ਆਪਣੇ ਜੀਵਨ-ਸਾਥੀ ਦੇ ਵਫ਼ਾਦਾਰ ਰਹਿਣ ਦਾ ਕੀ ਮਤਲਬ ਹੈ?
ਬਾਈਬਲ ਕੀ ਕਹਿੰਦੀ ਹੈ
ਆਪਣੇ ਜੀਵਨ-ਸਾਥੀ ਦੇ ਵਫ਼ਾਦਾਰ ਰਹਿਣ ਦਾ ਕੀ ਮਤਲਬ ਹੈ?
ਆਮ ਕਰਕੇ ਲੋਕ ਉਮੀਦ ਰੱਖਦੇ ਹਨ ਕਿ ਪਤੀ ਜਾਂ ਪਤਨੀ ਕਿਸੇ ਗ਼ੈਰ-ਮਰਦ ਜਾਂ ਤੀਵੀਂ ਨਾਲ ਆਸ਼ਕੀ ਨਹੀਂ ਕਰਨਗੇ। ਇਹ ਬਾਈਬਲ ਦੇ ਨਾਲ ਸਹਿਮਤ ਹੈ ਜਿੱਥੇ ਲਿਖਿਆ ਹੈ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ।”—ਇਬਰਾਨੀਆਂ 13:4.
ਕੀ ਆਪਣੇ ਜੀਵਨ-ਸਾਥੀ ਦੇ ਵਫ਼ਾਦਾਰ ਰਹਿਣ ਦਾ ਸਿਰਫ਼ ਇਹੀ ਮਤਲਬ ਹੈ ਕਿ ਤੁਸੀਂ ਕਿਸੇ ਹੋਰ ਨਾਲ ਆਸ਼ਕੀ ਨਾ ਕਰੋ? ਕੀ ਕਿਸੇ ਹੋਰ ਨਾਲ ਮੁਹੱਬਤ ਕਰਨ ਦੇ ਸੁਪਨੇ ਦੇਖਣੇ ਠੀਕ ਹਨ? ਕੀ ਕਿਸੇ ਹੋਰ ਆਦਮੀ ਜਾਂ ਤੀਵੀਂ ਨਾਲ ਨਜ਼ਦੀਕੀਆਂ ਪਾਉਣ ਨਾਲ ਕੋਈ ਬੇਵਫ਼ਾ ਬਣ ਸਕਦਾ ਹੈ?
ਕਿਸੇ ਹੋਰ ਦੇ ਸੁਪਨੇ ਦੇਖਣੇ ਠੀਕ ਹਨ?
ਬਾਈਬਲ ਕਹਿੰਦੀ ਹੈ ਕਿ ਪਤੀ-ਪਤਨੀ ਦੇ ਸਰੀਰਕ ਸੰਬੰਧ ਕੁਦਰਤੀ ਅਤੇ ਸਹੀ ਹਨ ਜਿਨ੍ਹਾਂ ਤੋਂ ਦੋਹਾਂ ਨੂੰ ਖ਼ੁਸ਼ੀ ਮਿਲਦੀ ਹੈ। (ਕਹਾਉਤਾਂ 5:18, 19) ਪਰ ਕਈ ਮਾਹਰਾਂ ਦਾ ਕਹਿਣਾ ਹੈ ਕਿ ਪਤੀ ਜਾਂ ਪਤਨੀ ਲਈ ਕਿਸੇ ਹੋਰ ਨਾਲ ਆਸ਼ਕੀ ਕਰਨ ਦੇ ਸੁਪਨੇ ਦੇਖਣੇ ਠੀਕ ਵੀ ਹਨ ਅਤੇ ਉਨ੍ਹਾਂ ਦੇ ਰਿਸ਼ਤੇ ਲਈ ਚੰਗਾ ਵੀ ਹੈ। ਕੀ ਅਜਿਹੇ ਸੁਪਨੇ ਦੇਖਣੇ ਠੀਕ ਹਨ ਜਿੰਨਾ ਚਿਰ ਵਿਅਕਤੀ ਅਸਲ ਵਿਚ ਜਾ ਕੇ ਕਿਸੇ ਹੋਰ ਨਾਲ ਸਰੀਰਕ ਸੰਬੰਧ ਕਾਇਮ ਨਾ ਕਰੇ?
