Skip to content

Skip to table of contents

ਡਾਕਟਰ ਤੋਂ ਮਿਲੀ ਦਵਾਈ ਦੀ ਵਰਤੋਂ ਅਤੇ ਕੁਵਰਤੋਂ

ਡਾਕਟਰ ਤੋਂ ਮਿਲੀ ਦਵਾਈ ਦੀ ਵਰਤੋਂ ਅਤੇ ਕੁਵਰਤੋਂ

ਡਾਕਟਰ ਤੋਂ ਮਿਲੀ ਦਵਾਈ ਦੀ ਵਰਤੋਂ ਅਤੇ ਕੁਵਰਤੋਂ

ਐਂਜੀ ਨਾਂ ਦੀ ਕੁੜੀ ਨੇ ਆਪਣੇ ਮਾਪਿਆਂ ਨੂੰ ਗੱਲ ਕਰਦੇ ਸੁਣਿਆ ਕਿ ਉਸ ਦੇ ਭਰਾ ਨੂੰ ਉਸ ਦੀ ਦਵਾਈ ਕਾਰਨ ਥੋੜ੍ਹੀ ਹੀ ਭੁੱਖ ਲੱਗ ਰਹੀ ਸੀ। ਐਂਜੀ ਨੂੰ ਆਪਣੇ ਭਾਰ ਦਾ ਫ਼ਿਕਰ ਸੀ ਅਤੇ ਇਸ ਲਈ ਉਹ ਚੋਰੀ-ਚੋਰੀ ਹਰ ਦੋ-ਤਿੰਨੀਂ ਦਿਨੀਂ ਆਪਣੇ ਭਰਾ ਦੀਆਂ ਗੋਲੀਆਂ ਖਾਣ ਲੱਗ ਪਈ। ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਮਾਪਿਆਂ ਨੂੰ ਪਤਾ ਲੱਗੇ। ਉਸ ਦਾ ਇਕ ਦੋਸਤ ਵੀ ਇਹੀ ਦਵਾਈ ਖਾ ਰਿਹਾ ਸੀ ਸੋ ਉਹ ਉਸ ਤੋਂ ਗੋਲੀਆਂ ਲੈਣ ਲੱਗੀ। *

ਕਈ ਲੋਕ ਡਾਕਟਰ ਤੋਂ ਮਿਲੀਆਂ ਦਵਾਈਆਂ ਦੀ ਕੁਵਰਤੋਂ ਕਿਉਂ ਕਰਦੇ ਹਨ? ਇਕ ਕਾਰਨ ਇਹ ਹੈ ਕਿ ਇਹ ਸੌਖਿਆਂ ਹੀ ਹੱਥ ਲੱਗ ਜਾਂਦੀਆਂ ਹਨ ਕਿਉਂਕਿ ਇਹ ਘਰ ਵਿਚ ਹੀ ਪਈਆਂ ਹੁੰਦੀਆਂ ਹਨ। ਦੂਜੀ ਗੱਲ ਹੈ ਕਿ ਕਈ ਨੌਜਵਾਨ ਇਹ ਨਹੀਂ ਸੋਚਦੇ ਕਿ ਡਾਕਟਰ ਤੋਂ ਮਿਲੀ ਕਿਸੇ ਹੋਰ ਦੀ ਦਵਾਈ ਖਾ ਕੇ ਉਹ ਕੋਈ ਗ਼ੈਰ-ਕਾਨੂੰਨੀ ਕੰਮ ਕਰ ਰਹੇ ਹਨ। ਤੀਜੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਡਾਕਟਰ ਨੇ ਇਹ ਦਵਾਈ ਲਿਖ ਕੇ ਦਿੱਤੀ ਹੈ, ਤਾਂ ਇਹ ਹੋਰਨਾਂ ਡ੍ਰੱਗਜ਼ ਵਾਂਗ ਖ਼ਤਰਨਾਕ ਨਹੀਂ ਹੋ ਸਕਦੀ। ਕਈ ਨੌਜਵਾਨ ਇਹ ਵੀ ਕਹਿੰਦੇ ਹਨ ਕਿ ‘ਜੇ ਬੱਚੇ ਨੂੰ ਪਰਚੀ ’ਤੇ ਇਹ ਦਵਾਈ ਮਿਲ ਸਕਦੀ ਹੈ, ਤਾਂ ਇਸ ਦਾ ਕੀ ਨੁਕਸਾਨ ਹੋ ਸਕਦਾ ਹੈ?’

