ਪਰਮੇਸ਼ੁਰ ਨੂੰ ਪਹਿਲ ਦੇਣ ਕਾਰਨ ਬਰਕਤਾਂ
ਪਰਮੇਸ਼ੁਰ ਨੂੰ ਪਹਿਲ ਦੇਣ ਕਾਰਨ ਬਰਕਤਾਂ
ਪੀਏਰ ਵੌਰੂ ਦੀ ਜ਼ਬਾਨੀ
ਮੈਂ ਆਪਣੀ ਸਾਰੀ ਜ਼ਿੰਦਗੀ ਲੋਕਾਂ ਦਾ ਨਮਸਕਾਰ ਕਰਨ ਲਈ ਫਰਾਂਸੀਸੀ ਭਾਸ਼ਾ ਵਿਚ “ਬੋਂਜ਼ੂ” ਕਹਿੰਦਾ ਆਇਆ ਹਾਂ। ਪਰ ਨਵੰਬਰ 1975 ਵਿਚ ਇਹ ਸ਼ਬਦ ਵਰਤਣ ਲਈ ਮੈਨੂੰ ਗਿਰਫ਼ਤਾਰ ਕੀਤਾ ਗਿਆ। ਆਓ ਮੈਂ ਤੁਹਾਨੂੰ ਦੱਸਾਂ ਕਿ ਇਸ ਤਰ੍ਹਾਂ ਮੇਰੇ ਨਾਲ ਕਿਉਂ ਹੋਇਆ ਅਤੇ ਮੇਰੀ ਜ਼ਿੰਦਗੀ ਵਿਚ ਹੋਰ ਕੀ-ਕੀ ਹੋਇਆ ਹੈ।
ਮੇਰਾ ਜਨਮ 1 ਜਨਵਰੀ 1944 ਨੂੰ ਮੱਧ ਬੇਨਿਨ ਦੇਸ਼ ਵਿਚ ਸਾਵੇ ਸ਼ਹਿਰ ਦੇ ਬਾਹਰ ਮਾਲੇਟੇ ਵਿਚ ਹੋਇਆ ਸੀ। * ਮੇਰੇ ਮਾਪਿਆਂ ਨੇ ਯੋਰੱਬਾ ਭਾਸ਼ਾ ਵਿਚ ਮੇਰਾ ਨਾਂ ਆਬੀਓਲਾ ਰੱਖਿਆ। ਜਵਾਨੀ ਵਿਚ ਮੈਂ ਆਪਣਾ ਨਾਂ ਬਦਲ ਕੇ ਪੀਏਰ ਰੱਖ ਲਿਆ ਕਿਉਂਕਿ ਮੈਨੂੰ ਆਬੀਓਲਾ ਪੁਰਾਣੇ ਜ਼ਮਾਨੇ ਦਾ ਨਾਂ ਲੱਗਦਾ ਸੀ।
ਨਗਰ ਦੇ ਵਾਸੀ ਅਕਸਰ ਨੌਜਵਾਨਾਂ ਦਾ ਦੂਸਰਾ ਨਾਂ ਰੱਖਦੇ ਹੁੰਦੇ ਸਨ। ਉਨ੍ਹਾਂ ਨੇ ਮੇਰਾ ਨਾਂ ਪਾਦਰੀ ਰੱਖਿਆ ਕਿਉਂਕਿ ਮੇਰੇ ਜਨਮ ਤੇ ਮੇਰੀ ਸ਼ਕਲ ਸਾਡੇ ਪਾਦਰੀ ਨਾਲ ਮਿਲਦੀ ਸੀ। ਪਰ ਚਰਚ ਜਾਣ ਨਾਲੋਂ ਮੈਂ ਫੁਟਬਾਲ ਖੇਡਣਾ ਜ਼ਿਆਦਾ ਪਸੰਦ ਕਰਦਾ ਸੀ।
1959 ਵਿਚ ਮੈਂ ਆਪਣੀ ਪੜ੍ਹਾਈ ਪੂਰੀ ਕਰਨ ਲਈ ਦੱਖਣ ਵਿਚ ਸਾਕੇਟੇ ਸ਼ਹਿਰ ਵਿਚ ਰਹਿਣ ਚਲਾ ਗਿਆ। ਮੈਂ ਆਪਣੇ ਤਾਏ ਦੇ ਮੁੰਡੇ ਸੀਮੋਂ ਨਾਲ ਰਹਿਣ ਲੱਗਾ ਜੋ ਸਕੂਲ ਵਿਚ ਟੀਚਰ ਸੀ ਅਤੇ ਥੋੜ੍ਹੀ ਦੇਰ ਤੋਂ ਯਹੋਵਾਹ ਦੇ ਦੋ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਿਹਾ ਸੀ। ਪਹਿਲਾਂ-ਪਹਿਲਾਂ ਮੈਨੂੰ ਗਵਾਹਾਂ ਨਾਲ ਬੈਠਣ ਵਿਚ ਕੋਈ ਦਿਲਚਸਪੀ ਨਹੀਂ ਸੀ। ਬਾਅਦ ਵਿਚ ਮੈਂ ਸੀਮੋਂ ਦੇ ਛੋਟੇ ਭਰਾ ਮੀਸ਼ੇਲ ਨੂੰ ਪੁੱਛਿਆ ਜੇ ਉਹ ਮੇਰੇ ਨਾਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣੇਗਾ। ਉਹ ਮੰਨ ਗਿਆ ਅਤੇ ਉਸ ਸਮੇਂ ਮੈਂ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ, ਯਹੋਵਾਹ, ਸੁਣਿਆ।
