ ਨੂੰ ਤਲਣ ਦੀ ਬਜਾਇ ਇਸ ਨੂੰ ਭੁੰਨੋ, ਰਾੜ੍ਹੋ ਜਾਂ ਭਾਫ਼ ਨਾਲ ਪਕਾਓ।
4 ਖਾਣ ਨੂੰ ਥੋੜ੍ਹਾ ਦਿਓ।
5 ਕੋਈ ਕੰਮ ਕਰਾਉਣ ਲਈ ਬੱਚਿਆਂ ਨੂੰ ਖਾਣ ਵਾਲੀਆਂ ਚੀਜ਼ਾਂ ਦਾ ਲਾਲਚ ਨਾ ਦਿਓ।
6 ਬੱਚਿਆਂ ਨੂੰ ਢਿੱਡ ਭਰ ਕੇ ਨਾਸ਼ਤਾ ਜ਼ਰੂਰ ਕਰਾਓ, ਨਹੀਂ ਤਾਂ ਉਹ ਬਾਅਦ ਵਿਚ ਲੋੜੋਂ ਵਧ ਖਾਣਗੇ।
7 ਟੀ.ਵੀ. ਜਾਂ ਕੰਪਿਊਟਰ ਮੋਹਰੇ ਬੈਠ ਕੇ ਖਾਣ ਨਾਲ ਪਤਾ ਨਹੀਂ ਚੱਲਦਾ ਕਿ ਪੇਟ ਭਰ ਗਿਆ ਹੈ ਜਾਂ ਨਹੀਂ। ਮੇਜ਼-ਕੁਰਸੀ ’ਤੇ ਬੈਠ ਕੇ ਖਾਣ ਦੀ ਆਦਤ ਅਪਣਾਓ, ਨਹੀਂ ਤਾਂ ਲੋੜੋਂ ਵਧ ਖਾਇਆ ਜਾ ਸਕਦਾ ਹੈ।
8 ਸਾਇਕਲ ਚਲਾਉਣ, ਗੇਂਦ ਨਾਲ ਖੇਡਣ ਤੇ ਰੱਸੀ ਟੱਪਣ ਵਰਗੀਆਂ ਕਸਰਤਾਂ ਕਰਾਓ।
9 ਟੀ.ਵੀ. ਦੇਖਣ ਤੇ ਵਿਡਿਓ ਗੇਮਾਂ ਖੇਡਣ ਵਿਚ ਨਾ ਲੱਗੇ ਰਹੋ ਅਤੇ ਨਾ ਹੀ ਕੰਪਿਊਟਰ ਨਾਲ ਚਿਪਕੇ ਰਹੋ।
10 ਪਰਿਵਾਰ ਨਾਲ ਚਿੜੀਆ-ਘਰਾਂ, ਤੈਰਨ ਜਾਂ ਪਾਰਕ ਵਿਚ ਖੇਡਣ ਵਰਗੇ ਸੈਰ-ਸਪਾਟਿਆਂ ਦਾ ਪ੍ਰੋਗ੍ਰਾਮ ਬਣਾਓ।
11 ਘਰ ਵਿਚ ਬੱਚਿਆਂ ਦੀ ਕੰਮ ਕਰਨ ਦੀ ਕੋਈ ਡਿਊਟੀ ਲਾਓ।
12 ਖ਼ੁਦ ਖਾਣ-ਪੀਣ ਦੇ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕਰੋ।
[ਕ੍ਰੈਡਿਟ ਲਾਈਨ]
ਇਹ ਜਾਣਕਾਰੀ ਸਹਿਤ ਸੰਸਥਾਵਾਂ ਅਤੇ ਮੇਓ ਕਲਿਨਿਕ ਤੋਂ ਹੈ।