ਕੀ ਰੱਬ ਚਾਹੁੰਦਾ ਹੈ ਕਿ ਤੁਸੀਂ ਅਮੀਰ ਹੋਵੋ?
ਬਾਈਬਲ ਕੀ ਕਹਿੰਦੀ ਹੈ
ਕੀ ਰੱਬ ਚਾਹੁੰਦਾ ਹੈ ਕਿ ਤੁਸੀਂ ਅਮੀਰ ਹੋਵੋ?
“ਰੱਬ ਦੀ ਮਿਹਰ ਨਾਲ ਮੈਂ ਜਲਦੀ ਹੀ ਬਹੁਤ ਸਾਰਾ ਪੈਸਾ ਕਮਾਉਣ ਵਾਲਾ ਹਾਂ!”
“ਮੈਂ ਕਿਉਂ ਨਾ ਅਮੀਰ ਹੋਣ ਦੇ ਸੁਪਨੇ ਦੇਖਾਂ? ਰੱਬ ਵੀ ਮੇਰੇ ਲਈ ਇਹੀ ਚਾਹੁੰਦਾ ਹੈ!”
“ਰੱਬ ਸਾਨੂੰ ਪੈਸੇ ਬਣਾਉਣ ਦੀ ਤਾਕਤ ਦਿੰਦਾ ਹੈ।”
“ਮੈਂ ਬਾਈਬਲ ਮੰਨਣ ਕਰਕੇ ਹੀ ਅਮੀਰ ਹੋ ਰਿਹਾ ਹਾਂ।”
ਕਈ ਧਰਮ ਇਨ੍ਹਾਂ ਗੱਲਾਂ ਨਾਲ ਸਹਿਮਤ ਹਨ ਅਤੇ ਮੰਨਦੇ ਹਨ ਕਿ ਰੱਬ ਦੀ ਅਸੀਸ ਨਾਲ ਹੀ ਉਹ ਦੌਲਤਮੰਦ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਰੱਬ ਦਾ ਕਹਿਣਾ ਮੰਨੋਗੇ, ਤਾਂ ਉਹ ਤੁਹਾਨੂੰ ਇਸ ਜਨਮ ਵਿਚ ਅਤੇ ਅਗਲੇ ਜਨਮ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਪਾਉਣ ਦੀ ਸ਼ਕਤੀ ਦੇਵੇਗਾ। ਇਸ ਸਿੱਖਿਆ ਨੂੰ ਬਹੁਤ ਲੋਕ ਮੰਨਦੇ ਹਨ ਅਤੇ ਇਸ ਬਾਰੇ ਕਈ ਕਿਤਾਬਾਂ ਵੀ ਲਿਖੀਆਂ ਗਈਆਂ ਹਨ ਜੋ ਅੱਜ-ਕਲ੍ਹ ਬਹੁਤ ਮਸ਼ਹੂਰ ਹਨ। ਪਰ ਕੀ ਬਾਈਬਲ ਇਸ ਸਿੱਖਿਆ ਨਾਲ ਸਹਿਮਤ ਹੈ?
