Skip to content

Skip to table of contents

ਕੀ ਧੁੱਪ ਵਿਚ ਰਹਿਣ ਦਾ ਕੋਈ ਡਰ ਹੈ?

ਕੀ ਧੁੱਪ ਵਿਚ ਰਹਿਣ ਦਾ ਕੋਈ ਡਰ ਹੈ?

ਕੀ ਧੁੱਪ ਵਿਚ ਰਹਿਣ ਦਾ ਕੋਈ ਡਰ ਹੈ?

ਜਿੱਦਾਂ-ਜਿੱਦਾਂ ਧਰਤੀ ਦੇ ਆਲੇ-ਦੁਆਲੇ ਓਜ਼ੋਨ ਗੈਸ ਘੱਟਦਾ ਜਾ ਰਿਹਾ ਹੈ ਅਤੇ ਦੁਨੀਆਂ ਭਰ ਵਿਚ ਲੋਕ ਧੁੱਪ ਵਿਚ ਜ਼ਿਆਦਾ ਸਮਾਂ ਬਿਤਾ ਰਹੇ ਹਨ, ਯੂ.ਵੀ. (ਅੱਲਟ੍ਰਾ-ਵਾਇਲਟ) ਕਿਰਨਾਂ ਲੋਕਾਂ ਦੀ ਸਿਹਤ ਨੂੰ ਇੰਨਾ ਖ਼ਤਰਾ ਪੇਸ਼ ਕਰ ਰਹੀਆਂ ਹਨ ਕਿ ਇਹ ਜਨਤਕ ਸਮੱਸਿਆ ਬਣ ਰਹੀ ਹੈ।—ਵਿਸ਼ਵ ਸਿਹਤ ਸੰਗਠਨ ਦਾ ਸਾਬਕਾ ਡਾਇਰੈਕਟਰ ਜਰਨੈਲ ਡਾ. ਲੀ ਜੌਇੰਗ-ਉਕ

ਮਾਰਟਿਨ ਨਾਂ ਦਾ ਗੋਰਾ, ਜੋ ਉੱਤਰੀ ਯੂਰਪ ਤੋਂ ਹੈ, ਇਟਲੀ ਵਿਚ ਸਮੁੰਦਰ ਦੇ ਕਿਨਾਰੇ ਇਕ ਛਤਰੀ ਦੀ ਛਾਂ ਹੇਠ ਸੌਂ ਗਿਆ। ਜਦ ਉਹ ਉੱਠਿਆ, ਤਾਂ ਉਹ ਛਾਂਵੇ ਨਹੀਂ ਪਰ ਧੁੱਪ ਵਿਚ ਸੀ ਅਤੇ ਉਸ ਦੀਆਂ ਲੱਤਾਂ ਲਾਲ ਹੋਈਆਂ ਪਈਆਂ ਸਨ। ਉਹ ਦੱਸਦਾ ਹੈ: “ਮੇਰੀਆਂ ਲੱਤਾਂ ਇੰਨੀਆਂ ਆਕੜ ਗਈਆਂ ਤੇ ਸੁੱਜੀਆਂ ਸਨ ਕਿ ਮੈਨੂੰ ਹਸਪਤਾਲ ਜਾਣਾ ਪਿਆ। ਦੋ-ਤਿੰਨ ਦਿਨ ਬਾਅਦ ਵੀ ਮੈਂ ਦਰਦ ਨਾਲ ਤੜਫ਼ ਰਿਹਾ ਸੀ। ਨਾ ਮੈਂ ਖੜ੍ਹ ਸਕਦਾ ਸੀ ਤੇ ਨਾ ਹੀ ਬੈਠ ਸਕਦਾ ਸੀ। ਮੇਰੀ ਚਮੜੀ ਇੰਨੀ ਖਿੱਚ ਹੋਈ ਸੀ ਕਿ ਮੈਨੂੰ ਲੱਗਦਾ ਸੀ ਕਿ ਇਸ ਨੇ ਫਟ ਜਾਣਾ।”

