Skip to content

Skip to table of contents

‘ਮੇਰੇ ਕੋਲ ਬਹੁਤ ਸਾਰਾ ਕੰਮ ਹੈ!’

‘ਮੇਰੇ ਕੋਲ ਬਹੁਤ ਸਾਰਾ ਕੰਮ ਹੈ!’

‘ਮੇਰੇ ਕੋਲ ਬਹੁਤ ਸਾਰਾ ਕੰਮ ਹੈ!’

ਪਹਿਲਵਾਨ ਹਰ ਰੋਜ਼ ਹੱਦੋਂ ਵੱਧ ਭਾਰ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਹਰ ਰੋਜ਼ ਕਸਰਤ ਕਰਦਾ ਹੈ ਅਤੇ ਪਹਿਲਾਂ-ਪਹਿਲਾਂ ਥੋੜ੍ਹਾ ਭਾਰ ਚੁੱਕਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਤਕੜਾ ਬਣਾ ਕੇ ਵੱਡਾ ਭਾਰ ਚੁੱਕਣ ਦੇ ਕਾਬਲ ਬਣਦਾ ਹੈ। ਜੇ ਉਹ ਹਰ ਵੇਲੇ ਆਪਣੇ ਸਰੀਰ ਉੱਤੇ ਜ਼ਿਆਦਾ ਜ਼ੋਰ ਪਾਵੇ, ਤਾਂ ਉਸ ਦੀਆਂ ਮਾਸ-ਪੇਸ਼ੀਆਂ ਜਾਂ ਜੋੜਾਂ ਦਾ ਨੁਕਸਾਨ ਹੋ ਸਕਦਾ ਹੈ। ਨੁਕਸਾਨ ਇੰਨਾ ਹੋ ਸਕਦਾ ਹੈ ਕਿ ਉਹ ਸ਼ਾਇਦ ਦੁਬਾਰਾ ਭਾਰ ਨਾ ਚੁੱਕ ਸਕੇ।

ਇਸੇ ਤਰ੍ਹਾਂ ਜੇ ਤੁਸੀਂ ਇਕ ਸਟੂਡੈਂਟ ਹੋ, ਤਾਂ ਤੁਸੀਂ ਸ਼ਾਇਦ ਆਪਣੀ ਪੜ੍ਹਾਈ ਵਿਚ ਬਹੁਤ ਮਿਹਨਤ ਕਰ ਰਹੇ ਹੋ। ਜਦ ਤੁਹਾਨੂੰ ਸਕੂਲੋਂ ਕੋਈ ਔਖਾ ਕੰਮ ਮਿਲਦਾ ਹੈ ਜਾਂ ਤੁਹਾਨੂੰ ਪੇਪਰ ਦੇਣ ਲਈ ਤਿਆਰੀ ਕਰਨੀ ਪੈਂਦੀ ਹੈ, ਤਾਂ ਤੁਸੀਂ ਜ਼ਿਆਦਾ ਮਿਹਨਤ ਕਰਨ ਲਈ ਤਿਆਰ ਹੋ ਜਾਂਦੇ ਹੋ। ਪਰ ਜੇ ਤੁਹਾਡਾ ਸਾਰਾ ਸਮਾਂ ਸਕੂਲ ਦੇ ਕੰਮ ਵਿਚ ਹੀ ਲੱਗ ਜਾਂਦਾ ਹੈ, ਤਾਂ ਤੁਹਾਡੇ ਖਾਣ-ਪੀਣ ਅਤੇ ਆਰਾਮ ਕਰਨ ਉੱਤੇ ਮਾੜਾ ਅਸਰ ਪੈ ਸਕਦਾ ਹੈ। ਰੋਜ਼ ਇਸ ਤਰ੍ਹਾਂ ਦੀ ਟੈਨਸ਼ਨ ਹੋਣ ਕਰਕੇ ਤੁਸੀਂ ਬੀਮਾਰ ਵੀ ਹੋ ਸਕਦੇ ਹੋ। ਸ਼ਾਇਦ ਤੁਹਾਡੇ ’ਤੇ ਇਸ ਤਰ੍ਹਾਂ ਦਾ ਦਬਾਅ ਪੈ ਰਿਹਾ ਹੈ। *

