Skip to content

Skip to table of contents

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

ਨੌਜਵਾਨ ਪੁੱਛਦੇ ਹਨ

ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?

“ਮੈਂ ਕਿਸੇ ਨੂੰ ਇਹ ਕਹਿੰਦੇ ਸੁਣਿਆ ਕਿ ‘ਜੇ ਤੂੰ ਰਿਕੀ ਨੂੰ ਚਾਰ ਵਜੇ ਮਿਲਣਾ ਚਾਹੁੰਦਾ, ਤਾਂ ਉਸ ਨੂੰ ਤਿੰਨ ਵਜੇ ਆਉਣ ਦਾ ਟਾਈਮ ਦਿਓ।’ ਇਹ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣਾ ਸਮਾਂ ਚੰਗੀ ਤਰ੍ਹਾਂ ਵਰਤਣ ਦੀ ਲੋੜ ਹੈ।”—ਰਿਕੀ। *

ਤੁਹਾਨੂੰ ਦਿਨ ਵਿਚ ਹੋਰ ਕਿੰਨੇ ਘੰਟਿਆਂ ਦੀ ਲੋੜ ਹੈ? ਤੁਸੀਂ ਇਹ ਵਾਧੂ ਸਮਾਂ ਕਿੱਦਾਂ ਗੁਜ਼ਾਰੋਗੇ?

□ ਦੋਸਤਾਂ ਨਾਲ

□ ਸੌਣ ਲਈ

□ ਸਟੱਡੀ ਕਰਨ ਲਈ

□ ਕਸਰਤ ਕਰਨ ਲਈ

□ ਕਿਸੇ ਹੋਰ ਕੰਮ ਲਈ

ਭਾਵੇਂ ਇਹ ਬਹੁਤ ਵਧੀਆ ਹੁੰਦਾ ਜੇ ਦਿਨ ਵਿਚ ਹੋਰ ਘੰਟੇ ਹੁੰਦੇ, ਪਰ ਇਸ ਤਰ੍ਹਾਂ ਨਹੀਂ ਹੋਣ ਵਾਲਾ! ਸੋ ਤੁਸੀਂ ਕੀ ਕਰ ਸਕਦੇ ਹੋ? ਕਈ ਨੌਜਵਾਨਾਂ ਨੇ ਆਪਣਾ ਸਮਾਂ ਚੰਗੀ ਤਰ੍ਹਾਂ ਵਰਤਣਾ ਸਿੱਖਿਆ ਹੈ ਤੇ ਉਹ ਆਪਣੇ ਸਾਰੇ ਕੰਮ ਪੂਰੇ ਕਰ ਪਾਉਂਦੇ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਦੇਖਿਆ ਹੈ ਕਿ ਉਨ੍ਹਾਂ ਦੀ ਟੈਨਸ਼ਨ ਘਟੀ ਹੈ, ਉਨ੍ਹਾਂ ਦੇ ਨੰਬਰ ਵਧੇ ਹਨ ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਭਰੋਸਾ ਜਿੱਤਿਆ ਹੈ। ਆਓ ਆਪਾਂ ਦੇਖੀਏ ਕਿ ਤੁਸੀਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹੋ।

ਚੁਣੌਤੀ ਨੰ. 1 ਸੂਚੀ ਬਣਾਓ

ਤੁਹਾਨੂੰ ਕਿਹੜੀ ਰੁਕਾਵਟ ਆ ਸਕਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਸੂਚੀ ਬਣਾਉਣ ਦਾ ਆਇਡੀਆ ਚੰਗਾ ਨਹੀਂ ਲੱਗਦਾ। ਤੁਸੀਂ ਚਾਹੁੰਦੇ ਹੋ ਕਿ ਜਦ ਜੀਅ ਚਾਹੇ ਤੁਸੀਂ ਕੋਈ ਕੰਮ ਕਰ ਸਕੋ। ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਦਿਨ ਦਾ ਹਰ ਮਿੰਟ ਤੈਅ ਕੀਤਾ ਹੋਵੇ।

ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾਉਤਾਂ 21:5, CL) ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਲੇਮਾਨ ਬਿਜ਼ੀ ਰਹਿੰਦਾ ਸੀ। ਵੀਹਾਂ ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਉਹ ਇਕ ਪਤੀ, ਪਿਤਾ ਅਤੇ ਰਾਜਾ ਵੀ ਸੀ! ਇਸ ਤੋਂ ਬਾਅਦ ਉਸ ਦੇ ਸਿਰ ’ਤੇ ਹੋਰ ਵੀ ਜ਼ਿੰਮੇਵਾਰੀਆਂ ਆਈਆਂ। ਹੋ ਸਕਦੇ ਹੈ ਕਿ ਤੁਸੀਂ ਵੀ ਹੁਣ ਬਿਜ਼ੀ ਰਹਿੰਦੇ ਹੋ। ਪਰ ਸਮੇਂ ਦੇ ਬੀਤਣ ਨਾਲ ਤੁਹਾਡੇ ਸਿਰ ’ਤੇ ਵੀ ਹੋਰ ਜ਼ਿੰਮੇਵਾਰੀਆਂ ਆਉਣਗੀਆਂ। ਬਿਹਤਰ ਹੋਵੇਗਾ ਕਿ ਤੁਸੀਂ ਹੁਣ ਤੋਂ ਹੀ ਆਪਣਾ ਸਮਾਂ ਚੰਗੀ ਤਰ੍ਹਾਂ ਵਰਤਣਾ ਸਿੱਖੋ!

ਤੁਹਾਡੇ ਹਾਣੀ ਕੀ ਕਹਿੰਦੇ ਹਨ। “ਕੁਝ ਛੇ ਮਹੀਨੇ ਪਹਿਲਾਂ ਮੈਂ ਲਿਖਣ ਲੱਗਾ ਕਿ ਮੈਂ ਆਪਣਾ ਸਮਾਂ ਕਿਵੇਂ ਗੁਜ਼ਾਰਾਂਗਾ। ਮੈਂ ਆਪਣੀ ਜ਼ਿੰਦਗੀ ਸੌਖੀ ਬਣਾਉਣੀ ਚਾਹੁੰਦਾ ਸੀ ਤੇ ਸੂਚੀ ਬਣਾਉਣ ਨਾਲ ਮੇਰੀ ਮਦਦ ਹੋਈ।”—ਜੋਈ।

“ਲਿਸਟ ਬਣਾਉਣ ਨਾਲ ਮੈਨੂੰ ਪਤਾ ਹੁੰਦਾ ਹੈ ਕਿ ਮੈਨੂੰ ਕੀ-ਕੀ ਕਰਨ ਦੀ ਲੋੜ ਹੈ। ਜਦ ਮੇਰੇ ਕੋਲ ਜ਼ਿਆਦਾ ਕੰਮ ਹੁੰਦਾ ਹੈ, ਤਾਂ ਮੈਂ ਤੇ ਮੇਰੀ ਮੰਮੀ ਸਾਰਾ ਕੁਝ ਲਿਖ ਲੈਂਦੀਆਂ ਹਨ। ਫਿਰ ਅਸੀਂ ਬੈਠ ਕੇ ਸੋਚਦੀਆਂ ਹਾਂ ਕਿ ਇਕ-ਦੂਜੇ ਦੀ ਮਦਦ ਕਿਵੇਂ ਕੀਤੀ ਜਾਵੇ।”—ਮੇਲੋਰੀ।

ਕਿਹੜੀ ਚੀਜ਼ ਤੁਹਾਡੀ ਮਦਦ ਕਰੇਗੀ। ਫ਼ਰਜ਼ ਕਰੋ ਕਿ ਤੁਸੀਂ ਗੱਡੀ ਲੈ ਕੇ ਛੁੱਟੀਆਂ ਮਨਾਉਣ ਜਾ ਰਹੇ ਹੋ। ਪਰਿਵਾਰ ਦਾ ਹਰ ਜੀਅ ਆਪੋ-ਆਪਣਾ ਸਾਮਾਨ ਗੱਡੀ ਵਿਚ ਸੁੱਟ ਦਿੰਦਾ ਹੈ। ਲੱਗਦਾ ਹੈ ਕਿ ਸਾਰੇ ਸਾਮਾਨ ਲਈ ਜਗ੍ਹਾ ਨਹੀਂ ਹੋਵੇਗੀ। ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਸ਼ਾਇਦ ਸਾਰਾ ਕੁਝ ਕੱਢ ਕੇ ਪਹਿਲਾਂ ਵੱਡਾ-ਵੱਡਾ ਸਾਮਾਨ ਟਿਕਾਓ। ਫਿਰ ਤੁਸੀਂ ਛੋਟੇ ਸਾਮਾਨ ਲਈ ਜਗ੍ਹਾ ਲੱਭ ਸਕੋਗੇ।