ਕਈ ਲੋਕ ਸੋਚਦੇ ਹਨ ਕਿ ਸਿਰਫ਼ ਮਾਰਟਿਨ ਵਰਗੇ ਗੋਰੇ ਰੰਗ ਦੇ ਲੋਕਾਂ ਨੂੰ ਧੁੱਪ ਤੋਂ ਬਚਣਾ ਚਾਹੀਦਾ ਹੈ। ਇਹ ਸੱਚ ਹੈ ਕਿ ਸਾਂਵਲੇ ਰੰਗ ਦੇ ਲੋਕ ਧੁੱਪ ਵਿਚ ਜ਼ਿਆਦਾ ਸਮਾਂ ਬਿਤਾ ਸਕਦੇ ਹਨ, ਪਰ ਉਨ੍ਹਾਂ ਨੂੰ ਵੀ ਚਮੜੀ ਦਾ ਕੈਂਸਰ ਹੋ ਸਕਦਾ ਹੈ। ਕਈ ਵਾਰ ਇਸ ਕੈਂਸਰ ਦਾ ਉਦੋਂ ਹੀ ਪਤਾ ਲੱਗਦਾ ਹੈ ਜਦ ਇਹ ਜ਼ਿਆਦਾ ਫੈਲ ਜਾਂਦਾ ਹੈ। ਜ਼ਿਆਦਾ ਸਮੇਂ ਲਈ ਧੁੱਪ ਵਿਚ ਹੋਣ ਦੇ ਹੋਰ ਵੀ ਖ਼ਤਰੇ ਹਨ ਜਿਵੇਂ ਕਿ ਅੱਖਾਂ ਤੇ ਇਮਿਊਨ ਸਿਸਟਮ ਦਾ ਨੁਕਸਾਨ। ਕਈ ਵਾਰ ਇਨ੍ਹਾਂ ਮੁਸ਼ਕਲਾਂ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈ।

ਭੂਮੱਧ-ਰੇਖਾ ਦੇ ਨੇੜੇ ਜਾਣ ਨਾਲ ਅੱਲਟ੍ਰਾ-ਵਾਇਲਟ ਕਿਰਨਾਂ ਵਧਦੀਆਂ ਹਨ। ਭੂਮੱਧ-ਰੇਖਾ ਤੋਂ ਥੋੜ੍ਹਾ ਜਿਹਾ ਉੱਤਰ ਵੱਲ ਨੂੰ ਜਾਂ ਥੋੜ੍ਹਾ ਜਿਹਾ ਦੱਖਣ ਵੱਲ ਨੂੰ ਰਹਿਣ ਵਾਲੇ ਜਾਂ ਉੱਥੇ ਜਾਣ ਵਾਲੇ ਲੋਕਾਂ ਨੂੰ ਜ਼ਿਆਦਾ ਖ਼ਿਆਲ ਰੱਖਣਾ ਪੈਂਦਾ ਹੈ। ਕਿਉਂ? ਇਕ ਕਾਰਨ ਇਹ ਹੈ ਕਿ ਰਿਪੋਰਟਾਂ ਮੁਤਾਬਕ ਪਿਛਲੇ ਕੁਝ ਸਾਲਾਂ ਵਿਚ ਧਰਤੀ ਦੀ ਸੁਰੱਖਿਆ ਕਰਨ ਲਈ ਉਸ ਦੇ ਆਲੇ-ਦੁਆਲੇ ਦਾ ਓਜ਼ੋਨ ਗੈਸ ਘੱਟਦਾ ਜਾ ਰਿਹਾ ਹੈ। ਆਓ ਆਪਾਂ ਉਨ੍ਹਾਂ ਖ਼ਤਰਿਆਂ ਵੱਲ ਧਿਆਨ ਦੇਈਏ ਜੋ ਧੁੱਪ ਵਿਚ ਜ਼ਿਆਦਾ ਦੇਰ ਤਕ ਰਹਿਣ ਨਾਲ ਪੈਦਾ ਹੁੰਦੇ ਹਨ।