ਹੋਮਵਰਕ ਜੋ ਕਦੀ ਖ਼ਤਮ ਨਹੀਂ ਹੁੰਦਾ

ਜਪਾਨ ਤੋਂ 15 ਸਾਲਾਂ ਦੀ ਹੀਰੋਕੋ * ਕਹਿੰਦੀ ਹੈ: “ਜਿੱਦਾਂ-ਜਿੱਦਾਂ ਮੈਂ ਸਕੂਲ ਵਿਚ ਅੱਗੇ ਵਧਦੀ ਜਾ ਰਹੀ ਹਾਂ ਉੱਦਾਂ-ਉੱਦਾਂ ਮੇਰਾ ਹੋਮਵਰਕ ਵੀ ਵਧਦਾ ਅਤੇ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਨੂੰ ਪੂਰਾ ਕਰਨ ਲਈ ਬਹੁਤ ਸਮਾਂ ਲੱਗਦਾ ਹੈ। ਮੇਰੇ ਕੋਲ ਹੋਰ ਵੀ ਕਈ ਕੰਮ ਹੁੰਦੇ ਹਨ, ਪਰ ਮੈਨੂੰ ਅਗਲੇ ਦਿਨ ਹੋਮਵਰਕ ਪੂਰਾ ਕਰ ਕੇ ਦੇਣਾ ਪੈਂਦਾ ਹੈ। ਕਈ ਵਾਰ ਮੈਂ ਪਰੇਸ਼ਾਨ ਹੋ ਜਾਂਦੀ ਹਾਂ।” ਰੂਸ ਵਿਚ ਰਹਿਣ ਵਾਲੀ 14 ਸਾਲਾਂ ਦੀ ਸਵੇਤਲਾਨਾ ਹੋਮਵਰਕ ਬਾਰੇ ਕਹਿੰਦੀ ਹੈ: “ਸਕੂਲ ਦਾ ਕੰਮ ਪੂਰਾ ਕਰਨਾ ਜ਼ਿਆਦਾ ਔਖਾ ਹੋ ਗਿਆ ਹੈ। ਹਰ ਸਾਲ ਮੈਨੂੰ ਜ਼ਿਆਦਾ ਪੜ੍ਹਾਈ ਕਰਨੀ ਪੈਂਦੀ ਹੈ ਤੇ ਟੀਚਰ ਸਾਨੂੰ ਜ਼ਿਆਦਾ ਕੰਮ ਦਿੰਦੇ ਹਨ। ਇਸ ਤੋਂ ਇਲਾਵਾ ਹਰ ਟੀਚਰ ਆਪਣੀ ਕਲਾਸ ਨੂੰ ਦੂਜੀਆਂ ਕਲਾਸਾਂ ਤੋਂ ਜ਼ਿਆਦਾ ਜ਼ਰੂਰੀ ਸਮਝਦਾ ਹੈ। ਇਸ ਲਈ ਹਰ ਕਲਾਸ ਲਈ ਪੜ੍ਹਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ।”

ਟੀਚਰ ਬੱਚਿਆਂ ਨੂੰ ਇੰਨਾ ਹੋਮਵਰਕ ਕਿਉਂ ਦਿੰਦੇ ਹਨ? ਬ੍ਰਾਜ਼ੀਲ ਤੋਂ 18 ਸਾਲਾਂ ਦਾ ਜ਼ਿਲਬਰਟੋ ਕਹਿੰਦਾ ਹੈ: “ਟੀਚਰ ਕਹਿੰਦੇ ਹਨ ਕਿ ਉਹ ਸਾਨੂੰ ਨੌਕਰੀ ਲੱਭਣ ਲਈ ਤਿਆਰ ਕਰ ਰਹੇ ਹਨ ਕਿਉਂਕਿ ਸਾਨੂੰ ਨੌਕਰੀਆਂ ਲਈ ਮੁਕਾਬਲਾ ਕਰਨਾ ਪਵੇਗਾ।” ਭਾਵੇਂ ਇਹ ਸੱਚ ਹੈ, ਫਿਰ ਵੀ ਤੁਸੀਂ ਸ਼ਾਇਦ ਹੋਮਵਰਕ ਦੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰੋ। ਹੋਮਵਰਕ ਬਾਰੇ ਆਪਣਾ ਨਜ਼ਰੀਆ ਬਦਲ ਕੇ ਅਤੇ ਕੁਝ ਤਬਦੀਲੀਆਂ ਕਰ ਕੇ ਤੁਸੀਂ ਸ਼ਾਇਦ ਆਪਣੀ ਟੈਨਸ਼ਨ ਘਟਾ ਸਕੋ।

ਮੰਨ ਲਓ ਕਿ ਜ਼ਿਆਦਾ ਹੋਮਵਰਕ ਕਰਨ ਨਾਲ ਤੁਹਾਨੂੰ ਅਜਿਹੀ ਟ੍ਰੇਨਿੰਗ ਮਿਲ ਰਹੀ ਹੈ ਜੋ ਬਾਅਦ ਵਿਚ ਤੁਹਾਡੇ ਕੰਮ ਆਵੇਗੀ। ਭਾਵੇਂ ਤੁਹਾਨੂੰ ਲੱਗਦਾ ਹੈ ਕਿ ਸਕੂਲ ਦਾ ਕੰਮ ਕਦੀ ਖ਼ਤਮ ਨਹੀਂ ਹੋਵੇਗਾ, ਪਰ ਸਕੂਲ ਵਿਚ ਬਿਤਾਏ ਸਾਲ ਜਲਦੀ ਖ਼ਤਮ ਹੋ ਜਾਣਗੇ। ਜਦ ਤੁਸੀਂ ਆਪਣਾ ਗੁਜ਼ਾਰਾ ਕਰਨ ਲੱਗ ਪਵੋਗੇ, ਤਾਂ ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਵਿਚ ਇੰਨੀ ਮਿਹਨਤ ਕੀਤੀ ਸੀ। ਤੁਹਾਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ।—ਉਪਦੇਸ਼ਕ ਦੀ ਪੋਥੀ 2:24.