ਇਕ ਵਾਰ ਮੈਂ, ਸੀਮੋਂ ਅਤੇ ਮੀਸ਼ੇਲ ਨੇ ਐਤਵਾਰ ਨੂੰ ਚਰਚ ਜਾਣ ਦੀ ਬਜਾਇ ਗਵਾਹਾਂ ਦੀ ਮੀਟਿੰਗ ਵਿਚ ਜਾਣ ਦਾ ਫ਼ੈਸਲਾ ਕੀਤਾ। ਮੈਂ ਇਹ ਦੇਖ ਕੇ ਨਿਰਾਸ਼ ਹੋਇਆ ਕਿ ਦੋ ਗਵਾਹਾਂ ਤੋਂ ਇਲਾਵਾ ਸਿਰਫ਼ ਅਸੀਂ ਤਿੰਨ ਜਣੇ ਮੀਟਿੰਗ ਵਿਚ ਸੀ। ਪਰ ਅਸੀਂ ਜਾਣਦੇ ਸੀ ਕਿ ਇਹ ਸੱਚਾਈ ਹੈ ਸੋ ਅਸੀਂ ਬਾਈਬਲ ਸਟੱਡੀ ਕਰਦੇ ਰਹੇ। ਸਾਡੇ ਵਿੱਚੋਂ ਪਹਿਲਾਂ ਮੀਸ਼ੇਲ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲਿਆ। ਅੱਜ ਉਹ ਇਕ ਪਾਇਨੀਅਰ ਵਜੋਂ ਆਪਣਾ ਜ਼ਿਆਦਾਤਰ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦਾ ਹੈ।
ਸੀਮੋਂ ਉੱਤਰ ਵੱਲ ਕੋਕੌਰੋ ਸ਼ਹਿਰ ਵਿਚ ਰਹਿਣ ਲੱਗ ਪਿਆ ਅਤੇ ਮੈਂ ਵੀ ਉਸ ਦੇ ਨਾਲ ਚਲਾ ਗਿਆ। ਯਹੋਵਾਹ ਦੇ ਗਵਾਹਾਂ ਦਾ ਇਕ ਸੰਮੇਲਨ ਸਾਡੇ ਸ਼ਹਿਰ ਤੋਂ 220 ਕਿਲੋਮੀਟਰ ਦੂਰ ਰੱਖਿਆ ਗਿਆ। ਸੀਮੋਂ ਟੈਕਸੀ ਵਿਚ ਗਿਆ, ਪਰ ਮੈਂ ਸਾਈਕਲ ਚਲਾ ਕੇ ਉੱਥੇ ਪਹੁੰਚਿਆ। ਉਸੇ ਸੰਮੇਲਨ ਵਿਚ ਅਸੀਂ ਦੋਹਾਂ ਨੇ 15 ਸਤੰਬਰ 1961 ਨੂੰ ਬਪਤਿਸਮਾ ਲਿਆ।
ਪ੍ਰਚਾਰ ਸੇਵਾ ਵਿਚ ਮੁਸ਼ਕਲਾਂ
ਗੁਜ਼ਾਰਾ ਤੋਰਨ ਲਈ ਮੈਂ ਤਸਵੀਰਾਂ ਬਣਾ ਕੇ ਵੇਚਦਾ ਹੁੰਦਾ ਸੀ ਅਤੇ ਖੇਤੀ ਦਾ ਕੰਮ ਕਰਦਾ ਹੁੰਦਾ ਸੀ। ਜਦ ਫੀਲੀਪ ਜ਼ਾਨੂ ਨਾਂ ਦਾ ਸਫ਼ਰੀ ਨਿਗਾਹਬਾਨ ਸਾਡੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਮਿਲਣ ਆਇਆ, ਤਾਂ ਉਸ ਨੇ ਮੈਨੂੰ ਪੁੱਛਿਆ ਜੇ ਮੈਂ ਕਦੀ ਪਾਇਨੀਅਰ ਕਰਨ ਬਾਰੇ ਸੋਚਿਆ ਹੈ। ਮੈਂ ਤੇ ਮੇਰੇ ਦੋਸਤ ਏਮਾਨਵੈਲ ਨੇ ਇਸ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਅਸੀਂ ਫਰਵਰੀ 1966 ਵਿਚ ਇਹ ਕੰਮ ਸ਼ੁਰੂ ਕਰ ਸਕਦੇ ਹਾਂ। ਬਾਅਦ ਵਿਚ ਮੈਂ ਵੀ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਲੱਗ ਪਿਆ ਤੇ ਉਨ੍ਹਾਂ ਕਲੀਸਿਯਾਵਾਂ ਨੂੰ ਮਿਲਣ ਜਾਂਦਾ ਸੀ ਜਿੱਥੇ ਭੈਣ-ਭਰਾ ਫੋਨ, ਗੂਨ, ਯੋਰੱਬਾ ਅਤੇ ਫਰਾਂਸੀਸੀ ਭਾਸ਼ਾ ਬੋਲਦੇ ਸਨ।
ਫਿਰ ਮੈਂ ਜੂਲੀਐਨ ਨੂੰ ਮਿਲਿਆ ਜੋ ਮੈਨੂੰ ਪਸੰਦ ਸੀ ਅਤੇ ਉਹ ਵੀ ਮੇਰੇ ਵਾਂਗ ਸਾਦਾ ਜੀਵਨ ਜੀਣਾ ਚਾਹੁੰਦੀ ਸੀ। ਸਾਡਾ ਵਿਆਹ 12 ਅਗਸਤ 1971 ਨੂੰ ਹੋਇਆ ਅਤੇ ਫਿਰ ਅਸੀਂ ਇਕੱਠੇ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦੇ ਸੀ। ਸਾਡੇ ਮੁੰਡੇ ਬੋਲਾ ਦਾ ਜਨਮ 18 ਅਗਸਟ 1972 ਨੂੰ ਹੋਇਆ। ਇਕ ਕਲੀਸਿਯਾ ਤੋਂ ਦੂਸਰੀ ਕਲੀਸਿਯਾ
