Skip to content

Skip to table of contents

ਮੈਂ ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦਾ ਹਾਂ?

ਮੈਂ ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦਾ ਹਾਂ?

ਨੌਜਵਾਨ ਪੁੱਛਦੇ ਹਨ

ਮੈਂ ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦਾ ਹਾਂ?

ਜੈਸਿਕਾ, ਉਸ ਦੇ ਮਾਪੇ ਤੇ ਉਨ੍ਹਾਂ ਦੇ ਦੋਸਤ ਬੈਠ ਕੇ ਖਾਣਾ ਖਾ ਰਹੇ ਹਨ। ਫਿਰ ਗੱਲਾਂ-ਗੱਲਾਂ ਵਿਚ ਇਕ ਜਣੇ ਨੇ ਜੈਸਿਕਾ ਦੀ ਮੰਮੀ ਨੂੰ ਕਿਹਾ, “ਤੂੰ ਯਕੀਨ ਨਹੀਂ ਕਰਨਾ ਮੈਂ ਕਿਹ ਨੂੰ ਦੇਖਿਆ ਸੀ! ਰਿਚਰਡ! ਹਾਂ, ਉਹੀ, ਜਿਹੜਾ ਸਕੂਲੇ ਤੈਨੂੰ ਪਸੰਦ ਕਰਦਾ ਸੀ।”

ਹੱਕੀ-ਬੱਕੀ ਰਹਿ ਕੇ ਜੈਸਿਕਾ ਦੇ ਹੱਥੋਂ ਕਾਂਟਾ ਡਿੱਗ ਜਾਂਦਾ ਹੈ। ਉਸ ਨੇ ਪਹਿਲਾਂ ਰਿਚਰਡ ਬਾਰੇ ਕਦੇ ਨਹੀਂ ਸੁਣਿਆ!

“ਮਾਂ, ਡੈਡੀ ਤੋਂ ਪਹਿਲਾਂ ਵੀ ਤੁਹਾਡਾ ਕੋਈ ਬੁਆਏ-ਫ੍ਰੈਂਡ ਸੀ? ਤੁਸੀਂ ਕਿਸੇ ਰਿਚਰਡ ਬਾਰੇ ਪਹਿਲਾਂ ਤਾਂ ਨਹੀਂ ਦੱਸਿਆ!”

ਕੀ ਤੁਸੀਂ ਵੀ ਜੈਸਿਕਾ ਦੀ ਤਰ੍ਹਾਂ ਆਪਣੇ ਮਾਪਿਆਂ ਬਾਰੇ ਅਜਿਹਾ ਕੁਝ ਸੁਣਿਆ ਹੈ ਜਿਸ ਤੋਂ ਤੁਸੀਂ ਹੈਰਾਨ ਹੋਏ ਸੀ? ਜੇ ਹਾਂ, ਤਾਂ ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਉਨ੍ਹਾਂ ਬਾਰੇ ਹੋਰ ਕੀ-ਕੀ ਨਹੀਂ ਜਾਣਦੇ!

ਇਹ ਕਿਉਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਬਾਰੇ ਸਭ ਕੁਝ ਨਹੀਂ ਜਾਣਦੇ? ਤੁਸੀਂ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹੋ ਅਤੇ ਇਸ ਤਰ੍ਹਾਂ ਕਰਨ ਦੇ ਕੀ ਫ਼ਾਇਦੇ ਹਨ?

ਜਾਣਨ ਲਈ ਬਹੁਤ ਕੁਝ

ਤੁਸੀਂ ਸ਼ਾਇਦ ਆਪਣੇ ਮਾਪਿਆਂ ਬਾਰੇ ਸਭ ਕੁਝ ਕਿਉਂ ਨਹੀਂ ਜਾਣਦੇ? ਹੋ ਸਕਦਾ ਹੈ ਕਿ ਉਹ ਤੁਹਾਡੇ ਤੋਂ ਦੂਰ ਰਹਿੰਦੇ ਹਨ। ਜੇਕਬ, * ਜੋ 22 ਸਾਲਾਂ ਦਾ ਹੈ, ਦੱਸਦਾ ਹੈ ਕਿ “ਮੈਂ ਸਿਰਫ਼ 8 ਸਾਲਾਂ ਦਾ ਸੀ ਜਦ ਮੇਰੇ ਮਾਪਿਆਂ ਨੇ ਤਲਾਕ ਲਿਆ। ਇਸ ਤੋਂ ਬਾਅਦ ਮੈਂ ਆਪਣੇ ਡੈਡੀ ਨੂੰ ਸਾਲ ਵਿਚ ਸਿਰਫ਼ ਇਕ-ਦੋ ਵਾਰੀ ਮਿਲਦਾ ਹੁੰਦਾ ਸੀ। ਕਾਸ਼ ਮੈਂ ਉਹ ਨੂੰ ਹੋਰ ਚੰਗੀ ਤਰ੍ਹਾਂ ਜਾਣ ਪਾਉਂਦਾ।”

