ਮੈਂ ਬਾਈਬਲ ਰੀਡਿੰਗ ਦਾ ਆਨੰਦ ਮਾਣਨ ਲਈ ਕੀ ਕਰ ਸਕਦਾ ਹਾਂ?
ਨੌਜਵਾਨ ਪੁੱਛਦੇ ਹਨ
ਮੈਂ ਬਾਈਬਲ ਰੀਡਿੰਗ ਦਾ ਆਨੰਦ ਮਾਣਨ ਲਈ ਕੀ ਕਰ ਸਕਦਾ ਹਾਂ?
ਤੁਸੀਂ ਕਦੋਂ ਬਾਈਬਲ ਪੜ੍ਹਦੇ ਹੋ? (ਇਕ ’ਤੇ ਨਿਸ਼ਾਨ ਲਾਓ)
□ ਹਰ ਰੋਜ਼
□ ਹਰ ਹਫ਼ਤੇ
□ ਹੋਰ......
ਹੇਠਲੇ ਵਾਕ ਨੂੰ ਪੂਰਾ ਕਰੋ।
ਮੈਂ ਬਾਈਬਲ ਰੀਡਿੰਗ ਦਾ ਇਸ ਲਈ ਆਨੰਦ ਨਹੀਂ ਮਾਣਦਾ ਕਿਉਂਕਿ . . . (ਉਨ੍ਹਾਂ ਗੱਲਾਂ ’ਤੇ ਨਿਸ਼ਾਨ ਲਾਓ ਜੋ ਤੁਹਾਡੇ ’ਤੇ ਲਾਗੂ ਹੁੰਦੀਆਂ ਹਨ)
□ ਮੈਂ ਬੋਰ ਹੋ ਜਾਂਦਾ ਹਾਂ
□ ਮੈਨੂੰ ਸਮਝ ਨਹੀਂ ਲੱਗਦੀ
□ ਮੇਰਾ ਧਿਆਨ ਹੋਰ ਕਿਤੇ ਹੁੰਦਾ ਹੈ
□ ਹੋਰ......
ਕੀ ਤੁਸੀਂ ਬਾਈਬਲ ਰੀਡਿੰਗ ਕਰਨ ਤੋਂ ਹਿਚਕਿਚਾਉਂਦੇ ਹੋ? ਜੇ ਹਾਂ, ਤਾਂ ਤੁਸੀਂ ਸ਼ਾਇਦ 18 ਸਾਲਾਂ ਦੇ ਵਿਲ ਨਾਲ ਸਹਿਮਤ ਹੋਵੋਗੇ ਜਿਸ ਨੇ ਕਿਹਾ: “ਬਾਈਬਲ ਬੋਰਿੰਗ ਲੱਗ ਸਕਦੀ ਹੈ।” ਪਰ ਉਸ ਨੇ ਅੱਗੇ ਕਿਹਾ: “ਇਹ ਬੋਰਿੰਗ ਸਿਰਫ਼ ਉਦੋਂ ਹੀ ਲੱਗਦੀ ਹੈ ਜਦੋਂ ਤੁਹਾਨੂੰ ਪਤਾ ਨਹੀਂ ਕਿ ਬਾਈਬਲ ਕਿੱਦਾਂ ਪੜ੍ਹੀ ਜਾਣੀ ਚਾਹੀਦੀ ਹੈ।”
ਬਾਈਬਲ ਪੜ੍ਹਨ ਦਾ ਕੀ ਲਾਭ ਹੈ? ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ
▪ ਚੰਗੇ ਫ਼ੈਸਲੇ ਕਿਵੇਂ ਕਰ ਸਕਦੇ ਹੋ?
▪ ਸੱਚੇ ਦੋਸਤ ਕਿਵੇਂ ਬਣਾ ਸਕਦੇ ਹੋ?
▪ ਆਪਣੀ ਟੈਨਸ਼ਨ ਕਿੱਦਾਂ ਘਟਾ ਸਕਦੇ ਹੋ?
ਇਨ੍ਹਾਂ ਅਤੇ ਹੋਰਨਾਂ ਵਿਸ਼ਿਆਂ ਉੱਤੇ ਬਾਈਬਲ ਵਿਚ ਵਧੀਆ ਸਲਾਹ ਪਾਈ ਜਾਂਦੀ ਹੈ। ਇਹ ਸੱਚ ਹੈ ਕਿ ਬਾਈਬਲ ਪੜ੍ਹਨੀ ਸੌਖੀ ਨਹੀਂ ਹੈ। ਫ਼ਰਜ਼ ਕਰੋ ਕਿ ਤੁਸੀਂ ਦੱਬਿਆ ਹੋਇਆ ਧਨ ਲੱਭ ਰਹੇ ਹੋ। ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਤੁਹਾਨੂੰ ਉੱਨੀ ਹੀ ਖ਼ੁਸ਼ੀ ਮਿਲੇਗੀ ਜਦ ਤੁਹਾਨੂੰ ਧਨ ਲੱਭੇਗਾ। ਇਸੇ ਤਰ੍ਹਾਂ ਬਾਈਬਲ ਪੜ੍ਹਨ ਤੋਂ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ।—ਕਹਾਉਤਾਂ 2:1-6.
