Skip to content

Skip to table of contents

ਹਾਥੀ ਦੀ ਦੇਖ-ਭਾਲ ਕਰਨ ਵਾਲਾ ਮਹਾਵਤ

ਹਾਥੀ ਦੀ ਦੇਖ-ਭਾਲ ਕਰਨ ਵਾਲਾ ਮਹਾਵਤ

ਹਾਥੀ ਦੀ ਦੇਖ-ਭਾਲ ਕਰਨ ਵਾਲਾ ਮਹਾਵਤ

ਭਾਰਤ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਇਕ ਮਹਾਵਤ ਨਰਮਦਾ ਨਦੀ ਦੇ ਕੋਲ ਆਪਣੇ ਬੱਚੇ ਨੂੰ ਆਰਾਮ ਕਰ ਰਹੇ ਹਾਥੀ ਦੀ ਅਮਾਨਤ ਵਿਚ ਛੱਡ ਕੇ ਆਪਣਾ ਖਾਣਾ ਬਣਾ ਰਿਹਾ ਸੀ। ਫਿਰ ਇਕ ਕਿਤਾਬ ਨੇ ਦੱਸਿਆ ਕਿ ਅੱਗੇ ਕੀ ਹੋਇਆ। ਬੱਚਾ ਵਾਰ-ਵਾਰ ਹਾਥੀ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਹਰ ਵਾਰ “ਹਾਥੀ ਕੋਮਲਤਾ ਨਾਲ ਆਪਣੀ ਸੁੰਡ ਉਸ ਦੇ ਦੁਆਲੇ ਲਪੇਟ ਕੇ ਉਸ ਨੂੰ ਆਪਣੇ ਕੋਲ ਵਾਪਸ ਲਿਆਉਂਦਾ ਰਿਹਾ। ਪਿਤਾ ਬੇਫ਼ਿਕਰ ਹੋ ਕੇ ਆਪਣਾ ਕੰਮ ਕਰਦਾ ਰਿਹਾ। ਉਸ ਨੂੰ ਪੂਰਾ ਭਰੋਸਾ ਸੀ ਕਿ ਉਸ ਦਾ ਬੱਚਾ ਸਹੀ-ਸਲਾਮਤ ਹੈ।”

ਇਨਸਾਨਾਂ ਨੇ 2000 ਈ.ਪੂ. ਤੋਂ ਹਾਥੀਆਂ ਨੂੰ ਕੰਮ-ਕਾਰ ਕਰਾਉਣ ਲਈ ਵਰਤਿਆ ਹੈ। ਪੁਰਾਣੇ ਜ਼ਮਾਨੇ ਵਿਚ ਹਾਥੀਆਂ ਨੂੰ ਖ਼ਾਸ ਕਰਕੇ ਯੁੱਧਾਂ ਵਿਚ ਵਰਤਿਆ ਜਾਂਦਾ ਸੀ। ਪਰ ਅੱਜ-ਕੱਲ੍ਹ ਭਾਰਤ ਵਿਚ ਉਨ੍ਹਾਂ ਨੂੰ ਕੰਮ ਕਰਨਾ ਸਿਖਾਇਆ ਜਾਂਦਾ ਹੈ। ਹਾਥੀਆਂ ਨੂੰ ਦਰਖ਼ਤ ਪੁੱਟਣ ਅਤੇ ਲੱਕੜ ਚੁੱਕਣ, ਤਿਉਹਾਰਾਂ ਅਤੇ ਵਿਆਹਾਂ ਵਿਚ, ਇਸ਼ਤਿਹਾਰੀ ਵਿਚ, ਸਰਕਸ ਵਿਚ ਅਤੇ ਭੀਖ ਮੰਗਣ ਲਈ ਵਰਤਿਆ ਜਾਂਦਾ ਹੈ। ਇਨਸਾਨਾਂ ਨੇ ਹਾਥੀਆਂ ਨੂੰ ਆਪਣੇ ਵੱਸ ਵਿਚ ਕਿਵੇਂ ਕੀਤਾ ਹੈ? ਇਨ੍ਹਾਂ ਨੂੰ ਟ੍ਰੇਨਿੰਗ ਕਿਵੇਂ ਦਿੱਤੀ ਜਾਂਦੀ ਹੈ?