ਮਿਹਨਤੀ ਬਣ ਕੇ ਤੁਸੀਂ ਆਪਣੀ ਟੈਨਸ਼ਨ ਘਟਾ ਸਕਦੇ ਹੋ। ( “ਟੈਨਸ਼ਨ ਘਟਾਉਣ ਲਈ ਕੁਝ ਕਦਮ” ਨਾਂ ਦੀ ਡੱਬੀ ਦੇਖੋ।) ਜੇ ਤੁਸੀਂ ਹਮੇਸ਼ਾ ਸਮੇਂ ਸਿਰ ਅਤੇ ਧਿਆਨ ਨਾਲ ਆਪਣਾ ਹੋਮਵਰਕ ਕਰੋਗੇ, ਤਾਂ ਟੀਚਰ ਤੁਹਾਡੇ ’ਤੇ ਭਰੋਸਾ ਕਰਨਗੇ ਅਤੇ ਤੁਹਾਡੀ ਮਦਦ ਕਰਨਗੇ। ਫ਼ਰਜ਼ ਕਰੋ ਕਿ ਟੀਚਰਾਂ ਨਾਲ ਤੁਹਾਡਾ ਅਜਿਹਾ ਰਿਸ਼ਤਾ ਹੈ। ਜੇ ਤੁਸੀਂ ਕਿਸੇ ਕਾਰਨ ਆਪਣਾ ਕੰਮ ਸਮੇਂ ਸਿਰ ਪੂਰਾ ਨਹੀਂ ਕਰ ਸਕਦੇ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਹਾਲਾਤ ਸਮਝਣਗੇ? ਪਰਮੇਸ਼ੁਰ ਦਾ ਸੇਵਕ ਦਾਨੀਏਲ “ਵਫ਼ਾਦਾਰ ਸੀ ਅਤੇ ਉਹ ਦੇ ਵਿੱਚ ਕੋਈ ਔਗਣ ਯਾ ਖੋਟ ਨਾ ਲੱਭਾ।” ਰਾਜੇ ਨੇ ਦਾਨੀਏਲ ਦੀ ਮਿਹਨਤ ਕਰਕੇ ਉਸ ’ਤੇ ਇਤਬਾਰ ਕੀਤਾ ਤੇ ਉਸ ਦੀ ਤਾਰੀਫ਼ ਕੀਤੀ। (ਦਾਨੀਏਲ 6:4) ਜੇ ਤੁਸੀਂ ਆਪਣੇ ਸਕੂਲ ਦੇ ਕੰਮ ਵਿਚ ਦਾਨੀਏਲ ਵਰਗੇ ਗੁਣ ਪੈਦਾ ਕਰੋਗੇ, ਤਾਂ ਲੋੜ ਪੈਣ ਤੇ ਟੀਚਰ ਤੁਹਾਡੇ ’ਤੇ ਵੀ ਇਤਬਾਰ ਕਰਨਗੇ ਅਤੇ ਤੁਹਾਡੀ ਮਦਦ ਕਰਨ ਲਈ ਤਿਆਰ ਹੋਣਗੇ।

ਕੀ ਕਲਾਸ ਵਿਚ ਧਿਆਨ ਦੇਣ, ਹੋਮਵਰਕ ਕਰਨ ਅਤੇ ਸਮੇਂ ਸਿਰ ਆਪਣੇ ਪ੍ਰਾਜੈਕਟ ਕਰਨ ਨਾਲ ਤੁਹਾਡੀ ਸਾਰੀ ਟੈਨਸ਼ਨ ਦੂਰ ਹੋ ਜਾਵੇਗੀ? ਨਹੀਂ, ਕੁਝ ਟੈਨਸ਼ਨ ਇਸ ਕਰਕੇ ਹੁੰਦੀ ਹੈ ਕਿਉਂਕਿ ਤੁਸੀਂ ਖ਼ੁਦ ਪੜ੍ਹਾਈ ਵਿਚ ਤਰੱਕੀ ਕਰਨੀ ਚਾਹੁੰਦੇ ਹੋ। ਸਕੂਲ ਦਾ ਕੰਮ ਨਾ ਕਰਨ ਦੇ ਬਹਾਨੇ ਲੱਭਣ ਦੀ ਬਜਾਇ ਤੁਸੀਂ ਸ਼ਾਇਦ ਆਪਣੀਆਂ ਕਲਾਸਾਂ ਤੋਂ ਕੁਝ ਸਿੱਖੋ ਅਤੇ ਲਾਭ ਉਠਾਓ।

ਇਸ ਤਰ੍ਹਾਂ ਮਿਹਨਤ ਕਰਨ ਨਾਲ ਤੁਹਾਡੇ ਉੱਤੇ ਥੋੜ੍ਹੀ-ਬਹੁਤੀ ਟੈਨਸ਼ਨ ਤਾਂ ਹੋਵੇਗੀ, ਪਰ ਇਸ ਵਿਚ ਕੋਈ ਹਰਜ਼ ਨਹੀਂ ਹੈ। ਪਰ ਅਜਿਹੀ ਟੈਨਸ਼ਨ ਵੀ ਹੈ ਜਿਸ ਤੋਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ।

ਸਕੂਲ ਤੋਂ ਬਾਅਦ ਹੋਰਨਾਂ ਕੰਮਾਂ ਕਰਕੇ ਟੈਨਸ਼ਨ

ਕਲਪਨਾ ਕਰੋ ਕਿ ਕੋਈ ਆਪਣੀ ਗੱਡੀ ਹਮੇਸ਼ਾ ਤੇਜ਼ੀ ਨਾਲ ਚਲਾਉਂਦਾ ਹੈ ਅਤੇ ਗੱਡੀ ਰੋਕਣ ਲਈ ਜ਼ੋਰ ਨਾਲ ਬ੍ਰੇਕ ਲਾਉਂਦਾ ਹੈ। ਫਿਰ ਉਹ ਪੈਰ ਦੱਬ ਕੇ ਗੱਡੀ ਨੂੰ ਫਿਰ ਤੋਂ ਭਜਾਉਂਦਾ ਹੈ। ਅਜਿਹਾ ਡ੍ਰਾਈਵਰ ਆਪਣੀ ਗੱਡੀ ਦਾ ਕੀ ਹਾਲ ਕਰੇਗਾ? ਉਹ ਸ਼ਾਇਦ ਗੱਡੀ ਦਾ ਨੁਕਸਾਨ ਕਰੇ, ਖ਼ਾਸ ਕਰਕੇ ਇੰਜਣ ਦਾ। ਪਰ ਇਸ ਤੋਂ ਵੀ ਪਹਿਲਾਂ ਸ਼ਾਇਦ ਉਸ ਦੀ ਗੱਡੀ ਦਾ ਹਾਦਸਾ ਹੋ ਜਾਵੇ।

