Skip to content

Skip to table of contents

ਡਿਪਰੈਸ਼ਨ ਦਾ ਕਿਹੋ ਜਿਹਾ ਇਲਾਜ ਕੀਤਾ ਜਾ ਸਕਦਾ ਹੈ?

ਡਿਪਰੈਸ਼ਨ ਦਾ ਕਿਹੋ ਜਿਹਾ ਇਲਾਜ ਕੀਤਾ ਜਾ ਸਕਦਾ ਹੈ?

ਰੂਥ ਨੂੰ ਕਈ ਸਾਲਾਂ ਤੋਂ ਡਿਪਰੈਸ਼ਨ ਰਿਹਾ ਹੈ। ਉਹ ਕਹਿੰਦੀ ਹੈ: “ਮੈਂ ਤੇ ਮੇਰੇ ਪਤੀ ਨੇ ਡਾਕਟਰਾਂ ਦੀ ਸਲਾਹ ਲਈ ਹੈ, ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਹਨ ਅਤੇ ਅਜਿਹੀ ਰੁਟੀਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜਿਸ ’ਤੇ ਮੈਂ ਚੱਲ ਸਕਦੀ ਹਾਂ। ਜਿਹੜੀ ਦਵਾਈ ਮੈਂ ਹੁਣ ਲੈਂਦੀ ਹਾਂ ਉਸ ਦੇ ਨਾਲ ਮੇਰੀ ਸਹਿਤ ਕੁਝ ਠੀਕ ਰਹਿੰਦੀ ਹੈ। ਪਰ ਉਨ੍ਹਾਂ ਔਖੀਆਂ ਘੜੀਆਂ ਦੌਰਾਨ ਜਦ ਕੋਈ ਵੀ ਦਵਾਈ ਕੰਮ ਨਹੀਂ ਸੀ ਕਰਦੀ ਮੇਰੇ ਪਤੀ ਤੇ ਦੋਸਤਾਂ ਦੇ ਪਿਆਰ ਤੇ ਸਹਾਰੇ ਨਾਲ ਮੈਨੂੰ ਹਿੰਮਤ ਨਾ ਹਾਰਨ ਦੀ ਮਦਦ ਮਿਲੀ।”

ਰੂਥ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਮਰੀਜ਼ਾਂ ਨੂੰ ਕਲਿਨਿਕਲ ਡਿਪਰੈਸ਼ਨ ਹੁੰਦਾ ਹੈ ਉਨ੍ਹਾਂ ਨੂੰ ਇਲਾਜ ਕਰਾਉਣ ਦੇ ਨਾਲ-ਨਾਲ ਸਹਾਰੇ ਦੀ ਵੀ ਸਖ਼ਤ ਜ਼ਰੂਰਤ ਹੁੰਦੀ ਹੈ। ਜੇ ਡਿਪਰੈਸ਼ਨ ਦਾ ਇਲਾਜ ਨਾ ਕੀਤਾ ਜਾਵੇ, ਤਾਂ ਵਿਅਕਤੀ ਦੀ ਜ਼ਿੰਦਗੀ ਨੂੰ ਖ਼ਤਰਾ ਹੋ ਸਕਦਾ ਹੈ। ਤਕਰੀਬਨ 2,000 ਸਾਲ ਪਹਿਲਾਂ ਯਿਸੂ ਮਸੀਹ ਨੇ ਇਸ ਗੱਲ ਨੂੰ ਕਬੂਲ ਕੀਤਾ ਕਿ ਡਾਕਟਰ ਲੋਕਾਂ ਦੀ ਮਦਦ ਕਰ ਸਕਦੇ ਹਨ ਜਦ ਉਸ ਨੇ ਕਿਹਾ ਕਿ “ਰੋਗੀਆਂ ਨੂੰ ਹਕੀਮ ਦੀ ਲੋੜ ਹੈ।” (ਮਰਕੁਸ 2:17) ਅਸਲ ਵਿਚ ਡਾਕਟਰ ਡਿਪਰੈਸ਼ਨ ਨਾਲ ਪੀੜਿਤ ਲੋਕਾਂ ਦੀ ਕਾਫ਼ੀ ਮਦਦ ਕਰ ਸਕਦੇ ਹਨ। *