ਮਹਾਵਤਾਂ ਲਈ ਸਿੱਖਿਆ

ਭਾਰਤ ਵਿਚ ਕਈ ਸੈਂਟਰ ਹਨ ਜੋ ਹਾਥੀਆਂ ਦੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ। ਉਹ ਉਨ੍ਹਾਂ ਹਾਥੀਆਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਜੰਗਲਾਂ ਵਿਚ ਫੜਿਆ ਜਾਂਦਾ ਹੈ, ਇਕੱਲੇ ਛੱਡਿਆ ਜਾਂਦਾ ਹੈ ਜਾਂ ਜੋ ਜ਼ਖ਼ਮੀ ਹੋਏ ਹਨ। ਅਜਿਹਾ ਇਕ ਸੈਂਟਰ ਕੇਰਲਾ ਦੇ ਕੋਨੀ ਨਾਂ ਦੇ ਪਿੰਡ ਵਿਚ ਹੈ। ਇਨ੍ਹਾਂ ਹਾਥੀਆਂ ਨੂੰ ਕੰਮ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ ਮਹਾਵਤ ਨੂੰ ਹਾਥੀ ਦਾ ਭਰੋਸਾ ਜਿੱਤਣਾ ਪੈਂਦਾ ਹੈ। ਇਹ ਭਰੋਸਾ ਖ਼ਾਸ ਕਰਕੇ ਖਾਣਾ ਖੁਆਉਣ ਵੇਲੇ ਜਿੱਤਿਆ ਜਾਂਦਾ ਹੈ। ਹਾਥੀ ਆਪਣੇ ਮਹਾਵਤ ਦੀ ਆਵਾਜ਼ ਪਛਾਣਦਾ ਹੈ ਅਤੇ ਜਦ ਉਸ ਨੂੰ ਖਾਣਾ ਖਾਣ ਲਈ ਬੁਲਾਇਆ ਜਾਂਦਾ ਹੈ, ਤਾਂ ਉਹ ਜਲਦੀ-ਜਲਦੀ ਦੁੱਧ ਅਤੇ ਬਾਜਰੇ ਦਾ ਦਲੀਆ ਖਾਣ ਆਉਂਦਾ ਹੈ। ਆਮ ਕਰਕੇ 13 ਕੁ ਸਾਲਾਂ ਦੀ ਉਮਰ ਤੇ ਇਨ੍ਹਾਂ ਹਾਥੀਆਂ ਨੂੰ ਕੰਮ ਕਰਨਾ ਸਿਖਾਇਆ ਜਾਂਦਾ ਹੈ। ਫਿਰ 25 ਸਾਲਾਂ ਦੀ ਉਮਰ ਤੇ ਉਨ੍ਹਾਂ ਨੂੰ ਕੰਮ ਤੇ ਲਾਇਆ ਜਾਂਦਾ ਹੈ। ਕੇਰਲਾ ਵਿਚ ਸਰਕਾਰ ਵੱਲੋਂ ਕਾਨੂੰਨ ਹੈ ਕਿ ਹਾਥੀ 65 ਸਾਲਾਂ ਦੀ ਉਮਰ ਤੋਂ ਬਾਅਦ ਕੰਮ ਨਹੀਂ ਕਰ ਸਕਦੇ।