ਇਹ ਸੱਚ ਹੈ ਕਿ ਜਦ ਦਵਾਈ ਦੀ ਸਹੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਨਾ ਸਿਰਫ਼ ਸਾਡੀ ਸਿਹਤ ਅਤੇ ਜ਼ਿੰਦਗੀ ਉੱਤੇ ਚੰਗਾ ਅਸਰ ਪਾ ਸਕਦੀ ਹੈ, ਪਰ ਸਾਡੀ ਜਾਨ ਵੀ ਬਚਾ ਸਕਦੀ ਹੈ। ਪਰ ਜਦ ਦਵਾਈ ਦੀ ਕੁਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਨਾਜਾਇਜ਼ ਡ੍ਰੱਗਜ਼ ਜਿੰਨੀ ਹਾਨੀਕਾਰਕ ਹੋ ਸਕਦੀ ਹੈ। ਮਿਸਾਲ ਲਈ, ਜਦ ਇਕ ਇਨਸਾਨ ਉਤੇਜਨਾ ਦੇਣ ਵਾਲੇ ਸਟਿਮੂਲੈਂਟਸ ਦੀ ਕੁਵਰਤੋਂ ਕਰਦਾ ਹੈ, ਤਾਂ ਉਸ ਨੂੰ ਸ਼ਾਇਦ ਦਿਲ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਦੌਰਾ ਪੈ ਜਾਵੇ। ਹੋਰਨਾਂ ਦਵਾਈਆਂ ਕਾਰਨ ਕਿਸੇ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਸਕਦੀ ਹੈ ਤੇ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਕਈ ਦਵਾਈਆਂ ਦਾ ਉਦੋਂ ਨੁਕਸਾਨ ਹੁੰਦਾ ਹੈ ਜਦ ਉਹ ਹੋਰਨਾਂ ਦਵਾਈਆਂ ਜਾਂ ਸ਼ਰਾਬ ਨਾਲ ਲਈਆਂ ਜਾਂਦੀਆਂ ਹਨ। ਐਰੀਜ਼ੋਨਾ ਰਿਪਬਲਿਕ ਅਖ਼ਬਾਰ ਨੇ ਰਿਪੋਰਟ ਕੀਤਾ ਕਿ 2008 ਦੇ ਸ਼ੁਰੂ ਵਿਚ ਇਕ ਮਸ਼ਹੂਰ ਐਕਟਰ ਆਪਣੀ ਜਾਨ ਖੋਹ ਬੈਠਾ ਜਦ ਉਸ ਨੇ “ਇੱਕੋ ਸਮੇਂ ਛੇ ਟ੍ਰੈਂਕੁਲਾਈਜ਼ਰ, ਨੀਂਦ ਦੀਆਂ ਗੋਲੀਆਂ ਤੇ ਦਰਦ ਦੀਆਂ ਗੋਲੀਆਂ” ਖਾਧੀਆਂ।