ਤੁਹਾਡੀ ਜ਼ਿੰਦਗੀ ਬਾਰੇ ਵੀ ਇਹ ਸੱਚ ਹੈ। ਜੇ ਤੁਸੀਂ ਛੋਟੇ-ਛੋਟੇ ਕੰਮਾਂ ਨੂੰ ਪਹਿਲ ਦਿਓਗੇ, ਤਾਂ ਹੋ ਸਕਦਾ ਹੈ ਕਿ ਜ਼ਰੂਰੀ ਕੰਮਾਂ ਲਈ ਤੁਹਾਡੇ ਕੋਲ ਸਮਾਂ ਨਾ ਰਹੇ। ਪਰ ਜੇ ਤੁਸੀਂ ਜ਼ਰੂਰੀ ਕੰਮਾਂ ਨੂੰ ਪਹਿਲ ਦਿਓਗੇ, ਤਾਂ ਤੁਸੀਂ ਸ਼ਾਇਦ ਹੈਰਾਨ ਹੋਵੋ ਕਿ ਬਾਕੀ ਕੰਮਾਂ ਲਈ ਤੁਹਾਡੇ ਕੋਲ ਕਿੰਨਾ ਸਮਾਂ ਹੋਵੇਗਾ!—ਫ਼ਿਲਿੱਪੀਆਂ 1:10.

ਤੁਹਾਡੇ ਲਈ ਸਭ ਤੋਂ ਜ਼ਰੂਰੀ ਕੰਮ ਕਿਹੜੇ ਹਨ?

․․․․․

ਹੁਣ ਸੋਚੋ ਕਿ ਤੁਸੀਂ ਇਨ੍ਹਾਂ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੁੰਦੇ ਹੋ ਤੇ ਉਨ੍ਹਾਂ ਦੀ ਅਹਿਮੀਅਤ ਮੁਤਾਬਕ ਨੰਬਰ ਲਿਖੋ। ਜੇ ਤੁਸੀਂ ਵੱਡੇ-ਵੱਡੇ ਕੰਮਾਂ ਨੂੰ ਪਹਿਲਾਂ ਕਰੋਗੇ, ਤਾਂ ਤੁਸੀਂ ਹੈਰਾਨ ਹੋਵੋਗੇ ਕਿ ਛੋਟੇ ਕੰਮਾਂ ਲਈ ਕਿੰਨਾ ਸਮਾਂ ਬਚੇਗਾ। ਪਰ ਯਾਦ ਰੱਖੋ ਕਿ ਵੱਡੇ ਕੰਮਾਂ ਨੂੰ ਹੀ ਪਹਿਲ ਦੇਣ ਨਾਲ ਤੁਸੀਂ ਸਫ਼ਲ ਹੋ ਸਕਦੇ ਹੋ!

ਤੁਸੀਂ ਕੀ ਕਰ ਸਕਦੇ ਹੋ। ਇਕ ਛੋਟੀ ਡਾਇਰੀ ਵਿਚ ਲਿਖੋ ਕਿ ਤੁਹਾਨੂੰ ਕੀ ਕਰਨ ਦੀ ਲੋੜ ਹੈ। ਜਾਂ ਤੁਸੀਂ ਇਨ੍ਹਾਂ ਵਿੱਚੋਂ ਕੋਈ ਵਰਤ ਸਕਦੇ ਹੋ।