ਤਕ ਜਾਣ ਲਈ ਮੈਂ ਸਾਈਕਲ ਚਲਾਉਂਦਾ ਸੀ। ਸਾਈਕਲ ’ਤੇ ਮੇਰੇ ਪਿੱਛੇ ਜੂਲੀਐਨ ਬੈਠਦੀ ਸੀ ਅਤੇ ਬੋਲਾ ਨੂੰ ਕੱਪੜੇ ਵਿਚ ਲਪੇਟ ਕੇ ਆਪਣੀ ਪਿੱਠ ਉੱਤੇ ਬੰਨ੍ਹਦੀ ਹੁੰਦੀ ਸੀ। ਜਿੱਥੇ ਵੀ ਅਸੀਂ ਜਾਂਦੇ ਸੀ ਉੱਥੋਂ ਇਕ ਗਵਾਹ ਆਪਣੀ ਸਾਈਕਲ ’ਤੇ ਸਾਡਾ ਸਾਮਾਨ ਬੰਨ੍ਹ ਕੇ ਲੈ ਆਉਂਦਾ ਸੀ। ਅਸੀਂ ਚਾਰ ਸਾਲਾਂ ਤਕ ਇੱਦਾਂ ਕੀਤਾ।ਇਕ ਦਿਨ ਜੂਲੀਐਨ ਬਹੁਤ ਬੀਮਾਰ ਹੋਈ ਅਤੇ ਉਹ ਸਾਰੀ ਰਾਤ ਤੜਫਦੀ ਰਹੀ। ਅਗਲੇ ਦਿਨ ਮੈਂ ਬਾਹਰ ਨਿਕਲ ਕੇ ਮਦਦ ਲੈਣ ਗਿਆ। ਅਚਾਨਕ ਮੈਨੂੰ ਇਕ ਟੈਕਸੀ ਦਿੱਸ ਪਈ। ਇਹ ਬਹੁਤ ਅਜੀਬ ਸੀ ਕਿਉਂਕਿ ਆਮ ਕਰਕੇ ਉੱਥੋਂ ਦੀ ਟੈਕਸੀਆਂ ਨਹੀਂ ਸੀ ਲੰਘਦੀਆਂ। ਉੱਪਰ ਦੀ ਟੈਕਸੀ ਖਾਲੀ ਸੀ ਜੋ ਹੋਰ ਵੀ ਅਜੀਬ ਸੀ! ਮੈਂ ਡਰਾਈਵਰ ਨੂੰ ਜੂਲੀਐਨ ਦੀ ਹਾਲਤ ਬਾਰੇ ਦੱਸਿਆ ਅਤੇ ਪੁੱਛਿਆ ਜੇ ਉਹ ਸਾਨੂੰ ਪੋਰਟੋ-ਨੋਵੋ ਸ਼ਹਿਰ ਨੂੰ ਲਿਜਾ ਸਕਦਾ ਹੈ ਜੋ 25 ਕਿਲੋਮੀਟਰ ਦੂਰ ਸੀ। ਉਹ ਰਾਜ਼ੀ ਹੋ ਗਿਆ। ਉੱਥੇ ਪਹੁੰਚ ਕੇ ਉਸ ਨੇ ਮੁਸਕਰਾ ਕੇ ਕਿਹਾ: “ਤੁਸੀਂ ਫ਼ਿਕਰ ਨਾ ਕਰੋ। ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਣਾ।”
ਜੂਲੀਐਨ ਨੂੰ ਕਿਸੇ ਗਵਾਹ ਦੇ ਘਰ ਦੋ ਹਫ਼ਤਿਆਂ ਲਈ ਆਰਾਮ ਕਰਨਾ ਪਿਆ। ਹਰ ਰੋਜ਼ ਡਾਕਟਰ ਉਸ ਨੂੰ ਦੇਖਣ ਅਤੇ ਦਵਾਈ ਦੇਣ ਆਉਂਦਾ ਸੀ। ਜਦ ਉਹ ਆਖ਼ਰੀ ਵਾਰ ਜੂਲੀਐਨ ਨੂੰ ਦੇਖਣ ਆਇਆ, ਤਾਂ ਮੈਂ ਡਰਦਾ-ਡਰਦਾ ਉਸ ਦੀ ਫ਼ੀਸ ਬਾਰੇ ਪੁੱਛਿਆ। ਮੈਂ ਹੱਕਾ-ਬੱਕਾ ਰਹਿ ਗਿਆ ਜਦ ਉਸ ਨੇ ਕਿਹਾ: “ਕੋਈ ਫ਼ੀਸ ਨਹੀਂ।”
ਵੱਡੀਆਂ ਤਬਦੀਲੀਆਂ
1975 ਵਿਚ ਡਹੋਮੇ ਵਿਚ ਮਾਰਕਸੀ ਸਰਕਾਰ ਨੂੰ ਅਪਣਾਇਆ ਗਿਆ। ਦੇਸ਼ ਦਾ ਨਾਂ ਬਦਲ ਕੇ ਬੇਨਿਨ ਲੋਕਤੰਤਰੀ ਗਣਰਾਜ ਰੱਖਿਆ ਗਿਆ। ਉਸ ਦਿਨ ਤੋਂ ਲੋਕਾਂ ਦੀ ਜ਼ਿੰਦਗੀ ਕਾਫ਼ੀ ਬਦਲ ਗਈ। ਲੋਕਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਨਮਸਕਾਰ ਕਰਨ ਲਈ “ਪੂਰ ਲਾ ਰੇਵੇਲੁਸੀਓਂ?” (ਕੀ ਤੁਸੀਂ ਇਨਕਲਾਬ ਲਈ ਤਿਆਰ ਹੋ?) ਕਹਿਣ। ਲੋਕਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਜਵਾਬ ਵਿਚ “ਪ੍ਰੇ!” (ਮੈਂ ਤਿਆਰ ਹਾਂ!) ਕਹਿਣ। ਸਾਡੀ ਜ਼ਮੀਰ ਸਾਨੂੰ ਅਜਿਹੇ ਰਾਜਨੀਤਿਕ ਨਾਅਰਿਆਂ ਨੂੰ ਦੁਹਰਾਉਣ ਨਹੀਂ ਸੀ ਦਿੰਦੀ। ਇਸ ਕਰਕੇ ਸਾਨੂੰ ਵਿਰੋਧਤਾ ਸਹਿਣੀ ਪਈ।