ਇਸੇ ਤਰ੍ਹਾਂ ਕਈ ਨੌਜਵਾਨ ਪੜ੍ਹਾਈ ਵਿਚ ਰੁੱਝੇ ਰਹਿੰਦੇ ਹਨ ਅਤੇ ਸਕੂਲ ਤੋਂ ਪਹਿਲਾਂ ਤੇ ਸਕੂਲ ਤੋਂ ਬਾਅਦ ਹੱਡ-ਤੋੜ ਮਿਹਨਤ ਕਰਦੇ ਹਨ। ਡਨੀਜ਼ ਪੋਪ ਨੇ ਆਪਣੀ ਕਿਤਾਬ ਵਿਚ ਉਨ੍ਹਾਂ ਕੁਝ ਸਟੂਡੈਂਟਾਂ ਬਾਰੇ ਲਿਖਿਆ ਜਿਨ੍ਹਾਂ ਨੂੰ ਉਹ ਮਿਲੀ ਸੀ: “ਤੜਕੇ ਹੀ ਉਨ੍ਹਾਂ ਦਾ ਦਿਨ ਸ਼ੁਰੂ ਹੁੰਦਾ ਹੈ, ਆਮ ਕਰਕੇ ਲੋਕਾਂ ਦੇ ਕੰਮ ਜਾਣ ਤੋਂ ਘੰਟਾ, ਦੋ ਘੰਟੇ ਪਹਿਲਾਂ। ਫਿਰ ਸਕੂਲ ਤੋਂ ਬਾਅਦ ਫੁਟਬਾਲ ਖੇਡਣ, ਨਾਚ ਸਿੱਖਣ, ਸਟੂਡੈਂਟ ਕਮੇਟੀ ਦੀਆਂ ਮੀਟਿੰਗਾਂ ਵਿਚ ਜਾਣ, ਪਾਰਟ-ਟਾਈਮ ਕੰਮ ਕਰਨ ਅਤੇ ਹੋਮਵਰਕ ਕਰਨ ਤੋਂ ਬਾਅਦ ਹੀ ਉਨ੍ਹਾਂ ਦਾ ਦਿਨ ਖ਼ਤਮ ਹੁੰਦਾ ਹੈ।”

ਜਦ ਵਿਦਿਆਰਥੀ ਦਿਨ-ਬ-ਦਿਨ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਬਹੁਤ ਸਾਰਾ ਟੈਨਸ਼ਨ ਹੋਣ ਕਰਕੇ ਉਨ੍ਹਾਂ ਦੀ ਸਿਹਤ ਉੱਤੇ ਅਸਰ ਪੈ ਸਕਦਾ ਹੈ ਜਿਵੇਂ ਕਿ ਪੇਟ ਵਿਚ ਦਰਦ ਅਤੇ ਸਿਰਦਰਦ। ਹਮੇਸ਼ਾ ਥਕੇਵਾਂ ਰਹਿਣ ਕਰਕੇ ਹੋ ਸਕਦਾ ਹੈ ਕਿ ਉਨ੍ਹਾਂ ਦਾ ਸਰੀਰ ਬੀਮਾਰੀਆਂ ਨਾਲ ਲੜਨ ਦੇ ਕਾਬਲ ਨਾ ਰਹੇ ਤੇ ਉਹ ਬੀਮਾਰ ਹੋ ਜਾਣ। ਫਿਰ ਕਮਜ਼ੋਰ ਹੋਣ ਕਰਕੇ ਉਹ ਉੱਨਾ ਨਹੀਂ ਕਰ ਸਕਦੇ ਜਿੰਨਾ ਉਹ ਪਹਿਲਾਂ ਕਰਦੇ ਸਨ ਅਤੇ ਸ਼ਾਇਦ ਠੀਕ ਹੋਣ ਲਈ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗੇ। ਕੀ ਤੁਹਾਡੇ ਨਾਲ ਅਜਿਹਾ ਕੁਝ ਹੋਇਆ ਹੈ?

ਆਪਣੀ ਮੰਜ਼ਲ ਤਕ ਪਹੁੰਚਣ ਲਈ ਮਿਹਨਤ ਕਰਨੀ ਠੀਕ ਹੈ। ਪਰ ਤੁਸੀਂ ਜਿੰਨੇ ਮਰਜ਼ੀ ਤਕੜੇ ਹੋਵੋ, ਫਿਰ ਵੀ ਤੁਸੀਂ ਇਕ ਦਿਨ ਵਿਚ ਸਭ ਕੁਝ ਨਹੀਂ ਕਰ ਸਕਦੇ। ਬਾਈਬਲ ਸਾਨੂੰ ਸਮਝਦਾਰੀ ਤੋਂ ਕੰਮ ਲੈਣ ਦੀ ਸਲਾਹ ਦਿੰਦੀ ਹੈ। ਇਕ ਸਮਝਦਾਰ ਵਿਅਕਤੀ ਅਜਿਹੇ ਫ਼ੈਸਲੇ ਨਹੀਂ ਕਰੇਗਾ ਜੋ ਉਸ ਨੂੰ ਜਾਂ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ। ਉਹ ਅਕਲਮੰਦੀ ਨਾਲ ਚੱਲੇਗਾ ਜੋ ਅੱਜ ਦੀ ਦੁਨੀਆਂ ਵਿਚ ਬਹੁਤ ਜ਼ਰੂਰੀ ਹੈ। ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਸਮਝਦਾਰੀ ਵਰਤੋ। ਉਹ ਕੰਮ ਨਾ ਕਰੋ ਜੋ ਤੁਹਾਡੇ ਲਈ ਜ਼ਰੂਰੀ ਨਹੀਂ ਹਨ।

