ਨੌਜਵਾਨਾਂ ਉੱਤੇ ਪੜ੍ਹਾਈ ਦੀ ਟੈਨਸ਼ਨ
ਨੌਜਵਾਨਾਂ ਉੱਤੇ ਪੜ੍ਹਾਈ ਦੀ ਟੈਨਸ਼ਨ
ਸਤਾਰਾਂ ਸਾਲਾਂ ਦੀ ਜੈਨੀਫ਼ਰ ਪੜ੍ਹਾਈ ਵਿਚ ਹਮੇਸ਼ਾ ਚੰਗੇ ਨੰਬਰ ਲੈਂਦੀ ਸੀ। ਉਹ ਸਕੂਲ ਤੋਂ ਬਾਅਦ ਖੇਡਾਂ ਜਾਂ ਹੋਰਨਾਂ ਕੰਮਾਂ ਵਿਚ ਹਿੱਸਾ ਲੈਂਦੀ ਸੀ ਅਤੇ ਉਸ ਦੇ ਟੀਚਰ ਅਤੇ ਸਲਾਹਕਾਰ ਉਸ ਦੀ ਬਹੁਤ ਕਦਰ ਕਰਦੇ ਸਨ। ਪਰ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਇਕ ਸਾਲ ਪਹਿਲਾਂ ਉਸ ਦਾ ਬਹੁਤ ਸਿਰਦਰਦ ਹੋਣ ਲੱਗ ਪਿਆ ਤੇ ਕਚਿਆਹਣ ਹੋਣ ਲੱਗ ਪਈ। ਉਸ ਨੂੰ ਲੱਗਦਾ ਹੈ ਕਿ ਘੰਟਿਆਂ-ਬੱਧੀ ਬੈਠ ਕੇ ਸਕੂਲ ਦਾ ਕੰਮ ਕਰਨ ਨਾਲ ਅਤੇ ਰਾਤ ਨੂੰ ਉਸ ਦੀ ਨੀਂਦ ਅਧੂਰੀ ਰਹਿਣ ਕਾਰਨ ਉਸ ਦੀ ਸਿਹਤ ਉੱਤੇ ਮਾੜਾ ਅਸਰ ਪਿਆ।
ਜੈਨੀਫ਼ਰ ਵਾਂਗ ਕਈ ਹੋਰ ਨੌਜਵਾਨਾਂ ਨਾਲ ਵੀ ਇਸ ਤਰ੍ਹਾਂ ਹੋਇਆ ਹੈ। ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਨ੍ਹਾਂ ਨੂੰ ਸਕੂਲ ਜਾਂ ਕਾਲਜ ਵਿਚ ਬਹੁਤ ਟੈਨਸ਼ਨ ਹੁੰਦੀ ਹੈ। ਕਈਆਂ ਨੂੰ ਤਾਂ ਡਾਕਟਰਾਂ ਦੀ ਮਦਦ ਲੈਣੀ ਪਈ ਹੈ। ਇਸੇ ਕਾਰਨ ਅਮਰੀਕਾ ਵਿਚ ਕੁਝ ਟੀਚਰਾਂ ਨੇ ਸਕੂਲ ਦੀ ਟੈਨਸ਼ਨ ਘਟਾਉਣ ਵਿਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਇਕ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ।
ਸ਼ਾਇਦ ਤੁਸੀਂ ਵੀ ਜੈਨੀਫ਼ਰ ਵਾਂਗ ਇਕ ਵਿਦਿਆਰਥੀ ਹੋ ਜਿਸ ਨੂੰ ਬਹੁਤ ਟੈਨਸ਼ਨ ਰਹਿੰਦੀ ਹੈ। ਮਾਪੇ ਹੋਣ ਦੇ ਨਾਤੇ ਸ਼ਾਇਦ ਤੁਸੀਂ ਦੇਖਿਆ ਹੈ ਕਿ ਸਕੂਲ ਜਾਂ ਕਾਲਜ ਵਿਚ ਤੁਹਾਡੇ ਧੀ-ਪੁੱਤ ਉੱਤੇ ਆਪਣੀ ਪੜ੍ਹਾਈ ਵਿਚ ਤਰੱਕੀ ਕਰਨ ਦਾ ਕਿੰਨਾ ਦਬਾਅ ਪਾਇਆ ਜਾਂਦਾ ਹੈ। ਇਸ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ ਮਾਪਿਆਂ ਤੇ ਬੱਚਿਆਂ ਨੂੰ ਕਿੱਥੋਂ ਸਲਾਹ ਮਿਲ ਸਕਦੀ ਹੈ? (g09 04)