ਤੁਸੀਂ ਬਾਈਬਲ ਵਿੱਚੋਂ ਧਨ ਕਿੱਦਾਂ ਲੱਭ ਸਕਦੇ ਹੋ? ਸੱਜੇ ਪਾਸੇ ਦੀ ਡੱਬੀ ਵਿਚ ਬਾਈਬਲ ਪੜ੍ਹਨ ਲਈ ਕੁਝ ਸੁਝਾਅ ਦਿੱਤੇ ਗਏ ਹਨ ਅਤੇ ਅਗਲੇ ਸਫ਼ੇ ’ਤੇ ਦੱਸਿਆ ਗਿਆ ਹੈ ਕਿ ਬਾਈਬਲ ਪੜ੍ਹਨੀ ਕਿੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਡੱਬੀ ਤੁਸੀਂ ਕੱਟ ਕੇ ਆਪਣੀ ਬਾਈਬਲ ਵਿਚ ਰੱਖ ਸਕਦੇ ਹੋ। ਅਗਲੇ ਸਫ਼ਿਆਂ ਉੱਤੇ ਕੁਝ ਸਲਾਹ ਦਿੱਤੀ ਗਈ ਹੈ ਜੋ ਤੁਸੀਂ ਅਪਣਾ ਕੇ ਦੇਖ ਸਕਦੇ ਹੋ।
“ਨੌਜਵਾਨ ਪਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype
ਜੇ ਤੁਹਾਡੇ ਕੋਲ ਇੰਟਰਨੈੱਟ ਹੈ, ਤਾਂ ਤੁਸੀਂ ਕਈ ਭਾਸ਼ਾਵਾਂ ਵਿਚ www.watchtower.org ਦੇ ਵੈੱਬ-ਸਾਈਟ ’ਤੇ ਬਾਈਬਲ ਪੜ੍ਹ ਸਕਦੇ ਹੋ।
ਇਸ ਬਾਰੇ ਸੋਚੋ
ਕਿਹਾ ਗਿਆ ਹੈ ਕਿ ਤੁਸੀਂ ਕਿਸੇ ਕੰਮ ਵਿਚ ਜਿੰਨੀ ਮਿਹਨਤ ਕਰੋਗੇ ਤੁਹਾਨੂੰ ਉੱਨਾ ਹੀ ਫਲ ਮਿਲੇਗਾ।
◼ ਇਹ ਗੱਲ ਬਾਈਬਲ ਪੜ੍ਹਨ ਦੇ ਸੰਬੰਧ ਵਿਚ ਕਿਵੇਂ ਸੱਚ ਹੈ?
◼ ਤੁਸੀਂ ਬਾਈਬਲ ਪੜ੍ਹਨ ਲਈ ਕਦੋਂ ਸਮਾਂ ਕੱਢ ਸਕਦੇ ਹੋ?
[ਸਫ਼ਾ 13 ਉੱਤੇ ਡੱਬੀ/ਤਸਵੀਰ]
ਬਾਈਬਲ ਪੜ੍ਹਨ ਲਈ ਕੁਝ ਸੁਝਾਅ
ਪੜ੍ਹਨ ਤੋਂ ਪਹਿਲਾਂ . . .
◼ ਕਿਸੇ ਸ਼ਾਂਤ ਜਗ੍ਹਾ ਬੈਠੋ ਤਾਂਕਿ ਤੁਸੀਂ ਪੂਰਾ ਧਿਆਨ ਲਾ ਸਕੋ।
◼ ਸਮਝ ਲਈ ਪ੍ਰਾਰਥਨਾ ਕਰੋ।
ਪੜ੍ਹਦੇ ਸਮੇਂ . . .
