ਆਪਣੇ ਬੱਚਿਆਂ ਨੂੰ ਇਕ ਚੰਗੀ ਸ਼ੁਰੂਆਤ ਦਿਓ
ਆਪਣੇ ਬੱਚਿਆਂ ਨੂੰ ਇਕ ਚੰਗੀ ਸ਼ੁਰੂਆਤ ਦਿਓ
ਕੈਨੇਡਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
◼ ਦ ਨਿਊਯਾਰਕ ਟਾਈਮਜ਼ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ‘ਟੈਲੀਵਿਯਨ ਤੋਂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ। ਪਰ ਜ਼ਿਆਦਾ ਦੇਰ ਲਈ ਟੀ.ਵੀ. ਅੱਗੇ ਬੈਠਣ ਕਾਰਨ ਕਈ ਬੱਚਿਆਂ ਦੇ ਸਰੀਰਾਂ ਅਤੇ ਦਿਮਾਗਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਜ਼ਿਆਦਾ ਦੇਰ ਲਈ ਟੀ.ਵੀ. ਦੇਖਣ ਕਾਰਨ ਉਨ੍ਹਾਂ ਨੂੰ ਕੋਈ ਕਲਾ ਸਿੱਖਣ, ਪੜ੍ਹਾਈ ਵਿਚ ਤਰੱਕੀ ਕਰਨ ਜਾਂ ਹੋਰਨਾਂ ਨਾਲ ਮਿਲਣ-ਜੁਲਣ ਦੇ ਮੌਕੇ ਘੱਟ ਹੀ ਮਿਲਦੇ ਹਨ।’
ਅਮਰੀਕਾ ਵਿਚ ਵਾਸ਼ਿੰਗਟਨ ਦੇ ਸੀਐਟਲ ਸ਼ਹਿਰ ਦੇ ਇਕ ਹਸਪਤਾਲ ਵਿਚ ਕੰਮ ਕਰਦੇ ਖੋਜਕਾਰਾਂ ਨੇ 2,500 ਬੱਚਿਆਂ ਦੀਆਂ ਟੀ.ਵੀ. ਦੇਖਣ ਦੀਆਂ ਆਦਤਾਂ ਦੀ ਸਟੱਡੀ ਕੀਤੀ। ਰਿਪੋਰਟ ਤੋਂ ਪਤਾ ਲੱਗਿਆ ਕਿ “ਇਕ ਤੋਂ ਤਿੰਨ ਸਾਲਾਂ ਦੇ ਬੱਚੇ ਜਿੰਨਾ ਜ਼ਿਆਦਾ ਟੀ.ਵੀ. ਦੇਖਦੇ ਹਨ, ਉੱਨਾ ਹੀ ਉਹ ਸੱਤ ਸਾਲਾਂ ਦੀ ਉਮਰ ਤੇ ਆ ਕੇ ਧਿਆਨ ਦੇਣ ਵਿਚ ਮੁਸ਼ਕਲ ਪਾਉਂਦੇ ਹਨ। ਇਸ ਤੋਂ ਇਲਾਵਾ ਅਜਿਹੇ ਬੱਚੇ ਜ਼ਿਆਦਾ ਲੜਾਕੇ ਅਤੇ ਬੇਚੈਨ ਹੁੰਦੇ ਹਨ। ਇਕ ਸਿੱਖਿਅਕ ਮਨੋਵਿਗਿਆਨੀ ਨੇ ਇਸ ਬਾਰੇ ਕਿਹਾ: “ਕਈ ਮਾਪੇ, ਜਿਨ੍ਹਾਂ ਦੇ ਬੱਚਿਆਂ ਨੂੰ ਅਟੈਂਸ਼ਨ ਡੈਫਿਸਿਟ ਡਿਸਾਰਡਰ ਹੈ, ਨੇ ਦੇਖਿਆ ਕਿ ਉਨ੍ਹਾਂ ਦੇ ਬੱਚਿਆਂ ਵਿਚ ਕਾਫ਼ੀ ਸੁਧਾਰ ਆਈਆ ਜਦ ਉਨ੍ਹਾਂ ਨੇ ਖ਼ੁਦ ਤੈਅ ਕੀਤਾ ਕਿ ਉਹ ਕਿੰਨੇ ਕੁ ਸਮੇਂ ਲਈ ਟੀ.ਵੀ. ਦੇਖ ਸਕਦੇ ਹਨ।”
ਮਾਪੇ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦੇ ਬੱਚੇ ਘੱਟ ਟੈਲੀਵਿਯਨ ਦੇਖਣ? ਰਿਪੋਰਟ ਨੇ ਇਹ ਸੁਝਾਅ ਦਿੱਤੇ: ਤੈਅ ਕਰੋ ਕਿ ਤੁਹਾਡਾ ਬੱਚਾ ਹਰ ਰੋਜ਼ ਕਦੋਂ ਤੇ ਕਿੰਨੇ ਚਿਰ ਲਈ ਟੀ.ਵੀ. ਦੇਖ ਸਕਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਰਫ਼ ਚੁੱਪ ਕਰਾਉਣ ਲਈ ਟੀ.