ਭਾਵੇਂ ਤੁਸੀਂ ਆਪਣੇ ਮਾਪਿਆਂ ਨਾਲ ਸ਼ੁਰੂ ਤੋਂ ਹੀ ਰਹਿੰਦੇ ਹੋ, ਫਿਰ ਵੀ ਉਨ੍ਹਾਂ ਨੇ ਤੁਹਾਨੂੰ ਆਪਣੇ ਬਾਰੇ ਸਭ ਕੁਝ ਨਹੀਂ ਦੱਸਿਆ ਹੋਣਾ। ਕਿਉਂ? ਸਾਡੇ ਸਾਰਿਆਂ ਦੀ ਤਰ੍ਹਾਂ ਮਾਪੇ ਵੀ ਸ਼ਾਇਦ ਆਪਣੀਆਂ ਪਿਛਲੀਆਂ ਗ਼ਲਤੀਆਂ ਤੋਂ ਸ਼ਰਮਿੰਦਾ ਹੋਣ। (ਰੋਮੀਆਂ 3:23) ਇਹ ਵੀ ਹੋ ਸਕਦਾ ਹੈ ਕਿ ਉਹ ਸੋਚਣ ਕਿ ਜੇ ਉਹ ਤੁਹਾਨੂੰ ਆਪਣੀਆਂ ਗ਼ਲਤੀਆਂ ਬਾਰੇ ਦੱਸਣ, ਤਾਂ ਤੁਸੀਂ ਉਨ੍ਹਾਂ ਬਾਰੇ ਬੁਰਾ ਸੋਚੋਗੇ ਜਾਂ ਉਨ੍ਹਾਂ ਦੀ ਰੀਸ ਕਰ ਕੇ ਜ਼ਿਆਦਾ ਖੁੱਲ੍ਹ ਮੰਗੋਗੇ।

ਆਮ ਤੌਰ ਤੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਕਈ ਗੱਲਾਂ ਇਸ ਲਈ ਨਹੀਂ ਦੱਸੀਆਂ ਕਿਉਂਕਿ ਉਨ੍ਹਾਂ ਬਾਰੇ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਕੇਮਰਨ ਨਾਂ ਦਾ ਨੌਜਵਾਨ ਕਹਿੰਦਾ ਹੈ: “ਮੈਂ ਹੈਰਾਨ ਹਾਂ ਕਿ ਆਪਣੇ ਮਾਪਿਆਂ ਨਾਲ ਇੰਨੇ ਸਾਲ ਰਹਿ ਕੇ ਵੀ ਮੈਂ ਉਨ੍ਹਾਂ ਬਾਰੇ ਸਭ ਕੁਝ ਨਹੀਂ ਜਾਣਦਾ!” ਕਿਉਂ ਨਾ ਆਪਣੇ ਮਾਪਿਆਂ ਨਾਲ ਗੱਲ ਕਰਨ ਵਿਚ ਪਹਿਲ ਕਰੋ? ਇਸ ਤਰ੍ਹਾਂ ਕਰਨ ਦੇ ਚਾਰ ਫ਼ਾਇਦਿਆਂ ਵੱਲ ਧਿਆਨ ਦਿਓ।