□ ਮੋਬਾਇਲ ਫ਼ੋਨ ਕਲੰਡਰ

□ ਛੋਟੀ ਨੋਟਬੁੱਕ

□ ਕੰਪਿਊਟਰ ’ਤੇ ਕਲੰਡਰ

□ ਡੈੱਸਕ ਕਲੰਡਰ

ਚੁਣੌਤੀ ਨੰ. 2 ਸੂਚੀ ਮੁਤਾਬਕ ਚੱਲੋ

ਤੁਹਾਨੂੰ ਕਿਹੜੀ ਰੁਕਾਵਟ ਆ ਸਕਦੀ ਹੈ। ਸਕੂਲ ਤੋਂ ਬਾਅਦ ਤੁਸੀਂ ਆਰਾਮ ਕਰ ਕੇ ਕੁਝ ਹੀ ਮਿੰਟਾਂ ਲਈ ਟੀ.ਵੀ. ਦੇਖਣਾ ਚਾਹੁੰਦੇ ਹੋ। ਜਾਂ ਤੁਸੀਂ ਹੋਮਵਰਕ ਕਰਨ ਵਾਲੇ ਹੋ, ਪਰ ਤੁਹਾਨੂੰ ਸਿਨਮਾ ਜਾਣ ਲਈ ਦੋਸਤਾਂ ਤੋਂ ਟੈਕਸਟ ਮੈਸਿਜ ਮਿਲਦਾ ਹੈ। ਫ਼ਿਲਮ ਤੁਹਾਡਾ ਇੰਤਜ਼ਾਰ ਨਹੀਂ ਕਰੇਗੀ, ਪਰ ਤੁਸੀਂ ਹੋਮਵਰਕ ਬਾਅਦ ਵਿਚ ਵੀ ਕਰ ਸਕਦੇ ਹੋ। ਨਾਲੇ ਤੁਸੀਂ ਸੋਚਦੇ ਹੋ, ‘ਜਦ ਮੈਨੂੰ ਥੋੜ੍ਹੀ-ਬਹੁਤੀ ਟੈਨਸ਼ਨ ਹੁੰਦੀ ਹੈ, ਤਾਂ ਮੈਂ ਜ਼ਿਆਦਾ ਕੰਮ ਕਰ ਲੈਂਦਾ ਹਾਂ।’

ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ। ਤੁਹਾਨੂੰ ਚੰਗੇ ਨੰਬਰ ਮਿਲਣਗੇ ਜੇ ਤੁਸੀਂ ਉਦੋਂ ਪੜ੍ਹਾਈ ਕਰੋ ਜਦ ਤੁਹਾਡਾ ਮਨ ਤਾਜ਼ਾ ਹੁੰਦਾ ਹੈ। ਕੀ ਤੁਹਾਡੇ ਉੱਤੇ ਪਹਿਲਾਂ ਹੀ ਬਥੇਰੀ ਟੈਨਸ਼ਨ ਨਹੀਂ ਹੈ? ਸੋ ਤੁਸੀਂ ਰਾਤ ਨੂੰ ਦੇਰ ਤਕ ਪੇਪਰਾਂ ਦੀ ਤਿਆਰੀ ਕਿਉਂ ਕਰਨੀ ਚਾਹੁੰਦੇ ਹੋ? ਅਗਲਾ ਦਿਨ ਕਿੱਦਾਂ ਦਾ ਹੋਵੇਗਾ? ਤੁਸੀਂ ਸ਼ਾਇਦ ਦੇਰ ਨਾਲ ਉੱਠੋ, ਟੈਨਸ਼ਨ ਵਿਚ ਹੋਵੋ, ਨੱਠ-ਭੱਜ ਕਰੋ ਤੇ ਸ਼ਾਇਦ ਸਕੂਲ ਲਈ ਲੇਟ ਹੋਵੋ।—ਕਹਾਉਤਾਂ 6:10, 11.

ਤੁਹਾਡੇ ਹਾਣੀ ਕੀ ਕਹਿੰਦੇ ਹਨ। “ਮੈਂ ਟੀ.ਵੀ. ਦੇਖਣਾ, ਗਿਟਾਰ ਵਜਾਉਣਾ ਅਤੇ ਆਪਣੇ ਦੋਸਤਾਂ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦਾ ਹਾਂ। ਭਾਵੇਂ ਇਨ੍ਹਾਂ ਚੀਜ਼ਾਂ ਵਿਚ ਕੋਈ ਖ਼ਰਾਬੀ ਨਹੀਂ ਹੈ, ਪਰ ਜਦ ਇਹ ਜ਼ਰੂਰੀ ਕੰਮਾਂ ਦੀ ਥਾਂ ਲੈ ਲੈਂਦੀਆਂ ਹਨ, ਤਾਂ ਮੈਨੂੰ ਨੱਠ-ਭੱਜ ਰਹਿੰਦੀ ਹੈ।”—ਜੁਲੀਅਨ।