◼ ਨਕਸ਼ੇ ਵਰਤੋ ਅਤੇ ਬਾਈਬਲ ਦੇ ਬਿਰਤਾਂਤਾਂ ਦੀਆਂ ਤਸਵੀਰਾਂ ਦੇਖੋ ਤਾਂਕਿ ਤੁਸੀਂ ਕਲਪਨਾ ਕਰ ਸਕੋ ਕਿ ਕੀ ਹੋ ਰਿਹਾ ਹੈ।
◼ ਪਤਾ ਕਰੋ ਕਿ ਇਹ ਗੱਲਾਂ ਕਦੋਂ ਤੇ ਕਿੱਥੇ ਹੋਈਆਂ ਸਨ ਅਤੇ ਉਸ ਸਮੇਂ ਹਾਲਾਤ ਕੀ ਸਨ ਅਤੇ ਧਿਆਨ ਨਾਲ ਪੜ੍ਹੋ।
◼ ਫੁਟਨੋਟ ਅਤੇ ਕ੍ਰਾਸ ਰੈਫ਼ਰੈਂਸ ਦੇਖੋ।
◼ ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛੋ:
ਹਕੀਕਤ: ਇਹ ਕਦੋਂ ਹੋਇਆ ਸੀ? ਇਹ ਸ਼ਬਦ ਕਿਸ ਨੇ ਕਹੇ ਸਨ? ਇਹ ਸ਼ਬਦ ਕਿਨ੍ਹਾਂ ਨੂੰ ਕਹੇ ਗਏ ਸਨ?
ਮਤਲਬ: ਮੈਂ ਇਹ ਗੱਲਾਂ ਕਿਸੇ ਹੋਰ ਨੂੰ ਕਿੱਦਾਂ ਸਮਝਾ ਸਕਦਾ ਹਾਂ?
ਲਾਭ: ਯਹੋਵਾਹ ਪਰਮੇਸ਼ੁਰ ਨੇ ਬਾਈਬਲ ਵਿਚ ਇਹ ਗੱਲਾਂ ਕਿਉਂ ਲਿਖਵਾਈਆਂ ਸਨ? ਅਸੀਂ ਉਸ ਬਾਰੇ ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੀ ਸਿੱਖਦੇ ਹਾਂ? ਮੈਂ ਇਸ ਤੋਂ ਕਿਹੜੇ ਸਬਕ ਸਿੱਖ ਸਕਦਾ ਹਾਂ?
ਪੜ੍ਹਨ ਤੋਂ ਬਾਅਦ . . .
◼ ਹੋਰ ਰਿਸਰਚ ਕਰੋ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਪ੍ਰਕਾਸ਼ਨ ਵਰਤੋ ਜਿਵੇਂ ਕਿ ਪਹਿਰਾਬੁਰਜ ਵਿਚ “ਯਹੋਵਾਹ ਦਾ ਬਚਨ ਜੀਉਂਦਾ ਹੈ” ਨਾਂ ਦੇ ਲੇਖ।
◼ ਫਿਰ ਤੋਂ ਪ੍ਰਾਰਥਨਾ ਕਰੋ। ਯਹੋਵਾਹ ਨੂੰ ਦੱਸੋ ਕਿ ਤੁਸੀਂ ਕੀ ਸਿੱਖਿਆ ਅਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਲਾਗੂ ਕਰੋਗੇ। ਬਾਈਬਲ ਲਈ ਉਸ ਦਾ ਸ਼ੁਕਰ ਕਰੋ।
[ਸਫ਼ਾ 14 ਉੱਤੇ ਡੱਬੀ/ਤਸਵੀਰ]
ਤੁਸੀਂ ਬਾਈਬਲ ਪੜ੍ਹਨੀ ਕਿੱਥੋਂ ਸ਼ੁਰੂ ਕਰੋਗੇ?
ਸੁਝਾਅ . . .
□ ਸ਼ੁਰੂ ਤੋਂ ਲੈ ਕੇ ਅੰਤ ਤਕ ਪੜ੍ਹੋ।
