Skip to content

Skip to table of contents

ਅਸੀਂ ਗਰਭਪਾਤ ਕਿਉਂ ਨਹੀਂ ਕਰਾਇਆ

ਅਸੀਂ ਗਰਭਪਾਤ ਕਿਉਂ ਨਹੀਂ ਕਰਾਇਆ

ਅਸੀਂ ਗਰਭਪਾਤ ਕਿਉਂ ਨਹੀਂ ਕਰਾਇਆ

ਵਿਕਟੋਰੀਆ ਨੇ ਆਪਣੇ ਬੁਆਏ-ਫ੍ਰੈਂਡ ਬਿਲ ਨੂੰ ਦੱਸਿਆ ਕਿ ਉਹ ਗਰਭਪਾਤ ਨਹੀਂ ਕਰਾਏਗੀ। ਉਸ ਨੇ ਕਿਹਾ: “ਮੇਰੇ ਅੰਦਰ ਇਕ ਜਾਨ ਪਲ ਰਹੀ ਸੀ। ਮੈਨੂੰ ਪਤਾ ਸੀ ਕਿ ਜੇ ਮੈਂ ਬਿਲ ਦੇ ਨਾਲ ਰਹੀ, ਤਾਂ ਉਹ ਮੇਰਾ ਸਾਥ ਨਹੀਂ ਦੇਵੇਗਾ। ਇਸ ਲਈ ਮੈਂ ਉਸ ਨੂੰ ਛੱਡ ਕੇ ਚਲੀ ਗਈ।”

ਪਰ ਬਾਅਦ ਵਿਚ ਬਿਲ ਨੇ ਆਪਣੀ ਸੋਚਣੀ ਬਦਲ ਲਈ ਤੇ ਵਿਕਟੋਰੀਆ ਨਾਲ ਵਿਆਹ ਕਰਾ ਲਿਆ। ਫਿਰ ਵੀ ਉਨ੍ਹਾਂ ਨੂੰ ਆਪਣੇ ਨਵਜੰਮੇ ਬੱਚੇ ਦੀ ਦੇਖ-ਭਾਲ ਕਰਨੀ ਬਹੁਤ ਔਖੀ ਲੱਗੀ। ਵਿਕਟੋਰੀਆ ਦੱਸਦੀ ਹੈ: “ਸਾਡੇ ਕੋਲ ਨਾ ਤਾਂ ਗੱਡੀ ਸੀ ਤੇ ਨਾ ਪੈਸੇ। ਥੋੜ੍ਹੇ-ਬਹੁਤੇ ਕੱਪੜਿਆਂ ਤੋਂ ਇਲਾਵਾ ਸਾਡੇ ਕੋਲ ਹੋਰ ਬਹੁਤਾ ਕੁਝ ਨਹੀਂ ਸੀ। ਅਸੀਂ ਛੋਟੇ ਜਿਹੇ ਅਪਾਰਟਮੈਂਟ ਵਿਚ ਰਹਿੰਦੇ ਸੀ ਤੇ ਬਿਲ ਦੀ ਤਨਖ਼ਾਹ ਬਹੁਤ ਥੋੜ੍ਹੀ ਸੀ। ਪਰ ਫਿਰ ਵੀ ਸਾਡਾ ਗੁਜ਼ਾਰਾ ਹੁੰਦਾ ਰਿਹਾ।”

ਭਾਵੇਂ ਕਈਆਂ ਦਾ ਬੱਚਾ ਪੈਦਾ ਕਰਨ ਦਾ ਇਰਾਦਾ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਬੱਚਾ ਨਹੀਂ ਗਿਰਾਉਣਗੇ। ਇਸ ਕਰਕੇ ਉਨ੍ਹਾਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਸੋ ਬੱਚਾ ਪਾਲਣ ਵਿਚ ਉਨ੍ਹਾਂ ਦੀ ਮਦਦ ਕਿਵੇਂ ਹੋਈ ਜਦ ਕਿ ਉਨ੍ਹਾਂ ਦਾ ਬੱਚਾ ਪੈਦਾ ਕਰਨ ਦਾ ਇਰਾਦਾ ਨਹੀਂ ਸੀ ਜਾਂ ਉਹ ਬੱਚਾ ਨਹੀਂ ਚਾਹੁੰਦੇ ਸਨ? ਉਨ੍ਹਾਂ ਨੂੰ ਬਾਈਬਲ ਤੋਂ ਵਧੀਆ ਸਲਾਹ ਮਿਲੀ।

ਕਾਹਲੀ ਨਾ ਕਰੋ—ਸੋਚ-ਸਮਝ ਕੇ ਚੱਲੋ

ਬਾਈਬਲ ਕਹਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।”ਕਹਾਉਤਾਂ 21:5, CL.