ਜਦ ਕੋਈ ਅਜਿਹੇ ਸੁਪਨੇ ਦੇਖਦਾ ਹੈ, ਤਾਂ ਉਹ ਆਪਣੀ ਹੀ ਖ਼ੁਸ਼ੀ ਬਾਰੇ ਸੋਚਦਾ ਹੈ। ਪਰ ਬਾਈਬਲ ਦੇ ਮੁਤਾਬਕ ਇਸ ਤਰ੍ਹਾਂ ਦੀ ਖ਼ੁਦਗਰਜ਼ੀ ਗ਼ਲਤ ਹੈ। ਸਰੀਰਕ ਸੰਬੰਧ ਰੱਖਣ ਬਾਰੇ ਬਾਈਬਲ ਪਤੀ-ਪਤਨੀ ਨੂੰ ਸਲਾਹ ਦਿੰਦੀ ਹੈ: “ਪਤਨੀ ਨੂੰ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਤਰਾਂ ਪਤੀ ਨੂੰ ਭੀ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤਨੀ ਨੂੰ ਹੈ।” (1 ਕੁਰਿੰਥੀਆਂ 7:4) ਬਾਈਬਲ ਦੀ ਸਲਾਹ ਉੱਤੇ ਚੱਲ ਕੇ ਕੋਈ ਖ਼ੁਦਗਰਜ਼ ਨਹੀਂ ਬਣੇਗਾ ਅਤੇ ਆਪਣੀ ਹੀ ਕਾਮ-ਵਾਸ਼ਨਾ ਨੂੰ ਪੂਰਾ ਨਹੀਂ ਕਰੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਦੋਵੇਂ ਪਤੀ-ਪਤਨੀ ਦੀ ਖ਼ੁਸ਼ੀ ਵਧੇਗੀ।—ਰਸੂਲਾਂ ਦੇ ਕਰਤੱਬ 20:35; ਫ਼ਿਲਿੱਪੀਆਂ 2:4.
ਜਦ ਕੋਈ ਕਿਸੇ ਹੋਰ ਦੇ ਸੁਪਨੇ ਦੇਖਦਾ ਹੈ, ਤਾਂ ਉਹ ਮਨ ਹੀ ਮਨ ਵਿਚ ਉਹ ਕੁਝ ਵਾਰ-ਵਾਰ ਕਰਦਾ ਹੈ ਜੋ ਗ਼ਲਤ ਹੈ। ਜੇ ਉਹ ਅਸਲ ਵਿਚ ਕਿਸੇ ਨਾਲ ਅਜਿਹੇ ਕੰਮ ਕਰੇ, ਤਾਂ ਉਸ ਦੇ ਸਾਥੀ ਨੂੰ ਬਹੁਤ ਦੁੱਖ ਪਹੁੰਚੇਗਾ। ਕੀ ਅਜਿਹੇ ਗ਼ਲਤ ਵਿਚਾਰਾਂ ਕਰਕੇ ਕੋਈ ਵਿਭਚਾਰ ਕਰਨ ਵੱਲ ਖਿੱਚਿਆ ਜਾ ਸਕਦਾ ਹੈ? ਹਾਂ। ਬਾਈਬਲ ਦਿਖਾਉਂਦੀ ਹੈ ਕਿ ਜੋ ਕੁਝ ਅਸੀਂ ਸੋਚਾਂਗੇ ਅਖ਼ੀਰ ਵਿਚ ਅਸੀਂ ਉਹੀ ਕਰ ਬੈਠਾਂਗੇ। ਉਸ ਵਿਚ ਲਿਖਿਆ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ।”—ਯਾਕੂਬ 1:14, 15.
ਯਿਸੂ ਨੇ ਕਿਹਾ ਸੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਆਪਣੇ ਮਨ ਵਿੱਚੋਂ ਗੰਦੇ ਵਿਚਾਰ ਕੱਢਣੇ ਜ਼ਰੂਰੀ ਹਨ ਤਾਂਕਿ ਤੁਸੀਂ “ਆਪਣੇ ਮਨ ਦੀ ਵੱਡੀ ਚੌਕਸੀ” ਕਰ ਸਕੋ ਅਤੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖ ਸਕੋ।—ਕਹਾਉਤਾਂ 4:23.