□ ਉਸ ਹਿਸਾਬ ਨਾਲ ਪੜ੍ਹੋ ਜਿਵੇਂ ਪੋਥੀਆਂ ਲਿਖੀਆਂ ਗਈਆਂ ਸਨ ਜਾਂ ਘਟਨਾਵਾਂ ਵਾਪਰੀਆਂ ਸਨ।
□ ਹਰ ਰੋਜ਼ ਬਾਈਬਲ ਦੇ ਇਕ ਵੱਖਰੇ ਹਿੱਸੇ ਤੋਂ ਪੜ੍ਹੋ।
ਸੋਮਵਾਰ: ਦਿਲਚਸਪ ਇਤਿਹਾਸ (ਉਤਪਤ ਤੋਂ ਅਸਤਰ)
ਮੰਗਲਵਾਰ: ਯਿਸੂ ਦੀ ਜ਼ਿੰਦਗੀ ਅਤੇ ਸਿੱਖਿਆ (ਮੱਤੀ ਤੋਂ ਯੂਹੰਨਾ)
ਬੁੱਧਵਾਰ: ਪਹਿਲੀ ਸਦੀ ਦੇ ਮਸੀਹੀ (ਰਸੂਲਾਂ ਦੇ ਕਰਤੱਬ)
ਵੀਰਵਾਰ: ਭਵਿੱਖਬਾਣੀਆਂ ਤੇ ਪਰਮੇਸ਼ੁਰ ਦੀ ਸੇਧ (ਯਸਾਯਾਹ ਤੋਂ ਮਲਾਕੀ, ਪਰਕਾਸ਼ ਦੀ ਪੋਥੀ)
ਸ਼ੁੱਕਰਵਾਰ: ਕਵਿਤਾਵਾਂ ਤੇ ਭਜਨ (ਅੱਯੂਬ, ਜ਼ਬੂਰਾਂ ਦੀ ਪੋਥੀ, ਸਰੇਸ਼ਟ ਗੀਤ)
ਸ਼ਨੀਵਾਰ: ਜੀਣ ਲਈ ਸਿੱਖਿਆ (ਕਹਾਉਤਾਂ, ਉਪਦੇਸ਼ਕ ਦੀ ਪੋਥੀ)
ਐਤਵਾਰ: ਕਲੀਸਿਯਾਵਾਂ ਨੂੰ ਚਿੱਠੀਆਂ (ਰੋਮੀਆਂ ਤੋਂ ਯਹੂਦਾਹ)
ਯਾਦ ਰੱਖੋ ਕਿ ਤੁਸੀਂ ਕਿੱਥੋਂ ਪੜ੍ਹਨਾ ਸ਼ੁਰੂ ਕੀਤਾ ਸੀ। ਯਾਦ ਰੱਖਣ ਲਈ ਹਰ ਅਧਿਆਇ ਨੂੰ ਪੜ੍ਹ ਕੇ ਕੋਈ ਨਿਸ਼ਾਨ ਲਓ।
ਇਸ ਨੂੰ ਕੱਟ ਕੇ ਆਪਣੀ ਬਾਈਬਲ ਵਿਚ ਰੱਖੋ!
[ਸਫ਼ਾ 14 ਉੱਤੇ ਡੱਬੀ/ਡਾਇਆਗ੍ਰਾਮ]
ਬਾਈਬਲ ਰੀਡਿੰਗ ਵਿਚ ਜਾਨ ਪਾਓ!
ਜੋ ਤੁਸੀਂ ਪੜ੍ਹਦੇ ਹੋ ਉਸ ਨੂੰ ਦਿਲਚਸਪ ਬਣਾਓ। ਮਿਸਾਲ ਲਈ:
□ ਨਾਵਾਂ ਨੂੰ ਪੜ੍ਹਦੇ ਵੇਲੇ ਪੀੜ੍ਹੀਆਂ ਦੀ ਲਿਸਟ ਬਣਾਓ।
□ ਚਾਰਟ ਬਣਾਓ। ਮਿਸਾਲ ਲਈ, ਜਦ ਤੁਸੀਂ ਕਿਸੇ ਵਫ਼ਾਦਾਰ ਵਿਅਕਤੀ ਬਾਰੇ ਪੜ੍ਹਦੇ ਹੋ, ਤਾਂ ਸੋਚੋ ਕਿ ਉਸ ਦੇ ਗੁਣਾਂ ਅਤੇ ਕੰਮਾਂ ਕਰਕੇ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ।—ਕਹਾਉਤਾਂ 28:20.
[ਡਾਇਆਗ੍ਰਾਮ]
ਪਰਮੇਸ਼ੁਰ ਦਾ ਦੋਸਤ
↑ ਆਗਿਆਕਾਰ
↑ ਵਫ਼ਾਦਾਰ
↑ ↑
ਅਬਰਾਹਾਮ
□ ਤਸਵੀਰਾਂ ਬਣਾਓ।