ਕੌਨੀ ਪਹਿਲਾਂ ਹੀ ਤਿੰਨ ਮੁੰਡਿਆਂ ਦੀ ਮਾਂ ਸੀ ਅਤੇ ਉਨ੍ਹਾਂ ਵਿੱਚੋਂ ਇਕ ਅਪਾਹਜ ਸੀ। ਇਸ ਕਰਕੇ ਜਦ ਉਸ ਨੂੰ ਪਤਾ ਲੱਗਾ ਕਿ ਉਹ ਫਿਰ ਤੋਂ ਮਾਂ ਬਣਨ ਵਾਲੀ ਹੈ, ਤਾਂ ਉਹ ਬਹੁਤ ਹੀ ਪਰੇਸ਼ਾਨ ਹੋਈ। ਉਸ ਨੇ ਕਿਹਾ: “ਸਾਡਾ ਹੱਥ ਪਹਿਲਾਂ ਹੀ ਤੰਗ ਸੀ। ਇਸ ਲਈ ਅਸੀਂ ਗਰਭਪਾਤ ਕਰਾਉਣ ਬਾਰੇ ਸੋਚਿਆ।” ਪਰ ਕਾਹਲੀ ਵਿਚ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਨੇ ਕੰਮ ਤੇ ਕੇ ਨਾਂ ਦੀ ਆਪਣੀ ਸਹੇਲੀ ਨਾਲ ਗੱਲਬਾਤ ਕੀਤੀ। ਕੇ ਨੇ ਉਸ ਨੂੰ ਸਮਝਾਇਆ ਕਿ ਉਸ ਦੇ ਅੰਦਰ ਇਕ ਜੀਉਂਦਾ-ਜਾਗਦਾ ਬੱਚਾ ਸੀ। ਜਦ ਕੌਨੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਤਾਂ ਉਸ ਨੇ ਆਪਣਾ ਇਰਾਦਾ ਬਦਲ ਲਿਆ।

ਪਰ ਕੌਨੀ ਨੂੰ ਮਦਦ ਦੀ ਲੋੜ ਸੀ। ਉਸ ਦੀ ਮਾਸੀ ਉਸੇ ਇਲਾਕੇ ਵਿਚ ਰਹਿੰਦੀ ਸੀ ਤੇ ਕੇ ਨੇ ਕੌਨੀ ਨੂੰ ਸਲਾਹ ਦਿੱਤੀ ਕਿ ਉਹ ਉਸ ਨਾਲ ਗੱਲ ਕਰੇ। ਉਸ ਦੀ ਮਾਸੀ ਮਦਦ ਕਰਨ ਲਈ ਖ਼ੁਸ਼ ਸੀ। ਇਸ ਤੋਂ ਇਲਾਵਾ ਕੌਨੀ ਦੇ ਪਤੀ ਨੇ ਹੋਰ ਕਮਾਈ ਕੀਤੀ ਤੇ ਉਹ ਸਸਤੇ ਅਪਾਰਟਮੈਂਟ ਵਿਚ ਰਹਿਣ ਲੱਗੇ। ਇਸ ਤਰ੍ਹਾਂ ਉਹ ਆਪਣੇ ਬੱਚੇ ਦੀ ਦੇਖ-ਭਾਲ ਕਰ ਸਕੇ।

ਕੇ ਨੇ ਕੌਨੀ ਨੂੰ ਅਜਿਹੀਆਂ ਏਜੰਸੀਆਂ ਬਾਰੇ ਵੀ ਦੱਸਿਆ ਜੋ ਉਸ ਦੀ ਮਦਦ ਕਰ ਸਕਦੀਆਂ ਸਨ। ਕਈ ਦੇਸ਼ਾਂ ਵਿਚ ਇਹ ਏਜੰਸੀਆਂ ਲੋੜਵੰਦ ਮਾਵਾਂ ਦੀ ਮਦਦ ਕਰਦੀਆਂ ਹਨ। ਇਨ੍ਹਾਂ ਬਾਰੇ ਇੰਟਰਨੈੱਟ ਰਾਹੀਂ ਜਾਂ ਟੈਲੀਫ਼ੋਨ ਡਾਇਰੈਕਟਰੀ ਵਿਚ ਪਤਾ ਕੀਤਾ ਜਾ ਸਕਦਾ ਹੈ। ਮਦਦ ਭਾਲਣ ਲਈ ਸਾਨੂੰ ਸ਼ਾਇਦ ਲੱਖ ਕੋਸ਼ਿਸ਼ ਕਰਨੀ ਪਵੇ, ਪਰ ‘ਮਿਹਨਤੀ ਮਨੁੱਖ ਦੀਆਂ ਯੋਜਨਾਵਾਂ’ ਸਫ਼ਲ ਹੁੰਦੀਆਂ ਹਨ।

ਇਹ ਇਕ ਨੰਨ੍ਹੀ ਜਾਨ ਹੈ

ਬਾਈਬਲ ਵਿਚ ਲਿਖਿਆ ਹੈ: “ਬੁੱਧਵਾਨ ਦੀਆਂ ਅੱਖੀਆਂ ਸਿਰ ਵਿੱਚ ਰਹਿੰਦੀਆਂ ਹਨ, ਪਰ ਮੂਰਖ ਅਨ੍ਹੇਰੇ ਵਿੱਚ ਤੁਰਦਾ ਹੈ।”ਉਪਦੇਸ਼ਕ ਦੀ ਪੋਥੀ 2:14.