ਕੁਝ ਫ਼ਾਇਦੇਮੰਦ ਸੁਝਾਅ

ਡਿਪਰੈਸ਼ਨ ਦਾ ਵੱਖੋ-ਵੱਖ ਇਲਾਜ ਕੀਤਾ ਜਾ ਸਕਦਾ ਹੈ। ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਬੀਮਾਰੀ ਦੇ ਲੱਛਣ ਕੀ ਹਨ ਅਤੇ ਡਿਪਰੈਸ਼ਨ ਕਿੰਨਾ ਕੁ ਗੰਭੀਰ ਹੈ। ( ਨਾਂ ਦੀ ਡੱਬੀ ਦੇਖੋ।) ਕਈ ਆਪਣੇ ਡਾਕਟਰ ਤੋਂ ਮਦਦ ਲੈ ਸਕਦੇ ਹਨ, ਪਰ ਦੂਜਿਆਂ ਨੂੰ ਕਿਸੇ ਖ਼ਾਸ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਹੈ। ਡਾਕਟਰ ਸ਼ਾਇਦ ਡਿਪਰੈਸ਼ਨ ਲਈ ਕੋਈ ਦਵਾਈ ਦੇਵੇ ਜਾਂ ਕਿਸੇ ਹੋਰ ਤਰ੍ਹਾਂ ਮਦਦ ਕਰੇ। ਕੁਝ ਲੋਕਾਂ ਨੂੰ ਜੜੀ-ਬੂਟੀਆਂ ਦੇ ਇਲਾਜ, ਖਾਣ-ਪੀਣ ਵਿਚ ਫੇਰ-ਬਦਲ ਅਤੇ ਡਾਕਟਰ ਦੀ ਸਲਾਹ ਨਾਲ ਕਸਰਤ ਕਰਨ ਦੇ ਪ੍ਰੋਗ੍ਰਾਮ ਤੋਂ ਫ਼ਾਇਦਾ ਹੋਇਆ ਹੈ।

ਕੁਝ ਮੁਸ਼ਕਲਾਂ

1. ਦੋਸਤਾਂ ਦੀ ਸਲਾਹ। ਤੁਹਾਡੇ ਦੋਸਤ ਸ਼ਾਇਦ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨ ਕਿ ਤੁਹਾਡੇ ਲਈ ਕਿਹੜਾ ਇਲਾਜ ਚੰਗਾ ਹੈ ਤੇ ਕਿਹੜਾ ਨਹੀਂ। ਉਹ ਸ਼ਾਇਦ ਤੁਹਾਡੇ ’ਤੇ ਜ਼ੋਰ ਪਾਉਣ ਕਿ ਤੁਸੀਂ ਜੜੀ-ਬੂਟੀਆਂ ਦੀ ਦਵਾਈ ਲਓ, ਡਾਕਟਰ ਤੋਂ ਦਵਾਈ ਲਓ ਜਾਂ ਕੁਝ ਨਾ ਲਓ।

ਜ਼ਰਾ ਸੋਚੋ: ਤੁਹਾਨੂੰ ਸਿਰਫ਼ ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ ਜੋ ਡਿਪਰੈਸ਼ਨ ਬਾਰੇ ਕੁਝ ਜਾਣਦੇ ਹਨ। ਅਖ਼ੀਰ ਵਿਚ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਕਿਸੇ ਇਲਾਜ ਬਾਰੇ ਆਪ ਫ਼ੈਸਲਾ ਕਰਨਾ ਚਾਹੀਦਾ ਹੈ।

2. ਹਿੰਮਤ ਹਾਰਨੀ। ਕਈ ਮਰੀਜ਼ ਸ਼ਾਇਦ ਦਵਾਈ ਲੈਣੀ ਛੱਡ ਦੇਣ ਕਿਉਂਕਿ ਉਨ੍ਹਾਂ ਨੂੰ ਲੱਗਦੇ ਹੈ ਕਿ ਦਵਾਈ ਦਾ ਕੋਈ ਫ਼ਾਇਦਾ ਨਹੀਂ ਹੋ ਰਿਹਾ ਜਾਂ ਉਸ ਦਾ ਉਲਟਾ ਅਸਰ ਪੈ ਰਿਹਾ ਹੈ।