ਕਿਹੜੀ ਚੀਜ਼ ਤੁਹਾਡੀ ਮਦਦ ਕਰੇਗੀ। ਸੂਚੀ ਬਣਾਉਣ ਵੇਲੇ ਨਾ ਸਿਰਫ਼ ਜ਼ਰੂਰੀ ਕੰਮਾਂ ਨੂੰ, ਪਰ ਮਨਪਸੰਦ ਕੰਮਾਂ ਨੂੰ ਵੀ ਸ਼ਾਮਲ ਕਰੋ। ਜੁਲੀਅਨ ਕਹਿੰਦਾ ਹੈ: “ਮੇਰੇ ਲਈ ਜ਼ਰੂਰੀ ਕੰਮ ਕਰਨੇ ਸੌਖੇ ਹੋ ਜਾਂਦੇ ਹਨ ਜਦ ਮੈਨੂੰ ਪਤਾ ਹੁੰਦਾ ਹੈ ਕਿ ਬਾਅਦ ਵਿਚ ਮੈਂ ਆਪਣੇ ਮਨਪਸੰਦ ਕੰਮ ਕਰ ਸਕਾਂਗਾ।”

ਇਕ ਹੋਰ ਆਇਡੀਆ: ਆਪਣੇ ਲਈ ਇਕ ਵੱਡਾ ਟੀਚਾ ਰੱਖੋ। ਫਿਰ ਇਸ ਤਕ ਪਹੁੰਚਣ ਲਈ ਛੋਟੇ-ਛੋਟੇ ਟੀਚੇ ਵੀ ਰੱਖੋ। 16 ਸਾਲਾਂ ਦਾ ਜੋਈ, ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਮੈਂ ਚਾਹੁੰਦਾ ਹਾਂ ਕਿ ਮੈਂ ਆਪਣਾ ਜ਼ਿਆਦਾ ਸਮਾਂ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ ਵਿਚ ਲਾਵਾਂ। ਇਸ ਟੀਚੇ ਨੂੰ ਮਨ ਵਿਚ ਰੱਖ ਕੇ ਮੈਂ ਹੁਣ ਸੂਚੀ ਅਨੁਸਾਰ ਚੱਲਦਾ ਹਾਂ ਤਾਂਕਿ ਮੈਂ ਉਸ ਸਮੇਂ ਲਈ ਤਿਆਰੀ ਕਰ ਸਕਾਂ ਜਦ ਮੇਰੇ ਕੋਲ ਜ਼ਿਆਦਾ ਜ਼ਿੰਮੇਵਾਰੀਆਂ ਹੋਣਗੀਆਂ।”

ਤੁਸੀਂ ਕੀ ਕਰ ਸਕਦੇ ਹੋ। ਇਕ-ਦੋ ਟੀਚੇ ਕੀ ਹਨ ਜੋ ਤੁਸੀਂ ਅਗਲੇ ਛੇ ਮਹੀਨਿਆਂ ਵਿਚ ਹਾਸਲ ਕਰ ਸਕਦੇ ਹੋ?

․․․․․

ਇਕ ਟੀਚਾ ਕੀ ਹੈ ਜੋ ਤੁਸੀਂ ਅਗਲੇ ਦੋ ਸਾਲਾਂ ਤਕ ਹਾਸਲ ਕਰਨਾ ਚਾਹੁੰਦੇ ਹੋ ਅਤੇ ਇਸ ਨੂੰ ਹਾਸਲ ਕਰਨ ਲਈ ਤੁਹਾਨੂੰ ਹੁਣ ਕੀ ਕਰਨ ਦੀ ਲੋੜ ਹੈ?