ਇਕ ਹੋਰ ਖ਼ਤਰਾ ਇਹ ਹੈ ਕਿ ਕੋਈ ਅਮਲੀ ਬਣ ਸਕਦਾ ਹੈ। ਜਦ ਤੁਸੀਂ ਹੱਦੋਂ ਵੱਧ ਦਵਾਈ ਖਾਂਦੇ ਹੋ ਜਾਂ ਉਸ ਦੀ ਕੁਵਰਤੋਂ ਕਰਦੇ ਹੋ, ਤਾਂ ਉਸ ਦਾ ਅਸਰ ਨਾਜਾਇਜ਼ ਡ੍ਰੱਗਜ਼ ਵਰਗਾ ਹੋ ਸਕਦਾ ਹੈ। ਅਜਿਹੀ ਦਵਾਈ ਦਿਮਾਗ਼ ਨੂੰ ਉਤੇਜਿਤ ਕਰਦੀ ਹੈ ਜਿਸ ਕਰਕੇ ਇਨਸਾਨ ਇਸ ਉੱਤੇ ਨਿਰਭਰ ਹੋ ਜਾਂਦਾ ਹੈ। ਭਾਵੇਂ ਇਨਸਾਨ ਥੋੜ੍ਹੀ ਦੇਰ ਲਈ ਖ਼ੁਸ਼ ਹੋਵੇ, ਪਰ ਇਹ ਖ਼ੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਦੀ ਬਜਾਇ ਡ੍ਰੱਗਜ਼ ਲੈਣ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਸਿਰਫ਼ ਵਧਦੀਆਂ ਹਨ। ਇਹ ਟੈਨਸ਼ਨ ਅਤੇ ਡਿਪ੍ਰੈਸ਼ਨ ਨੂੰ ਵਧਾ ਸਕਦੀਆਂ, ਸਿਹਤ ਖ਼ਰਾਬ ਕਰ ਸਕਦੀਆਂ, ਆਮ ਕੰਮ ਕਰਨ ਤੋਂ ਰੋਕ ਸਕਦੀਆਂ, ਅਮਲੀ ਬਣਾ ਸਕਦੀਆਂ ਜਾਂ ਇਹ ਸਭ ਕੁਝ ਕਰ ਸਕਦੀਆਂ ਹਨ। ਦਵਾਈ ਦੀ ਕੁਵਰਤੋਂ ਕਰਨ ਵਾਲਿਆਂ ਨੂੰ ਘਰ, ਸਕੂਲੇ ਅਤੇ ਕੰਮ ਤੇ ਮੁਸ਼ਕਲਾਂ ਆਉਂਦੀਆਂ ਹਨ। ਸੋ ਸਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਜੇ ਕਿਸੇ ਦਵਾਈ ਦੀ ਵਰਤੋਂ ਜਾਂ ਕੁਵਰਤੋਂ ਕੀਤੀ ਜਾ ਰਹੀ ਹੈ?

ਵਰਤੋਂ ਜਾਂ ਕੁਵਰਤੋਂ?

ਤੁਸੀਂ ਉਸ ਸਮੇਂ ਦਵਾਈ ਦੀ ਸਹੀ ਵਰਤੋਂ ਕਰਦੇ ਹੋ ਜਦ ਤੁਸੀਂ ਅਜਿਹੇ ਡਾਕਟਰ ਦੀ ਸਲਾਹ ਮੁਤਾਬਕ ਇਸ ਨੂੰ ਲੈਂਦੇ ਹੋ ਜਿਸ ਨੂੰ ਤੁਹਾਡੀ ਸਿਹਤ ਬਾਰੇ ਪੂਰੀ ਜਾਣਕਾਰੀ ਹੈ। ਇਸ ਵਿਚ ਇਹ ਵੀ ਸ਼ਾਮਲ ਹੈ ਕਿ ਦਵਾਈ ਸਹੀ ਮਾਤਰੇ ਵਿਚ, ਸਹੀ ਸਮੇਂ ਤੇ, ਸਹੀ ਤਰੀਕੇ ਨਾਲ ਅਤੇ ਸਹੀ ਕਾਰਨ ਕਰਕੇ ਲਈ ਜਾਵੇ। ਭਾਵੇਂ ਤੁਸੀਂ ਡਾਕਟਰ ਦੀ ਸਲਾਹ ਮੁਤਾਬਕ ਚੱਲਦੇ ਵੀ ਹੋ, ਫਿਰ ਵੀ ਸ਼ਾਇਦ ਦਵਾਈ ਤੁਹਾਨੂੰ ਠੀਕ ਨਾ ਬੈਠੇ। ਜੇ ਇਸ ਤਰ੍ਹਾਂ ਹੋਵੇ, ਤਾਂ ਤੁਰੰਤ ਆਪਣੇ ਡਾਕਟਰ ਨੂੰ ਦੱਸੋ। ਉਹ ਸ਼ਾਇਦ ਤੁਹਾਡੀ ਇਹ ਦਵਾਈ ਬੰਦ ਕਰ ਦੇਵੇ ਜਾਂ ਨਵੀਂ ਦਵਾਈ ਲਿਖ ਕੇ ਦੇਵੇ। ਇਹ ਗੱਲਾਂ ਉਸ ਦਵਾਈ ਉੱਤੇ ਵੀ ਲਾਗੂ ਹੁੰਦੀਆਂ ਹਨ ਜੋ ਤੁਸੀਂ ਆਪ ਦੁਕਾਨ ਤੋਂ ਖ਼ਰੀਦਦੇ ਹੋ। ਲੋੜ ਪੈਣ ਤੇ ਹੀ ਉਸ ਨੂੰ ਵਰਤੋ ਅਤੇ ਧਿਆਨ ਨਾਲ ਲੇਬਲ ’ਤੇ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ।