ਇਕ ਸਮਝਦਾਰ ਤੀਵੀਂ ਆਪਣੀਆਂ ਅੱਖਾਂ ਬੰਦ ਕਰ ਕੇ ‘ਅਨ੍ਹੇਰੇ ਵਿੱਚ ਨਹੀਂ ਤੁਰਦੀ।’ ਉਹ ‘ਸਿਰ ਵਿੱਚ ਆਪਣੀਆਂ ਅੱਖੀਆਂ’ ਵਰਤਦੀ ਹੈ ਯਾਨੀ ਸੋਚ-ਸਮਝ ਕੇ ਫ਼ੈਸਲੇ ਕਰਦੀ ਹੈ। ਉਹ ਇਹ ਵੀ ਸਮਝਦੀ ਹੈ ਕਿ ਉਸ ਦੇ ਫ਼ੈਸਲਿਆਂ ਦੇ ਕੀ ਨਤੀਜੇ ਨਿਕਲਣਗੇ। ਉਹ ਉਸ ਤੀਵੀਂ ਵਰਗੀ ਨਹੀਂ ਜੋ ਅੱਖਾਂ ਮੀਟ ਕੇ ਇਸ ਦਾ ਇਨਕਾਰ ਕਰਦੀ ਹੈ ਕਿ ਉਸ ਦੇ ਅੰਦਰ ਇਕ ਜਾਨ ਪਲ ਰਹੀ ਹੈ। ਪਰ ਸਮਝਦਾਰ ਤੀਵੀਂ ਗਰਭਪਾਤ ਕਰਾਉਣ ਦੀ ਬਜਾਇ ਆਪਣੀ ਕੁੱਖ ਵਿਚ ਪਲ ਰਹੇ ਬੱਚੇ ਉੱਤੇ ਦਇਆ ਕਰਦੀ ਹੈ।

ਸਟੈਫ਼ਨੀ ਨਾਂ ਦੀ ਗਰਭਵਤੀ ਲੜਕੀ ਆਪਣੇ ਬੱਚੇ ਨੂੰ ਗਿਰਾਉਣ ਬਾਰੇ ਸੋਚ ਰਹੀ ਸੀ। ਫਿਰ ਅਲਟ੍ਰਾਸਾਊਂਡ ਸਕੈਨ ਕਰਾਉਣ ਤੋਂ ਬਾਅਦ ਉਸ ਨੂੰ ਉਸ ਦੇ ਢਿੱਡ ਵਿਚ ਦੋ ਮਹੀਨਿਆਂ ਦੇ ਬੱਚੇ ਦੀ ਤਸਵੀਰ ਦਿਖਾਈ ਗਈ। ਸਟੈਫ਼ਨੀ ਨੇ ਕਿਹਾ: “ਮੈਂ ਫੁੱਟ-ਫੁੱਟ ਕੇ ਰੋ ਪਈ ਤੇ ਸੋਚਿਆ: ਮੈਂ ਇਸ ਨੰਨ੍ਹੀ ਜਾਨ ਨੂੰ ਕਿੱਦਾਂ ਮਾਰ ਸਕਦੀ ਹਾਂ?”

ਡਨੀਜ਼ ਨਾਂ ਦੀ ਕੁਆਰੀ ਕੁੜੀ ਨੂੰ ਵੀ ਇਸ ਗੱਲ ਦਾ ਸਾਮ੍ਹਣਾ ਕਰਨਾ ਪਿਆ ਕਿ ਉਸ ਅੰਦਰ ਇਕ ਜੀਉਂਦੀ ਜਾਨ ਸੀ। ਜਦ ਉਸ ਦੇ ਬੁਆਏ-ਫ੍ਰੈਂਡ ਨੇ ਉਸ ਨੂੰ ਪੈਸੇ ਦੇ ਕੇ ਕਿਹਾ ਕਿ “ਓਪਰੇਸ਼ਨ ਕਰਾ ਲੈ,” ਤਾਂ ਡਨੀਜ਼ ਨੇ ਜਵਾਬ ਦਿੱਤਾ: “ਬੱਚਾ ਗਿਰਾ ਲਵਾਂ? ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ!” ਉਸ ਨੇ ਆਪਣੇ ਬੱਚੇ ਦੀ ਜਾਨ ਲੈਣ ਤੋਂ ਇਨਕਾਰ ਕੀਤਾ।

ਇਨਸਾਨਾਂ ਤੋਂ ਨਾ ਡਰੋ

ਜੇ ਦੂਸਰੇ ਲੋਕ ਤੁਹਾਡੇ ਉੱਤੇ ਜ਼ੋਰ ਪਾਉਣ ਕਿ ਤੁਸੀਂ ਗਰਭਪਾਤ ਕਰਾਓ, ਤਾਂ ਉਨ੍ਹਾਂ ਦੀਆਂ ਗੱਲਾਂ ਵਿਚ ਆਉਣ ਤੋਂ ਪਹਿਲਾਂ ਤੁਹਾਨੂੰ ਬਾਈਬਲ ਦੀ ਇਸ ਕਹਾਵਤ ਬਾਰੇ ਸੋਚਣਾ ਚਾਹੀਦਾ ਹੈ: “ਦੂਜਿਆਂ ਤੋਂ ਡਰਨ ਵਾਲੇ ਡਰ ਵਿਚ ਹੀ ਫਸ ਜਾਂਦੇ ਹਨ, ਪਰ ਪ੍ਰਭੂ ਦਾ ਡਰ ਰੱਖਣ ਵਾਲਾ ਸੁਰੱਖਿਅਤ ਰਹਿੰਦਾ ਹੈ।”ਕਹਾਉਤਾਂ 29:25, CL.