ਧਨ-ਦੌਲਤ ਦਾ ਪਿੱਛਾ ਕਰਨਾ

ਕਈ ਨੌਜਵਾਨ ਸੋਚਦੇ ਹਨ ਕਿ ਉਨ੍ਹਾਂ ਦੇ ਸਾਰੇ ਕੰਮ ਜ਼ਰੂਰੀ ਹਨ ਅਤੇ ਜੇ ਉਹ ਉਨ੍ਹਾਂ ਨੂੰ ਨਾ ਕਰਨ, ਤਾਂ ਉਹ ਆਪਣੀ ਮੰਜ਼ਲ ਤਕ ਨਹੀਂ ਪਹੁੰਚ ਸਕਣਗੇ। ਉਹ ਮੰਨਦੇ ਹਨ ਕਿ ਉਹ ਤਦ ਹੀ ਸਫ਼ਲਤਾ ਪਾ ਸਕਣਗੇ ਜੇ ਉਨ੍ਹਾਂ ਨੂੰ ਅਜਿਹੀ ਨੌਕਰੀ ਮਿਲੇ ਜਿਸ ਤੋਂ ਉਹ ਬਹੁਤ ਸਾਰਾ ਪੈਸਾ ਕਮਾ ਸਕਣਗੇ। ਡਨੀਜ਼ ਪੋਪ ਨੇ ਦੇਖਿਆ ਕਿ ਕਈ ਨੌਜਵਾਨ ਇਸੇ ਤਰ੍ਹਾਂ ਸੋਚਦੇ ਸਨ। ਉਸ ਨੇ ਕਿਹਾ: “ਇਹ ਸਟੂਡੈਂਟ ਚਾਹੁੰਦੇ ਸਨ ਕਿ ਉਹ ਜ਼ਿਆਦਾ ਆਰਾਮ ਕਰ ਸਕਣ ਅਤੇ ਜ਼ਿਆਦਾ ਤੰਦਰੁਸਤ ਹੋਣ, ਪਰ ਸਕੂਲ, ਘਰ ਜਾਂ ਨੌਕਰੀ ਵਿਚ ਉਨ੍ਹਾਂ ਦੀ ਰੁਟੀਨ ਕਰਕੇ ਉਹ ਹਮੇਸ਼ਾ ਬਿਜ਼ੀ ਰਹਿੰਦੇ ਸਨ। ਉਹ ਇਹ ਵੀ ਚਾਹੁੰਦੇ ਸਨ ਕਿ ਉਹ ਦੋਸਤਾਂ ਨਾਲ ਹੋਰ ਸਮਾਂ ਗੁਜ਼ਾਰਨ, ਕੁਝ ਮਜ਼ਾ ਕਰਨ ਜਾਂ ਕੁਝ ਦਿਨਾਂ ਦੀ ਛੁੱਟੀ ਲੈਣ, ਪਰ ਕਈਆਂ ਦਾ ਕਹਿਣਾ ਸੀ ਕਿ ਜੇ ਉਹ ਚੰਗੇ ਨੰਬਰ ਲੈਣਾ ਚਾਹੁੰਦੇ ਸਨ, ਤਾਂ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਆਉਣ ਵਾਲੀ ਸਫ਼ਲਤਾ ਦੀ ਖ਼ਾਤਰ ਉਹ ਅੱਜ ਦੀ ਖ਼ੁਸ਼ੀ ਕੁਰਬਾਨ ਕਰਨ ਲਈ ਤਿਆਰ ਸਨ।”

ਸਖ਼ਤ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਿਸੂ ਮਸੀਹ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨੇ ਕਿਹਾ: “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?” (ਮੱਤੀ 16:26) ਯਿਸੂ ਦਾ ਇਹ ਕਹਿਣ ਦਾ ਮਤਲਬ ਸੀ ਕਿ ਇਸ ਦੁਨੀਆਂ ਵਿਚ ਧਨ-ਦੌਲਤ ਕਮਾਉਣ ਦਾ ਕੀ ਫ਼ਾਇਦਾ ਜੇ ਤੁਹਾਡੀ ਸਿਹਤ ਦਾ ਨੁਕਸਾਨ ਹੋਵੇ ਜਾਂ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਟੁੱਟ ਜਾਵੇ।

