Skip to content

Skip to table of contents

ਪਹਿਲਾ ਰਾਜ਼: ਆਪਣੇ ਪਰਿਵਾਰ ਨੂੰ ਪਹਿਲ ਦਿਓ

ਪਹਿਲਾ ਰਾਜ਼: ਆਪਣੇ ਪਰਿਵਾਰ ਨੂੰ ਪਹਿਲ ਦਿਓ

ਪਹਿਲਾ ਰਾਜ਼: ਆਪਣੇ ਪਰਿਵਾਰ ਨੂੰ ਪਹਿਲ ਦਿਓ

“ਤੁਸੀਂ ਕੇਵਲ ਆਪਣਾ ਹੀ ਭਲਾ ਨਾ ਤੱਕੋ, ਸਗੋਂ ਦੂਜਿਆਂ ਦਾ ਵੀ ਧਿਆਨ ਰੱਖੋ।”—ਫ਼ਿਲਿੱਪੀਆਂ 2:4, CL.

ਇਸ ਦਾ ਕੀ ਮਤਲਬ ਹੈ? ਸੁਖੀ ਵਿਆਹਾਂ ਵਿਚ ਪਤੀ-ਪਤਨੀ ਆਪਣੀਆਂ ਜ਼ਰੂਰਤਾਂ ਨਾਲੋਂ ਆਪਣੇ ਸਾਥੀ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੰਦੇ ਹਨ। ਉਹ ਚੀਜ਼ਾਂ, ਨੌਕਰੀ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਦੂਜੇ ਦਰਜੇ ਤੇ ਰੱਖਦੇ ਹਨ। ਪਤੀ-ਪਤਨੀ ਨਾ ਸਿਰਫ਼ ਬੱਚਿਆਂ ਨਾਲ, ਪਰ ਇਕ-ਦੂਜੇ ਨਾਲ ਵੀ ਕਾਫ਼ੀ ਸਮਾਂ ਬਿਤਾਉਂਦੇ ਹਨ। ਦੋਵੇਂ ਆਪਣੇ ਪਰਿਵਾਰ ਲਈ ਕੁਰਬਾਨੀਆਂ ਕਰਨ ਲਈ ਤਿਆਰ ਹਨ।—ਫ਼ਿਲਿੱਪੀਆਂ 2:4.

ਇਹ ਜ਼ਰੂਰੀ ਕਿਉਂ ਹੈ? ਬਾਈਬਲ ਪਰਿਵਾਰ ਦੀ ਦੇਖ-ਭਾਲ ਕਰਨ ’ਤੇ ਜ਼ੋਰ ਦਿੰਦੀ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਜਿਹੜਾ ਇਨਸਾਨ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ ਉਹ “ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਹੋ ਸਕਦਾ ਹੈ ਕਿ ਸਮੇਂ ਦੇ ਬੀਤਣ ਨਾਲ ਪਰਿਵਾਰ ਨੂੰ ਦੂਜੇ ਦਰਜੇ ’ਤੇ ਰੱਖਿਆ ਜਾਵੇ। ਮਿਸਾਲ ਲਈ, ਪਰਿਵਾਰਾਂ ਦੇ ਇਕ ਸਲਾਹਕਾਰ ਨੇ ਇਕ ਸੰਮੇਲਨ ਦਾ ਇੰਤਜ਼ਾਮ ਕੀਤਾ ਜਿੱਥੇ ਉਸ ਨੇ ਦੇਖਿਆ ਕਿ ਜ਼ਿਆਦਾਤਰ ਲੋਕ ਪਰਿਵਾਰ ਨਾਲੋਂ ਆਪਣੀ ਨੌਕਰੀ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਹ ਕਹਿੰਦਾ ਹੈ ਕਿ ਲੋਕ ਇਸ ਉਮੀਦ ਨਾਲ ਆਏ ਕਿ ਉਹ ਇਹ ਸਿੱਖਣਗੇ ਕਿ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਕਿੱਦਾਂ ਫਟਾਫਟ ਸੁਲਝਾਇਆ ਜਾ ਸਕਦਾ ਹੈ ਤਾਂਕਿ ਉਹ ਆਪਣੇ ਕੈਰੀਅਰ ਵੱਲ ਜ਼ਿਆਦਾ ਧਿਆਨ ਦੇ ਸਕਣ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਕਹਿਣਾ ਬਹੁਤ ਸੌਖਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਪਹਿਲ ਦਿੰਦੇ ਹਾਂ, ਪਰ ਅਸਲ ਵਿਚ ਇਸ ਤਰ੍ਹਾਂ ਕਰਨਾ ਔਖਾ ਹੈ।

ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਆਪਣੇ ਪਰਿਵਾਰ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

ਜਦ ਮੇਰਾ ਸਾਥੀ ਜਾਂ ਬੱਚਾ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਤਾਂ ਕੀ ਮੈਂ ਜਲਦ ਤੋਂ ਜਲਦ ਉਨ੍ਹਾਂ ਲਈ ਸਮਾਂ ਕੱਢਦਾ ਹਾਂ?