17 ਸਾਲਾਂ ਦੀ ਮੋਨਿਕਾ ਬਿਜ਼ਨਿਸ ਸਕੂਲ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਜਦ ਉਸ ਨੂੰ ਤੇ ਉਸ ਦੇ ਬੁਆਏ-ਫ੍ਰੈਂਡ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ। ਇਹ ਸੁਣ ਕੇ ਉਸ ਦੀ ਪੰਜ ਬੱਚਿਆਂ ਵਾਲੀ ਵਿਧਵਾ ਮਾਂ ਬਹੁਤ ਦੁਖੀ ਹੋਈ। ਉਹ ਚਾਹੁੰਦੀ ਸੀ ਕਿ ਉਸ ਦੀ ਧੀ ਕੋਈ ਕੰਮ-ਧੰਦਾ ਸਿੱਖ ਕੇ ਗ਼ਰੀਬੀ ਵਿੱਚੋਂ ਨਿਕਲ ਆਵੇ। ਹੋਰ ਕੋਈ ਚਾਰਾ ਨਾ ਦਿੱਸਣ ਕਰਕੇ ਉਸ ਦੀ ਮਾਂ ਨੇ ਉਸ ਉੱਤੇ ਜ਼ੋਰ ਪਾਇਆ ਕਿ ਉਹ ਗਰਭਪਾਤ ਕਰਾਵੇ। ਮੋਨਿਕਾ ਦੱਸਦੀ ਹੈ: “ਜਦ ਡਾਕਟਰ ਨੇ ਮੈਨੂੰ ਪੁੱਛਿਆ ਕਿ ‘ਕੀ ਤੂੰ ਬੱਚਾ ਗਿਰਾਉਣਾ ਚਾਹੁੰਦੀ ਹੈਂ?’ ਮੈਂ ਉਸ ਨੂੰ ਨਾਂਹ ਵਿਚ ਜਵਾਬ ਦਿੱਤਾ।”

ਮੋਨਿਕਾ ਦੀ ਮਾਂ ਨੂੰ ਲੱਗਾ ਕਿ ਉਸ ਦੀ ਧੀ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਤੇ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਸਿਰ ’ਤੇ ਇਕ ਹੋਰ ਬੱਚੇ ਦੀ ਜ਼ਿੰਮੇਵਾਰੀ ਹੋਵੇ। ਇਸ ਲਈ ਉਸ ਨੇ ਉਸ ਨੂੰ ਘਰੋਂ ਕੱਢ ਦਿੱਤਾ। ਮੋਨਿਕਾ ਆਪਣੀ ਮਾਸੀ ਨਾਲ ਰਹਿਣ ਚਲੇ ਗਈ। ਕੁਝ ਹੀ ਹਫ਼ਤਿਆਂ ਬਾਅਦ ਉਸ ਦੀ ਮਾਂ ਦਾ ਗੁੱਸਾ ਠੰਢਾ ਹੋਣ ਤੇ ਉਸ ਨੇ ਮੋਨਿਕਾ ਨੂੰ ਫਿਰ ਤੋਂ ਘਰ ਬੁਲਾ ਲਿਆ। ਜਦ ਬੱਚਾ ਪੈਦਾ ਹੋਇਆ, ਤਾਂ ਉਸ ਦਾ ਨਾਂ ਲੀਓਨ ਰੱਖਿਆ ਗਿਆ। ਮੋਨਿਕਾ ਦੀ ਮਾਂ ਨੇ ਉਸ ਦੀ ਦੇਖ-ਭਾਲ ਕਰਨ ਵਿਚ ਮਦਦ ਕੀਤੀ ਅਤੇ ਉਹ ਉਸ ਮੁੰਡੇ ਨੂੰ ਬਹੁਤ ਪਿਆਰ ਕਰਨ ਲੱਗੀ।

ਰੌਬਿਨ ਨਾਂ ਦੀ ਸ਼ਾਦੀ-ਸ਼ੁਦਾ ਔਰਤ ਉੱਤੇ ਗਰਭਪਾਤ ਕਰਾਉਣ ਦਾ ਦਬਾਅ ਹੋਰ ਪਾਸਿਓਂ ਆਇਆ। ਰੌਬਿਨ ਦੱਸਦੀ ਹੈ: “ਮੈਂ ਡਾਕਟਰ ਕੋਲ ਗੁਰਦਿਆਂ ਦੀ ਇਨਫ਼ੈਕਸ਼ਨ ਦਾ ਇਲਾਜ ਕਰਾਉਣ ਗਈ ਤੇ ਬਾਅਦ ਵਿਚ ਮੈਨੂੰ ਇਹ ਵੀ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ। ਡਾਕਟਰ ਨੂੰ ਫ਼ਿਕਰ ਸੀ ਕਿ ਬੱਚੇ ਦੇ ਦਿਮਾਗ਼ ਵਿਚ ਵੱਡਾ ਨੁਕਸ ਹੋਵੇਗਾ।” ਇਸ ਲਈ ਉਸ ਨੇ ਰੌਬਿਨ ’ਤੇ ਬੱਚਾ ਗਿਰਾਉਣ ਦਾ ਜ਼ੋਰ ਪਾਇਆ। ਰੌਬਿਨ ਕਹਿੰਦੀ ਹੈ: “ਮੈਂ ਉਸ ਨੂੰ ਸਮਝਾਇਆ ਕਿ ਬਾਈਬਲ ਦੱਸਦੀ ਹੈ ਕਿ ਰੱਬ ਦੀਆਂ ਨਜ਼ਰਾਂ ਵਿਚ ਹਰੇਕ ਜਾਨ ਬਹੁਤ ਕੀਮਤੀ ਹੈ। ਇਸ ਕਰਕੇ ਮੈਂ ਆਪਣਾ ਬੱਚਾ ਹਰਗਿਜ਼ ਨਹੀਂ ਗਿਰਾ ਸਕਦੀ ਸੀ।”