ਸਹੀ ਤਰ੍ਹਾਂ ਹਾਥੀ ਦੀ ਸਵਾਰੀ ਕਰਨ ਲਈ ਮਹਾਵਤ ਨੂੰ ਟ੍ਰੇਨਿੰਗ ਦੀ ਲੋੜ ਹੈ। ਕੇਰਲਾ ਵਿਚ ਤ੍ਰਿਚੂਰ ਦੇ ਹਾਥੀ ਭਲਾਈ ਸੰਗਠਨ ਅਨੁਸਾਰ ਮਹਾਵਤ ਨੂੰ ਘੱਟੋ-ਘੱਟ ਤਿੰਨ ਮਹੀਨਿਆਂ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਹ ਸਿਰਫ਼ ਹਾਥੀ ਨੂੰ ਹੁਕਮ ਦੇਣੇ ਹੀ ਨਹੀਂ ਸਿੱਖਦਾ, ਬਲਕਿ ਹਾਥੀਆਂ ਬਾਰੇ ਵੀ ਬਹੁਤ ਕੁਝ ਸਿੱਖਦਾ ਹੈ।

ਹਾਥੀ ਦੇ ਬੱਚਿਆਂ ਨਾਲੋਂ ਵੱਡੀ ਉਮਰ ਦੇ ਹਾਥੀਆਂ ਨੂੰ ਸਿਖਾਉਣ ਲਈ ਜ਼ਿਆਦਾ ਸਮਾਂ ਲੱਗਦਾ ਹੈ। ਸੈਂਟਰ ਵਿਚ ਹਾਥੀ ਨੂੰ ਵਾੜ ਵਿਚ ਰੱਖਿਆ ਜਾਂਦਾ ਹੈ। ਇਸ ਵਾੜ ਤੋਂ ਬਾਹਰ ਮਹਾਵਤ ਹਾਥੀ ਨੂੰ ਹੁਕਮ ਦਿੰਦਾ ਹੈ ਅਤੇ ਇਨ੍ਹਾਂ ਹੁਕਮਾਂ ਦਾ ਮਤਲਬ ਸਿਖਾਉਂਦਾ ਹੈ। ਕੇਰਲਾ ਵਿਚ ਇਕ ਮਹਾਵਤ ਕੁਝ 20 ਵੱਖਰੇ ਹੁਕਮਾਂ ਅਤੇ ਇਸ਼ਾਰਿਆਂ ਰਾਹੀਂ ਆਪਣੇ ਹਾਥੀ ਤੋਂ ਕੰਮ ਕਰਵਾਉਂਦਾ ਹੈ। ਮਹਾਵਤ ਉੱਚੀ ਤੇ ਸਾਫ਼ ਆਵਾਜ਼ ਵਿਚ ਹੁਕਮ ਦਿੰਦਾ ਹੈ ਅਤੇ ਨਾਲੋਂ-ਨਾਲ ਆਪਣੇ ਹਾਥੀ ਨੂੰ ਡੰਡੇ ਨਾਲ ਹੁੱਜਾਂ ਮਾਰ ਕੇ ਦਿਖਾਉਂਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਜਦ ਹਾਥੀ ਹੁਕਮ ਮੰਨਦਾ ਹੈ, ਤਾਂ ਉਸ ਨੂੰ ਇਨਾਮ ਵਜੋਂ ਕੁਝ ਖਾਣ ਨੂੰ ਦਿੱਤਾ ਜਾਂਦਾ ਹੈ। ਜਦ ਮਹਾਵਤ ਨੂੰ ਵਿਸ਼ਵਾਸ ਹੁੰਦਾ ਹੈ ਕਿ ਹਾਥੀ ਉਸ ਦਾ ਦੋਸਤ ਬਣ ਗਿਆ ਹੈ, ਤਾਂ ਉਹ ਵਾੜ ਦੇ ਅੰਦਰ ਜਾ ਕੇ ਉਸ ਨਾਲ ਲਾਡ ਕਰਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਆਪਸ ਵਿਚ ਭਰੋਸਾ ਵਧਦਾ ਹੈ। ਕੁਝ ਦੇਰ ਬਾਅਦ ਹਾਥੀ ਨੂੰ ਵਾੜ ਵਿੱਚੋਂ ਬਾਹਰ ਲਿਜਾਇਆ ਜਾ ਸਕਦਾ ਹੈ। ਪਰ ਫਿਰ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਹਾਲੇ ਵੀ ਕੁਝ ਹੱਦ ਤਕ ਜੰਗਲੀ ਹੋ ਸਕਦਾ ਹੈ। ਜਦ ਤਕ ਹਾਥੀ ਨੂੰ ਪੂਰੀ ਤਰ੍ਹਾਂ ਵੱਸ ਵਿਚ ਨਾ ਕੀਤਾ ਜਾਵੇ, ਉਸ ਨੂੰ ਨਹਾਉਣ ਅਤੇ ਬਾਹਰ ਜਾਣ ਵੇਲੇ ਦੋ ਹੋਰ ਹਾਥੀਆਂ ਦੇ ਵਿਚਕਾਰ ਸੰਗਲਾਂ ਨਾਲ ਬੰਨ੍ਹਿਆ ਜਾਂਦਾ ਹੈ।