ਜਦ ਮੈਂ ਹੋਰਨਾਂ ਨੂੰ ਦੱਸਦਾ ਹਾਂ ਕਿ ਮੈਂ ਕੀ-ਕੀ ਕੀਤਾ ਸੀ, ਤਾਂ ਕੀ ਇਸ ਵਿਚ ਮੇਰੇ ਪਰਿਵਾਰ ਦਾ ਵੀ ਜ਼ਿਕਰ ਆਉਂਦਾ ਹੈ?

ਜਦ ਮੇਰੇ ਪਰਿਵਾਰ ਨੂੰ ਮੇਰੀ ਲੋੜ ਹੁੰਦੀ ਹੈ, ਤਾਂ ਕੀ ਮੈਂ ਆਪਣੀ ਨੌਕਰੀ ਜਾਂ ਹੋਰਨਾਂ ਕੰਮਾਂ ਤੋਂ ਸਮਾਂ ਕੱਢਣ ਲਈ ਤਿਆਰ ਹੁੰਦਾ ਹਾਂ?

ਜੇ ਤੁਸੀਂ ਇਨ੍ਹਾਂ ਸਵਾਲਾਂ ਦਾ ਹਾਂ ਵਿਚ ਜਵਾਬ ਦਿੱਤਾ, ਤਾਂ ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਆਪਣੇ ਪਰਿਵਾਰ ਨੂੰ ਪਹਿਲ ਦੇ ਰਹੇ ਹੋ। ਲੇਕਿਨ ਜੇ ਤੁਸੀਂ ਆਪਣੇ ਪਰਿਵਾਰ ਨੂੰ ਇਸ ਬਾਰੇ ਪੁੱਛੋ, ਤਾਂ ਉਹ ਕੀ ਕਹਿਣਗੇ? ਅਸਲੀਅਤ ਜਾਣਨ ਲਈ ਉਨ੍ਹਾਂ ਦੀ ਵੀ ਰਾਇ ਲੈਣੀ ਜ਼ਰੂਰੀ ਹੈ। ਇਹ ਅਸੂਲ ਅਗਲੇ ਸਫ਼ਿਆਂ ’ਤੇ ਕਹੀਆਂ ਗੱਲਾਂ ’ਤੇ ਵੀ ਲਾਗੂ ਹੁੰਦਾ ਹੈ।

ਪੱਕਾ ਫ਼ੈਸਲਾ ਕਰੋ। ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਪਰਿਵਾਰ ਨੂੰ ਪਹਿਲ ਦੇ ਰਹੇ ਹੋ? ਇਕ-ਦੋ ਗੱਲਾਂ ਬਾਰੇ ਸੋਚੋ। (ਮਿਸਾਲ ਲਈ, ਉਨ੍ਹਾਂ ਕੰਮਾਂ ਬਾਰੇ ਸੋਚੋ ਜਿਨ੍ਹਾਂ ਤੋਂ ਤੁਸੀਂ ਸਮਾਂ ਕੱਢ ਕੇ ਆਪਣੇ ਸਾਥੀ ਤੇ ਬੱਚਿਆਂ ਨਾਲ ਗੁਜ਼ਾਰ ਸਕਦੇ ਹੋ।)

ਕਿਉਂ ਨਾ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕਰੋ? ਜਦ ਪਰਿਵਾਰ ਦਾ ਇਕ ਜੀਅ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੂਜੇ ਵੀ ਕੋਸ਼ਿਸ਼ ਕਰਨ ਲਈ ਤਿਆਰ ਹੋ ਜਾਂਦੇ ਹਨ। (g09 10)

[ਸਫ਼ਾ 3 ਉੱਤੇ ਤਸਵੀਰ]

ਜਿੱਤਣ ਵਾਲਾ ਮਾਂ-ਬਾਪ ਆਪਣੇ ਸਾਥੀ ਤੇ ਬੱਚਿਆਂ ਨੂੰ ਪਹਿਲ ਦਿੰਦਾ ਹੈ