ਭਾਵੇਂ ਡਾਕਟਰ ਦਾ ਫ਼ਿਕਰ ਜਾਇਜ਼ ਸੀ, ਪਰ ਰੌਬਿਨ ਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਸੀ। * ਰੌਬਿਨ ਅੱਗੇ ਦੱਸਦੀ ਹੈ: “ਜਦ ਮੇਰੀ ਬੱਚੀ ਪੈਦਾ ਹੋਈ, ਤਾਂ ਟੈੱਸਟ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿਚ ਬਹੁਤਾ ਨੁਕਸ ਨਹੀਂ ਸੀ। ਫਿਰ ਵੀ ਉਸ ਨੂੰ ਦਿਮਾਗ਼ੀ ਅਧਰੰਗ ਦੀ ਬੀਮਾਰੀ ਸੀ। ਹੁਣ ਉਹ 15 ਸਾਲਾਂ ਦੀ ਹੈ ਤੇ ਉਹ ਆਮ ਕਰਕੇ ਠੀਕ ਹੀ ਰਹਿੰਦੀ ਹੈ। ਉਹ ਪੜ੍ਹਨ ਵਿਚ ਵੀ ਤਰੱਕੀ ਕਰ ਰਹੀ ਹੈ। ਮੈਂ ਉਸ ਨੂੰ ਬੇਹੱਦ ਪਿਆਰ ਕਰਦੀ ਹਾਂ ਤੇ ਦਿਨ ਵਿਚ ਕਈ ਵਾਰ ਉਸ ਲਈ ਯਹੋਵਾਹ ਦਾ ਸ਼ੁਕਰ ਕਰਦੀ ਹਾਂ।”

ਰੱਬ ਨਾਲ ਦੋਸਤੀ ਕਰ ਕੇ ਸ਼ਕਤੀ ਪਾਓ

ਬਾਈਬਲ ਕਹਿੰਦੀ ਹੈ ਕਿ “ਸਚਿਆਰਾਂ ਨਾਲ [ਯਹੋਵਾਹ] ਦੀ ਦੋਸਤੀ ਹੈ।”ਕਹਾਉਤਾਂ 3:32.

ਕਈ ਲੋਕ ਇਸ ਲਈ ਗਰਭਪਾਤ ਕਰਾਉਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਰੱਬ ਇਸ ਬਾਰੇ ਕੀ ਸੋਚਦਾ ਹੈ। ਉਨ੍ਹਾਂ ਲਈ ਰੱਬ ਨਾਲ ਦੋਸਤੀ ਕਰਨੀ ਅਤੇ ਉਸ ਨੂੰ ਖ਼ੁਸ਼ ਕਰਨਾ ਸਭ ਤੋਂ ਜ਼ਰੂਰੀ ਹੈ। ਇਸੇ ਗੱਲ ਨੇ ਵਿਕਟੋਰੀਆ ਦੇ ਫ਼ੈਸਲੇ ਉੱਤੇ ਵੱਡਾ ਪ੍ਰਭਾਵ ਪਾਇਆ ਸੀ। ਉਹ ਕਹਿੰਦੀ ਹੈ: “ਮੈਨੂੰ ਪੱਕਾ ਯਕੀਨ ਹੈ ਕਿ ਰੱਬ ਜੀਵਨ ਦਿੰਦਾ ਹੈ ਤੇ ਸਿਰਫ਼ ਉਸੇ ਕੋਲ ਜੀਵਨ ਲੈਣ ਦਾ ਹੱਕ ਹੈ।”

ਜਦ ਵਿਕਟੋਰੀਆ ਨੇ ਪੂਰੇ ਦਿਲ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਰੱਬ ਨਾਲ ਉਸ ਦੀ ਦੋਸਤੀ ਹੋਰ ਵੀ ਪੱਕੀ ਹੋਈ। ਉਸ ਨੇ ਕਿਹਾ: “ਜਿਸ ਸਮੇਂ ਤੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਗਰਭਪਾਤ ਨਹੀਂ ਕਰਾਵਾਂਗੀ, ਰੱਬ ਨਾਲ ਮੇਰਾ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ ਤੇ ਮੈਂ ਚਾਹੁੰਦੀ ਸੀ ਕਿ ਹਰ ਗੱਲ ਵਿਚ ਮੈਂ ਉਸ ਨੂੰ ਖ਼ੁਸ਼ ਕਰਾਂ। ਜਦ ਵੀ ਮੈਂ ਉਸ ਦੀ ਮਦਦ ਲਈ ਪ੍ਰਾਰਥਨਾ ਕਰਦੀ ਸੀ, ਤਾਂ ਸਭ ਕੁਝ ਠੀਕ ਹੀ ਹੋ ਜਾਂਦਾ ਸੀ।”