ਪਹਿਲਾ ਫ਼ਾਇਦਾ: ਤੁਹਾਡੇ ਮਾਪਿਆਂ ਨੂੰ ਚੰਗਾ ਲੱਗੇਗਾ। ਕੋਈ ਸ਼ੱਕ ਨਹੀਂ ਕਿ ਤੁਹਾਡੇ ਮਾਪਿਆਂ ਨੂੰ ਚੰਗਾ ਲੱਗੇਗਾ ਕਿ ਤੁਸੀਂ ਉਨ੍ਹਾਂ ਦੀ ਜ਼ਿੰਦਗੀ ਵਿਚ ਦਿਲਚਸਪੀ ਲੈ ਰਹੇ ਹੋ। ਇਸ ਦੇ ਬਦਲੇ ਸ਼ਾਇਦ ਉਹ ਵੀ ਤੁਹਾਡੇ ਲਈ ਅਤੇ ਤੁਹਾਡੇ ਜਜ਼ਬਾਤਾਂ ਲਈ ਜ਼ਿਆਦਾ ਹਮਦਰਦੀ ਦਿਖਾਉਣ।—ਮੱਤੀ 7:12.

ਦੂਜਾ ਫ਼ਾਇਦਾ: ਤੁਸੀਂ ਉਨ੍ਹਾਂ ਦੀ ਸੋਚਣੀ ਬਾਰੇ ਕੁਝ ਸਿੱਖੋਗੇ। ਮਿਸਾਲ ਲਈ, ਕੀ ਤੁਹਾਡੇ ਮਾਪਿਆਂ ਨੂੰ ਕਦੇ ਥੋੜ੍ਹੇ ਨਾਲ ਗੁਜ਼ਾਰਾ ਕਰਨਾ ਪਿਆ ਹੈ? ਸ਼ਾਇਦ ਇਸੇ ਲਈ ਉਹ ਹੁਣ ਵੀ ਸਰਫ਼ਾ ਕਰਦੇ ਹਨ ਚਾਹੇ ਤੁਸੀਂ ਇਸ ਨੂੰ ਜ਼ਰੂਰੀ ਨਾ ਸਮਝੋ।

ਇਹ ਜਾਣਨ ਨਾਲ ਕਿ ਤੁਹਾਡੇ ਮਾਪੇ ਕੀ ਸੋਚਦੇ ਹਨ ਤੁਹਾਡੀ ਮਦਦ ਹੋਵੇਗੀ। ਕੋਡੀ ਨਾਂ ਦਾ ਨੌਜਵਾਨ ਕਹਿੰਦਾ ਹੈ ਕਿ “ਇਹ ਜਾਣਦੇ ਹੋਏ ਕਿ ਮੇਰੇ ਮਾਪਿਆਂ ਦੇ ਸੋਚ-ਵਿਚਾਰ ਕੀ ਹਨ, ਮੈਂ ਗੱਲ ਕਰਨ ਤੋਂ ਪਹਿਲਾਂ ਇਹ ਸੋਚਦਾ ਹਾਂ ਕਿ ਮੇਰੀਆਂ ਗੱਲਾਂ ਦਾ ਉਨ੍ਹਾਂ ’ਤੇ ਕੀ ਅਸਰ ਪਵੇਗਾ।”—ਕਹਾਉਤਾਂ 15:23.

ਤੀਜਾ ਫ਼ਾਇਦਾ: ਤੁਸੀਂ ਵੀ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰ ਸਕੋਗੇ। 18 ਸਾਲਾਂ ਦੀ ਬ੍ਰਿਜਟ ਦੱਸਦੀ ਹੈ: “ਮੈਨੂੰ ਇਕ ਮੁੰਡਾ ਪਸੰਦ ਸੀ, ਪਰ ਆਪਣੇ ਡੈਡੀ ਨਾਲ ਇਸ ਬਾਰੇ ਗੱਲ ਕਰਨ ਤੋਂ ਮੈਂ ਸ਼ਰਮਾਉਂਦੀ ਸੀ। ਪਰ ਜਦ ਮੈਂ ਗੱਲ ਛੇੜੀ, ਡੈਡੀ ਨੇ ਮੈਨੂੰ ਉਸ ਸਮੇਂ ਬਾਰੇ ਦੱਸਿਆ ਜਦ ਉਸ ਨੂੰ ਪਹਿਲੀ ਵਾਰ ਇਕ ਕੁੜੀ ਪਸੰਦ ਆਈ ਸੀ। ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਜਦ ਉਨ੍ਹਾਂ ਦੀ ਗੱਲ ਨਹੀਂ ਬਣੀ, ਤਾਂ ਉਸ ਨੂੰ ਕਿੰਨਾ ਦੁੱਖ ਹੋਇਆ। ਇਹ ਸੁਣ ਕੇ ਮੈਨੂੰ ਵੀ ਆਪਣੇ ਬਾਰੇ ਹੋਰ ਦੱਸਣ ਦਾ ਹੌਸਲਾ ਮਿਲਿਆ।”