ਮੈਡਲਿਨ ਲਵਾਈਨ ਇਕ ਮਨੋਵਿਗਿਆਨੀ ਹੈ ਜਿਸ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ “ਪੈਸਾ, ਪੜ੍ਹਾਈ, ਇੱਜ਼ਤ, ਸ਼ੁਹਰਤ ਅਤੇ ਚੀਜ਼ਾਂ ਤੁਹਾਨੂੰ ਖ਼ੁਸ਼ ਨਹੀਂ ਕਰ ਸਕਦੀਆਂ ਜਾਂ ਤੁਹਾਨੂੰ ਬੀਮਾਰ ਹੋਣ ਤੋਂ ਨਹੀਂ ਰੋਕ ਸਕਦੀਆਂ।” ਡਨੀਜ਼ ਪੋਪ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਕਈ ਮਾਪੇ ਅਤੇ ਬੱਚੇ ਦੇਖੇ ਹਨ ਜੋ ਸਭ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ ਕਿ ਉਹ ਸਭ ਤੋਂ ਬਿਹਤਰ ਬਣ ਕੇ ਸਫ਼ਲ ਹੋਣਗੇ।” ਉਸ ਨੇ ਅੱਗੇ ਕਿਹਾ: “ਸਾਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਪੈਸਾ ਸਭ ਕੁਝ ਨਹੀਂ ਹੈ।”

ਕੁਝ ਚੀਜ਼ਾਂ ਪੈਸਿਆਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹਨ ਜਿਵੇਂ ਕਿ ਤੰਦਰੁਸਤੀ, ਸਾਫ਼ ਜ਼ਮੀਰ ਅਤੇ ਪਰਮੇਸ਼ੁਰ ਨਾਲ ਦੋਸਤੀ। ਇਹ ਪਰਮੇਸ਼ੁਰ ਵੱਲੋਂ ਅਨਮੋਲ ਦਾਤ ਹਨ। ਜੇ ਤੁਸੀਂ ਇਨ੍ਹਾਂ ਨੂੰ ਵੱਡਾ ਨਾਮ ਜਾਂ ਪੈਸਾ ਕਮਾਉਣ ਦੇ ਚੱਕਰ ਵਿਚ ਗੁਆ ਬੈਠੋ, ਤਾਂ ਇਹ ਸ਼ਾਇਦ ਫਿਰ ਤੁਹਾਡੇ ਹੱਥ ਨਾ ਆਉਣ। ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ ਧਿਆਨ ਦਿਓ ਕਿ ਯਿਸੂ ਨੇ ਕੀ ਸਿਖਾਇਆ ਸੀ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28.

ਕਈ ਨੌਜਵਾਨਾਂ ਨੇ ਯਿਸੂ ਦੀ ਇਹ ਗੱਲ ਮੰਨੀ ਹੈ। ਭਾਵੇਂ ਉਹ ਸਕੂਲ ਵਿਚ ਮਿਹਨਤ ਕਰਦੇ ਹਨ, ਪਰ ਉਨ੍ਹਾਂ ਨੂੰ ਪਤਾ ਹੈ ਕਿ ਬਹੁਤ ਸਾਰੀ ਪੜ੍ਹਾਈ ਅਤੇ ਦੌਲਤ ਹਾਸਲ ਕਰਨ ਨਾਲ ਸੱਚੀ ਖ਼ੁਸ਼ੀ ਨਹੀਂ ਮਿਲਦੀ। ਉਹ ਜਾਣਦੇ ਹਨ ਕਿ ਇਨ੍ਹਾਂ ਚੀਜ਼ਾਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਟੈਨਸ਼ਨ ਵਧੇਗੀ। ਇਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਪਤਾ ਹੈ ਕਿ ਪਰਮੇਸ਼ੁਰ ਦੇ ਬਚਨ ਤੋਂ ਗਿਆਨ ਲੈਣਾ ਖ਼ੁਸ਼ ਹੋਣ ਲਈ ਜ਼ਰੂਰੀ ਹੈ। ਇਸ ਰਸਾਲੇ ਦੇ ਪ੍ਰਕਾਸ਼ਕ ਜਾਂ ਤੁਹਾਡੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਖ਼ੁਸ਼ੀ ਨਾਲ ਤੁਹਾਨੂੰ ਪਰਮੇਸ਼ੁਰ ਬਾਰੇ ਸਿਖਾਉਣਗੇ। (g09 04)

[ਫੁਟਨੋਟ]

^ ਪੈਰਾ 3 ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ ਅਪ੍ਰੈਲ-ਜੂਨ 2004 ਦੇ ਜਾਗਰੂਕ ਬਣੋ! ਰਸਾਲੇ ਵਿਚ ਸਫ਼ੇ 21-23 ਉੱਤੇ “ਨੌਜਵਾਨ ਪੁੱਛਦੇ ਹਨ . . . ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ?” ਨਾਂ ਦਾ ਲੇਖ ਦੇਖੋ।

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 6 ਉੱਤੇ ਸੁਰਖੀ]

ਤੁਸੀਂ ਜਿੰਨੇ ਮਰਜ਼ੀ ਤਕੜੇ ਹੋਵੋ, ਫਿਰ ਵੀ ਤੁਸੀਂ ਇਕ ਦਿਨ ਵਿਚ ਸਭ ਕੁਝ ਨਹੀਂ ਕਰ ਸਕਦੇ

[ਸਫ਼ਾ 8 ਉੱਤੇ ਸੁਰਖੀ]

ਪਰਮੇਸ਼ੁਰ ਬਾਰੇ ਗਿਆਨ ਲੈਣਾ ਸਭ ਤੋਂ ਵਧੀਆ ਸਿੱਖਿਆ ਹੈ

[ਸਫ਼ਾ 5 ਉੱਤੇ ਡੱਬੀ/ਤਸਵੀਰ]