ਜਦ ਹਾਥੀ ਆਵਾਜ਼ ਨਾਲ ਦਿੱਤੇ ਮਹਾਵਤ ਦੇ ਹੁਕਮ ਸਿੱਖ ਲੈਂਦਾ ਹੈ, ਤਾਂ ਮਹਾਵਤ ਹਾਥੀ ਉੱਤੇ ਬੈਠ ਕੇ ਪੈਰਾਂ ਦੀਆਂ ਉਂਗਲਾਂ ਤੇ ਅੱਡੀਆਂ ਨਾਲ ਹੁਕਮ ਸਿਖਾਉਂਦਾ ਹੈ। ਹਾਥੀ ਨੂੰ ਅੱਗੇ ਤੋਰਨ ਲਈ ਮਹਾਵਤ ਹਾਥੀ ਦੇ ਕੰਨਾਂ ਪਿੱਛੇ ਆਪਣੇ ਪੈਰਾਂ ਦੇ ਅੰਗੂਠਿਆਂ ਨਾਲ ਹੁੱਜਾਂ ਮਾਰਦਾ ਹੈ। ਪਿੱਛੇ ਜਾਣ ਲਈ ਮਹਾਵਤ ਹਾਥੀ ਦੇ ਮੋਢਿਆਂ ਵਿਚ ਆਪਣੀਆਂ ਅੱਡੀਆਂ ਮਾਰਦਾ ਹੈ। ਸਿਰਫ਼ ਇਕ ਹੀ ਮਹਾਵਤ ਹਾਥੀ ਨੂੰ ਹੁਕਮ ਦਿੰਦਾ ਹੈ ਤਾਂਕਿ ਹਾਥੀ ਨੂੰ ਕੋਈ ਭੁਲੇਖਾ ਨਾ ਲੱਗੇ। ਤਿੰਨ ਜਾਂ ਚਾਰ ਸਾਲਾਂ ਦੇ ਅੰਦਰ-ਅੰਦਰ ਹਾਥੀ ਸਾਰੇ ਹੁਕਮ ਸਿੱਖ ਜਾਵੇਗਾ। ਇਸ ਤੋਂ ਬਾਅਦ ਉਹ ਇਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। ਭਾਵੇਂ ਹਾਥੀ ਦੇ ਸਰੀਰ ਦੀ ਤੁਲਨਾ ਵਿਚ ਉਸ ਦਾ ਦਿਮਾਗ਼ ਕਾਫ਼ੀ ਛੋਟਾ ਹੈ, ਪਰ ਉਹ ਇਕ ਹੁਸ਼ਿਆਰ ਜਾਨਵਰ ਹੈ।