ਰੱਬ ਸਾਡਾ ਜੀਵਨ-ਦਾਤਾ ਹੈ। ਜੇ ਅਸੀਂ ਉਸ ਨਾਲ ਦੋਸਤੀ ਕਰਾਂਗੇ, ਤਾਂ ਅਸੀਂ ਕੁੱਖ ਵਿਚ ਪਲ ਰਹੀ ਜਾਨ ਦੀ ਕਦਰ ਕਰਾਂਗੇ। (ਜ਼ਬੂਰਾਂ ਦੀ ਪੋਥੀ 36:9) ਇਸ ਦੇ ਨਾਲ-ਨਾਲ ਰੱਬ ਇਕ ਤੀਵੀਂ ਤੇ ਉਸ ਦੇ ਪਰਿਵਾਰ ਨੂੰ “ਮਹਾ-ਸ਼ਕਤੀ” ਦੇ ਸਕਦਾ ਹੈ ਤਾਂਕਿ ਉਹ ਬੱਚਾ ਪਾਲਣ ਵਿਚ ਸਫ਼ਲ ਹੋਣ, ਭਾਵੇਂ ਉਨ੍ਹਾਂ ਦਾ ਇਰਾਦਾ ਨਹੀਂ ਸੀ ਕਿ ਉਹ ਬੱਚਾ ਪੈਦਾ ਕਰਨ। (2 ਕੁਰਿੰਥੀਆਂ 4:7, CL) ਹੁਣ ਉਨ੍ਹਾਂ ਨੂੰ ਕਿੱਦਾਂ ਲੱਗਦਾ ਹੈ ਜਿਨ੍ਹਾਂ ਨੇ ਰੱਬ ਦਾ ਕਹਿਣਾ ਮੰਨ ਕੇ ਗਰਭਪਾਤ ਨਹੀਂ ਕਰਾਇਆ?

ਕੋਈ ਪਛਤਾਵਾ ਨਹੀਂ

ਇਨ੍ਹਾਂ ਮਾਪਿਆਂ ਨੂੰ ਆਪਣੇ ਫ਼ੈਸਲੇ ਤੋਂ ਕੋਈ ਪਛਤਾਵਾ ਨਹੀਂ ਤੇ ਨਾ ਹੀ ਉਹ ਇਸ ਤੋਂ ਨਿਰਾਸ਼ ਜਾਂ ਦੁਖੀ ਹਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਕਬੂਲ ਕੀਤਾ ਕਿ “ਢਿੱਡ ਦਾ ਫਲ” ਇਨਾਮ ਹੈ, ਸਰਾਪ ਨਹੀਂ! (ਜ਼ਬੂਰਾਂ ਦੀ ਪੋਥੀ 127:3) ਕੌਨੀ ਨੇ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਸਿਰਫ਼ ਦੋ ਘੰਟੇ ਬਾਅਦ ਹੀ ਇਹ ਗੱਲ ਕਬੂਲ ਕੀਤੀ! ਖ਼ੁਸ਼ੀ ਦੇ ਮਾਰੇ ਉਸ ਨੇ ਆਪਣੀ ਸਹੇਲੀ ਕੇ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਪਾਲਣ ਲਈ ਕਿੰਨੀ ਉਤਾਵਲੀ ਸੀ। ਖ਼ੁਸ਼ੀ ਨਾਲ ਝੂਮਦੀ ਹੋਈ ਉਸ ਨੇ ਅੱਗੇ ਕਿਹਾ: “ਇਹ ਸੱਚ ਹੈ ਕਿ ਰੱਬ ਉਨ੍ਹਾਂ ਦੀ ਝੋਲੀ ਭਰਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ।”

ਜ਼ਿੰਦਗੀ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਣਾ ਕਿਉਂ ਫ਼ਾਇਦੇਮੰਦ ਹੈ? ਕਿਉਂਕਿ ਜੀਵਨ-ਦਾਤਾ ਵਜੋਂ ਉਹ ਸਾਡੀ “ਭਲਿਆਈ ਲਈ” ਬਾਈਬਲ ਵਿਚ ਹੁਕਮ ਅਤੇ ਅਸੂਲ ਦਿੰਦਾ ਹੈ।—ਬਿਵਸਥਾ ਸਾਰ 10:13.