ਚੌਥਾ ਫ਼ਾਇਦਾ: ਤੁਸੀਂ ਕੁਝ ਸਿੱਖੋਗੇ। ਆਪਣੇ ਮਾਪਿਆਂ ਦੇ ਤਜਰਬਿਆਂ ਬਾਰੇ ਜਾਣ ਕੇ ਤੁਹਾਨੂੰ ਵੀ ਆਪਣੀਆਂ ਮੁਸ਼ਕਲਾਂ ਨੂੰ ਨਜਿੱਠਣ ਵਿਚ ਮਦਦ ਮਿਲੇਗੀ। 16 ਸਾਲਾਂ ਦਾ ਜੋਸ਼ੁਆ ਕਹਿੰਦਾ ਹੈ: “ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੇ ਮਾਪੇ ਇੰਨੇ ਵੱਡੇ ਪਰਿਵਾਰ ਦੀ ਦੇਖ-ਭਾਲ ਕਿਵੇਂ ਕਰਦੇ ਹਨ। ਇਹ ਉਨ੍ਹਾਂ ਲਈ ਸੌਖਾ ਨਹੀਂ ਕਿਉਂਕਿ ਸਾਡੇ ਸਾਰਿਆਂ ਦੀਆਂ ਵੱਖੋ-ਵੱਖਰੀਆਂ ਲੋੜਾਂ ਹਨ। ਮੈਂ ਜ਼ਰੂਰ ਉਨ੍ਹਾਂ ਤੋਂ ਕੁਝ ਸਿੱਖ ਸਕਦਾ ਹਾਂ।” ਬਾਈਬਲ ਕਹਿੰਦੀ ਹੈ ਕਿ “ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ, ਅਤੇ ਦਿਨਾਂ ਦੀ ਲੰਮਾਈ ਵਿੱਚ ਸਮਝ ਹੈ।”—ਅੱਯੂਬ 12:12.

ਪਹਿਲਾ ਕਦਮ ਚੁੱਕੋ

ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਕੀ ਕਰ ਸਕਦੇ ਹੋ? ਅੱਗੇ ਕੁਝ ਸੁਝਾਅ ਦਿੱਤੇ ਗਏ ਹਨ।

ਸਹੀ ਸਮਾਂ ਚੁਣੋ। ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਹਮੇਸ਼ਾ ਬੈਠ ਕੇ ਗੱਲ ਕਰਨ ਦੀ ਲੋੜ ਹੈ, ਪਰ ਗੱਲਾਂ-ਗੱਲਾਂ ਵਿਚ ਹੀ ਤੁਸੀਂ ਉਨ੍ਹਾਂ ਬਾਰੇ ਬਹੁਤ ਕੁਝ ਸਿੱਖ ਸਕਦੇ ਹੋ। ਸ਼ਾਇਦ ਤੁਸੀਂ ਕੋਈ ਖੇਡ ਖੇਡਦੇ, ਪ੍ਰਾਜੈਕਟ ਕਰਦੇ, ਤੁਰਦੇ ਜਾਂ ਗੱਡੀ ਵਿਚ ਸਫ਼ਰ ਕਰਦੇ ਆਪਣੇ ਮਾਪਿਆਂ ਨਾਲ ਗੱਲ ਕਰ ਸਕਦੇ ਹੋ। ਕੋਡੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ ਕਿ “ਮੈਂ ਉਦੋਂ ਆਪਣੇ ਮਾਪਿਆਂ ਨਾਲ ਗੱਲ ਕਰਦਾ ਹਾਂ ਜਦ ਅਸੀਂ ਗੱਡੀ ਵਿਚ ਲੰਮਾ ਸਫ਼ਰ ਕਰਦੇ ਹਾਂ। ਈਅਰ-ਫੋਨ ਲਾ ਕੇ ਗਾਣੇ ਸੁਣਨੇ ਜਾਂ ਸੌਂ ਜਾਣਾ ਭਾਵੇਂ ਸੌਖਾ ਹੈ, ਪਰ ਮੈਂ ਦੇਖਿਆ ਹੈ ਕਿ ਜਦ ਮੈਂ ਗੱਲ ਸ਼ੁਰੂ ਕਰਦਾ ਹਾਂ, ਤਾਂ ਸਾਨੂੰ ਸਾਰਿਆਂ ਨੂੰ ਮਜ਼ਾ ਆਉਂਦਾ ਹੈ!”