ਹਾਥੀਆਂ ਦੀ ਦੇਖ-ਭਾਲ

ਇਹ ਜ਼ਰੂਰੀ ਹੈ ਕਿ ਇਕ ਹਾਥੀ ਨੂੰ ਸਿਹਤਮੰਦ ਅਤੇ ਖ਼ੁਸ਼ ਰੱਖਿਆ ਜਾਵੇ। ਹਾਥੀ ਨੂੰ ਹਰ ਰੋਜ਼ ਨਹਾਉਣਾ ਜ਼ਰੂਰੀ ਹੈ। ਮਹਾਵਤ ਪੱਥਰ ਜਾਂ ਨਾਰੀਅਲ ਦੇ ਛਿਲਕੇ ਨਾਲ ਹਾਥੀ ਦੀ ਮੋਟੀ, ਪਰ ਨਰਮ ਚਮੜੀ ਨੂੰ ਮਲ-ਮਲ ਕੇ ਧੋਂਦਾ ਹੈ।

ਹਾਥੀ ਦੇ ਨਾਸ਼ਤੇ ਲਈ ਮਹਾਵਤ ਕਣਕ, ਬਾਜਰੇ ਅਤੇ ਛੋਲਿਆਂ ਦਾ ਵੰਡ ਤਿਆਰ ਕਰਦਾ ਹੈ। ਬਾਅਦ ਵਿਚ ਹਾਥੀ ਨੂੰ ਬਾਂਸ, ਨਾਰੀਅਲ ਦੇ ਦਰਖ਼ਤ ਦੇ ਪੱਤੇ ਤੇ ਘਾਹ ਦਿੱਤਾ ਜਾਂਦਾ ਹੈ। ਹਾਥੀ ਖ਼ੁਸ਼ ਹੋ ਜਾਂਦਾ ਹੈ ਜੇ ਉਸ ਨੂੰ ਗਾਜਰਾਂ ਅਤੇ ਗੰਨੇ ਵੀ ਦਿੱਤੇ ਜਾਣ। ਹਾਥੀ ਆਪਣਾ ਜ਼ਿਆਦਾ ਸਮਾਂ ਖਾਣ ਵਿਚ ਲਾ ਦਿੰਦੇ ਹਨ। ਉਨ੍ਹਾਂ ਨੂੰ ਹਰ ਰੋਜ਼ 140 ਕਿਲੋ ਖਾਣਾ ਅਤੇ 150 ਲੀਟਰ ਪਾਣੀ ਦੀ ਲੋੜ ਹੁੰਦੀ ਹੈ! ਆਪਣੇ ਹਾਥੀ ਨੂੰ ਖ਼ੁਸ਼ ਰੱਖਣ ਲਈ ਮਹਾਵਤ ਨੂੰ ਉਸ ਦੀਆਂ ਖਾਣ-ਪੀਣ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ।