 ਟੈਂਸ਼ਨ ਘਟਾਉਣ ਲਈ ਕੁਝ ਕਦਮ

❑ ਕੀ ਤੁਸੀਂ ਆਪਣੇ ਕਾਗਜ਼ ਤੇ ਕਿਤਾਬਾਂ ਵਿਚ ਲਿਖੇ ਨੋਟ ਲੱਭਦੇ-ਲੱਭਦੇ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੇ ਹੋ? ਕੀ ਤੁਹਾਨੂੰ ਆਪਣੀਆਂ ਚੀਜ਼ਾਂ ਸਾਂਭ ਕੇ ਰੱਖਣ ਵਿਚ ਮਦਦ ਦੀ ਲੋੜ ਹੈ? ਮਦਦ ਮੰਗਣ ਵਿਚ ਨਾ ਸ਼ਰਮਾਓ।

❑ ਕੀ ਤੁਸੀਂ ਢਿੱਲ-ਮੱਠ ਕਰਦੇ ਹੋ? ਕਿਉਂ ਨਾ ਆਪਣਾ ਸਕੂਲ ਦਾ ਕੰਮ ਪਹਿਲਾਂ ਹੀ ਕਰ ਕੇ ਰੱਖ ਲਓ? ਇਸ ਤਰ੍ਹਾਂ ਕਰਨ ਨਾਲ ਤੁਸੀਂ ਖ਼ੁਸ਼ ਵੀ ਹੋਵੋਗੇ ਤੇ ਤੁਹਾਡੀ ਟੈਨਸ਼ਨ ਵੀ ਘਟੇਗੀ। ਫਿਰ ਸ਼ਾਇਦ ਤੁਸੀਂ ਢਿੱਲ-ਮੱਠ ਕਰਨ ਦੀ ਬਜਾਇ ਹਮੇਸ਼ਾ ਆਪਣਾ ਸਕੂਲ ਦਾ ਕੰਮ ਵੇਲੇ ਸਿਰ ਕਰਨਾ ਚਾਹੋ।

❑ ਕੀ ਕਲਾਸ ਵਿਚ ਤੁਹਾਡਾ ਧਿਆਨ ਕਿਤੇ ਹੋਰ ਹੁੰਦਾ ਹੈ? ਇਕ ਮਹੀਨੇ ਲਈ ਇਸ ਤਰ੍ਹਾਂ ਕਰ ਕੇ ਦੇਖੋ: ਕਲਾਸ ਵਿਚ ਟੀਚਰ ਦੀ ਗੱਲਬਾਤ ਵੱਲ ਪੂਰਾ ਧਿਆਨ ਦਿਓ ਅਤੇ ਇਸ ਨੂੰ ਯਾਦ ਰੱਖਣ ਲਈ ਨੋਟ ਲਿਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸ਼ਾਇਦ ਹੈਰਾਨ ਹੋਵੋ ਕਿ ਤੁਹਾਡੇ ਲਈ ਹੋਮਵਰਕ ਕਰਨਾ ਕਿੰਨਾ ਸੌਖਾ ਹੈ। ਨਤੀਜੇ ਵਜੋਂ ਸਕੂਲ ਵਿਚ ਤੁਹਾਡੀ ਟੈਨਸ਼ਨ ਘਟੇਗੀ।

❑ ਕੀ ਤੁਸੀਂ ਵਾਧੂ ਪੜ੍ਹਾਈ ਕਰਨ ਲਈ ਹੋਰ ਕਲਾਸਾਂ ਕਰਦੇ ਹੋ ਜਿਸ ਕਾਰਨ ਤੁਹਾਡਾ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ? ਕੀ ਇਹ ਕਲਾਸਾਂ ਤੁਹਾਡੇ ਲਈ ਜ਼ਰੂਰੀ ਹਨ? ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ। ਤੁਸੀਂ ਸ਼ਾਇਦ ਕਿਸੇ ਹੋਰ ਨਾਲ ਵੀ ਗੱਲ ਕਰ ਸਕੋ ਜੋ ਤੁਹਾਨੂੰ ਪੜ੍ਹਾਈ ਬਾਰੇ ਚੰਗੀ ਰਾਇ ਦੇ ਸਕਦਾ ਹੈ। ਹੋ ਸਕਦਾ ਹੈ ਕਿ ਇਹ ਵਾਧੂ ਦੀਆਂ ਕਲਾਸਾਂ ਤਰੱਕੀ ਕਰਨ ਵਿਚ ਤੁਹਾਡੀ ਬਹੁਤੀ ਮਦਦ ਨਾ ਕਰਨ।

[ਸਫ਼ਾ 6 ਉੱਤੇ ਡੱਬੀ]