ਸਵਾਲ ਪੁੱਛੋ। ਇਹ ਨਾ ਸੋਚੋ ਕਿ ਸਹੀ ਸਮਾਂ ਚੁਣਨ ਤੇ ਵੀ ਤੁਹਾਡੇ ਮਾਪੇ ਤੁਹਾਨੂੰ ਸਭ ਕੁਝ ਦੱਸ ਦੇਣਗੇ। ਮਿਸਾਲ ਲਈ, ਬਿਨਾਂ ਸਵਾਲ ਪੁੱਛੇ ਤੁਹਾਡੀ ਮੰਮੀ ਤੁਹਾਨੂੰ ਆਪਣੇ ਪਹਿਲੇ ਪਿਆਰ ਬਾਰੇ ਨਹੀਂ ਦੱਸੇਗੀ ਜਾਂ ਤੁਹਾਡਾ ਡੈਡੀ ਉਸ ਸਮੇਂ ਬਾਰੇ ਨਹੀਂ ਦੱਸੇਗਾ ਜਦ ਉਸ ਨੇ ਗੱਡੀ ਭੰਨੀ ਸੀ। ਪਰ ਜੇ ਤੁਸੀਂ ਸਵਾਲ ਪੁੱਛੋ, ਤਾਂ ਹੋ ਸਕਦਾ ਹੈ ਕਿ ਉਹ ਤੁਹਾਨੂੰ ਅਜਿਹੀਆਂ ਗੱਲਾਂ ਦੱਸ ਦੇਣ!—ਇਹ ਜਾਣਨ ਲਈ ਕਿ ਤੁਸੀਂ ਕਿਹੋ ਜਿਹੇ ਸਵਾਲ ਪੁੱਛ ਸਕਦੇ ਹੋ  ਸਫ਼ਾ 12 ’ਤੇ ਦਿੱਤੀ ਡੱਬੀ ਦੇਖੋ।

ਗੱਲ ਸੁਣੋ। ਕਈ ਵਾਰ ਜਦ ਤੁਹਾਡੇ ਮਾਪੇ ਇਕ ਸਵਾਲ ਦਾ ਜਵਾਬ ਦੇਣ ਲੱਗਦੇ ਹਨ, ਤਾਂ ਉਨ੍ਹਾਂ ਨੂੰ ਕੋਈ ਹੋਰ ਗੱਲ ਜਾਂ ਕਹਾਣੀ ਯਾਦ ਆ ਜਾਂਦੀ ਹੈ। ਪਰ ਉਹ ਜੋ ਵੀ ਗੱਲ ਕਰਨ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੋਵੋ। ਤੁਸੀਂ ਸਿਰਫ਼ ਜਾਣਕਾਰੀ ਇਕੱਠੀ ਨਹੀਂ ਕਰਨੀ ਚਾਹੁੰਦੇ, ਸਗੋਂ ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ। ਇਸ ਤਰ੍ਹਾਂ ਕਰਨ ਦਾ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰੋ ਜਿਨ੍ਹਾਂ ਬਾਰੇ ਉਹ ਗੱਲ ਕਰਨੀ ਚਾਹੁੰਦੇ ਹਨ।—ਫ਼ਿਲਿੱਪੀਆਂ 2:4.