ਬਦਸਲੂਕੀ ਦਾ ਅੰਜਾਮ

ਭਾਰਤੀ ਹਾਥੀ ਦਾ ਨਰਮ ਸੁਭਾਅ ਹੁੰਦਾ ਹੈ, ਪਰ ਉਸ ਤੋਂ ਕੰਮ ਕਰਵਾਉਣ ਦੀ ਵੀ ਹੱਦ ਹੁੰਦੀ ਹੈ। ਜੇ ਮਹਾਵਤ ਹਾਥੀਆਂ ਨੂੰ ਦਬਕੇ ਮਾਰਨ ਜਾਂ ਕੁੱਟਣ, ਤਾਂ ਹਾਥੀ ਸ਼ਾਇਦ ਮਹਾਵਤਾਂ ਉੱਤੇ ਹਮਲਾ ਕਰਨ। ਇਕ ਭਾਰਤੀ ਅਖ਼ਬਾਰ ਅਨੁਸਾਰ ਇਕ ਵਧੇ ਹੋਏ ਦੰਦਾਂ ਵਾਲਾ ਨਰ ਹਾਥੀ ‘ਬੇਕਾਬੂ ਹੋ ਗਿਆ ਕਿਉਂਕਿ ਮਹਾਵਤਾਂ ਨੇ ਉਸ ਨਾਲ ਬਦਸਲੂਕੀ ਕੀਤੀ। ਇਕ ਮਹਾਵਤ ਨੇ ਉਸ ਨੂੰ ਕੁੱਟਿਆ-ਮਾਰਿਆ ਜਿਸ ਕਰਕੇ ਹਾਥੀ ਨੇ ਭੜਥੂ ਪਾਇਆ ਅਤੇ ਉਸ ਨੂੰ ਗੋਲੀ ਮਾਰ ਕੇ ਬੇਹੋਸ਼ ਕਰਨਾ ਪਿਆ।’ ਅਪ੍ਰੈਲ 2007 ਵਿਚ ਇੰਡੀਆ ਟੂਡੇ ਇੰਟਰਨੈਸ਼ਨਲ ਨੇ ਰਿਪੋਰਟ ਕੀਤਾ: “ਪਿਛਲੇ ਦੋ ਮਹੀਨਿਆਂ ਵਿਚ 10 ਨਰ ਹਾਥੀਆਂ ਨੇ ਤਿਉਹਾਰਾਂ ਦੌਰਾਨ ਕਹਿਰ ਢਾਹਿਆ ਹੈ; ਜਨਵਰੀ 2006 ਤੋਂ ਲੈ ਕੇ ਹਾਥੀਆਂ ਨੇ 48 ਮਹਾਵਤਾਂ ਦੀਆਂ ਜਾਨਾਂ ਲਈਆਂ ਹਨ।” ਇਹ ਅਕਸਰ ਉਦੋਂ ਹੁੰਦਾ ਹੈ ਜਦ ਹਾਥੀ ਮਸਤ ਹੁੰਦੇ ਹਨ। ਇਹ ਹਰ ਸਾਲ ਮੇਲ ਦੇ ਮੌਸਮ ਵਿਚ ਹੁੰਦਾ ਹੈ ਜਦ ਨਰ ਹਾਥੀਆਂ ਦਾ ਹਾਰਮੋਨ ਵਧਦਾ ਹੈ। ਇਸ ਸਮੇਂ ਉਹ ਦੂਜੇ ਨਰ ਹਾਥੀਆਂ ਅਤੇ ਇਨਸਾਨਾਂ ਨਾਲ ਬਹੁਤ ਗੁੱਸੇ ਹੋ ਜਾਂਦੇ ਹਨ ਅਤੇ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਬੈਠਣਗੇ। ਇਕ ਹਾਥੀ 15 ਦਿਨਾਂ ਤੋਂ ਲੈ ਕੇ ਤਿੰਨ ਮਹੀਨਿਆਂ ਤਕ ਮਸਤ ਰਹਿ ਸਕਦਾ ਹੈ।

ਇਕ ਹਾਥੀ ਉਦੋਂ ਵੀ ਗੁੱਸੇ ਹੋ ਸਕਦਾ ਹੈ ਜਦ ਉਸ ਨੂੰ ਵੇਚਿਆ ਜਾਂਦਾ ਹੈ ਅਤੇ ਉਹ ਨਵੇਂ ਮਹਾਵਤ ਦੀ ਦੇਖ-ਭਾਲ ਵਿਚ ਆ ਜਾਂਦਾ ਹੈ। ਉਸ ਲਈ ਆਪਣੇ ਪੁਰਾਣੇ ਮਹਾਵਤ ਨੂੰ ਛੱਡਣਾ ਮੁਸ਼ਕਲ ਹੁੰਦਾ ਹੈ। ਹਾਥੀ ਦੀ ਮਦਦ ਕਰਨ ਲਈ ਪੁਰਾਣਾ ਮਹਾਵਤ ਆਪ ਉਸ ਨੂੰ ਨਵੇਂ ਮਹਾਵਤ ਦੇ ਘਰ ਤਕ ਲੈ ਕੇ ਜਾਂਦਾ ਹੈ। ਉੱਥੇ ਉਹ ਦੋਵੇਂ ਇਕੱਠੇ ਕੰਮ ਕਰਦੇ ਹਨ ਜਦ ਤਕ ਨਵਾਂ ਮਹਾਵਤ ਹਾਥੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੈਂਦਾ। ਜਦ ਇਕ ਮਹਾਵਤ ਦੀ ਮੌਤ ਹੋ ਜਾਂਦੀ ਹੈ ਅਤੇ ਕਿਸੇ ਹੋਰ ਨੂੰ ਉਸ ਦੀ ਜਗ੍ਹਾ ਲੈਣੀ ਪੈਂਦੀ ਹੈ, ਤਾਂ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਪਰ ਅਖ਼ੀਰ ਵਿਚ ਹਾਥੀ ਆਪਣੇ ਨਵੇਂ ਹਾਲਾਤਾਂ ਵਿਚ ਰਹਿਣਾ ਸਿੱਖ ਲੈਂਦਾ ਹੈ।