ਸਾਡਾ ਸਿਰਜਣਹਾਰ ਇਕ ਖ਼ੁਸ਼ਹਾਲ ਪਰਮੇਸ਼ੁਰ ਹੈ ਜੋ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ ਹੋ ਕੇ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਪਾਈਏ। (1 ਤਿਮੋਥਿਉਸ 1:11; ਜ਼ਬੂਰਾਂ ਦੀ ਪੋਥੀ 1:1-3) ਇਸ ਦੇ ਨਾਲ-ਨਾਲ ਉਹ ਉਨ੍ਹਾਂ ਲੋਕਾਂ ਨੂੰ ਬਰਕਤ ਦਿੰਦਾ ਹੈ ਜੋ ਉਸ ਨੂੰ ਖ਼ੁਸ਼ ਕਰਦੇ ਹਨ। (ਕਹਾਉਤਾਂ 10:22) ਪਰ ਕੀ ਰੱਬ ਦੀ ਬਰਕਤ ਦਾ ਇਹੀ ਮਤਲਬ ਹੈ ਕਿ ਉਹ ਸਾਨੂੰ ਧਨੀ ਬਣਾਵੇਗਾ? ਇਸ ਸਵਾਲ ਦਾ ਜਵਾਬ ਅਸੀਂ ਉਦੋਂ ਹੀ ਸਮਝਾਂਗੇ ਜਦ ਅਸੀਂ ਇਹ ਪਛਾਣਾਂਗੇ ਕਿ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ ਅਤੇ ਪਰਮੇਸ਼ੁਰ ਦਾ ਸਾਡੇ ਲਈ ਕੀ ਮਕਸਦ ਹੈ।
ਅਮੀਰ ਹੋਣ ਦਾ ਸਮਾਂ?
ਪੁਰਾਣੇ ਜ਼ਮਾਨਿਆਂ ਵਿਚ ਪਰਮੇਸ਼ੁਰ ਨੇ ਆਪਣੇ ਕੁਝ ਸੇਵਕਾਂ ਨੂੰ ਧਨ-ਦੌਲਤ ਬਖ਼ਸ਼ੀ ਸੀ। ਅੱਯੂਬ ਅਤੇ ਰਾਜਾ ਸੁਲੇਮਾਨ ਇਨ੍ਹਾਂ ਵਿੱਚੋਂ ਦੋ ਸਨ। (1 ਰਾਜਿਆਂ 10:23; ਅੱਯੂਬ 42:12) ਪਰ ਕਈ ਹੋਰ ਧਰਮੀ ਇਨਸਾਨ ਵੀ ਸਨ ਜਿਨ੍ਹਾਂ ਕੋਲ ਬਹੁਤਾ ਕੁਝ ਨਹੀਂ ਸੀ ਜਿਵੇਂ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਯਿਸੂ ਮਸੀਹ। (ਮਰਕੁਸ 1:6; ਲੂਕਾ 9:58) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਬਾਈਬਲ ਦੱਸਦੀ ਹੈ ਕਿ ਰੱਬ ਸਮੇਂ ਮੁਤਾਬਕ ਅਤੇ ਆਪਣੇ ਮਕਸਦ ਅਨੁਸਾਰ ਆਪਣੇ ਸੇਵਕਾਂ ਨਾਲ ਪੇਸ਼ ਆਉਂਦਾ ਹੈ। (ਉਪਦੇਸ਼ਕ ਦੀ ਪੋਥੀ 3:1) ਇਹ ਅਸੂਲ ਅੱਜ ਸਾਡੇ ’ਤੇ ਕਿਵੇਂ ਲਾਗੂ ਹੁੰਦਾ ਹੈ?
ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ “ਜੁਗ ਦੇ ਅੰਤ” ਜਾਂ ਇਸ ਸੰਸਾਰ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਭਵਿੱਖਬਾਣੀਆਂ ਵਿਚ ਦੱਸਿਆ ਗਿਆ ਸੀ ਕਿ ਯੁੱਧ ਹੋਣਗੇ, ਬੀਮਾਰੀ ਵਧੇਗੀ, ਕਾਲ ਪੈਣਗੇ, ਅਤੇ ਭੁਚਾਲ ਆਉਣਗੇ। ਇਸ ਦੇ ਨਾਲ-ਨਾਲ ਲੋਕਾਂ ਦਾ ਚਾਲ-ਚਲਣ ਵੀ ਖ਼ਰਾਬ ਹੁੰਦਾ ਜਾਵੇਗਾ। ਸਾਲ 1914 ਤੋਂ ਲੈ ਕੇ ਇਸੇ ਤਰ੍ਹਾਂ ਹੁੰਦਾ ਆ ਰਿਹਾ ਹੈ। (ਮੱਤੀ 24:3; 2 ਤਿਮੋਥਿਉਸ 3:1-5; ਲੂਕਾ 21:10, 11; ਪਰਕਾਸ਼ ਦੀ ਪੋਥੀ 6:3-8) ਅਸੀਂ ਕਹਿ ਸਕਦੇ ਹਾਂ ਕਿ ਇਹ ਦੁਨੀਆਂ ਇਕ ਅਜਿਹੇ ਸਮੁੰਦਰੀ ਜਹਾਜ਼ ਵਾਂਗ ਹੈ ਜੋ ਬਹੁਤ ਜਲਦੀ ਡੁੱਬਣ ਵਾਲਾ ਹੈ। ਇਹ ਸਭ ਕੁਝ ਜਾਣਦੇ ਹੋਏ ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਆਪਣੇ ਸਾਰੇ ਸੇਵਕਾਂ ਨੂੰ ਅਮੀਰ ਬਣਾਵੇਗਾ ਜਾਂ ਕੀ ਉਹ ਉਨ੍ਹਾਂ ਲਈ ਹੋਰ ਕੁਝ ਚਾਹੁੰਦਾ ਹੈ?
ਯਿਸੂ ਨੇ ਸਾਡੇ ਸਮੇਂ ਦੀ ਤੁਲਨਾ ਨੂਹ ਦੇ ਸਮੇਂ ਨਾਲ ਕੀਤੀ ਸੀ। ਉਸ ਨੇ ਕਿਹਾ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਮੱਤੀ 24:37-39) ਯਿਸੂ ਨੇ ਸਾਡੇ ਸਮੇਂ ਦੀ ਤੁਲਨਾ ਲੂਤ ਦੇ ਸਮੇਂ ਨਾਲ ਵੀ ਕੀਤੀ ਸੀ। ਲੂਤ ਦੇ ਆਲੇ-ਦੁਆਲੇ ਸਦੂਮ ਤੇ ਅਮੂਰਾਹ ਦੇ ਲੋਕ “ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ।” ਫਿਰ ਯਿਸੂ ਨੇ ਇਹ ਵੀ ਕਿਹਾ: “ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।”—ਲੂਕਾ 17:28-30.
ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।” (ਇਹ ਸੱਚ ਹੈ ਕਿ ਖਾਣ-ਪੀਣ, ਵਿਆਹ ਕਰਾਉਣ, ਮੁੱਲ ਲੈਣ ਅਤੇ ਵੇਚਣ ਵਿਚ ਕੋਈ ਹਰਜ਼ ਨਹੀਂ। ਮੁਸ਼ਕਲ ਉਦੋਂ ਪੈਦਾ ਹੁੰਦੀ ਹੈ ਜਦ ਅਸੀਂ ਇਨ੍ਹਾਂ ਕੰਮਾਂ ਵਿਚ ਇੰਨਾ ਰੁੱਝ ਜਾਂਦੇ ਹਾਂ ਕਿ ਅਸੀਂ ਸਮੇਂ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਹਾਂ। ਸੋ ਆਪਣੇ ਆਪ ਨੂੰ ਪੁੱਛੋ: ‘ਕੀ ਰੱਬ ਸਾਡਾ ਭਲਾ ਕਰਦਾ ਜੇ ਉਹ ਸਾਨੂੰ ਉਹ ਚੀਜ਼ਾਂ ਦਿੰਦਾ ਜੋ ਸਾਨੂੰ ਉਸ ਦੀ ਸੇਵਾ ਕਰਨ ਤੋਂ ਰੋਕਦੀਆਂ?’ * ਨਹੀਂ, ਇਸ ਤਰ੍ਹਾਂ ਕਰ ਕੇ ਉਹ ਸਾਡਾ ਸਿਰਫ਼ ਨੁਕਸਾਨ ਹੀ ਕਰਦਾ। ਪਰ ਇਕ ਪਿਆਰ ਕਰਨ ਵਾਲਾ ਪਰਮੇਸ਼ੁਰ ਇਸ ਤਰ੍ਹਾਂ ਕਦੇ ਨਹੀਂ ਕਰੇਗਾ!—1 ਤਿਮੋਥਿਉਸ 6:17; 1 ਯੂਹੰਨਾ 4:8.