ਲੋਕਾਂ ਨੂੰ ਉਦੋਂ ਖ਼ਤਰਾ ਹੁੰਦਾ ਹੈ ਜਦ ਉਹ ਗ਼ਲਤ ਕਾਰਨ ਕਰਕੇ, ਗ਼ਲਤ ਮਾਤਰੇ ਵਿਚ, ਗ਼ਲਤ ਤਰੀਕੇ ਨਾਲ ਦਵਾਈ ਲੈਂਦੇ ਹਨ ਜਾਂ ਕਿਸੇ ਹੋਰ ਦੀ ਦਵਾਈ ਲੈਂਦੇ ਹਨ। ਮਿਸਾਲ ਲਈ, ਕੁਝ ਗੋਲੀਆਂ ਨੂੰ ਸਾਬਤਾ ਨਿਗਾਹੁਣਾ ਪੈਂਦਾ ਹੈ ਤਾਂਕਿ ਉਨ੍ਹਾਂ ਦਾ ਅਸਰ ਹੌਲੀ-ਹੌਲੀ ਸਰੀਰ ’ਤੇ ਪਵੇ। ਨਸ਼ੇ ਕਰਨ ਵਾਲੇ ਕਈ ਵਾਰੀ ਗੋਲੀ ਨੂੰ ਕੁਚਲਦੇ, ਚੱਬਦੇ, ਕੁਚਲ ਕੇ ਨੱਕ ਰਾਹੀਂ ਅੰਦਰ ਨੂੰ ਖਿੱਚਦੇ ਜਾਂ ਪਾਣੀ ਵਿਚ ਘੋਲ ਕੇ ਟੀਕਾ ਲਾਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਨਸ਼ਾ ਚੜ੍ਹ ਸਕਦਾ ਹੈ ਅਤੇ ਅਮਲੀ ਬਣਨ ਵਿਚ ਇਹ ਪਹਿਲਾ ਕਦਮ ਹੋ ਸਕਦਾ ਹੈ। ਇਸ ਤੋਂ ਵੀ ਵੱਧ ਤੁਹਾਡੀ ਜਾਨ ਵੀ ਜਾ ਸਕਦੀ ਹੈ।

ਦੂਸਰੇ ਪਾਸੇ ਜੇ ਕੋਈ ਦਵਾਈ ਸਹੀ ਤਰ੍ਹਾਂ ਲੈ ਰਿਹਾ ਹੈ, ਪਰ ਉਸ ਨੂੰ ਲੱਗਦਾ ਹੈ ਕਿ ਉਹ ਉਸ ਦਾ ਆਦੀ ਬਣ ਰਿਹਾ ਹੈ, ਤਾਂ ਉਸ ਨੂੰ ਬਿਨਾਂ ਦੇਰ ਕੀਤੇ ਆਪਣੇ ਡਾਕਟਰ ਨੂੰ ਦੱਸਣਾ ਚਾਹੀਦਾ ਹੈ। ਤੁਹਾਡੇ ਡਾਕਟਰ ਨੂੰ ਪਤਾ ਹੋਵੇਗਾ ਕਿ ਕੀ ਕੀਤਾ ਜਾਵੇ ਤਾਂਕਿ ਤੁਹਾਡੀ ਸਿਹਤ ਦਾ ਨੁਕਸਾਨ ਨਾ ਹੋਵੇ।