ਅੱਖਾਂ ਦਾ ਨੁਕਸਾਨ

ਦੁਨੀਆਂ ਵਿਚ ਅੰਨ੍ਹਾਪਣ ਦਾ ਸਭ ਤੋਂ ਵੱਡਾ ਕਾਰਨ ਮੋਤੀਆ ਹੈ। ਤਕਰੀਬਨ 1 ਕਰੋੜ 50 ਲੱਖ ਲੋਕਾਂ ਨੂੰ ਇਹ ਤਕਲੀਫ਼ ਹੈ। ਮੋਤੀਆ ਉਦੋਂ ਹੁੰਦਾ ਹੈ ਜਦ ਅੱਖ ਦੇ ਲੈੱਨਜ਼ ਵਿਚ ਪ੍ਰੋਟੀਨ ਧਾਗੇ ਵਾਂਗ ਉਧੜ ਜਾਂਦੇ ਹਨ ਤੇ ਫਿਰ ਗੁੱਛ-ਮੁੱਛ ਹੋ ਕੇ ਅਜਿਹੇ ਪਿਗਮੈਂਟ ਇਕੱਠੇ ਕਰਦੇ ਹਨ ਜੋ ਲੈੱਨਜ਼ ਨੂੰ ਧੁੰਦਲਾ ਕਰਦੇ ਹਨ। ਬਹੁਤ ਸਮੇਂ ਤੋਂ ਸੂਰਜ ਦੀਆਂ ਅੱਲਟ੍ਰਾ-ਵਾਇਲਟ ਕਿਰਨਾਂ ਦਾ ਅੱਖਾਂ ’ਤੇ ਅਸਰ ਪੈ ਕੇ ਮੋਤੀਆ ਹੁੰਦਾ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ 20 ਫੀ ਸਦੀ ਮੋਤੀਆ ਦੀ ਤਕਲੀਫ਼ ਜ਼ਿਆਦਾ ਦੇਰ ਧੁੱਪ ਵਿਚ ਰਹਿਣ ਨਾਲ ਪੈਦਾ ਹੁੰਦੀ ਹੈ ਜਾਂ ਹੋਰ ਵਧਦੀ ਹੈ।

ਦੁੱਖ ਦੀ ਗੱਲ ਹੈ ਕਿ ਇਹ ਤਕਲੀਫ਼ ਜ਼ਿਆਦਾਤਰ ਭੂਮੱਧ-ਰੇਖਾ ਲਾਗੇ ਦੇ ਗ਼ਰੀਬ ਦੇਸ਼ਾਂ ਵਿਚ ਲੋਕਾਂ ਨੂੰ ਹੁੰਦੀ ਹੈ। ਇਸ ਲਈ ਅਫ਼ਰੀਕਾ, ਏਸ਼ੀਆ, ਦੱਖਣੀ ਤੇ ਕੇਂਦਰੀ ਅਮਰੀਕਾ ਵਿਚ ਲੱਖਾਂ ਹੀ ਗ਼ਰੀਬ ਲੋਕ ਇਸ ਕਾਰਨ ਅੰਨ੍ਹੇ ਹਨ ਕਿਉਂਕਿ ਉਨ੍ਹਾਂ ਕੋਲ ਮੋਤੀਆ ਦਾ ਓਪਰੇਸ਼ਨ ਕਰਾਉਣ ਲਈ ਪੈਸੇ ਨਹੀਂ ਹਨ।