ਜਾਨਾਂ ਬਚਾਉਣ ਦਾ ਸਮਾਂ!
ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਇਕ ਬਹੁਤ ਜ਼ਰੂਰੀ ਕੰਮ ਸੌਂਪਿਆ ਗਿਆ ਹੈ। ਇਸ ਬਾਰੇ ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਯਹੋਵਾਹ ਦੇ ਗਵਾਹਾਂ ਲਈ ਇਹ ਸ਼ਬਦ ਬਹੁਤ ਅਹਿਮੀਅਤ ਰੱਖਦੇ ਹਨ। ਇਸ ਲਈ ਉਹ ਆਪਣੇ ਗੁਆਂਢੀਆਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੀਆਂ ਮੰਗਾਂ ਬਾਰੇ ਸਿੱਖਣ।—ਯੂਹੰਨਾ 17:3.
ਰੱਬ ਇਹ ਨਹੀਂ ਚਾਹੁੰਦਾ ਕਿ ਉਸ ਦੇ ਸੇਵਕ ਸਭ ਕੁਝ ਤਿਆਗ ਕੇ ਉਸ ਦੀ ਸੇਵਾ ਕਰਨ। ਪਰ ਉਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਖ਼ੁਸ਼ ਹੋਈਏ ਜੋ ਸਾਡੇ ਕੋਲ ਹੈ ਅਤੇ ਉਸ ਦੀ ਸੇਵਾ ਨੂੰ ਪਹਿਲ ਦੇਈਏ। (ਮੱਤੀ 6:33) ਫਿਰ ਜੋ ਵੀ ਸਾਨੂੰ ਗੁਜ਼ਾਰਾ ਕਰਨ ਲਈ ਚਾਹੀਦਾ ਹੈ ਰੱਬ ਸਾਨੂੰ ਦੇਵੇਗਾ। ਇਬਰਾਨੀਆਂ 13:5 ਵਿਚ ਲਿਖਿਆ ਹੈ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ [ਪਰਮੇਸ਼ੁਰ] ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”
ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਇਕ ਖ਼ਾਸ ਤਰੀਕੇ ਨਾਲ ਉਦੋਂ ਪੂਰਾ ਕਰੇਗਾ ਜਦ ਉਹ ਆਪਣੇ ਸੇਵਕਾਂ ਦੀ ਇਕ “ਵੱਡੀ ਭੀੜ” ਨੂੰ ਇਸ ਦੁਨੀਆਂ ਦੇ ਅੰਤ ਵਿੱਚੋਂ ਬਚਾਵੇਗਾ ਅਤੇ ਸ਼ਾਂਤੀ ਭਰੀ ਨਵੀਂ ਦੁਨੀਆਂ ਵਿਚ ਜੀਣ ਦਾ ਮੌਕਾ ਦੇਵੇਗਾ। (ਪਰਕਾਸ਼ ਦੀ ਪੋਥੀ 7:9, 14) ਯਿਸੂ ਨੇ ਕਿਹਾ ਸੀ: “ਮੈਂ ਇਸ ਲਈ ਆਇਆ ਭਈ ਉਨ੍ਹਾਂ [ਆਪਣੇ ਵਫ਼ਾਦਾਰ ਸੇਵਕਾਂ] ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।” (ਯੂਹੰਨਾ 10:10) ‘ਚੋਖਾ ਮਿਲਣ’ ਦਾ ਇਹ ਮਤਲਬ ਨਹੀਂ ਕਿ ਉਹ ਹੁਣ ਬਹੁਤ ਅਮੀਰ ਹੋਣਗੇ, ਪਰ ਇਸ ਦਾ ਇਹ ਮਤਲਬ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਅਧੀਨ ਇਕ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ।