ਸੰਸਾਰ ਭਰ ਵਿਚ ਹਰ ਤਰ੍ਹਾਂ ਦੇ ਨਸ਼ੇ ਸਾਡੇ ਜ਼ਮਾਨੇ ਦੇ ਮੁਸ਼ਕਲ ਸਮਿਆਂ ਦਾ ਸਬੂਤ ਹਨ। ਪਰਿਵਾਰ ਵਿਚ ਪਿਆਰ ਹੋਣਾ ਚਾਹੀਦਾ ਹੈ ਅਤੇ ਹਰ ਰੋਜ਼ ਦੀ ਟੈਨਸ਼ਨ ਤੋਂ ਪਨਾਹ ਮਿਲਣੀ ਚਾਹੀਦੀ ਹੈ, ਪਰ ਇਸ ਦੀ ਬਜਾਇ ਪਰਿਵਾਰ ਟੁੱਟ ਰਹੇ ਹਨ। ਲੋਕਾਂ ਦਾ ਚਾਲ-ਚਲਣ ਵਿਗੜ ਰਿਹਾ ਹੈ ਅਤੇ ਉਹ ਨਾ ਰੱਬ ਦੀ ਅਤੇ ਨਾ ਹੀ ਜ਼ਿੰਦਗੀ ਦੀ ਕਦਰ ਕਰਦੇ ਹਨ। (2 ਤਿਮੋਥਿਉਸ 3:1-5) ਇਕ ਹੋਰ ਗੱਲ ਇਹ ਹੈ ਕਿ ਲੋਕਾਂ ਕੋਲ ਚੰਗੇ ਭਵਿੱਖ ਦੀ ਕੋਈ ਉਮੀਦ ਨਹੀਂ। ਕਈਆਂ ਨੂੰ ਦੁੱਖਾਂ ਤੋਂ ਇਲਾਵਾ ਹੋਰ ਕੁਝ ਨਹੀਂ ਨਜ਼ਰ ਆਉਂਦਾ। ਇਸ ਲਈ ਉਹ ਬੇਪਰਵਾਹ ਹੋ ਕੇ ਸਿਰਫ਼ ਅੱਜ ਲਈ ਜੀਉਂਦੇ ਹਨ। ਉਹ ਮੌਜ-ਮਸਤੀਆਂ ਵਿਚ ਡੁੱਬ ਕੇ ਆਪਣੀ ਜਾਨ ਨੂੰ ਵੀ ਖ਼ਤਰੇ ਵਿਚ ਪਾਉਣ ਲਈ ਤਿਆਰ ਹੋ ਜਾਂਦੇ ਹਨ। ਬਾਈਬਲ ਕਹਿੰਦੀ ਹੈ ਕਿ ਅਜਿਹੇ “ਲੋਕ ਜੰਗਲੀਆਂ ਵਾਂਗ ਭੱਜਦੇ ਹਨ।”—ਕਹਾਉਤਾਂ 29:18, ERV.

ਪਰ ਉਹ ਦਿਨ ਆ ਰਿਹਾ ਹੈ ਜਦ ਦਵਾਈਆਂ ਦੀ ਕੁਵਰਤੋਂ ਨਹੀਂ ਕੀਤੀ ਜਾਵੇਗੀ। ਉਹ ਕਿਵੇਂ? ਬਾਈਬਲ ਇਸ ਦਾ ਜਵਾਬ ਦਿੰਦੀ ਹੈ: “ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ . . . ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ [ਜਿਸ ਵਿਚ ਅੱਜ ਦੀਆਂ ਮੁਸੀਬਤਾਂ ਵੀ ਸ਼ਾਮਲ ਹਨ] ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਕਿਉਂ ਨਾ ਬਾਈਬਲ ਦੀ ਜਾਂਚ ਕਰੋ ਅਤੇ ਦੇਖੋ ਕਿ ਉਸ ਦੀਆਂ ਸਿੱਖਿਆਵਾਂ ਅਤੇ ਉਸ ਵਿਚ ਦਿੱਤੀ ਸਲਾਹ ਕਿੰਨੀ ਫ਼ਾਇਦੇਮੰਦ ਹੈ? ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਵਿਚ ਬਹੁਤ ਖ਼ੁਸ਼ ਹੋਣਗੇ। (g09 05)