□ ਕਹਾਣੀ ਦੱਸਣ ਲਈ ਛੋਟੀਆਂ-ਛੋਟੀਆਂ ਤਸਵੀਰਾਂ ਦੀ ਲੜੀ ਬਣਾਓ ਅਤੇ ਫਿਰ ਉਸ ਦੇ ਥੱਲੇ ਲਿਖੋ ਕਿ ਕੀ ਹੋ ਰਿਹਾ ਹੈ।
□ ਕਿਸੇ ਇਮਾਰਤ ਜਾਂ ਚੀਜ਼ ਦਾ ਛੋਟਾ ਨਮੂਨਾ ਬਣਾਓ ਜਿਵੇਂ ਕਿ ਨੂਹ ਦੀ ਕਿਸ਼ਤੀ।
□ ਘਰ ਦਿਆਂ ਜਾਂ ਦੋਸਤਾਂ ਨਾਲ ਉੱਚੀ ਆਵਾਜ਼ ਵਿਚ ਪੜ੍ਹੋ। ਸੁਝਾਅ: ਇਕ ਜਣਾ ਬਿਰਤਾਂਤ ਪੜ੍ਹ ਸਕਦਾ ਹੈ ਅਤੇ ਦੂਜੇ ਜਣੇ ਵੱਖ-ਵੱਖ ਰੋਲ ਪੜ੍ਹ ਸਕਦੇ ਹਨ।
□ ਇਕ ਬਿਰਤਾਂਤ ਨੂੰ ਖ਼ਬਰਾਂ ਵਜੋਂ ਪੇਸ਼ ਕਰੋ। ਘਟਨਾ ਦੀ ਰਿਪੋਰਟ ਕਰੋ ਅਤੇ ਖ਼ਾਸ ਲੋਕਾਂ ਅਤੇ ਚਸ਼ਮਦੀਦ ਗਵਾਹਾਂ ਦੀ “ਇੰਟਰਵਿਊ” ਲਓ।
□ ਜਦ ਤੁਸੀਂ ਅਜਿਹੇ ਕਿਸੇ ਬਾਰੇ ਪੜ੍ਹਦੇ ਹੋ ਜਿਸ ਨੇ ਗ਼ਲਤ ਫ਼ੈਸਲਾ ਕੀਤਾ, ਤਾਂ ਕਲਪਨਾ ਕਰੋ ਕਿ ਜੇ ਉਹ ਸਹੀ ਫ਼ੈਸਲਾ ਕਰਦਾ, ਤਾਂ ਕੀ ਹੁੰਦਾ? ਮਿਸਾਲ ਲਈ, ਉਸ ਬਿਰਤਾਂਤ ਬਾਰੇ ਸੋਚੋ ਜਿਸ ਵਿਚ ਪਤਰਸ ਨੇ ਯਿਸੂ ਦਾ ਇਨਕਾਰ ਕੀਤਾ ਸੀ। (ਮਰਕੁਸ 14:66-72) ਪਤਰਸ ਇਸ ਹਾਲਤ ਵਿਚ ਹੋਰ ਕੀ ਕਰ ਸਕਦਾ ਸੀ?
□ ਬਾਈਬਲ ਦੇ ਡਰਾਮੇ ਦੇਖੋ ਜਾਂ ਸੁਣੋ।
□ ਆਪ ਕੋਈ ਡਰਾਮਾ ਲਿਖੋ। ਇਹ ਵੀ ਲਿਖੋ ਕਿ ਤੁਸੀਂ ਬਾਈਬਲ ਤੋਂ ਕਿਹੜੇ ਸਬਕ ਸਿੱਖੇ।—ਰੋਮੀਆਂ 15:4.
ਸੁਝਾਅ: ਕਿਉਂ ਨਾ ਆਪਣੇ ਥੋੜ੍ਹੇ ਜਿਹੇ ਦੋਸਤਾਂ ਨਾਲ ਮਿਲ ਕੇ ਇਹ ਡਰਾਮਾ ਕਰੋ?
[ਸਫ਼ਾ 15 ਉੱਤੇ ਡੱਬੀ/ਤਸਵੀਰ]
ਸ਼ੁਰੂ ਕਰਨ ਲਈ
◼ ਟੀਚਾ ਰੱਖੋ! ਹੇਠਾਂ ਉਹ ਤਾਰੀਖ਼ ਲਿਖੋ ਜਦ ਤੁਸੀਂ ਬਾਈਬਲ ਰੀਡਿੰਗ ਦਾ ਪ੍ਰੋਗ੍ਰਾਮ ਸ਼ੁਰੂ ਕਰਨਾ ਚਾਹੁੰਦੇ ਹੋ।
․․․․․
◼ ਬਾਈਬਲ ਦਾ ਉਹ ਹਿੱਸਾ ਚੁਣੋ ਜਿਸ ਵਿਚ ਤੁਹਾਨੂੰ ਦਿਲਚਸਪੀ ਹੈ। ( “ਤੁਸੀਂ ਬਾਈਬਲ ਪੜ੍ਹਨੀ ਕਿੱਥੋਂ ਸ਼ੁਰੂ ਕਰੋਗੇ?” ਨਾਂ ਦੀ ਡੱਬੀ ਦੇਖੋ।) ਫਿਰ ਹੇਠਾਂ ਲਿਖੋ ਕਿ ਤੁਸੀਂ ਬਾਈਬਲ ਦਾ ਕਿਹੜਾ ਹਿੱਸਾ ਪਹਿਲਾਂ ਪੜ੍ਹੋਗੇ।
