ਖ਼ਤਰੇ ਵਿਚ ਪਏ ਹੋਏ ਜੀਵ-ਜੰਤੂਆਂ ਅਤੇ ਪੌਦਿਆਂ ਲਈ ਪਨਾਹ
ਖ਼ਤਰੇ ਵਿਚ ਪਏ ਹੋਏ ਜੀਵ-ਜੰਤੂਆਂ ਅਤੇ ਪੌਦਿਆਂ ਲਈ ਪਨਾਹ
ਸਪੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਦੁਨੀਆਂ ਭਰ ਵਿਚ ਜਾਨਵਰ ਅਤੇ ਪੈੜ-ਪੌਦੇ ਅਲੋਪ ਹੋਣ ਦੇ ਖ਼ਤਰੇ ਵਿਚ ਹਨ। ਕਈ ਵਿਗਿਆਨੀ ਅੰਦਾਜ਼ਾ ਲਾਉਂਦੇ ਹਨ ਕਿ ਹਰ ਸਾਲ ਹਜ਼ਾਰਾਂ ਹੀ ਜੀਵ-ਜੰਤੂਆਂ ਅਤੇ ਪੌਦਿਆਂ ਦਾ ਨਾਮੋ-ਨਿਸ਼ਾਨ ਮਿਟ ਜਾਂਦਾ ਹੈ। ਸ਼ੁਕਰ ਦੀ ਗੱਲ ਹੈ ਕਿ ਪਹਾੜੀ ਇਲਾਕਿਆਂ ਵਿਚ ਕਈ ਜੀਵ-ਜੰਤੂਆਂ ਅਤੇ ਪੌਦਿਆਂ ਨੂੰ ਪਨਾਹ ਮਿਲ ਰਹੀ ਹੈ। ਪਰ ਇਨ੍ਹਾਂ ਇਲਾਕਿਆਂ ਵਿਚ ਵੀ ਪ੍ਰਦੂਸ਼ਣ ਅਤੇ ਇਨਸਾਨਾਂ ਦੇ ਹੱਥੋਂ ਤਬਾਹੀ ਦਾ ਖ਼ਤਰਾ ਹੈ। ਸ਼ਾਇਦ ਯੂਰਪ ਵਿਚ ਇਸ ਦਾ ਸਭ ਤੋਂ ਵੱਡਾ ਸਬੂਤ ਮਿਲਦਾ ਹੈ ਜਿੱਥੇ ਲੋਕਾਂ ਦੀ ਆਬਾਦੀ ਬਹੁਤ ਹੈ।
ਪਿਰੇਨੀਜ਼ ਪਹਾੜ ਫਰਾਂਸ ਅਤੇ ਸਪੇਨ ਦੇ ਵਿਚਕਾਰ ਹਨ। ਇਸ ਇਲਾਕੇ ਵਿਚ ਕਈ ਨੈਸ਼ਨਲ ਪਾਰਕਾਂ ਹਨ ਜਿੱਥੇ ਜੀਵ-ਜੰਤੂਆਂ ਅਤੇ ਪੌਦਿਆਂ ਨੂੰ ਪਨਾਹ ਮਿਲਦੀ ਹੈ। ਇਨ੍ਹਾਂ ਸੁਰੱਖਿਅਤ ਥਾਵਾਂ ਵਿਚ ਲੋਕ ਆ ਕੇ ਦੇਖ ਸਕਦੇ ਹਨ ਕਿ ਇਹ ਪੌਦੇ ਤੇ ਜੀਵ-ਜੰਤੂ ਕਿਵੇਂ ਵੱਧ-ਫੁੱਲ ਰਹੇ ਹਨ। ਆਓ ਆਪਾਂ ਇਸ ਦੀ ਝਲਕ ਦੇਖੀਏ ਕਿ ਇਨ੍ਹਾਂ ਪਾਰਕਾਂ ਵਿਚ ਕੀ ਦੇਖਣ ਨੂੰ ਮਿਲਦਾ ਹੈ।
ਖ਼ਤਰੇ ਵਿਚ