1975 ਦੇ ਅਖ਼ੀਰ ਵਿਚ ਮੈਂ ਸੋਂ ਮੀਸ਼ੇਲ ਵਿਚ ਘਰ-ਘਰ ਪ੍ਰਚਾਰ ਕਰ ਰਿਹਾ ਸੀ। ਇਕ ਆਦਮੀ ਨੇ ਨਮਸਕਾਰ ਕਰਨ ਲਈ ਮੈਨੂੰ “ਪੂਰ ਲਾ ਰੇਵੇਲੁਸੀਓਂ?” ਕਿਹਾ। ਜਿੱਦਾਂ ਮੈਂ ਸ਼ੁਰੂ ਵਿਚ ਦੱਸਿਆ ਸੀ ਮੈਂ “ਬੋਂਜ਼ੂ!” ਕਹਿ ਕੇ ਜਵਾਬ ਦਿੱਤਾ ਜਿਸ ਕਰਕੇ ਮੈਨੂੰ ਗਿਰਫ਼ਤਾਰ ਕੀਤਾ ਗਿਆ। ਮੈਨੂੰ ਪੁਲਸ ਥਾਣੇ ਲਿਜਾ ਕੇ ਕੁੱਟਿਆ-ਮਾਰਿਆ ਗਿਆ। ਪਰ ਉਸੇ ਦਿਨ ਤਿੰਨ ਗਵਾਹਾਂ ਨੇ ਮੈਨੂੰ ਰਿਹਾ ਕਰਵਾ ਲਿਆ ਸੀ।
ਮੈਂ ਪਹਿਲਾ ਗਵਾਹ ਸੀ ਜਿਸ ਨੂੰ ਗਿਰਫ਼ਤਾਰ ਕੀਤਾ ਗਿਆ। ਪਰ ਮੈਥੋਂ ਬਾਅਦ ਦੇਸ਼ ਵਿਚ ਹੋਰ ਬਹੁਤ ਸਾਰੇ ਗਵਾਹਾਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ। ਸਰਕਾਰ ਨੇ ਕਿੰਗਡਮ ਹਾਲਾਂ ਉੱਤੇ ਕਬਜ਼ਾ ਕੀਤਾ ਅਤੇ ਮਿਸ਼ਨਰੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਬ੍ਰਾਂਚ ਆਫ਼ਿਸ ਵੀ ਬੰਦ ਕੀਤਾ ਗਿਆ ਅਤੇ ਕਈ ਗਵਾਹਾਂ ਨੂੰ ਦੇਸ਼ ਵਿੱਚੋਂ ਨਿਕਲਣਾ ਪਿਆ। ਕਈ ਪੱਛਮ ਵੱਲ ਟੋਗੋ ਨੂੰ ਭੱਜੇ ਅਤੇ ਦੂਸਰੇ ਪੂਰਬ ਵੱਲ ਨਾਈਜੀਰੀਆ ਨੂੰ।
ਨਾਈਜੀਰੀਆ ਜਾ ਕੇ ਸਾਡਾ ਪਰਿਵਾਰ ਵਧਦਾ ਹੈ
ਸਾਡਾ ਦੂਜਾ ਮੁੰਡਾ, ਕੋਲਾ, 25 ਅਪ੍ਰੈਲ 1976 ਵਿਚ ਪੈਦਾ ਹੋਇਆ ਸੀ। ਦੋ ਦਿਨ ਬਾਅਦ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ। ਅਸੀਂ ਨਾਈਜੀਰੀਆ ਨੂੰ ਚਲੇ ਗਏ ਅਤੇ ਉੱਥੇ ਇਕ ਕਿੰਗਡਮ ਹਾਲ ਵਿਚ ਪਹੁੰਚੇ ਜੋ ਰਫਿਊਜੀਆਂ ਨਾਲ ਭਰਿਆ ਹੋਇਆ ਸੀ। ਅਗਲੇ ਦਿਨ ਸਾਨੂੰ ਨੇੜਲੀਆਂ ਕਲੀਸਿਯਾਵਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਗਿਆ। ਜਿਉਂ ਹੀ ਹਾਲ ਵਿੱਚੋਂ ਰਫਿਊਜੀਆਂ ਨੂੰ ਹੋਰ ਕਿਤੇ ਭੇਜਿਆ ਜਾਂਦਾ ਸੀ, ਤਾਂ ਨਵੇਂ ਰਫਿਊਜੀ ਆ ਜਾਂਦੇ ਸਨ। ਫਿਰ ਇਨ੍ਹਾਂ ਨੂੰ ਟਰੱਕਾਂ ਵਿਚ ਹੋਰਨਾਂ ਕਲੀਸਿਯਾਵਾਂ ਤਕ ਲਿਜਾਇਆ ਜਾਂਦਾ ਸੀ।
ਨਾਈਜੀਰੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਮੈਨੂੰ ਬੇਨਿਨ ਤੋਂ ਆਏ ਗਵਾਹਾਂ ਨੂੰ ਮਿਲਣ ਲਈ ਕਿਹਾ। ਫਿਰ ਮੈਨੂੰ ਨਾਈਜੀਰੀਆ ਵਿਚ ਸਫ਼ਰੀ ਨਿਗਾਹਬਾਨ ਵਜੋਂ ਉਨ੍ਹਾਂ ਕਲੀਸਿਯਾਵਾਂ ਨੂੰ ਮਿਲਣ ਦਾ ਕੰਮ ਸੌਂਪਿਆ ਗਿਆ ਜਿੱਥੇ ਭੈਣ-ਭਰਾ ਯੋਰੱਬਾ ਬੋਲਦੇ ਸਨ। ਫਿਰ ਬਾਅਦ ਵਿਚ ਮੈਂ ਗੂਨ ਬੋਲਣ ਵਾਲੇ ਗਵਾਹਾਂ ਨੂੰ ਮਿਲਣ ਜਾਂਦਾ ਸੀ। ਅਸੀਂ ਮੋਟਰ ਸਾਈਕਲ ਉੱਤੇ ਸਫ਼ਰ ਕਰਦੇ ਹੁੰਦੇ ਸੀ। ਬੋਲਾ ਮੇਰੇ ਮੋਹਰੇ ਬੈਠਦਾ ਸੀ ਅਤੇ ਕੋਲਾ ਮੇਰੇ ਤੇ ਜੂਲੀਐਨ ਦੇ ਵਿਚਕਾਰ ਬੈਠਦਾ ਸੀ।
1979 ਵਿਚ ਸਾਨੂੰ ਪਤਾ ਲੱਗਾ ਕਿ ਜੂਲੀਐਨ ਫਿਰ ਤੋਂ ਮਾਂ ਬਣਨ ਵਾਲੀ ਹੈ ਅਤੇ ਥੋੜ੍ਹੇ ਚਿਰ ਬਾਅਦ ਸਾਡੀ ਧੀ ਜਮਾਈਮਾ ਪੈਦਾ ਹੋਈ। ਇਸ ਕਰਕੇ ਅਸੀਂ ਹੁਣ ਥਾਂ-ਥਾਂ ਕਲੀਸਿਯਾਵਾਂ ਨੂੰ ਨਹੀਂ ਮਿਲਣ ਜਾ ਸਕਦੇ ਸਨ। ਜੂਲੀਐਨ ਦੀ ਛੋਟੀ ਭੈਣ, ਜਿਸ ਨੂੰ ਅਸੀਂ ਪੇਪੇ ਕਹਿੰਦੇ ਸਨ, ਬੇਨਿਨ ਤੋਂ ਸਾਡੇ ਨਾਲ ਰਹਿਣ ਆਈ। ਸਾਡਾ ਪਰਿਵਾਰ ਵਧਦਾ ਗਿਆ। ਸਾਡੇ ਦੋ ਹੋਰ ਮੁੰਡੇ ਹੋਏ: ਕੇਲਬ 1983 ਵਿਚ ਪੈਦਾ ਹੋਇਆ ਅਤੇ ਸੀਲਾਸ 1987 ਵਿਚ। ਸੋ ਸਾਡੇ ਪਰਿਵਾਰ ਵਿਚ ਅੱਠ ਜੀਅ ਸਨ। ਜੂਲੀਐਨ ਤੇ ਮੈਂ ਚੰਗੇ ਮਾਪੇ ਬਣਨਾ ਚਾਹੁੰਦੇ ਸਨ, ਪਰ ਸਾਡੀ ਇੱਛਾ ਸੀ ਕਿ ਜੇ ਹੋ ਸਕੇ, ਤਾਂ ਅਸੀਂ ਪਾਇਨੀਅਰਾਂ ਵਜੋਂ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਈਏ। ਪਰ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਸੀ? ਅਸੀਂ ਪਟੇ ਉੱਤੇ ਜ਼ਮੀਨ ਲੈ ਕੇ ਕਸਾਵਾ, ਮੱਕੀ ਅਤੇ ਅਰਬੀ ਬੀਜੀ। ਫਿਰ ਈਲੋਗਬੋ-ਏਰੇਮੀ ਪਿੰਡ ਵਿਚ ਅਸੀਂ ਛੋਟਾ ਜਿਹਾ ਘਰ ਬਣਾਇਆ।
ਹਰ ਸਵੇਰ ਬੱਚਿਆਂ ਨੂੰ ਸਕੂਲ ਭੇਜ ਕੇ ਜੂਲੀਐਨ ਤੇ ਮੈਂ ਪ੍ਰਚਾਰ ਕਰਨ ਜਾਂਦੇ ਸਨ। ਫਿਰ ਜਦ ਬੱਚੇ ਘਰ ਆਉਂਦੇ ਸਨ, ਤਾਂ ਅਸੀਂ
ਸਾਰੇ ਇਕੱਠੇ ਖਾਣਾ ਖਾਂਦੇ ਸੀ। ਥੋੜ੍ਹਾ ਜਿਹਾ ਆਰਾਮ ਕਰਨ ਤੋਂ ਬਾਅਦ ਅਸੀਂ ਖੇਤ ਵਿਚ ਕੰਮ ਕਰਦੇ ਸੀ। ਜੂਲੀਐਨ ਅਤੇ ਪੇਪੇ ਮੰਡੀ ਵਿਚ ਜਾ ਕੇ ਮੱਕੀ ਅਤੇ ਸਾਬਜ਼ੀਆਂ ਵੇਚਦੀਆਂ ਹੁੰਦੀਆਂ ਸਨ। ਅਸੀਂ ਸਾਰੇ ਸਖ਼ਤ ਮਿਹਨਤ ਕਰਦੇ ਸੀ। ਸ਼ੁਕਰ ਦੀ ਗੱਲ ਹੈ ਕਿ ਅਸੀਂ ਇਨ੍ਹਾਂ ਸਾਲਾਂ ਦੌਰਾਨ ਬਹੁਤ ਘੱਟ ਬੀਮਾਰ ਹੋਏ।ਉੱਚ ਸਿੱਖਿਆ ਤੋਂ ਬਗੈਰ ਸਫ਼ਲਤਾ
ਅਸੀਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਲੈਣ ਦੀ ਹੱਲਾਸ਼ੇਰੀ ਕਦੀ ਨਹੀਂ ਸੀ ਦਿੱਤੀ। ਸਾਨੂੰ ਪਤਾ ਸੀ ਕਿ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ, ਚੰਗੇ ਗੁਣ ਪੈਦਾ ਕਰਨ ਅਤੇ ਮਿਹਨਤੀ ਬਣਨ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਸੀ। ਅਸੀਂ ਇਹ ਗੱਲਾਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨਾਲ ਬਾਈਬਲ ਸਟੱਡੀ ਕੀਤੀ ਅਤੇ ਇਹ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ ਕਿ ਉਹ ਵੀ ਯਹੋਵਾਹ ਨੂੰ ਪਿਆਰ ਕਰਨ ਲੱਗੇ ਜਿਸ ਕਰਕੇ ਉਨ੍ਹਾਂ ਨੇ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਅਤੇ ਬਪਤਿਸਮਾ ਲਿਆ।
ਪੇਪੇ ਸਾਡੇ ਬੱਚਿਆਂ ਨਾਲੋਂ ਵੱਡੀ ਸੀ। ਪਹਿਲਾਂ ਜਦ ਉਹ ਸਾਡੇ ਨਾਲ ਰਹਿਣ ਆਈ ਸੀ, ਤਾਂ ਉਹ ਪੜ੍ਹੀ-ਲਿਖੀ ਨਹੀਂ ਸੀ। ਮੈਂ ਉਸ ਨੂੰ ਪੜ੍ਹਨਾ ਸਿਖਾਇਆ ਜਿਸ ਕਰਕੇ ਉਹ ਬਾਈਬਲ ਪੜ੍ਹਨ ਵਿਚ ਜ਼ਿਆਦਾ ਧਿਆਨ ਦੇ ਸਕੀ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਅੱਗੇ ਵਧ ਸਕੀ। ਕੁਝ ਸਮੇਂ ਲਈ ਪਾਇਨੀਅਰਿੰਗ ਕਰਨ ਤੋਂ ਬਾਅਦ ਉਸ ਨੇ ਮਨਡੇ ਅਕਿਨਰਾ ਨਾਲ ਵਿਆਹ ਕੀਤਾ ਜੋ ਇਕ ਸਫ਼ਰੀ ਨਿਗਾਹਬਾਨ ਸੀ। ਫਿਰ ਉਨ੍ਹਾਂ ਨੇ ਇਕੱਠਿਆਂ ਇਹ ਕੰਮ ਕੀਤਾ। ਹੁਣ ਉਨ੍ਹਾਂ ਦਾ ਇਕ ਮੁੰਡਾ ਹੈ, ਟਿਮਥੀ। ਅੱਜ ਵੀ ਪੇਪੇ ਅਤੇ ਮਨਡੇ ਪਾਇਨੀਅਰਾਂ ਵਜੋਂ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਂਦੇ ਹਨ। ਮਨਡੇ ਕੋਲ ਸੰਮੇਲਨਾਂ ਵਿਚ ਵੀ ਕਾਫ਼ੀ ਜ਼ਿੰਮੇਵਾਰੀਆਂ ਹੁੰਦੀਆਂ ਹਨ।
ਬੋਲਾ ਨੇ ਇਕ ਵੱਡੀ ਕੰਪਨੀ ਵਿਚ ਰਸੋਈਏ ਦਾ ਕੰਮ ਸਿੱਖਣਾ ਸ਼ੁਰੂ ਕੀਤਾ। ਕੰਪਨੀ ਦੇ ਇਕ ਡਾਇਰੈਕਟਰ ਨੇ ਦੇਖਿਆ ਕਿ ਬੋਲਾ ਬਹੁਤ ਚੰਗੀ ਤਰ੍ਹਾਂ ਕੰਮ ਕਰਦਾ ਸੀ, ਭਰੋਸੇਯੋਗ ਸੀ ਅਤੇ ਉਸ ਵਿਚ ਹੋਰ ਵੀ ਕਈ ਚੰਗੇ ਗੁਣ ਸਨ। ਸਮੇਂ ਦੇ ਬੀਤਣ ਨਾਲ ਉਸ ਨੂੰ ਕੰਪਨੀ ਵਿਚ ਪ੍ਰੋਮੋਸ਼ਨ ਮਿਲੀ। ਪਰ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਉਹ ਆਪਣੀ ਪਤਨੀ ਜੇਨ ਲਈ ਇਕ ਚੰਗਾ ਪਤੀ ਅਤੇ ਆਪਣੇ ਤਿੰਨ ਬੱਚਿਆਂ ਲਈ ਚੰਗਾ ਪਿਤਾ ਸਾਬਤ ਹੋਇਆ ਹੈ। ਉਹ ਨਾਈਜੀਰੀਆ ਵਿਚ ਲੇਗੋਸ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ।