․․․․․
◼ ਸ਼ੁਰੂ ਵਿਚ ਥੋੜ੍ਹਾ ਜਿਹਾ ਸਮਾਂ ਕੱਢਣਾ ਵੀ ਠੀਕ ਹੈ। ਸਿਰਫ਼ 15 ਮਿੰਟ ਕੱਢਣੇ ਇਸ ਨਾਲੋਂ ਬਿਹਤਰ ਹੈ ਕਿ ਤੁਸੀਂ ਬਾਈਬਲ ਪੜ੍ਹੋ ਹੀ ਨਾ। ਹੇਠਾਂ ਲਿਖੋ ਕਿ ਤੁਸੀਂ ਬਾਈਬਲ ਪੜ੍ਹਨ ਵਿਚ ਕਿੰਨਾ ਸਮਾਂ ਲਾ ਸਕਦੇ ਹੋ।
․․․․․
ਸੁਝਾਅ: ਸਟੱਡੀ ਕਰਨ ਲਈ ਇਕ ਬਾਈਬਲ ਵਰਤੋ। ਉਸ ਵਿਚ ਨੋਟ ਲਿਖੋ। ਉਨ੍ਹਾਂ ਆਇਤਾਂ ’ਤੇ ਨਿਸ਼ਾਨ ਲਓ ਜੋ ਤੁਹਾਡੇ ਲਈ ਖ਼ਾਸ ਮਾਅਨਾ ਰੱਖਦੀਆਂ ਹਨ।
[ਸਫ਼ਾ 15 ਉੱਤੇ ਡੱਬੀ/ਤਸਵੀਰ]
ਤੁਹਾਡੇ ਹਾਣੀ ਕੀ ਕਹਿੰਦੇ ਹਨ
“ਮੈਂ ਹਰ ਰਾਤ ਸੌਣ ਤੋਂ ਪਹਿਲਾਂ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ। ਇਸ ਤਰ੍ਹਾਂ ਨੀਂਦ ਆਉਣ ਤੋਂ ਪਹਿਲਾਂ ਮੇਰੇ ਮਨ ਵਿਚ ਚੰਗੀਆਂ ਗੱਲਾਂ ਹੁੰਦੀਆਂ ਹਨ।”—ਮੇਗਨ।
“ਮੈਂ 15 ਮਿੰਟਾਂ ਲਈ ਇਕ ਆਇਤ ਉੱਤੇ ਧਿਆਨ ਲਾਉਂਦਾ ਹਾਂ। ਮੈਂ ਹਰ ਫੁਟਨੋਟ ਤੇ ਹਰ ਕ੍ਰਾਸ ਰੈਫਰੈਂਸ ਦੇਖਦਾ ਹਾਂ ਅਤੇ ਹੋਰ ਰਿਸਰਚ ਕਰਦਾ ਹਾਂ। ਕਈ ਵਾਰ ਇਕ ਆਇਤ ਬਾਰੇ ਰਿਸਰਚ ਕਰਨ ਲਈ ਮੈਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਪਰ ਇਸ ਤਰ੍ਹਾਂ ਬਾਈਬਲ ਪੜ੍ਹਨ ਕਰਕੇ ਮੈਂ ਬਹੁਤ ਕੁਝ ਸਿੱਖਿਆ ਹੈ।”—ਕੋਰੀ।
“ਇਕ ਵਾਰ ਮੈਂ 10 ਮਹੀਨਿਆਂ ਦੇ ਅੰਦਰ-ਅੰਦਰ ਬਾਈਬਲ ਪੜ੍ਹ ਲਈ ਸੀ। ਇਸ ਤਰ੍ਹਾਂ ਕਰਨ ਨਾਲ ਮੈਨੂੰ ਅਜਿਹੀਆਂ ਗੱਲਾਂ ਦਾ ਪਤਾ ਲੱਗਾ ਜਿਨ੍ਹਾਂ ਵੱਲ ਮੈਂ ਪਹਿਲਾਂ ਕਦੀ ਧਿਆਨ ਹੀ ਨਹੀਂ ਦਿੱਤਾ ਸੀ।”—ਜੌਨ।
[ਸਫ਼ਾ 15 ਉੱਤੇ ਡੱਬੀ]
ਤੁਸੀਂ ਚੁਣੋ!