․․․․․

ਚੁਣੌਤੀ ਨੰ. 3 ਸਫ਼ਾਈ ਰੱਖੋ ਅਤੇ ਸਮੇਂ-ਸਿਰ ਕੰਮ ਕਰੋ

ਤੁਹਾਨੂੰ ਕਿਹੜੀ ਰੁਕਾਵਟ ਆ ਸਕਦੀ ਹੈ। ਤੁਹਾਨੂੰ ਸਮਝ ਨਹੀਂ ਆਉਂਦੀ ਕਿ ਆਪਣਾ ਕਮਰਾ ਸਾਫ਼-ਸੁਥਰਾ ਰੱਖਣ ਨਾਲ ਅਤੇ ਸਮੇਂ-ਸਿਰ ਕੰਮ ਕਰਨ ਨਾਲ ਤੁਹਾਨੂੰ ਕੀ ਲਾਭ ਹੋਵੇਗਾ। ਇਸ ਤੋਂ ਇਲਾਵਾ ਤੁਹਾਡੇ ਲਈ ਖਿਲਾਰਾ ਪਾਈ ਰੱਖਣਾ ਸੌਖਾ ਹੈ। ਤੁਹਾਡੇ ਕਮਰੇ ਦੀ ਸਫ਼ਾਈ ਤਾਂ ਕੱਲ੍ਹ ਨੂੰ ਵੀ ਹੋ ਸਕਦੀ ਹੈ—ਜਾਂ ਸ਼ਾਇਦ ਕਦੇ ਨਹੀਂ! ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਖਿਲਾਰਾ ਪਿਆ ਹੈ ਕਿ ਨਹੀਂ। ਪਰ ਕੀ ਫ਼ਰਕ ਪੈਂਦਾ ਹੈ?

ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ। ਜੇ ਹਰ ਚੀਜ਼ ਲਈ ਜਗ੍ਹਾ ਹੋਵੇ ਅਤੇ ਤੁਸੀਂ ਸਫ਼ਾਈ ਰੱਖੋ, ਤਾਂ ਤੁਹਾਨੂੰ ਆਪਣੀਆਂ ਚੀਜ਼ਾਂ ਸੌਖਿਆਂ ਹੀ ਲੱਭ ਪੈਣਗੀਆਂ। ਸਫ਼ਾਈ ਰੱਖਣ ਨਾਲ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ।—1 ਕੁਰਿੰਥੀਆਂ 14:40.

ਤੁਹਾਡੇ ਹਾਣੀ ਕੀ ਕਹਿੰਦੇ ਹਨ। “ਜਦ ਮੇਰੇ ਕੱਪੜੇ ਇੱਧਰ-ਉੱਧਰ ਖਿੱਲਰੇ ਹੁੰਦੇ ਹਨ, ਤਾਂ ਖਿਲਾਰੇ ਕਰਕੇ ਮੈਨੂੰ ਕੋਈ ਚੀਜ਼ ਨਹੀਂ ਲੱਭਦੀ!”—ਮੈਂਡੀ।

“ਪੂਰੇ ਹਫ਼ਤੇ ਲਈ ਮੇਰਾ ਬਟੂਆ ਗੁਆਚਾ ਰਿਹਾ। ਇਸ ਕਰਕੇ ਮੈਨੂੰ ਬਹੁਤ ਟੈਨਸ਼ਨ ਹੋਈ। ਜਦ ਮੈਂ ਆਪਣਾ ਕਮਰਾ ਸੁਆਰਿਆ, ਤਾਂ ਬਟੂਆ ਮਿਲ ਪਿਆ।”—ਫ਼ਰੈਂਕ।

ਕਿਹੜੀ ਚੀਜ਼ ਤੁਹਾਡੀ ਮਦਦ ਕਰੇਗੀ। ਜਿੰਨੀ ਜਲਦੀ ਹੋ ਸਕੇ ਚੀਜ਼ਾਂ ਨੂੰ ਸਹੀ ਜਗ੍ਹਾ ’ਤੇ ਵਾਪਸ ਰੱਖੋ। ਇਸ ਤਰ੍ਹਾਂ ਕਰਨ ਦੀ ਆਦਤ ਪਾਓ। ਫਿਰ ਖਿਲਾਰਾ ਨਹੀਂ ਪਿਆ ਰਹੇਗਾ ਜਿਸ ਕਰਕੇ ਸਫ਼ਾਈ ਰੱਖਣੀ ਸੌਖੀ ਹੋਵੇਗੀ ਅਤੇ ਤੁਹਾਨੂੰ ਜਲਦੀ ਹੀ ਚੀਜ਼ਾਂ ਲੱਭ ਪੈਣਗੀਆਂ।

ਤੁਸੀਂ ਕੀ ਕਰ ਸਕਦੇ ਹੋ। ਸਫ਼ਾਈ ਰੱਖਣ ਦੀ ਆਦਤ ਪਾਓ ਤੇ ਦੇਖੋ ਕਿ ਇਸ ਦੇ ਕੀ ਫ਼ਾਇਦੇ ਹੁੰਦੇ ਹਨ।

ਅੱਜ ਹੀ ਇਸ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰੋ। ਤੁਹਾਨੂੰ ਕਿਹੜੇ ਸੁਝਾਅ ਸਭ ਤੋਂ ਚੰਗੇ ਲੱਗੇ?