ਭਾਵੇਂ ਕਈ ਲੋਕ ਹਾਥੀਆਂ ਤੋਂ ਡਰਦੇ ਹਨ, ਪਰ ਇਕ ਟ੍ਰੇਨ ਕੀਤਾ ਹੋਇਆ ਹਾਥੀ ਆਪਣੇ ਕੋਮਲ ਮਹਾਵਤ ਦਾ ਕਹਿਣਾ ਮੰਨੇਗਾ। ਜੇ ਮਹਾਵਤ ਕੋਮਲਤਾ ਨਾਲ ਪੇਸ਼ ਆਉਂਦਾ ਹੈ, ਤਾਂ ਭਾਵੇਂ ਉਹ ਹਾਥੀ ਤੋਂ ਥੋੜ੍ਹਾ ਦੂਰ ਵੀ ਹੋ ਜਾਵੇ, ਫਿਰ ਵੀ ਹਾਥੀ ਨੂੰ ਸੰਗਲ ਨਾਲ ਬੰਨ੍ਹਣ ਦੀ ਕੋਈ ਲੋੜ ਨਹੀਂ ਪੈਂਦੀ। ਜੇ ਮਹਾਵਤ ਸੋਟੀ ਦਾ ਇਕ ਪਾਸਾ ਹਾਥੀ ਦੇ ਪੈਰ ਉੱਤੇ ਰੱਖੇ ਅਤੇ ਦੂਜਾ ਪਾਸਾ ਜ਼ਮੀਨ ਉੱਤੇ ਅਤੇ ਹਾਥੀ ਨੂੰ ਨਾ ਹਿੱਲਣ ਦਾ ਹੁਕਮ ਦੇਵੇ, ਤਾਂ ਹਾਥੀ ਉੱਥੋਂ ਹਿੱਲੇਗਾ ਨਹੀਂ। ਜਿਵੇਂ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਦੇਖਿਆ ਸੀ ਹਾਥੀ ਤੇ ਮਹਾਵਤ ਦਾ ਨਜ਼ਦੀਕੀ ਦਾ ਰਿਸ਼ਤਾ ਹੋ ਸਕਦਾ ਹੈ ਅਤੇ ਉਹ ਮਿਲ ਕੇ ਕੰਮ ਕਰ ਸਕਦੇ ਹਨ। ਹਾਂ, ਇਕ ਚੰਗਾ ਮਹਾਵਤ ਆਪਣੇ ਹਾਥੀ ਉੱਤੇ ਭਰੋਸਾ ਰੱਖ ਸਕਦਾ ਹੈ। (g09 04)

[ਸਫ਼ਾ 12 ਉੱਤੇ ਡੱਬੀ/ਤਸਵੀਰ]