□ ਇਕ ਘਟਨਾ ਚੁਣੋ। ਬਾਈਬਲ ਵਿਚ ਕਈ ਜੀਉਂਦੀਆਂ-ਜਾਗਦੀਆਂ ਮਿਸਾਲਾਂ ਹਨ। ਅਜਿਹਾ ਕੋਈ ਬਿਰਤਾਂਤ ਚੁਣੋ ਜਿਸ ਵਿਚ ਤੁਹਾਨੂੰ ਦਿਲਚਸਪੀ ਹੈ ਤੇ ਉਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਪੜ੍ਹੋ।
□ ਇਕ ਇੰਜੀਲ ਚੁਣੋ। ਤੁਸੀਂ ਮੱਤੀ (ਜੋ ਪਹਿਲੀ ਲਿਖੀ ਗਈ ਇੰਜੀਲ ਹੈ), ਮਰਕੁਸ (ਜਿਸ ਵਿਚ ਘਟਨਾਵਾਂ ਤੇਜ਼ੀ ਨਾਲ ਵਾਪਰਦੀਆਂ ਹਨ), ਲੂਕਾ (ਜਿਸ ਵਿਚ ਪ੍ਰਾਰਥਨਾ ਅਤੇ ਔਰਤਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ) ਜਾਂ ਯੂਹੰਨਾ (ਜਿਸ ਵਿਚ ਅਜਿਹੀ ਜਾਣਕਾਰੀ ਹੈ ਜੋ ਦੂਜੀਆਂ ਇੰਜੀਲਾਂ ਵਿਚ ਨਹੀਂ ਪਾਈ ਜਾਂਦੀ) ਪੜ੍ਹ ਸਕਦੇ ਹੋ।
ਸੁਝਾਅ: ਕੋਈ ਵੀ ਇੰਜੀਲ ਪੜ੍ਹਨ ਤੋਂ ਪਹਿਲਾਂ ਉਸ ਬਾਰੇ ਤੇ ਉਸ ਦੇ ਲੇਖਕ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਲਓ ਤਾਂਕਿ ਤੁਸੀਂ ਸਮਝ ਸਕੋ ਕਿ ਉਹ ਇੰਜੀਲ ਦੂਜੀਆਂ ਤੋਂ ਵੱਖਰੀ ਕਿਵੇਂ ਹੈ।
□ ਇਕ ਜ਼ਬੂਰ ਚੁਣੋ। ਮਿਸਾਲ ਲਈ:
ਜੇ ਤੁਸੀਂ ਇਕੱਲਾਪਣ ਮਹਿਸੂਸ ਕਰ ਰਹੇ ਹੋ, ਤਾਂ ਜ਼ਬੂਰ 142 ਪੜ੍ਹੋ।
ਜੇ ਤੁਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਹੋ, ਤਾਂ ਜ਼ਬੂਰ 51 ਪੜ੍ਹੋ।
ਜੇ ਤੁਹਾਨੂੰ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣਾ ਮੁਸ਼ਕਲ ਲੱਗ ਰਿਹਾ ਹੈ, ਤਾਂ ਜ਼ਬੂਰ 73 ਪੜ੍ਹੋ।
ਸੁਝਾਅ: ਉਨ੍ਹਾਂ ਜ਼ਬੂਰਾਂ ਦੀ ਲਿਸਟ ਬਣਾ ਕੇ ਰੱਖੋ ਜਿਨ੍ਹਾਂ ਤੋਂ ਤੁਹਾਨੂੰ ਖ਼ਾਸ ਕਰਕੇ ਹੌਸਲਾ ਮਿਲਿਆ ਹੈ।
[ਸਫ਼ਾ 16 ਉੱਤੇ ਡੱਬੀ]
ਹੋਰ ਰਿਸਰਚ ਕਰੋ
◼ ਆਲੇ-ਦੁਆਲੇ ਦੀਆਂ ਆਇਤਾਂ ਪੜ੍ਹੋ। ਪਤਾ ਕਰੋ ਕਿ ਇਹ ਗੱਲਾਂ ਕਦੋਂ ਤੇ ਕਿੱਥੇ ਹੋਈਆਂ ਸਨ ਅਤੇ ਉਸ ਸਮੇਂ ਹਾਲਾਤ ਕੀ ਸਨ।
ਮਿਸਾਲ: ਹਿਜ਼ਕੀਏਲ 14:14 ਪੜ੍ਹੋ। ਦਾਨੀਏਲ ਦੀ ਉਮਰ ਸ਼ਾਇਦ ਕਿੰਨੀ ਕੁ ਸੀ ਜਦ ਯਹੋਵਾਹ ਨੇ ਨੂਹ ਅਤੇ ਅੱਯੂਬ ਦੇ ਨਾਲ ਉਸ ਨੂੰ ਇਕ ਚੰਗੀ ਮਿਸਾਲ ਵਜੋਂ ਪੇਸ਼ ਕੀਤਾ ਸੀ?