ਚੌਕਸ ਰਹੋ ਕਿ ਤੁਸੀਂ ਵੀ ਇਸ ਤਰ੍ਹਾਂ ਨਾ ਸੋਚਣ ਲੱਗੋ ਕਿ ਪਰਮੇਸ਼ੁਰ ਦੀ ਬਰਕਤ ਸਾਨੂੰ ਅਮੀਰ ਬਣਾ ਦੇਵੇਗੀ। ਇਸ ਤਰ੍ਹਾਂ ਸੋਚਣ ਨਾਲ ਸਾਡਾ ਧਿਆਨ ਜ਼ਰੂਰੀ ਕੰਮਾਂ ਤੋਂ ਖਿੱਚਿਆ ਜਾਵੇਗਾ। ਇਸ ਦੀ ਬਜਾਇ ਉਨ੍ਹਾਂ ਜ਼ਰੂਰੀ ਗੱਲਾਂ ਵੱਲ ਕੰਨ ਲਾਓ ਜੋ ਯਿਸੂ ਨੇ ਕਹੀਆਂ ਸਨ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!”—ਲੂਕਾ 21:34, 35. (g09 05)
[ਫੁਟਨੋਟ]
^ ਪੈਰਾ 13 ਪਹਿਲੀ ਸਦੀ ਵਾਂਗ ਅੱਜ ਵੀ ਕੁਝ ਵਫ਼ਾਦਾਰ ਮਸੀਹੀ ਅਮੀਰ ਹਨ। ਪਰ ਰੱਬ ਉਨ੍ਹਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਧਨ-ਦੌਲਤ ’ਤੇ ਭਰੋਸਾ ਰੱਖ ਕੇ ਉਸ ਨੂੰ ਭੁੱਲ ਨਾ ਜਾਣ। (ਕਹਾਉਤਾਂ 11:28; ਮਰਕੁਸ 10:25; ਪਰਕਾਸ਼ ਦੀ ਪੋਥੀ 3:17) ਸੋ ਭਾਵੇਂ ਅਸੀਂ ਅਮੀਰ ਹਾਂ ਜਾਂ ਗ਼ਰੀਬ, ਪਰ ਸਾਨੂੰ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ।—ਲੂਕਾ 12:31.
ਕੀ ਤੁਸੀਂ ਕਦੇ ਸੋਚਿਆ ਹੈ?
◼ ਹੁਣ ਕੀ ਕਰਨ ਦਾ ਸਮਾਂ ਹੈ?—ਮੱਤੀ 24:14.
◼ ਯਿਸੂ ਨੇ ਸਾਡੇ ਸਮੇਂ ਦੀ ਤੁਲਨਾ ਬਾਈਬਲ ਵਿਚ ਕਿਨ੍ਹਾਂ ਲੋਕਾਂ ਦੇ ਸਮੇਂ ਨਾਲ ਕੀਤੀ ਸੀ?—ਮੱਤੀ 24:37-39; ਲੂਕਾ 17:28-30.
◼ ਜੇ ਅਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?—ਲੂਕਾ 21:34.
[ਸਫ਼ਾ 25 ਉੱਤੇ ਸੁਰਖੀ]
ਜੇ ਅਸੀਂ ਸੋਚਾਂਗੇ ਕਿ ਪਰਮੇਸ਼ੁਰ ਦੀ ਬਰਕਤ ਸਾਨੂੰ ਅਮੀਰ ਬਣਾ ਦੇਵੇਗੀ, ਤਾਂ ਸਾਡਾ ਧਿਆਨ ਜ਼ਰੂਰੀ ਕੰਮਾਂ ਤੋਂ ਖਿੱਚਿਆ ਜਾਵੇਗਾ