[ਫੁਟਨੋਟ]

^ ਪੈਰਾ 2 ਨੌਜਵਾਨਾਂ ਦੀ ਸਿਹਤ ਦੀ ਇਕ ਵੈੱਬ-ਸਾਈਟ ਤੋਂ।

[ਸਫ਼ਾ 19 ਉੱਤੇ ਡੱਬੀ]

ਨਸ਼ਾ ਕਰਨ ਲਈ ਕੁਝ ਵੀ ਕਰਨਾ

ਕਈ ਲੋਕ ਨਸ਼ਾ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹਨ। ਸਫ਼ਾਈ ਕਰਨ ਵਾਲੇ ਪਦਾਰਥ, ਨਹੁੰ ਪਾਲਿਸ਼, ਫਰਨੀਚਰ ਪਾਲਿਸ਼, ਪਟਰੋਲ, ਗੂੰਦ, ਕੈਰੋਸੀਨ, ਤੇਲ, ਸਪ੍ਰੇ ਪੈਂਟ ਅਤੇ ਅਜਿਹੀਆਂ ਚੀਜ਼ਾਂ ਨੂੰ ਸੁੰਘਣਾ ਹਾਨੀਕਾਰਕ ਹੋ ਸਕਦਾ ਹੈ। ਸੁੰਘਣ ਕਾਰਨ ਰਸਾਇਣ ਬਹੁਤ ਜਲਦੀ ਖ਼ੂਨ ਵਿਚ ਪੈ ਜਾਂਦੀ ਹੈ ਅਤੇ ਇਸ ਦਾ ਝੱਟ ਅਸਰ ਚੜ੍ਹ ਜਾਂਦਾ ਹੈ।

ਦੁਕਾਨੋਂ ਖ਼ਰੀਦੀਆਂ ਉਨ੍ਹਾਂ ਦਵਾਈਆਂ ਦੀ ਕੁਵਰਤੋਂ ਕਰਨ ਨਾਲ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਵਿਚ ਅਲਕੋਹਲ ਹੁੰਦਾ ਹੈ ਜਾਂ ਉਹ ਜੋ ਸੁਸਤੀ ਪੈਦਾ ਕਰਦੀਆਂ ਹਨ। ਜਦ ਤੁਸੀਂ ਜ਼ਿਆਦਾ ਦਵਾਈ ਲੈ ਲੈਂਦੇ ਹੋ, ਤਾਂ ਇਹ ਤੁਹਾਡੀਆਂ ਗਿਆਨ-ਇੰਦਰੀਆਂ ਉੱਤੇ ਮਾੜਾ ਅਸਰ ਪਾ ਸਕਦੀ ਹੈ ਖ਼ਾਸ ਕਰਕੇ ਤੁਹਾਡੀ ਸੁਣਨ ਅਤੇ ਦੇਖਣ ਦੀ ਸ਼ਕਤੀ ਉੱਤੇ। ਇਸ ਕਾਰਨ ਤੁਹਾਨੂੰ ਸ਼ਾਇਦ ਘਬਰਾਹਟ ਹੋਵੇ, ਤੁਸੀਂ ਅਜੀਬੋ-ਗ਼ਰੀਬ ਚੀਜ਼ਾਂ ਦੇਖੋ, ਸੁੰਨ ਹੋਵੋ ਜਾਂ ਤੁਹਾਡੇ ਪੇਟ ਵਿਚ ਦਰਦ ਹੋਵੇ।