ਕੋਲਾ ਨੇ ਦਰਜ਼ੀ ਦਾ ਕੰਮ ਸਿੱਖਿਆ ਅਤੇ ਪਾਇਨੀਅਰ ਵਜੋਂ ਸੇਵਾ ਵੀ ਕੀਤੀ। ਨਾਈਜੀਰੀਆ ਵਿਚ ਉਸ ਨੇ ਅੰਗ੍ਰੇਜ਼ੀ ਸਿੱਖ ਲਈ ਸੀ ਜਿਸ ਕਰਕੇ ਉਸ ਨੂੰ 1995 ਵਿਚ ਬੇਨਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੇ ਅਨੁਵਾਦ ਵਿਭਾਗ ਵਿਚ ਬੁਲਾਇਆ ਗਿਆ। ਪਿਛਲੇ 13 ਸਾਲਾਂ ਤੋਂ ਉਹ ਉੱਥੇ ਸੇਵਾ ਕਰ ਰਿਹਾ ਹੈ।
ਬੇਨਿਨ ਵਾਪਸ ਜਾ ਕੇ ਸੇਵਾ ਕਰਨੀ
ਅਸੀਂ ਇਹ ਸੁਣ ਕੇ ਬਹੁਤ ਖ਼ੁਸ਼ ਹੋਏ ਕਿ 23 ਜਨਵਰੀ 1990 ਵਿਚ ਬੇਨਿਨ ਦੀ ਸਰਕਾਰ ਨੇ ਉਹ ਪਾਬੰਦੀ ਹਟਾ ਦਿੱਤੀ ਜੋ ਪਹਿਲਾਂ ਸਾਡੇ ਕੰਮ ਉੱਤੇ ਲਾਈ ਗਈ ਸੀ। ਕਈ ਰਫਿਊਜੀ ਆਪਣੇ ਦੇਸ਼ ਵਾਪਸ ਗਏ। ਕਈ ਨਵੇਂ ਮਿਸ਼ਨਰੀ ਵੀ ਬੇਨਿਨ ਨੂੰ ਭੇਜੇ ਗਏ ਅਤੇ ਬ੍ਰਾਂਚ ਆਫ਼ਿਸ ਵੀ ਦੁਬਾਰਾ ਖੁੱਲ੍ਹ ਗਿਆ। 1994 ਵਿਚ ਸਾਡਾ ਪਰਿਵਾਰ ਬੇਨਿਨ ਵਾਪਸ ਆ ਗਿਆ, ਪਰ ਪੇਪੇ ਅਤੇ ਬੋਲਾ ਨੇ ਆਪਣੇ ਪਰਿਵਾਰਾਂ ਨਾਲ ਨਾਈਜੀਰੀਆ ਵਿਚ ਹੀ ਰਹਿਣ ਦਾ ਫ਼ੈਸਲਾ ਕੀਤਾ।
ਮੈਨੂੰ ਪਾਰਟ-ਟਾਈਮ ਨੌਕਰੀ ਮਿਲ ਗਈ। ਨਾਈਜੀਰੀਆ ਵਿਚ ਸਾਡੇ ਘਰ ਤੋਂ ਥੋੜ੍ਹੇ-ਬਹੁਤੇ ਕਰਾਏ ਨਾਲ ਅਤੇ ਬੋਲਾ ਦੀ ਮਦਦ ਨਾਲ ਅਸੀਂ ਬ੍ਰਾਂਚ ਆਫ਼ਿਸ ਦੇ ਨੇੜੇ ਇਕ ਘਰ ਬਣਾ ਸਕੇ। ਜਮਾਈਮਾ ਨੇ ਛੇ ਸਾਲਾਂ ਲਈ ਪਾਇਨੀਅਰ ਵਜੋਂ ਸੇਵਾ ਕੀਤੀ ਅਤੇ ਪੈਸਾ ਕਮਾਉਣ ਲਈ ਕੱਪੜੇ ਸੀਉਣ ਦਾ ਕੰਮ ਵੀ ਕੀਤਾ। ਫਿਰ ਉਸ ਨੇ ਕੋਕੂ ਅਹੂਮਨੂ ਨਾਲ ਵਿਆਹ ਕੀਤਾ ਅਤੇ ਹੁਣ ਉਹ ਦੋਵੇਂ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਹਨ। ਕੇਲਬ ਅਤੇ ਸੀਲਾਸ ਅਜੇ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਰਹੇ ਹਨ। ਪਰਮੇਸ਼ੁਰ ਦੀ ਮਦਦ ਨਾਲ ਅਤੇ ਪਰਿਵਾਰ ਵਜੋਂ ਮਿਲ ਕੇ ਕੰਮ ਕਰਨ ਨਾਲ ਜੂਲੀਐਨ ਅਤੇ ਮੈਂ 40 ਸਾਲਾਂ ਤੋਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇ ਸਕੇ ਹਾਂ।