ਜਦ ਵਿਕਟੋਰੀਆ ਅਤੇ ਬਿਲ ਨੇ ਗਰਭਪਾਤ ਨਾ ਕਰਾਉਣ ਦਾ ਫ਼ੈਸਲਾ ਕੀਤਾ, ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਨਵਾਂ ਮੋੜ ਆਇਆ। ਉਹ ਸਮਝਾਉਂਦੇ ਹਨ: “ਅਸੀਂ ਬਹੁਤ ਡ੍ਰੱਗਜ਼ ਲੈਂਦੇ ਹੁੰਦੇ ਸੀ ਅਤੇ ਸ਼ਾਇਦ ਅਸੀਂ ਅੱਜ ਜ਼ਿੰਦਾ ਨਹੀਂ ਹੁੰਦੇ ਜੇ ਅਸੀਂ ਇਸ ਤਰ੍ਹਾਂ ਕਰਨ ਤੋਂ ਨਾ ਹਟਦੇ। ਪਰ ਆਪਣੇ ਅਣਜੰਮੇ ਬੱਚੇ ਦੀ ਜ਼ਿੰਦਗੀ ਬਾਰੇ ਸੋਚ ਕੇ ਅਸੀਂ ਆਪਣੀ ਜ਼ਿੰਦਗੀ ਬਾਰੇ ਵੀ ਸੋਚਣ ਲੱਗ ਪਏ। ਯਹੋਵਾਹ ਦੇ ਗਵਾਹਾਂ ਦੀ ਮਦਦ ਨਾਲ ਅਸੀਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਸਕੇ।”

ਉਨ੍ਹਾਂ ਦਾ ਮੁੰਡਾ ਲਾਂਸ ਲਗਭਗ 33 ਸਾਲਾਂ ਦਾ ਹੈ ਤੇ ਉਸ ਦੇ ਵਿਆਹ ਨੂੰ 12 ਸਾਲ ਹੋ ਗਏ ਹਨ। ਲਾਂਸ ਕਹਿੰਦਾ ਹੈ: “ਬਚਪਨ ਤੋਂ ਹੀ ਮੇਰੇ ਮਾਪਿਆਂ ਨੇ ਮੈਨੂੰ ਬਾਈਬਲ ਦੇ ਮੁਤਾਬਕ ਫ਼ੈਸਲੇ ਕਰਨੇ ਸਿਖਾਏ ਹਨ। ਇਸ ਦਾ ਫ਼ਾਇਦਾ ਨਾ ਸਿਰਫ਼ ਮੈਨੂੰ, ਪਰ ਮੇਰੀ ਪਤਨੀ ਤੇ ਬੱਚੇ ਨੂੰ ਵੀ ਹੋਇਆ ਹੈ ਜਿਸ ਕਰਕੇ ਅਸੀਂ ਆਪਣੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਾ ਸਕਦੇ।” ਲਾਂਸ ਦਾ ਪਿਤਾ ਬਿਲ, ਜੋ ਪਹਿਲਾਂ ਚਾਹੁੰਦਾ ਸੀ ਕਿ ਵਿਕਟੋਰੀਆ ਗਰਭਪਾਤ ਕਰਾ ਲਵੇ, ਕਹਿੰਦਾ ਹੈ: “ਇਹ ਸੋਚ ਕੇ ਸਾਨੂੰ ਕਾਂਬਾ ਛਿੜ ਜਾਂਦਾ ਹੈ ਕਿ ਅਸੀਂ ਕਿੰਨੀ ਵੱਡੀ ਗ਼ਲਤੀ ਕਰਨ ਵਾਲੇ ਸੀ। ਅਸੀਂ ਸੋਚ ਵੀ ਨਹੀਂ ਸਕਦੇ ਕਿ ਲਾਂਸ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ।”

ਮੋਨਿਕਾ ਬਾਰੇ ਵੀ ਸੋਚੋ ਜਿਸ ਨੇ ਆਪਣੀ ਮਾਂ ਦੇ ਦਬਾਅ ਦੇ ਬਾਵਜੂਦ ਆਪਣਾ ਬੱਚਾ ਨਹੀਂ ਗਿਰਾਇਆ ਸੀ। ਉਹ ਕਹਿੰਦੀ ਹੈ: “ਆਪਣੇ ਮੁੰਡੇ ਦੇ ਜਨਮ ਤੋਂ ਦੋ ਹਫ਼ਤੇ ਬਾਅਦ ਮੈਨੂੰ ਯਹੋਵਾਹ ਦੇ ਗਵਾਹ ਮਿਲੇ। ਉਨ੍ਹਾਂ ਤੋਂ ਮੈਂ ਸਿੱਖਿਆ ਕਿ ਮੈਂ ਰੱਬ ਦੇ ਕਹਿਣੇ ਅਨੁਸਾਰ ਕਿੱਦਾਂ ਜੀ ਸਕਦੀ ਹਾਂ। ਮੈਂ ਆਪਣੇ ਮੁੰਡੇ ਲੀਓਨ ਨੂੰ ਵੀ ਸਿਖਾਉਣ ਲੱਗੀ ਕਿ ਰੱਬ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ। ਸਮੇਂ ਦੇ ਬੀਤਣ ਨਾਲ ਉਸ ਨੇ ਰੱਬ ਨਾਲ ਗੂੜ੍ਹਾ ਰਿਸ਼ਤਾ ਕਾਇਮ ਕੀਤਾ। ਹੁਣ ਉਹ ਸਰਕਟ ਨਿਗਾਹਬਾਨ ਦੇ ਤੌਰ ਤੇ ਸੇਵਾ ਕਰ ਰਿਹਾ ਹੈ ਜਿਸ ਦਾ ਕੰਮ ਹੈ ਥਾਂ-ਥਾਂ ਜਾ ਕੇ ਯਹੋਵਾਹ ਦੇ ਗਵਾਹਾਂ ਦੀ ਹੌਸਲਾ-ਅਫ਼ਜ਼ਾਈ ਕਰਨੀ।”