[ਸਫ਼ਾ 19 ਉੱਤੇ ਡੱਬੀ]

“ਦਵਾਈਆਂ ਦੀ ਭਾਲ”

ਇਕ ਕਿਤਾਬ ਦਾ ਕਹਿਣਾ ਹੈ: “ਅਮਲੀ ਅਤੇ ਦਵਾਈਆਂ ਦੀ ਕੁਵਰਤੋਂ ਕਰਨ ਵਾਲੇ ਲੋਕ ਅਕਸਰ ਦਵਾਈਆਂ ਦੀ ਭਾਲ ਵਿਚ ਰਹਿੰਦੇ ਹਨ। ਉਹ ਕਈ ਤਰੀਕਿਆਂ ਨਾਲ ਦਵਾਈਆਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, ਉਹ ਉਦੋਂ ਡਾਕਟਰ ਦੇ ਆਫ਼ਿਸ ਨੂੰ ਫ਼ੋਨ ਕਰਦੇ ਜਾਂ ਜਾਂਦੇ ਹਨ ਜਦ ਉਹ ਬੰਦ ਹੋਣ ਵਾਲਾ ਹੈ, ਉਹ ਡਾਕਟਰੀ ਮੁਆਇਨਾ ਕਰਾਉਣ, ਟੈੱਸਟ ਕਰਾਉਣ ਜਾਂ ਕਿਸੇ ਹੋਰ ਡਾਕਟਰ ਕੋਲ ਜਾਣ ਤੋਂ ਇਨਕਾਰ ਕਰਦੇ ਹਨ, ਉਹ ਵਾਰ-ਵਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਪਰਚੀ ਗੁਆ ਲਈ ਹੈ, ਉਹ ਡਾਕਟਰ ਦੀ ਲਿਖੀ ਪਰਚੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੀ ਸਿਹਤ ਬਾਰੇ ਜਾਣਕਾਰੀ ਦੇਣ ਤੋਂ ਜਾਂ ਹੋਰਨਾਂ ਡਾਕਟਰਾਂ ਦਾ ਪਤਾ ਦੇਣ ਤੋਂ ਇਨਕਾਰ ਕਰਦੇ ਹਨ। ਹੋਰ ਦਵਾਈ ਹਾਸਲ ਕਰਨ ਲਈ ਵਾਰ-ਵਾਰ ਡਾਕਟਰ ਬਦਲਣਾ ਵੀ ਦਵਾਈਆਂ ਦੀ ਕੁਵਰਤੋਂ ਕਰਨ ਵਾਲਿਆਂ ਲਈ ਆਮ ਹੈ।”

ਆਮ ਕਰਕੇ ਇਨ੍ਹਾਂ ਤਿੰਨ ਤਰ੍ਹਾਂ ਦੀਆਂ ਦਵਾਈਆਂ ਦੀ ਕੁਵਰਤੋਂ ਕੀਤੀ ਜਾਂਦੀ ਹੈ:

ਨੀਂਦ-ਲਿਆਊ ਦਵਾਈ—ਜੋ ਦਰਦ ਲਈ ਦਿੱਤੀ ਜਾਂਦੀ ਹੈ

ਸ਼ਾਂਤਕਾਰਕ ਦਵਾਈ—ਜਿਸ ਦਾ ਅਸਰ ਕੇਂਦਰੀ ਨਰਵਸ ਸਿਸਟਮ ਉੱਤੇ ਹੁੰਦਾ ਹੈ ਅਤੇ ਜੋ ਟੈਨਸ਼ਨ ਲਈ ਅਤੇ ਨੀਂਦ ਨਾ ਆਉਣ ਕਰਕੇ ਦਿੱਤੀ ਜਾਂਦੀ ਹੈ (ਆਮ ਤੌਰ ਤੇ ਇਸ ਨੂੰ ਸੇਡਟਿਵ ਜਾਂ ਟ੍ਰੈਂਕੁਲਾਈਜ਼ਰ ਕਿਹਾ ਜਾਂਦਾ ਹੈ)