ਕਿਸੇ ਹੋਰ ਨਾਲ ਨਜ਼ਦੀਕੀਆਂ ਨਾ ਪਾਓ
ਵਿਆਹ ਦਾ ਬੰਧਨ ਮਜ਼ਬੂਤ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਿਰਫ਼ ਆਪਣੇ ਸਾਥੀ ਨੂੰ ਆਪਣੇ ਦਿਲ ਵਿਚ ਰੱਖੋ। (ਸਰੇਸ਼ਟ ਗੀਤ 8:6; ਕਹਾਉਤਾਂ 5:15-18) ਇਸ ਵਿਚ ਕੀ ਸ਼ਾਮਲ ਹੈ? ਭਾਵੇਂ ਆਪਣੇ ਪਤੀ ਜਾਂ ਪਤਨੀ ਤੋਂ ਇਲਾਵਾ ਹੋਰਨਾਂ ਨਾਲ ਮੇਲ-ਜੋਲ ਰੱਖਣਾ ਠੀਕ ਹੈ, ਪਰ ਤੁਹਾਨੂੰ ਕਿਸੇ ਹੋਰ ਨਾਲ ਨਜ਼ਦੀਕੀਆਂ ਨਹੀਂ ਪਾਉਣੀਆਂ ਚਾਹੀਦੀਆਂ। ਤੁਹਾਡਾ ਜੀਵਨ-ਸਾਥੀ ਤੁਹਾਡੇ ਸਮੇਂ, ਧਿਆਨ ਅਤੇ ਪਿਆਰ ਦਾ ਹੱਕਦਾਰ ਹੈ। ਜੇ ਤੁਸੀਂ ਆਪਣੇ ਸਾਥੀ ਤੋਂ ਇਹ ਹੱਕ ਖੋਹ ਕੇ ਕਿਸੇ ਹੋਰ ਨੂੰ ਦਿਓ, ਤਾਂ ਇਹ ਬੇਵਫ਼ਾਈ ਕਰਨ ਦੇ ਬਰਾਬਰ ਹੈ, ਚਾਹੇ ਤੁਸੀਂ ਉਸ ਨਾਲ ਸਰੀਰਕ ਸੰਬੰਧ ਰੱਖੇ ਹਨ ਕਿ ਨਹੀਂ। *
ਕਿਸੇ ਹੋਰ ਨਾਲ ਨਜ਼ਦੀਕੀਆਂ ਕਿੱਦਾਂ ਸ਼ੁਰੂ ਹੋ ਸਕਦੀਆਂ ਹਨ? ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੇ ਸਾਥੀ ਨਾਲੋਂ ਕੋਈ ਹੋਰ ਸੋਹਣਾ ਹੈ ਜਾਂ ਉਹ ਤੁਹਾਡੇ ਨਾਲ ਜ਼ਿਆਦਾ ਹਮਦਰਦੀ ਜਤਾਉਂਦਾ ਹੈ। ਜੇ ਤੁਸੀਂ ਕੰਮ ਤੇ ਜਾਂ ਕਿਸੇ ਹੋਰ ਜਗ੍ਹਾ ਕਿਸੇ ਨਾਲ ਜ਼ਿਆਦਾ ਮਿਲੋ-ਗਿਲੋ, ਤਾਂ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਆਪਣੀਆਂ ਨਿੱਜੀ ਗੱਲਾਂ ਦੱਸਣ ਲੱਗੋ ਜਿਵੇਂ ਕਿ ਵਿਆਹ ਵਿਚ ਸਮੱਸਿਆਵਾਂ ਜਾਂ ਆਪਣੇ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ। ਫਿਰ ਤੁਸੀਂ ਸ਼ਾਇਦ ਉਸ ਉੱਤੇ ਹੀ ਭਰੋਸਾ ਰੱਖਣ ਲੱਗੋ। ਹੋ ਸਕਦਾ ਹੈ ਕਿ ਤੁਸੀਂ ਆਮ੍ਹੋ-ਸਾਮ੍ਹਣੇ, ਫ਼ੋਨ ’ਤੇ ਜਾਂ ਕੰਪਿਊਟਰ ਰਾਹੀਂ ਅਜਿਹੀਆਂ ਗੱਲਾਂ ਕਰੋ ਜੋ ਤੁਹਾਨੂੰ ਸਿਰਫ਼ ਆਪਣੇ ਸਾਥੀ ਨਾਲ ਕਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਸਾਥੀ ਨੂੰ ਧੋਖਾ ਦੇ ਰਹੇ ਹੋ ਕਿਉਂਕਿ ਇਹ ਗੱਲਾਂ ਸਿਰਫ਼ ਪਤੀ-ਪਤਨੀ ਦੇ ਆਪਸ ਵਿਚ ਰਹਿਣੀਆਂ ਚਾਹੀਦੀਆਂ ਹਨ ਤੇ ਇਹ “ਭੇਤ” ਕਿਸੇ ਦੂਜੇ ਨੂੰ ਨਹੀਂ ਦੱਸਿਆ ਜਾਣਾ ਚਾਹੀਦਾ।—ਕਹਾਉਤਾਂ 25:9.