ਮਦਦ: ਹਿਜ਼ਕੀਏਲ ਦਾ 14ਵਾਂ ਅਧਿਆਇ ਦਾਨੀਏਲ ਦੇ ਗ਼ੁਲਾਮ ਵਜੋਂ ਬਾਬਲ ਲੈ ਜਾਏ ਜਾਣ ਤੋਂ ਸਿਰਫ਼ ਪੰਜ ਸਾਲ ਬਾਅਦ ਲਿਖਿਆ ਗਿਆ ਸੀ। ਉਸ ਸਮੇਂ ਦਾਨੀਏਲ ਨੌਜਵਾਨ ਹੀ ਸੀ।
ਦੱਬਿਆ ਧਨ: ਭਾਵੇਂ ਦਾਨੀਏਲ ਨੌਜਵਾਨ ਹੀ ਸੀ, ਪਰ ਫਿਰ ਵੀ ਯਹੋਵਾਹ ਨੇ ਉਸ ਦੀ ਵਫ਼ਾਦਾਰੀ ਦੇਖੀ। ਦਾਨੀਏਲ ਦੇ ਕਿਹੜੇ ਫ਼ੈਸਲਿਆਂ ਕਰਕੇ ਉਸ ਨੂੰ ਬਰਕਤਾਂ ਮਿਲੀਆਂ? (ਦਾਨੀਏਲ 1:8-17) ਦਾਨੀਏਲ ਦੀ ਚੰਗੀ ਮਿਸਾਲ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਿੱਦਾਂ ਕਰ ਸਕਦੀ ਹੈ?
◼ ਧਿਆਨ ਨਾਲ ਪੜ੍ਹੋ। ਕਈ ਵਾਰ ਅਸੀਂ ਇਕ-ਦੋ ਸ਼ਬਦਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
ਮਿਸਾਲ: ਮੱਤੀ 28:7 ਦੀ ਮਰਕੁਸ 16:7 ਨਾਲ ਤੁਲਨਾ ਕਰੋ। ਮਰਕੁਸ ਨੇ ਕਿਉਂ ਕਿਹਾ ਸੀ ਕਿ ਯਿਸੂ ਆਪਣੇ ਚੇਲਿਆਂ “ਅਤੇ ਪਤਰਸ” ਨੂੰ ਦਰਸ਼ਣ ਦੇਵੇਗਾ?
ਮਦਦ: ਮਰਕੁਸ ਇਨ੍ਹਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਨਹੀਂ ਸੀ। ਲੱਗਦਾ ਹੈ ਕਿ ਉਸ ਨੂੰ ਇਹ ਜਾਣਕਾਰੀ ਪਤਰਸ ਤੋਂ ਮਿਲੀ ਸੀ।
ਦੱਬਿਆ ਧਨ: ਪਤਰਸ ਨੂੰ ਇਹ ਸੁਣ ਕੇ ਹੌਸਲਾ ਕਿਵੇਂ ਮਿਲਿਆ ਹੋਵੇਗਾ ਕਿ ਯਿਸੂ ਉਸ ਨੂੰ ਦੁਬਾਰਾ ਮਿਲਣਾ ਚਾਹੁੰਦਾ ਸੀ? (ਮਰਕੁਸ 14:66-72) ਯਿਸੂ ਪਤਰਸ ਦਾ ਸੱਚਾ ਦੋਸਤ ਕਿਵੇਂ ਸਾਬਤ ਹੋਇਆ? ਯਿਸੂ ਦੀ ਰੀਸ ਕਰ ਕੇ ਤੁਸੀਂ ਦੂਸਰਿਆਂ ਦੇ ਸੱਚੇ ਦੋਸਤ ਕਿੱਦਾਂ ਸਾਬਤ ਹੋ ਸਕਦੇ ਹੋ?
◼ ਹੋਰ ਰਿਸਰਚ ਕਰੋ। ਹੋਰ ਜਾਣਕਾਰੀ ਲਈ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨਾਂ ਵਿਚ ਰਿਸਰਚ ਕਰੋ।
ਮਿਸਾਲ: ਮੱਤੀ 2:7-15 ਪੜ੍ਹੋ। ਜੋਤਸ਼ੀ ਕਦੋਂ ਯਿਸੂ ਨੂੰ ਮਿਲਣ ਆਏ ਸਨ?
ਮਦਦ: ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਜਨਵਰੀ-ਮਾਰਚ 2008 ਦੇ ਪਹਿਰਾਬੁਰਜ ਦਾ ਸਫ਼ਾ 31 ਦੇਖੋ।
ਦੱਬਿਆ ਧਨ: ਯਹੋਵਾਹ ਨੇ ਮਿਸਰ ਵਿਚ ਯਿਸੂ ਦੇ ਪਰਿਵਾਰ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਸਨ? ਮੁਸ਼ਕਲ ਘੜੀਆਂ ਦੌਰਾਨ ਤੁਸੀਂ ਮਦਦ ਲਈ ਪਰਮੇਸ਼ੁਰ ਉੱਤੇ ਭਰੋਸਾ ਕਿੱਦਾਂ ਰੱਖ ਸਕਦੇ ਹੋ?—ਮੱਤੀ 6:33, 34. (g09 04)