․․․․․

ਮੈਂ ․․․․․ ਹਫ਼ਤੇ (ਜਾਂ ਹਫ਼ਤਿਆਂ) ਲਈ ਇਸ ਤਰ੍ਹਾਂ ਕਰ ਕੇ ਦੇਖਾਂਗਾ ਕਿ ਇਸ ਦਾ ਕੀ ਫ਼ਾਇਦਾ ਹੋਇਆ ਹੈ। (g09 06)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

ਇਸ ਬਾਰੇ ਸੋਚੋ

◼ ਤੁਹਾਨੂੰ ਕਿੰਨੇ ਘੰਟੇ ਸੌਣ ਦੀ ਲੋੜ ਹੈ ਤਾਂਕਿ ਤੁਸੀਂ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕੋ?

◼ ਸੂਚੀ ਬਣਾਉਣ ਵਿਚ ਤੁਸੀਂ ਕਿਸ ਦੀ ਮਦਦ ਲੈ ਸਕਦੇ ਹੋ?

◼ ਜੇ ਤੁਸੀਂ ਪਹਿਲਾਂ ਹੀ ਸੂਚੀ ਅਨੁਸਾਰ ਚੱਲਦੇ ਹੋ, ਤਾਂ ਤੁਹਾਨੂੰ ਸ਼ਾਇਦ ਕਿੱਥੇ ਸੁਧਾਰ ਕਰਨ ਦੀ ਲੋੜ ਹੈ?

[ਸਫ਼ੇ 22, 23 ਉੱਤੇ ਡੱਬੀ/ਤਸਵੀਰ]

8 ਤੋਂ 18 ਸਾਲਾਂ ਦੇ ਨੌਜਵਾਨਾਂ ਨੇ ਇਕ ਹਫ਼ਤੇ ਵਿਚ ਇਸ ਤਰ੍ਹਾਂ ਆਪਣਾ ਸਮਾਂ ਗੁਜ਼ਾਰਿਆ:

17

ਘੰਟੇ ਆਪਣੇ ਮਾਪਿਆਂ ਨਾਲ

30

ਘੰਟੇ ਸਕੂਲੇ

44

ਘੰਟੇ ਟੀ.ਵੀ. ਦੇਖਣ, ਵਿਡਿਓ ਗੇਮਾਂ ਖੇਡਣ, ਟੈਕਸਟ ਮੈਸਿਜ ਭੇਜਣ ਅਤੇ ਗਾਣੇ  ਸੁਣਨ ਵਿਚ

ਮੈਂ ਆਪਣਾ ਸਮਾਂ ਕਿੱਦਾਂ ਗੁਜ਼ਾਰਦਾ ਹਾਂ?

ਲਿਖੋ ਕਿ ਤੁਸੀਂ ਹਫ਼ਤੇ ਵਿਚ ਇਨ੍ਹਾਂ ਕੰਮਾਂ ਵਿਚ ਕਿੰਨੇ ਘੰਟੇ ਗੁਜ਼ਾਰਦੇ ਹੋ

ਟੀ.ਵੀ. ਦੇਖਣ: ․․․․․

ਵਿਡਿਓ ਗੇਮਾਂ ਖੇਡਣ: ․․․․․

ਕੰਪਿਊਟਰ ’ਤੇ: ․․․․․

ਗਾਣੇ ਸੁਣਨ: ․․․․․

ਕੁੱਲ: ․․․․․

ਉਹ ਘੰਟੇ ਜੋ ਮੈਂ ਸੌਖਿਆਂ ਹੀ ਹੋਰਨਾਂ ਜ਼ਰੂਰੀ ਕੰਮਾਂ ਵਿਚ ਲਾ ਸਕਦਾ ਹਾਂ: ․․․․․

[ਸਫ਼ਾ 22 ਉੱਤੇ ਤਸਵੀਰ]

ਜੇ ਤੁਸੀਂ ਛੋਟੀਆਂ ਚੀਜ਼ਾਂ ਨੂੰ ਪਹਿਲਾਂ ਰੱਖੋਗੇ, ਤਾਂ ਜ਼ਰੂਰੀ ਚੀਜ਼ਾਂ ਲਈ ਜਗ੍ਹਾ ਨਹੀਂ ਹੋਵੇਗੀ