ਜੇ ਤੁਹਾਡਾ ਦਿਲ ਕਿਸੇ ਹੋਰ ਉੱਤੇ ਆ ਗਿਆ ਹੈ, ਤਾਂ ਇਸ ਗੱਲ ਦਾ ਇਨਕਾਰ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਖ਼ਬਰਦਾਰ ਰਹੋ! ਯਿਰਮਿਯਾਹ 17:9 ਵਿਚ ਲਿਖਿਆ ਹੈ: ‘ਦਿਲ ਧੋਖੇਬਾਜ਼ ਹੈ।’ ਜੇ ਕਿਸੇ ਹੋਰ ਨਾਲ ਤੁਹਾਡਾ ਨਜ਼ਦੀਕੀ ਰਿਸ਼ਤਾ ਹੈ, ਤਾਂ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਇਸ ਰਿਸ਼ਤੇ ਨੂੰ ਛੁਪਾ ਕੇ ਰੱਖਣਾ ਚਾਹੁੰਦਾ ਹਾਂ ਜਾਂ ਕੀ ਮੈਨੂੰ ਬੁਰਾ ਲੱਗਦਾ ਹੈ ਜਦ ਕੋਈ ਮੈਨੂੰ ਇਸ ਬਾਰੇ ਪੁੱਛਦਾ ਹੈ? ਕੀ ਮੈਨੂੰ ਚੰਗਾ ਲੱਗੇਗਾ ਜੇ ਮੇਰਾ ਸਾਥੀ ਸਾਡੀ ਗੱਲ-ਬਾਤ ਨੂੰ ਸੁਣ ਲਵੇ? ਮੈਨੂੰ ਕਿੱਦਾਂ ਲੱਗੇਗਾ ਜੇ ਮੇਰਾ ਸਾਥੀ ਕਿਸੇ ਹੋਰ ਨਾਲ ਅਜਿਹਾ ਰਿਸ਼ਤਾ ਜੋੜੇ?’—ਮੱਤੀ 7:12.
ਜੇ ਤੁਸੀਂ ਕਿਸੇ ਨਾਲ ਨਜ਼ਦੀਕੀ ਪਾਈ ਹੈ, ਤਾਂ ਤੁਹਾਡਾ ਵਿਆਹ ਦਾ ਬੰਧਨ ਟੁੱਟ ਸਕਦਾ ਹੈ ਕਿਉਂਕਿ ਅਖ਼ੀਰ ਵਿਚ ਤੁਸੀਂ ਉਸ ਨਾਲ ਸਰੀਰਕ ਸੰਬੰਧ ਕਾਇਮ ਕਰੋਗੇ। ਯਿਸੂ ਨੇ ਚੇਤਾਵਨੀ ਦਿੱਤੀ: ‘ਜਨਾਕਾਰੀਆਂ ਦਿਲ ਵਿੱਚੋਂ ਨਿੱਕਲਦੀਆਂ ਹਨ।’ (ਮੱਤੀ 15:19) ਭਾਵੇਂ ਸਰੀਰਕ ਸੰਬੰਧ ਨਾ ਵੀ ਕਾਇਮ ਕਿਤੇ ਜਾਣ, ਫਿਰ ਵੀ ਤੁਹਾਡੇ ਸਾਥੀ ਦਾ ਭਰੋਸਾ ਉੱਠ ਸਕਦਾ ਹੈ। ਕੈਰਨ * ਨਾਂ ਦੀ ਔਰਤ ਦੱਸਦੀ ਹੈ: “ਜਦ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ, ਮਾਰਕ, ਕਿਸੇ ਪਰਾਈ ਔਰਤ ਨਾਲ ਹਰ ਰੋਜ਼ ਚੋਰੀ-ਚੋਰੀ ਫ਼ੋਨ ’ਤੇ ਗੱਲਾਂ ਕਰ ਰਿਹਾ ਸੀ, ਤਾਂ ਮੇਰਾ ਦਿਲ ਟੁੱਟ ਗਿਆ। ਮੈਂ ਨਹੀਂ ਮੰਨਦੀ ਕਿ ਉਨ੍ਹਾਂ ਦੇ ਆਪਸ ਵਿਚ ਗੱਲਾਂ-ਬਾਤਾਂ ਤੋਂ ਇਲਾਵਾ ਕੁਝ ਹੋਰ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਮੈਂ ਫਿਰ ਉਸ ਉੱਤੇ ਕਦੇ ਭਰੋਸਾ ਰੱਖ ਸਕਾਂਗੀ।”
ਕਿਸੇ ਗ਼ੈਰ-ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਨਾ ਪਾਓ। ਗ਼ਲਤ ਇੱਛਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਹੋਰ ਨਾਲ ਤੁਹਾਡਾ ਰਿਸ਼ਤਾ ਕੁਝ ਜ਼ਿਆਦਾ ਹੀ ਨਜ਼ਦੀਕ ਹੋ ਰਿਹਾ ਹੈ, ਤਾਂ ਇਸ ਨੂੰ ਤੋੜਨ ਵਿਚ ਢਿੱਲ ਨਾ ਕਰੋ। ਬਾਈਬਲ ਦੱਸਦੀ ਹੈ ਕਿ “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾਉਤਾਂ 22:3.