ਚਮੜੀ ਦਾ ਨੁਕਸਾਨ

ਦੁਨੀਆਂ ਭਰ ਵਿਚ ਕੈਂਸਰ ਦਾ ਇਕ ਤਿਹਾਈ ਹਿੱਸਾ ਚਮੜੀ ਦਾ ਕੈਂਸਰ ਹੁੰਦਾ ਹੈ। ਰਿਪੋਰਟ ਕੀਤਾ ਜਾਂਦਾ ਹੈ ਕਿ ਹਰ ਸਾਲ 1,30,000 ਲੋਕਾਂ ਨੂੰ ਮੇਲਾਨੋਮਾ ਹੁੰਦਾ ਹੈ ਜੋ ਚਮੜੀ ਦੇ ਕੈਂਸਰ ਦਾ ਸਭ ਤੋਂ ਖ਼ਤਰਨਾਕ ਰੂਪ ਹੈ। ਇਸ ਦੇ ਨਾਲ-ਨਾਲ 20 ਤੋਂ 30 ਲੱਖ ਲੋਕ ਬਾਸਲ ਸੈੱਲ ਅਤੇ ਸਕੁਆਮਸ ਸੈੱਲ ਕੈਂਸਰ ਵਰਗੇ ਚਮੜੀ ਦੇ ਕੈਂਸਰਾਂ ਦੇ ਸ਼ਿਕਾਰ ਬਣਦੇ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਹਰ ਸਾਲ 66,000 ਲੋਕ ਚਮੜੀ ਦੇ ਕੈਂਸਰ ਕਾਰਨ ਗੁਜ਼ਰ ਜਾਂਦੇ ਹਨ।

ਧੁੱਪ ਨਾਲ ਤੁਹਾਡੀ ਚਮੜੀ ਦਾ ਕਿੱਦਾਂ ਨੁਕਸਾਨ ਹੁੰਦਾ ਹੈ? ਧੁੱਪ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਚਮੜੀ ਧੁੱਪ ਨਾਲ ਝੁਲਸ ਜਾਂਦੀ ਹੈ ਜੋ ਇਸ ਦੀ ਨਿਸ਼ਾਨੀ ਹੈ ਕਿ ਤੁਹਾਡੀ ਚਮੜੀ ਦਾ ਨੁਕਸਾਨ ਹੋ ਚੁੱਕਾ ਹੈ। ਇਸ ਦਾ ਅਸਰ ਕਈ ਦਿਨਾਂ ਤਕ ਰਹਿ ਸਕਦਾ ਹੈ ਅਤੇ ਛਾਲੇ ਪੈ ਸਕਦੇ ਹਨ ਤੇ ਚਮੜੀ ਛਿੱਲੀ ਜਾ ਸਕਦੀ ਹੈ।

ਜਦ ਚਮੜੀ ਧੁੱਪ ਨਾਲ ਝੁਲਸ ਜਾਂਦੀ ਹੈ, ਤਾਂ ਅੱਲਟ੍ਰਾ-ਵਾਇਲਟ ਕਿਰਨਾਂ ਖਲੜੀ ਅਤੇ ਚਮੜੀ ਦਾ ਨੁਕਸਾਨ ਕਰਦੀਆਂ ਹਨ। ਜਦ ਧੁੱਪ ਵਿਚ ਤੁਹਾਡੀ ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਨੁਕਸਾਨ ਹੋ ਚੁੱਕਾ ਹੈ। ਜਦ ਜੀਨਾਂ ਦੀ ਡੀ. ਐੱਨ. ਏ. ਦਾ ਨੁਕਸਾਨ ਹੁੰਦਾ ਹੈ (ਜਿਸ ਕਰਕੇ ਚਮੜੀ ਦੇ ਸੈੱਲ ਵਧਦੇ ਅਤੇ ਵੰਡੇ ਜਾਂਦੇ ਹਨ), ਤਾਂ ਇਸ ਦਾ ਨਤੀਜਾ ਕੈਂਸਰ ਹੋ ਸਕਦਾ ਹੈ। ਧੁੱਪ ਦੀਆਂ ਕਿਰਨਾਂ ਨਾਲ ਚਮੜੀ ਬਦਲ ਜਾਂਦੀ ਹੈ ਅਤੇ ਉਸ ਦੀ ਲਚਕ ਘੱਟ ਜਾਂਦੀ ਹੈ। ਇਸ ਨਾਲ ਝੁਰੜੀਆਂ ਪੈ ਜਾਂਦੀਆਂ ਹਨ, ਮਾਸ ਢਿੱਲਾ ਹੋ ਜਾਂਦਾ ਹੈ ਅਤੇ ਬਹੁਤ ਜਲਦੀ ਨੀਲ ਪੈ ਜਾਂਦੇ ਹਨ।