ਇਨਸਾਨ ਤੇ ਹਾਥੀ ਦੀ ਕਹਾਣੀ ਪੁਰਾਣੀ ਹੈ

ਇਨਸਾਨਾਂ ਨੇ ਸਦੀਆਂ ਤੋਂ ਹਾਥੀਆਂ ਨੂੰ ਆਪਣੇ ਵੱਸ ਵਿਚ ਕੀਤਾ ਹੈ। ਸ਼ਾਇਦ ਇਤਿਹਾਸ ਦੀ ਸਭ ਤੋਂ ਮਸ਼ਹੂਰ ਮਿਸਾਲ ਹੈਨੀਬਲ ਦੀ ਹੈ ਜੋ ਕਾਰਥਿਜ ਤੋਂ ਇਕ ਜਰਨੈਲ ਸੀ। ਤੀਸਰੀ ਸਦੀ ਈ.ਪੂ. ਵਿਚ ਉੱਤਰੀ ਅਫ਼ਰੀਕਾ ਦਾ ਕਾਰਥਿਜ ਸ਼ਹਿਰ ਰੋਮ ਨਾਲ ਕਈ ਵਾਰ ਲੜਦਾ ਰਿਹਾ। ਹੈਨੀਬਲ ਨੇ ਸਪੇਨ ਦੇ ਕਾਟਾਜੇਨਾ ਸ਼ਹਿਰ ਵਿਚ ਫ਼ੌਜ ਇਕੱਠੀ ਕੀਤੀ ਤਾਂਕਿ ਉਹ ਰੋਮ ਉੱਤੇ ਹਮਲਾ ਕਰ ਸਕੇ। ਪਹਿਲਾਂ ਇਸ ਫ਼ੌਜ ਨੂੰ ਪੈਦਲ ਪਿਰੇਨੀਜ਼ ਪਹਾੜ ਪਾਰ ਕਰਨੇ ਪਏ। ਫਿਰ 25,000 ਫ਼ੌਜੀ, 37 ਅਫ਼ਰੀਕੀ ਹਾਥੀ ਅਤੇ ਮਾਲ ਨਾਲ ਲੱਦੇ ਹੋਏ ਬਹੁਤ ਸਾਰੇ ਜਾਨਵਰ ਐਲਪਸ ਪਰਬਤ ਪਾਰ ਕਰ ਕੇ ਇਟਲੀ ਪਹੁੰਚੇ। ਇਕ ਰਸਾਲੇ ਨੇ ਕਿਹਾ ਕਿ “ਇਹ ਇਤਿਹਾਸ ਵਿਚ ਸਭ ਤੋਂ ਬਹਾਦਰ ਸੈਨਿਕ ਕਾਰਵਾਈ ਸੀ।” ਉਨ੍ਹਾਂ ਨੂੰ ਕੜਾਕੇ ਦੀ ਠੰਢ, ਬਰਫ਼ਾਨੀ ਤੂਫ਼ਾਨ, ਡਿੱਗਦੇ ਪੱਥਰ ਅਤੇ ਪਹਾੜੀ ਕਬੀਲੇ ਦੇ ਹਮਲਿਆਂ ਦਾ ਸਾਮ੍ਹਣਾ ਕਰਨਾ ਪਿਆ। ਇਹ ਸਫ਼ਰ ਖ਼ਾਸ ਕਰਕੇ ਹਾਥੀਆਂ ਲਈ ਬਹੁਤ ਕਠਿਨ ਸੀ। ਸਾਰੇ ਹਾਥੀ ਇਟਲੀ ਵਿਚ ਪਹਿਲੇ ਹੀ ਸਾਲ ਦੇ ਵਿਚ ਮਰ ਗਏ।

[ਕ੍ਰੈਡਿਟ ਲਾਈਨ]

© Look and Learn Magazine Ltd/The Bridgeman Art Library

[ਸਫ਼ਾ 10 ਉੱਤੇ ਤਸਵੀਰ]

ਮਹਾਵਤ ਹਾਥੀ ਦੀ ਮੋਟੀ, ਪਰ ਨਰਮ ਚਮੜੀ ਨੂੰ ਮਲ-ਮਲ ਕੇ ਧੋਂਦਾ ਹੈ

[ਕ੍ਰੈਡਿਟ ਲਾਈਨ]

© Vidler⁄mauritius images⁄age fotostock

[ਸਫ਼ਾ 11 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© PhotosIndia/age fotostock