ਜ਼ਰਾ ਸੋਚੋ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ, ਸੋ ਜਿੰਨੇ ਸਲਾਹਕਾਰ ਅਧਿਕ ਹੋਣਗੇ ਉੱਨੀ ਅਧਿਕ ਸਫਲਤਾ ਮਿਲੇਗੀ।” (ਕਹਾਉਤਾਂ 15:22, CL) ਹੋ ਸਕਦਾ ਹੈ ਕਿ ਤੁਹਾਡਾ ਇਲਾਜ ਸਫ਼ਲ ਹੋਵੇਗਾ ਜੇ ਤੁਸੀਂ ਆਪਣੇ ਡਾਕਟਰ ਨਾਲ ਖੁੱਲ੍ਹ ਕੇ ਗੱਲ ਕਰੋ। ਬੀਮਾਰੀ ਦੇ ਲੱਛਣਾਂ ਬਾਰੇ ਆਪਣੇ ਡਾਕਟਰ ਨੂੰ ਸਾਫ਼-ਸਾਫ਼ ਦੱਸੋ। ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਤੁਹਾਡੇ ਇਲਾਜ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਹੈ ਜਾਂ ਕੀ ਦਵਾਈ ਦਾ ਅਸਰ ਦੇਖਣ ਲਈ ਅਜੇ ਸਮਾਂ ਲੱਗੇਗਾ?

3. ਕਾਹਲੀ ਕਰਨੀ। ਕਈ ਮਰੀਜ਼ ਕੁਝ ਹੀ ਹਫ਼ਤਿਆਂ ਬਾਅਦ ਅਚਾਨਕ ਦਵਾਈ ਲੈਣੀ ਬੰਦ ਕਰ ਦਿੰਦੇ ਹਨ ਕਿਉਂਕਿ ਉਹ ਪਹਿਲਾਂ ਨਾਲੋਂ ਠੀਕ ਹੋ ਜਾਂਦੇ ਹਨ। ਉਹ ਸ਼ਾਇਦ ਭੁੱਲ ਜਾਣ ਕਿ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਹਿਤ ਕਿੰਨੀ ਖ਼ਰਾਬ ਸੀ।

ਜ਼ਰਾ ਸੋਚੋ: ਡਾਕਟਰ ਦੀ ਸਲਾਹ ਲੈਣ ਤੋਂ ਬਿਨਾਂ ਇਕਦਮ ਦਵਾਈ ਲੈਣੀ ਬੰਦ ਕਰਨ ਨਾਲ ਤੁਹਾਡੇ ’ਤੇ ਬੁਰਾ ਅਸਰ ਪੈ ਸਕਦਾ ਹੈ ਤੇ ਤੁਹਾਡੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਭਾਵੇਂ ਬਾਈਬਲ ਕੋਈ ਡਾਕਟਰੀ ਕਿਤਾਬ ਨਹੀਂ ਹੈ, ਪਰ ਉਸ ਦਾ ਲਿਖਾਉਣ ਵਾਲਾ ਯਹੋਵਾਹ ਪਰਮੇਸ਼ੁਰ ਸਾਡਾ ਸਿਰਜਣਹਾਰ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਕੀ ਦਿਲਾਸਾ ਅਤੇ ਕਿਹੜੀ ਸਲਾਹ ਦਿੰਦਾ ਹੈ ਜੋ ਡਿਪਰੈਸ਼ਨ ਦੇ ਸ਼ਿਕਾਰ ਹਨ ਜਾਂ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ। (g09 07)

^ ਪੈਰਾ 3 ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੋ ਜਿਹਾ ਇਲਾਜ ਕਰਾਉਣਾ ਚਾਹੀਦਾ ਹੈ। ਹਰੇਕ ਨੂੰ ਸੋਚ-ਸਮਝ ਕੇ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਹੜਾ ਇਲਾਜ ਕਰਾਉਣਾ ਚਾਹੁੰਦਾ ਹੈ।