ਵਿਆਹ ਦਾ ਬੰਧਨ ਮਜ਼ਬੂਤ ਰੱਖੋ
ਪਰਮੇਸ਼ੁਰ ਦੀ ਇੱਛਾ ਸੀ ਕਿ ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਨਜ਼ਦੀਕ ਦਾ ਹੋਵੇ। ਉਸ ਨੇ ਕਿਹਾ ਕਿ ਪਤੀ-ਪਤਨੀ “ਇੱਕ ਸਰੀਰ ਹੋਣਗੇ।” (ਉਤਪਤ 2:24) ਇਹ ਸਿਰਫ਼ ਸਰੀਰਾਂ ਦਾ ਬੰਧਨ ਨਹੀਂ, ਸਗੋਂ ਦੋ ਦਿਲਾਂ ਦਾ ਬੰਧਨ ਵੀ ਹੈ। ਇਹ ਬੰਧਨ ਜ਼ਿਆਦਾ ਮਜ਼ਬੂਤ ਹੁੰਦਾ ਹੈ ਜਦ ਪਤੀ-ਪਤਨੀ ਆਪਣੀ ਹੀ ਨਹੀਂ, ਸਗੋਂ ਇਕ-ਦੂਸਰੇ ਦੀ ਖ਼ੁਸ਼ੀ ਚਾਹੁੰਦੇ ਹਨ, ਇਕ-ਦੂਜੇ ’ਤੇ ਇਤਬਾਰ ਕਰਦੇ ਹਨ ਅਤੇ ਇਕ-ਦੂਜੇ ਦੀ ਇੱਜ਼ਤ ਕਰਦੇ ਹਨ। (ਕਹਾਉਤਾਂ 31:11; ਮਲਾਕੀ 2:14, 15; ਅਫ਼ਸੀਆਂ 5:28, 33) ਇਨ੍ਹਾਂ ਅਸੂਲਾਂ ਨੂੰ ਲਾਗੂ ਕਰ ਕੇ ਤੁਸੀਂ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖ ਸਕੋਗੇ ਅਤੇ ਕਿਸੇ ਹੋਰ ਨਾਲ ਨਜ਼ਦੀਕੀਆਂ ਪਾਉਣ ਦੇ ਖ਼ਤਰਿਆਂ ਤੋਂ ਬਚੋਗੇ। (g09 04)
[ਫੁਟਨੋਟ]
^ ਪੈਰਾ 14 ਅਸਲੀ ਨਾਂ ਨਹੀਂ।
ਕੀ ਤੁਸੀਂ ਕਦੇ ਸੋਚਿਆ ਹੈ?
◼ ਕੀ ਆਸ਼ਕੀ ਦੇ ਸੁਪਨੇ ਦੇਖਣ ਨਾਲ ਕੋਈ ਵਿਭਚਾਰ ਕਰਨ ਵੱਲ ਖਿੱਚਿਆ ਜਾ ਸਕਦਾ ਹੈ?—ਯਾਕੂਬ 1:14, 15.
◼ ਕੀ ਕਿਸੇ ਗ਼ੈਰ-ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਪਾਉਣ ਨਾਲ ਤੁਹਾਡਾ ਵਿਆਹ ਟੁੱਟ ਸਕਦਾ ਹੈ?—ਯਿਰਮਿਯਾਹ 17:9; ਮੱਤੀ 15:19.
◼ ਤੁਸੀਂ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਿਸ ਤਰ੍ਹਾਂ ਕਰ ਸਕਦੇ ਹੋ?—1 ਕੁਰਿੰਥੀਆਂ 7:4; 13:8; ਅਫ਼ਸੀਆਂ 5:28, 33.
[ਸਫ਼ਾ 19 ਉੱਤੇ ਸੁਰਖੀ]
“ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:28