ਵੀ. ਅੱਗੇ ਨਹੀਂ ਬਿਠਾਉਣਾ ਚਾਹੀਦਾ। ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਘਰ ਦੇ ਕੰਮ-ਕਾਜ ਵਿਚ ਸ਼ਾਮਲ ਕਰੋ। ਤੈਅ ਕਰੋ ਕਿ ਤੁਹਾਡਾ ਬੱਚਾ ਕਿਹੜੇ ਪ੍ਰੋਗਰਾਮ ਦੇਖ ਸਕਦਾ ਹੈ ਅਤੇ ਜਦ ਇਹ ਖ਼ਤਮ ਹੋ ਜਾਂਦੇ ਹਨ, ਤਾਂ ਟੀ.ਵੀ. ਬੰਦ ਕਰੋ। ਜੇ ਹੋ ਸਕੇ, ਤਾਂ ਆਪਣੇ ਬੱਚੇ ਨਾਲ ਖ਼ੁਦ ਚੁਣੇ ਹੋਏ ਪ੍ਰੋਗਰਾਮ ਦੇਖੋ ਅਤੇ ਇਨ੍ਹਾਂ ਬਾਰੇ ਗੱਲ ਕਰੋ। ਅਖ਼ੀਰ ਵਿਚ ਤੁਸੀਂ ਵੀ ਘੱਟ ਟੀ.ਵੀ. ਦੇਖਣ ਦਾ ਇਰਾਦਾ ਬਣਾਓ।
ਇਕ ਬੱਚੇ ਨੂੰ ਨਵੀਆਂ ਚੀਜ਼ਾਂ ਬਣਾਉਣੀਆਂ ਸਿਖਾਉਣਾ ਅਤੇ ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਕਰਨੀ ਸੌਖੀ ਗੱਲ ਨਹੀਂ ਹੈ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਨਾ ਸਿਰਫ਼ ਸਮੇਂ ਦੀ ਲੋੜ ਪਵੇਗੀ, ਪਰ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਸਿਖਾਉਣ ਦਾ ਪੱਕਾ ਇਰਾਦਾ ਰੱਖੋ। ਪਰ ਜੇ ਤੁਸੀਂ ਮਿਹਨਤ ਕਰੋਗੇ, ਤਾਂ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਬਾਈਬਲ ਦੀ ਇਕ ਪੁਰਾਣੀ ਕਹਾਵਤ ਇਸ ਬਾਰੇ ਕਹਿੰਦੀ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਬੱਚੇ ਨੂੰ ਠੀਕ ਰਾਹ ਸਿਖਲਾਉਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਨੂੰ ਚੰਗੇ ਸੰਸਕਾਰ ਸਿਖਾਓ।
ਯਹੋਵਾਹ ਦੇ ਗਵਾਹਾਂ ਨੇ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਵਰਤ ਕੇ ਆਪਣੇ ਬੱਚਿਆਂ ਦੇ ਮਨਾਂ ਵਿਚ ਚੰਗੀਆਂ ਕਦਰਾਂ-ਕੀਮਤਾਂ ਬਿਠਾਈਆਂ ਹਨ। ਜੇ ਮਾਪੇ ਆਪਣੇ ਬੱਚਿਆਂ ਨਾਲ ਬਚਪਨ ਤੋਂ ਹੀ ਖੁੱਲ੍ਹੀ ਤਰ੍ਹਾਂ ਗੱਲਬਾਤ ਕਰਨ ਅਤੇ ਪਿਆਰ ਨਾਲ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ, ਤਾਂ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮਿੱਠਾ ਫਲ ਮਿਲੇਗਾ। ਇਹ ਮਾਪਿਆਂ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਜ਼ਿੰਮੇਵਾਰ ਇਨਸਾਨ ਬਣਨ। (g09 06)