ਲੋਕਾਂ ਦਾ ਭੁਲੇਖਾ

“ਅਮੀਰ ਆਦਮੀ ਆਪਣੀ ਸੰਪਤੀ ਨੂੰ ਹੀ ਆਪਣਾ ਕਿਲਾ ਸਮਝਦਾ ਹੈ, ਉਹ ਉਸ ਨੂੰ ਆਪਣੇ ਚਾਰੇ ਪਾਸੇ ਉਚੀ ਦੀਵਾਰ ਸਮਝਦਾ ਹੈ।” (ਕਹਾਉਤਾਂ 18:11, CL) ਪੁਰਾਣੇ ਜ਼ਮਾਨੇ ਵਿਚ ਲੋਕ ਅਜਿਹੇ ਸ਼ਹਿਰਾਂ ਵਿਚ ਰਹਿੰਦੇ ਸਨ ਜਿਨ੍ਹਾਂ ਦੇ ਆਲੇ-ਦੁਆਲੇ ਉਨ੍ਹਾਂ ਦੀ ਸੁਰੱਖਿਆ ਲਈ ਉੱਚੀ ਕੰਧ ਹੁੰਦੀ ਸੀ। ਪਰ ਫ਼ਰਜ਼ ਕਰੋ ਕਿ ਤੁਸੀਂ ਅਜਿਹੇ ਸ਼ਹਿਰ ਵਿਚ ਰਹਿੰਦੇ ਹੋ ਜਿਸ ਦੇ ਆਲੇ-ਦੁਆਲੇ ਕੋਈ ਕੰਧ ਨਹੀਂ, ਪਰ ਤੁਹਾਨੂੰ ਲੱਗਦਾ ਹੈ ਕਿ ਕੰਧ ਹੈ। ਤੁਸੀਂ ਜੋ ਮਰਜ਼ੀ ਸਮਝੋ ਉਸ ਕੰਧ ਨੇ ਦੁਸ਼ਮਣਾਂ ਦੇ ਹਮਲਿਆਂ ਤੋਂ ਤੁਹਾਡਾ ਕੋਈ ਬਚਾਅ ਨਹੀਂ ਕਰਨਾ।

ਭਾਵੇਂ ਕਈ ਅਮੀਰ ਲੋਕਾਂ ਨੂੰ ਲੱਗਦਾ ਹੈ ਕਿ ਉਹ ਸੁਰੱਖਿਅਤ ਜਗ੍ਹਾ ਵਿਚ ਰਹਿ ਰਹੇ ਹਨ, ਪਰ ਇਹ ਸਿਰਫ਼ ਉਨ੍ਹਾਂ ਦੇ ਮਨ ਦੀ ਕਲਪਨਾ ਹੈ। ਇਸੇ ਤਰ੍ਹਾਂ ਜੇ ਨੌਜਵਾਨ ਧਨ-ਦੌਲਤ ਦਾ ਪਿੱਛਾ ਕਰਨਗੇ, ਤਾਂ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ ਕਿ ਉਹ ਮੁਸੀਬਤਾਂ ਤੋਂ ਬਚਣਗੇ। ਜੇ ਤੁਸੀਂ ਮਾਂ-ਬਾਪ ਹੋ, ਤਾਂ ਤੁਹਾਨੂੰ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਮਾਇਆ ਦੇ ਜਾਲ ਵਿਚ ਨਾ ਫਸਣ। ਨਹੀਂ ਤਾਂ ਤੁਹਾਡੇ ਬੱਚਿਆਂ ਨੂੰ ਭੁਲੇਖਾ ਲੱਗੇਗਾ ਕਿ ਪੈਸਾ ਇਕ ਉੱਚੀ ਦੀਵਾਰ ਵਾਂਗ ਉਨ੍ਹਾਂ ਦੀ ਸੁਰੱਖਿਆ ਕਰੇਗਾ।

ਤੁਸੀਂ ਹੇਠਾਂ ਦਿੱਤੀਆਂ ਬਾਈਬਲ ਦੀਆਂ ਆਇਤਾਂ ਵਰਤ ਕੇ ਆਪਣੇ ਧੀ-ਪੁੱਤ ਦੀ ਮਦਦ ਕਰ ਸਕਦੇ ਹੋ:

▪ ਬਹੁਤ ਸਾਰਾ ਪੈਸਾ ਹੋਣ ਨਾਲ ਕੁਝ ਮੁਸੀਬਤਾਂ ਘੱਟਦੀਆਂ ਹਨ, ਪਰ ਜ਼ਿਆਦਾ ਆਉਂਦੀਆਂ ਹਨ। “ਅਮੀਰ ਆਦਮੀ ਆਪਣੇ ਧੰਨ ਦਾ ਫਿਕਰ ਕਰਦਾ ਰਹਿੰਦਾ ਹੈ ਅਤੇ ਉਹ ਸੌਂ ਵੀ ਨਹੀਂ ਸਕਦਾ।”ਉਪਦੇਸ਼ਕ 5:12, ERV; 1 ਤਿਮੋਥਿਉਸ 6:9, 10.

▪ ਜੇ ਅਸੀਂ ਸੋਚ-ਸਮਝ ਕੇ ਪੈਸਾ ਖ਼ਰਚਾਂਗੇ, ਤਾਂ ਅਸੀਂ ਖ਼ੁਸ਼ ਹੋਵਾਂਗੇ। “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”ਕਹਾਉਤਾਂ 21:5, CL; ਲੂਕਾ 14:28.

▪ ਗੁਜ਼ਾਰੇ ਜੋਗੇ ਪੈਸੇ ਕਮਾਉਣ ਨਾਲ ਅਸੀਂ ਖ਼ੁਸ਼ ਹੋ ਸਕਦੇ ਹਾਂ। “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ।”ਕਹਾਉਤਾਂ 30:8.

[ਸਫ਼ਾ 7 ਉੱਤੇ ਤਸਵੀਰਾਂ]

ਜ਼ਿਆਦਾ ਕਰਨ ਦਾ ਕੋਈ ਫ਼ਾਇਦਾ ਨਹੀਂ

[ਸਫ਼ਾ 7 ਉੱਤੇ ਤਸਵੀਰ]

ਹੋਮਵਰਕ ਨੂੰ ਮੁਸੀਬਤ ਨਹੀਂ, ਪਰ ਅਜਿਹੀ ਟ੍ਰੇਨਿੰਗ ਸਮਝੋ ਜੋ ਬਾਅਦ ਵਿਚ ਤੁਹਾਡੇ ਕੰਮ ਆਵੇਗੀ