ਉਤੇਜਨਾ ਦੇਣ ਵਾਲੀ ਦਵਾਈ—ਇਹ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਾਰਡਰ (ਏ.ਡੀ.ਐੱਚ.ਡੀ.), ਨੀਂਦ ਦੀ ਬੀਮਾਰੀ ਨਰਕਲੇਪਸੀ ਜਾਂ ਮੋਟਾਪੇ ਲਈ ਦਿੱਤੀ ਜਾਂਦੀ ਹੈ *

[ਫੁਟਨੋਟ]

^ ਪੈਰਾ 25 ਇਹ ਜਾਣਕਾਰੀ ਡ੍ਰੱਗਜ਼ ਦੀ ਕੁਵਰਤੋਂ ਦੀ ਖੋਜ ਕਰਨ ਵਾਲੀ ਇਕ ਸੰਸਥਾ ਤੋਂ ਹੈ।

[ਸਫ਼ਾ 20 ਉੱਤੇ ਡੱਬੀ]

ਦਵਾਈਆਂ ਦੀ ਸਹੀ ਵਰਤੋਂ ਕਰਨ ਲਈ ਕੁਝ ਸੁਝਾਅ

1. ਧਿਆਨ ਨਾਲ ਹਿਦਾਇਤਾਂ ਦੀ ਪਾਲਣਾ ਕਰੋ।

2. ਡਾਕਟਰ ਨਾਲ ਗੱਲ ਕਰਨ ਤੋਂ ਬਿਨਾਂ ਦਵਾਈ ਦੀ ਮਾਤਰਾ ਨਾ ਬਦਲੋ।

3. ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਲੈਣੀ ਬੰਦ ਨਾ ਕਰੋ।

4. ਗੋਲੀਆਂ ਨੂੰ ਸਿਰਫ਼ ਉਦੋਂ ਹੀ ਕੁਚਲੋ ਜਾਂ ਤੋੜੋ ਜੇ ਡਾਕਟਰ ਨੇ ਇਸ ਤਰ੍ਹਾਂ ਕਰਨ ਲਈ ਕਿਹਾ।

5. ਸਾਵਧਾਨ ਰਹੋ ਕਿ ਦਵਾਈ ਦਾ ਅਸਰ ਗੱਡੀ ਚਲਾਉਣ ਜਾਂ ਹੋਰਨਾਂ ਕੰਮਾਂ ’ਤੇ ਕੀ ਹੋ ਸਕਦਾ ਹੈ।

6. ਪਤਾ ਕਰੋ ਜੇ ਇਹ ਦਵਾਈ ਸ਼ਰਾਬ ਪੀ ਕੇ ਜਾਂ ਕੋਈ ਹੋਰ ਦਵਾਈ ਖਾ ਕੇ ਲਈ ਜਾ ਸਕਦੀ ਹੈ—ਚਾਹੇ ਇਹ ਦਵਾਈ ਡਾਕਟਰ ਤੋਂ ਮਿਲੀ ਹੈ ਜਾਂ ਤੁਸੀਂ ਦੁਕਾਨੋਂ ਖ਼ਰੀਦੀ ਹੈ।

7. ਜੇ ਤੁਸੀਂ ਪਹਿਲਾਂ ਨਸ਼ੇ ਕੀਤੇ ਹਨ, ਤਾਂ ਆਪਣੇ ਡਾਕਟਰ ਨੂੰ ਦੱਸੋ।

8. ਕਿਸੇ ਹੋਰ ਦੀ ਦਵਾਈ ਨਾ ਖਾਓ ਨਾ ਆਪਣੀ ਦਵਾਈ ਕਿਸੇ ਹੋਰ ਨੂੰ ਦਿਓ। *

[ਫੁਟਨੋਟ]

^ ਪੈਰਾ 37 ਇਹ ਸੁਝਾਅ ਖ਼ੁਰਾਕ ਅਤੇ ਡ੍ਰੱਗਜ਼ ਵਿਭਾਗ ਤੋਂ ਹਨ।