ਪਰਮੇਸ਼ੁਰ ਨੇ ਬੇਨਿਨ ਵਿਚ ਪ੍ਰਚਾਰ ਦੇ ਕੰਮ ਉੱਤੇ ਆਪਣੀ ਬਰਕਤ ਪਾਈ ਹੈ। ਜਦ ਮੈਂ 1961 ਵਿਚ ਬਪਤਿਸਮਾ ਲਿਆ ਸੀ, ਤਾਂ ਪੂਰੇ ਦੇਸ਼ ਵਿਚ 871 ਯਹੋਵਾਹ ਦੇ ਗਵਾਹ ਪ੍ਰਚਾਰ ਕਰ ਰਹੇ ਸਨ। ਜਿਸ ਸਾਲ ਮੈਨੂੰ ਗਿਰਫ਼ਤਾਰ ਕੀਤਾ ਗਿਆ ਗਵਾਹਾਂ ਦੀ ਗਿਣਤੀ 2,381 ਸੀ। ਜਦ ਅਸੀਂ 1994 ਵਿਚ ਬੇਨਿਨ ਨੂੰ ਵਾਪਸ ਆਏ, ਤਾਂ 14 ਸਾਲਾਂ ਦੀ ਪਾਬੰਦੀ ਦੇ ਬਾਵਜੂਦ ਵੀ ਗਵਾਹਾਂ ਦੀ ਗਿਣਤੀ ਵਧ ਕੇ 3,858 ਹੋ ਗਈ ਸੀ। ਅੱਜ ਇਹ ਗਿਣਤੀ ਦੁਗਣੀ ਤੋਂ ਵੀ ਵਧ 9,000 ਹੋ ਗਈ ਹੈ। 2008 ਵਿਚ ਮਸੀਹ ਦੀ ਮੌਤ ਦੀ ਯਾਦਗਾਰ ਲਈ 35,752 ਲੋਕ ਹਾਜ਼ਰ ਹੋਏ ਸਨ।
ਕਦੀ-ਕਦੀ ਮੈਂ ਉਸ ਜਗ੍ਹਾ ਜਾਂਦਾ ਹਾਂ ਜਿੱਥੇ 30 ਤੋਂ ਜ਼ਿਆਦਾ ਸਾਲ ਪਹਿਲਾਂ ਮੈਨੂੰ ਗਿਰਫ਼ਤਾਰ ਕੀਤਾ ਗਿਆ ਸੀ। ਉੱਥੇ ਜਾ ਕੇ ਮੈਂ ਉਸ ਬਾਰੇ ਸੋਚਦਾ ਹਾਂ ਜੋ ਮੇਰੀ ਜ਼ਿੰਦਗੀ ਵਿਚ ਬੀਤਿਆ ਹੈ। ਮੈਂ ਖ਼ਾਸ ਕਰਕੇ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ ਕਿ ਉਸ ਦੀ ਕਿਰਪਾ ਮੇਰੇ ਪਰਿਵਾਰ ਉੱਤੇ ਰਹੀ ਹੈ। ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਈ। ਨਾਲੇ ਹੁਣ ਵੀ ਮੈਂ “ਬੋਂਜ਼ੂ” ਕਹਿ ਕੇ ਸਾਰਿਆਂ ਦਾ ਨਮਸਕਾਰ ਕਰਦਾ ਹਾਂ! (g09 03)
[ਫੁਟਨੋਟ]
^ ਪੈਰਾ 4 ਉਸ ਸਮੇਂ ਬੇਨਿਨ ਨੂੰ ਡਹੋਮੇ ਨਾਂ ਤੋਂ ਜਾਣਿਆ ਜਾਂਦਾ ਸੀ ਅਤੇ ਇਹ ਫ਼੍ਰੈਂਚ ਵੈੱਸਟ ਅਫ਼ਰੀਕਾ ਦਾ ਹਿੱਸਾ ਸੀ।
[ਸਫ਼ਾ 27 ਉੱਤੇ ਸੁਰਖੀ]
ਉਸ ਨੇ ਮੁਸਕਰਾ ਕੇ ਕਿਹਾ: “ਤੁਸੀਂ ਫ਼ਿਕਰ ਨਾ ਕਰੋ। ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਣਾ”
[ਸਫ਼ਾ 28 ਉੱਤੇ ਸੁਰਖੀ]
ਅਸੀਂ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਲੈਣ ਦੀ ਹੱਲਾਸ਼ੇਰੀ ਕਦੀ ਨਹੀਂ ਦਿੱਤੀ
[ਸਫ਼ਾ 29 ਉੱਤੇ ਤਸਵੀਰ]
1970 ਵਿਚ ਜਦ ਮੈਂ ਸਫ਼ਰੀ ਨਿਗਾਹਬਾਨ ਸੀ
[ਸਫ਼ਾ 29 ਉੱਤੇ ਤਸਵੀਰ]
1976 ਵਿਚ ਆਪਣੇ ਪਹਿਲੇ ਦੋ ਮੁੰਡਿਆਂ ਨਾਲ, ਬੋਲਾ ਅਤੇ ਕੋਲਾ
[ਸਫ਼ਾ 29 ਉੱਤੇ ਤਸਵੀਰ]
ਅੱਜ ਮੇਰਾ ਪਰਿਵਾਰ—ਮੇਰੀ ਪਤਨੀ, ਮੇਰੇ ਪੰਜ ਬੱਚੇ, ਮੇਰੀ ਨੂੰਹ, ਮੇਰੇ ਪੋਤੇ-ਪੋਤੀਆਂ ਅਤੇ ਪੇਪੇ ਦਾ ਪਰਿਵਾਰ