ਇਮਿਊਨ ਸਿਸਟਮ ਦਾ ਨੁਕਸਾਨ

ਅਧਿਐਨ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਜਦ ਚਮੜੀ ਉੱਤੇ ਅੱਲਟ੍ਰਾ-ਵਾਇਲਟ ਕਿਰਨਾਂ ਦਾ ਜ਼ਿਆਦਾ ਅਸਰ ਪੈਂਦਾ ਹੈ, ਤਾਂ ਵਿਅਕਤੀ ਦੇ ਇਮਿਊਨ ਸਿਸਟਮ ਦੇ ਕੁਝ ਹਿੱਸਿਆਂ ਦਾ ਵੀ ਨੁਕਸਾਨ ਹੁੰਦਾ ਹੈ। ਇਸ ਕਰਕੇ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਯੋਗਤਾ ਕਮਜ਼ੋਰ ਹੋ ਜਾਂਦੀ ਹੈ। ਥੋੜ੍ਹਾ ਹੀ ਸਮਾਂ ਧੁੱਪ ਵਿਚ ਗੁਜ਼ਾਰਨ ਨਾਲ ਵੀ ਬੈਕਟੀਰਿਆਈ, ਉੱਲੀਹਾਰ, ਪਰਜੀਵੀ ਜਾਂ ਵਾਇਰਲ ਇਨਫ਼ੈਕਸ਼ਨ ਹੋ ਸਕਦੇ ਹਨ। ਬਹੁਤ ਲੋਕਾਂ ਨੇ ਦੇਖਿਆ ਹੈ ਕਿ ਜ਼ਿਆਦਾ ਸਮਾਂ ਧੁੱਪ ਵਿਚ ਰਹਿਣ ਕਰਕੇ ਉਨ੍ਹਾਂ ਦੇ ਬੁੱਲ੍ਹਾਂ ’ਤੇ ਛਾਲੇ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਲੱਗਦਾ ਹੈ ਕਿ ਅੱਲਟ੍ਰਾ-ਵਾਇਲਟ ਕਿਰਨ ਦੀ ਇਕ ਕਿਸਮ, ਜਿਸ ਨੂੰ ਯੂ.ਵੀ.ਬੀ. ਕਿਹਾ ਜਾਂਦਾ ਹੈ, “ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈ। ਬੁੱਲ੍ਹਾਂ ’ਤੇ ਛਾਲੇ ਇਸ ਲਈ ਹੁੰਦੇ ਹਨ ਕਿਉਂਕਿ ਸਰੀਰ ਹੁਣ ਇਸ ਇਨਫ਼ੈਕਸ਼ਨ ਨਾਲ ਲੜ ਨਹੀਂ ਸਕਦਾ।”

ਸੋ ਧੁੱਪ ਕਰਕੇ ਦੁਗੁਣਾ ਨੁਕਸਾਨ ਹੁੰਦਾ ਹੈ। ਪਹਿਲਾਂ ਤਾਂ ਡੀ. ਐੱਨ. ਏ ਦਾ ਸਿੱਧਾ ਨੁਕਸਾਨ ਹੁੰਦਾ ਹੈ ਅਤੇ ਫਿਰ ਸਰੀਰ ਇਸ ਨੁਕਸਾਨ ਨੂੰ ਸਹਿਣ ਦੇ ਕਾਬਲ ਨਹੀਂ ਰਹਿੰਦਾ।

ਬੁੱਧੀਮਤਾ ਦੀ ਗੱਲ ਹੋਵੇਗੀ ਜੇ ਅਸੀਂ ਧੁੱਪ ਤੋਂ ਆਪਣਾ ਬਚਾਅ ਕਰੀਏ। ਵਰਨਾ ਸਾਡੀ ਸਿਹਤ ਅਤੇ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ। (g09 06)

[ਸਫ਼ਾ 14 ਉੱਤੇ ਡੱਬੀ]

ਆਪਣੇ ਆਪ ਨੂੰ ਬਚਾਓ

◼ ਉਦੋਂ ਘੱਟ ਬਾਹਰ ਜਾਓ ਜਦ ਸੂਰਜ ਦੀਆਂ ਅੱਲਟ੍ਰਾ-ਵਾਇਲਟ ਕਿਰਨਾਂ ਬਹੁਤ ਤੇਜ਼ ਹੁੰਦੀਆਂ ਹਨ, ਖ਼ਾਸ ਕਰਕੇ ਸਵੇਰ ਦੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 4 ਵਜੇ ਤਕ।