ਫੁੱਲ। ਕਈ ਸੁੰਦਰ ਜੰਗਲੀ ਫੁੱਲ 1,500 ਮੀਟਰ ਦੀ ਉਚਾਈ ਤੇ ਉੱਗਦੇ ਹਨ। ਸਨੋ ਜੈਨਸ਼ਨ ਅਤੇ ਟ੍ਰੰਪਿਟ ਜੈਨਸ਼ਨ (1) ਨੀਲੇ-ਨੀਲੇ ਫੁੱਲ ਹਨ ਜੋ ਆਪਣੇ ਰੰਗ ਨਾਲ ਪਹਾੜਾਂ ਨੂੰ ਭਰ ਦਿੰਦੇ ਹਨ। ਇਹ ਫੁੱਲ ਉਸ ਉਚਾਈ ਤੇ ਉੱਗਦੇ ਹਨ ਜਿੱਥੇ ਦਰਖ਼ਤ ਵੀ ਨਹੀਂ ਉੱਗਦੇ। ਹੇਠਾਂ ਜਾ ਕੇ ਸਫ਼ੈਦੇ ਵਰਗੇ ਰੁੱਖਾਂ ਦੇ ਨਾਲ-ਨਾਲ ਲੇਡੀਜ਼ ਸਲਿਪਰ ਓਰਕਿਡ (2) ਵੀ ਉੱਗਦੇ ਹਨ ਜਿਨ੍ਹਾਂ ਦਾ ਅਲੋਪ ਹੋਣ ਦਾ ਖ਼ਤਰਾ ਹੈ। ਹਰ ਸਾਲ ਸੈਂਕੜੇ ਹੀ ਲੋਕ ਇਨ੍ਹਾਂ ਫੁੱਲਾਂ ਨੂੰ ਦੇਖਣ ਆਉਂਦੇ ਹਨ। ਇਸ ਲਈ ਪਹਿਰੇਦਾਰ ਹਰ ਰੋਜ਼ 14 ਘੰਟਿਆਂ ਲਈ ਇਨ੍ਹਾਂ ਅਨਮੋਲ ਫੁੱਲਾਂ ਦੀ ਰਾਖੀ ਕਰਦੇ ਹਨ ਤਾਂਕਿ ਕੋਈ ਇਨ੍ਹਾਂ ਦਾ ਨੁਕਸਾਨ ਨਾ ਕਰੇ ਜਾਂ ਇਨ੍ਹਾਂ ਨੂੰ ਜ਼ਮੀਨ ਵਿੱਚੋਂ ਨਾ ਪੁੱਟੇ।
ਤਿਤਲੀਆਂ। ਅਣਵਿਗੜੇ ਪਹਾੜੀ ਘਾਹ ਦੇ ਮੈਦਾਨਾਂ ਵਿਚ ਬਹੁਤ ਸਾਰੇ ਜੰਗਲੀ ਫੁੱਲ ਹਨ ਜੋ ਤਿਤਲੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਵੱਡੀ ਅਪਾਲੋ ਤਿਤਲੀ (3) ਉੱਤੇ ਲਾਲ ਬਿੰਦੀਆਂ ਹਨ ਅਤੇ ਉਹ ਕੰਡੇਦਾਰ ਪੌਦਿਆਂ ਉੱਤੇ ਉੱਡਦੀ ਹੈ। ਛੋਟਿਆਂ ਫੁੱਲਾਂ ਦੇ ਕੋਲ ਬਲੂ ਅਤੇ ਕਾਪਰ ਤਿਤਲੀਆਂ (4) ਉੱਡਦੀਆਂ ਹਨ। ਕਈ ਕਿਸਮ ਦੀਆਂ ਰੰਗਬਰੰਗੀਆਂ ਤਿਤਲੀਆਂ ਜਿਵੇਂ ਕਿ ਪੇਂਟਡ-ਲੇਡੀ ਅਤੇ ਟੋਰਟਸਸ਼ੈਲ ਤਿਤਲੀਆਂ ਉਚਾਈਆਂ ਵਿਚ ਉੱਡਦੀਆਂ ਹਨ।
ਜਾਨਵਰ। ਯੂਰਪ ਦੇ ਖੁੱਲ੍ਹੇ ਮੈਦਾਨਾਂ ਵਿਚ ਵੱਡੇ-ਵੱਡੇ ਜਾਨਵਰ ਘੁੰਮਦੇ ਹੁੰਦੇ ਸਨ। ਪਰ ਕਈਆਂ ਦਾ ਇੰਨਾ ਸ਼ਿਕਾਰ ਕੀਤਾ ਗਿਆ ਕਿ ਉਨ੍ਹਾਂ ਦੀ ਹੋਂਦ ਖ਼ਤਰੇ ਵਿਚ ਹੈ। ਬਘਿਆੜ, ਰਿੱਛ, ਬਾਘੜਬਿੱਲੇ (5), ਅਰਨੇ, ਸਾਂਭਰ ਅਤੇ ਪਹਾੜੀ ਬੱਕਰੇ (6) ਹੁਣ ਸਿਰਫ਼ ਕੁਝ ਹੀ ਪਹਾੜੀ ਜਾਂ ਉੱਤਰੀ ਇਲਾਕਿਆਂ ਵਿਚ ਰਹਿੰਦੇ ਹਨ। ਪਿਰੇਨੀਜ਼ ਵਿਚ ਇਹ ਸ਼ਾਨਦਾਰ ਜਾਨਵਰ ਸਾਨੂੰ ਯਾਦ ਕਰਾਉਂਦੇ ਹਨ ਕਿ ਇਨ੍ਹਾਂ ਪਹਾੜਾਂ ਵਿਚ ਕਈ ਜੰਗਲੀ ਜਾਨਵਰ ਰਹਿੰਦੇ ਹੁੰਦੇ ਸਨ। ਕਈ ਲੋਕਾਂ ਨੂੰ ਫ਼ਿਕਰ ਹੈ ਕਿ ਇਨ੍ਹਾਂ ਕੁਝ ਬਚੇ ਜੀਵ-ਜੰਤੂਆਂ ਦਾ ਕੀ ਬਣੇਗਾ।
ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਿਰਜਣਹਾਰ ਯਹੋਵਾਹ, ਜਿਸ ਬਾਰੇ ਬਾਈਬਲ ਵਿਚ ਲਿਖਿਆ ਹੈ ਕਿ “ਪਹਾੜਾਂ ਦੀਆਂ ਟੀਸੀਆਂ ਵੀ ਉਹ ਦੀਆਂ ਹਨ,” ਜੰਗਲੀ ਜਾਨਵਰਾਂ ਦਾ ਫ਼ਿਕਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 95:4) ਜ਼ਬੂਰਾਂ ਦੀ ਪੋਥੀ ਵਿਚ ਪਰਮੇਸ਼ੁਰ ਕਹਿੰਦਾ ਹੈ: “ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ। ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ।” (ਜ਼ਬੂਰਾਂ ਦੀ ਪੋਥੀ 50:10, 11) ਸਾਨੂੰ ਪੱਕਾ ਵਿਸ਼ਵਾਸ ਹੈ ਕਿ ਯਹੋਵਾਹ ਧਰਤੀ ਅਤੇ ਇਸ ਉੱਤੇ ਰਹਿਣ ਵਾਲੇ ਜੀਵ-ਜੰਤੂਆਂ ਨੂੰ ਕਦੀ ਵੀ ਖ਼ਤਮ ਨਹੀਂ ਹੋਣ ਦੇਵੇਗਾ। (g09 03)
[ਸਫ਼ੇ 20, 21 ਉੱਤੇ ਤਸਵੀਰਾਂ]
1 ਟ੍ਰੰਪਿਟ ਜੈਨਸ਼ਨ
2 ਲੇਡੀਜ਼ ਸਲਿਪਰ ਓਰਕਿਡ
3 ਅਪਾਲੋ ਤਿਤਲੀ
4 ਕਾਪਰ ਤਿਤਲੀਆਂ
5 ਬਾਘੜਬਿੱਲੇ
6 ਪਹਾੜੀ ਬੱਕਰੇ
[ਕ੍ਰੈਡਿਟ ਲਾਈਨ]
La Cuniacha