ਆਪਣੀ ਮਾਂ ਦੇ ਫ਼ੈਸਲੇ ਬਾਰੇ ਸੋਚ ਕੇ ਲੀਓਨ ਕਹਿੰਦਾ ਹੈ: “ਮੈਂ ਜਾਣਦਾ ਹਾਂ ਕਿ ਮੇਰੀ ਮਾਂ ਮੈਨੂੰ ਇੰਨਾ ਪਿਆਰ ਕਰਦੀ ਸੀ ਕਿ ਦਬਾਅ ਦੇ ਬਾਵਜੂਦ ਵੀ ਉਸ ਨੇ ਮੈਨੂੰ ਜ਼ਿੰਦਗੀ ਦਿੱਤੀ। ਹੁਣ ਮੈਂ ਵੀ ਆਪਣੀ ਜ਼ਿੰਦਗੀ ਦਾ ਪੂਰਾ ਫ਼ਾਇਦਾ ਉਠਾ ਕੇ ਇਸ ਤੋਹਫ਼ੇ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।”

ਜ਼ਿੰਦਗੀ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਣ ਵਾਲਿਆਂ ਨੂੰ ਕੋਈ ਪਛਤਾਵਾ ਨਹੀਂ ਕਿ ਉਨ੍ਹਾਂ ਨੇ ਆਪਣੇ ਪਿਆਰੇ ਬੱਚੇ ਦੀ ਜਾਨ ਬਚਾਈ। ਉਹ ਇਹ ਕਹਿ ਕੇ ਖ਼ੁਸ਼ ਹੁੰਦੇ ਹਨ ਕਿ “ਅਸੀਂ ਗਰਭਪਾਤ ਨਹੀਂ ਕਰਾਇਆ!” (g09 06)

[ਫੁਟਨੋਟ]

^ ਪੈਰਾ 20 ਜਣੇਪੇ ਵੇਲੇ ਜੇ ਮਾਂ ਜਾਂ ਬੱਚੇ ਦੀ ਜਾਨ ਬਚਾਉਣ ਦਾ ਫ਼ੈਸਲਾ ਕਰਨਾ ਪਵੇ, ਤਾਂ ਇਹ ਫ਼ੈਸਲਾ ਉਨ੍ਹਾਂ ਦੇ ਹੱਥ ਵਿਚ ਹੁੰਦਾ ਹੈ ਜੋ ਉਨ੍ਹਾਂ ਦੇ ਸਭ ਤੋਂ ਨਜ਼ਦੀਕ ਹਨ। ਪਰ ਖ਼ੁਸ਼ੀ ਦੀ ਗੱਲ ਹੈ ਕਿ ਕਈ ਦੇਸ਼ਾਂ ਵਿਚ ਡਾਕਟਰੀ ਇਲਾਜ ਵਿਚ ਤਰੱਕੀ ਹੋਣ ਕਰਕੇ ਇਸ ਤਰ੍ਹਾਂ ਦਾ ਫ਼ੈਸਲਾ ਘੱਟ ਹੀ ਕਰਨਾ ਪੈਂਦਾ ਹੈ।

[ਸਫ਼ਾ 15 ਉੱਤੇ ਤਸਵੀਰ]

ਸਟੈਫ਼ਨੀ ਨੇ ਆਪਣੇ ਢਿੱਡ ਵਿਚ ਦੋ ਮਹੀਨਿਆਂ ਦੇ ਬੱਚੇ ਦਾ ਸਕੈਨ ਦੇਖ ਕੇ ਫ਼ੈਸਲਾ ਕੀਤਾ

(ਰੂਪ-ਰੇਖਾ ਬਾਅਦ ਵਿਚ ਦਿੱਤੀ ਗਈ)

[ਸਫ਼ਾ 16 ਉੱਤੇ ਤਸਵੀਰ]

ਵਿਕਟੋਰੀਆ ਅਤੇ ਲਾਂਸ

[ਸਫ਼ੇ 16, 17 ਉੱਤੇ ਤਸਵੀਰ]

ਅੱਜ ਵਿਕਟੋਰੀਆ ਤੇ ਬਿਲ ਲਾਂਸ ਦੇ ਪਰਿਵਾਰ ਨਾਲ

[ਸਫ਼ਾ 17 ਉੱਤੇ ਤਸਵੀਰ]

ਮੋਨਿਕਾ ਤੇ ਉਸ ਦਾ ਮੁੰਡਾ ਲੀਓਨ ਸ਼ੁਕਰ ਕਰਦੇ ਹਨ ਕਿ ਉਸ ਨੇ 36 ਸਾਲ ਪਹਿਲਾਂ ਦਬਾਅ ਹੇਠ ਆ ਕੇ ਗਰਭਪਾਤ ਨਹੀਂ ਕਰਾਇਆ