◼ ਛਾਂ ਵਿਚ ਰਹਿਣ ਦੀ ਕੋਸ਼ਿਸ਼ ਕਰੋ।

◼ ਅਜਿਹੇ ਖੁੱਲ੍ਹੇ ਕੱਪੜੇ ਪਾਓ ਜੋ ਤੁਹਾਡੀਆਂ ਲੱਤਾਂ-ਬਾਹਾਂ ਨੂੰ ਢੱਕ ਲੈਂਦੇ ਹਨ।

◼ ਅਜਿਹੀ ਚੌੜੀ ਟੋਪੀ ਪਹਿਨੋ ਜੋ ਤੁਹਾਡੀਆਂ ਅੱਖਾਂ, ਕੰਨ, ਚਿਹਰੇ ਅਤੇ ਧੌਣ ਨੂੰ ਢੱਕ ਲੈਂਦੀ ਹੈ।

◼ ਅਜਿਹੀਆਂ ਕਾਲੀਆਂ ਐਨਕਾਂ ਪਹਿਨੋ ਜੋ ਤੁਹਾਡੀਆਂ ਅੱਖਾਂ ਨੂੰ ਪੂਰੀ ਤਰ੍ਹਾਂ ਢੱਕ ਲੈਂਦੀਆਂ ਹਨ। ਜੇ ਇਹ 99 ਤੋਂ 100 ਫੀ ਸਦੀ ਯੂ.ਵੀ.ਏ. ਅਤੇ ਯੂ.ਵੀ.ਬੀ. ਕਿਰਨਾਂ ਤੋਂ ਬਚਾਉਂਦੀਆਂ ਹਨ, ਤਾਂ ਤੁਹਾਡੀਆਂ ਅੱਖਾਂ ਦਾ ਘੱਟ ਨੁਕਸਾਨ ਹੋਵੇਗਾ।

◼ ਵਧੀਆ ਸਨਸਕ੍ਰੀਨ ਲੋਸ਼ਨ ਯਾਨੀ 15 ਨੰਬਰ ਜਾਂ ਇਸ ਤੋਂ ਜ਼ਿਆਦਾ ਨੰਬਰ ਵਾਲਾ ਲੋਸ਼ਨ ਵਰਤਣਾ ਚਾਹੀਦਾ ਹੈ। ਹਰ ਦੋ-ਦੋ ਘੰਟੇ ਬਾਅਦ ਕਾਫ਼ੀ ਸਾਰਾ ਲੋਸ਼ਨ ਲਾਉਣ ਦੀ ਲੋੜ ਹੈ।

◼ ਛੋਟੇ ਬੱਚਿਆਂ ਨੂੰ ਧੁੱਪ ਤੋਂ ਬਚਾਓ ਕਿਉਂਕਿ ਉਨ੍ਹਾਂ ਦੀ ਚਮੜੀ ਖ਼ਾਸ ਕਰਕੇ ਕੋਮਲ ਤੇ ਨਾਜ਼ੁਕ ਹੁੰਦੀ ਹੈ।

◼ ਸਾਵਧਾਨ ਰਹੋ ਕਿ ਤੁਸੀਂ ਧੁੱਪੇ ਬੈਠ ਕੇ ਸੌਂ ਨਾ ਜਾਓ।

◼ ਜੇ ਤੁਹਾਡੇ ਛਾਈਆਂ ਪੈ ਜਾਣ, ਜਾਂ ਤਿਲ ਜਾਂ ਫਿਣਸੀ ਹੋ ਜਾਵੇ ਅਤੇ ਤੁਹਾਨੂੰ ਇਸ ਬਾਰੇ ਫ਼ਿਕਰ ਹੈ, ਤਾਂ ਆਪਣੇ ਡਾਕਟਰ ਨੂੰ ਜਾ ਕੇ ਮਿਲੋ।