ਸਮਝਦਾਰੀ ਵਰਤੋ। “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” (ਕਹਾਉਤਾਂ 20:5) ਜਦ ਤੁਸੀਂ ਆਪਣੇ ਮਾਪਿਆਂ ਨੂੰ ਕੋਈ ਐਸਾ-ਵੈਸਾ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਮਿਸਾਲ ਲਈ, ਤੁਸੀਂ ਸ਼ਾਇਦ ਇਹ ਜਾਣਨਾ ਚਾਹੋ ਕਿ ਜਵਾਨੀ ਵਿਚ ਤੁਹਾਡੇ ਡੈਡੀ ਨੇ ਕਿਹੋ ਜਿਹੀਆਂ ਗ਼ਲਤੀਆਂ ਕੀਤੀਆਂ ਸਨ ਤੇ ਜੇ ਉਸ ਨੂੰ ਦੁਬਾਰਾ ਆਪਣੀ ਜਵਾਨੀ ਜੀਣ ਦਾ ਮੌਕਾ ਮਿਲੇ, ਤਾਂ ਉਹ ਕੀ ਬਦਲੇਗਾ। ਪਰ ਬਿਨਾਂ ਸੋਚ-ਸਮਝ ਕੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਸ਼ਾਇਦ ਕਹਿ ਸਕੋ: “ਕੀ ਮੈਂ ਤੁਹਾਨੂੰ ਇਸ ਬਾਰੇ ਪੁੱਛ ਸਕਦਾ ਹਾਂ?”

ਉਨ੍ਹਾਂ ਬਾਰੇ ਸੋਚੋ। ਜਦ ਤੁਹਾਡੇ ਮਾਪੇ ਤੁਹਾਨੂੰ ਆਪਣੇ ਬਾਰੇ ਕੁਝ ਦੱਸਦੇ ਹਨ, ਤਾਂ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ’ ਹੋਵੋ। (ਯਾਕੂਬ 1:19) ਉਨ੍ਹਾਂ ਦੀਆਂ ਗੱਲਾਂ ਸੁਣ ਕੇ ਨਾ ਤਾਂ ਮਜ਼ਾਕ ਉਡਾਓ ਅਤੇ ਨਾ ਹੀ ਉਨ੍ਹਾਂ ਦੀ ਬੇਇੱਜ਼ਤੀ ਕਰੋ। ਜੇ ਤੁਸੀਂ ਕਹੋ: “ਹੈਂ! ਤੁਸੀਂ ਇੱਦਾਂ ਕੀਤਾ ਸੀ! ਜਾਂ “ਤਾਹੀਓਂ ਤੁਸੀਂ ਮੇਰੇ ਨਾਲ ਇੰਨੇ ਸਖ਼ਤ ਹੋ!” ਤਾਂ ਹੋ ਸਕਦਾ ਹੈ ਕਿ ਤੁਹਾਡੇ ਮਾਪੇ ਤੁਹਾਨੂੰ ਹੋਰ ਨਾ ਦੱਸਣਾ ਚਾਹੁਣ। ਨਾ ਹੀ ਤੁਹਾਨੂੰ ਘਰ ਦੀ ਗੱਲ ਬਾਹਰ ਕਰਨੀ ਚਾਹੀਦੀ ਹੈ।

ਅਜੇ ਵੀ ਦੇਰ ਨਹੀਂ ਹੋਈ!

ਜੇ ਤੁਸੀਂ ਹਾਲੇ ਆਪਣੇ ਮਾਪਿਆਂ ਨਾਲ ਰਹਿੰਦੇ ਹੋ, ਤਾਂ ਉੱਪਰ ਦਿੱਤੇ ਸੁਝਾਅ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਪਰ ਉਦੋਂ ਕੀ ਜੇ ਤੁਸੀਂ ਉਨ੍ਹਾਂ ਨਾਲ ਨਹੀਂ ਰਹਿੰਦੇ? ਫਿਰ ਵੀ ਉਪਰਲੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ ਜਿਵੇਂ ਜੇਕਬ ਦੀ ਮਦਦ ਹੋਈ ਹੈ। ਭਾਵੇਂ ਉਹ ਹੁਣ ਆਪਣੇ ਹੀ ਘਰ ਰਹਿੰਦਾ ਹੈ, ਪਰ ਉਹ ਕਹਿੰਦਾ ਹੈ, “ਅੱਜ-ਕੱਲ੍ਹ ਮੈਂ ਆਪਣੇ ਡੈਡ ਨੂੰ ਬਿਹਤਰ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ।”

ਸੋ ਚਾਹੇ ਤੁਸੀਂ ਆਪਣੇ ਮਾਪਿਆਂ ਨਾਲ ਰਹਿੰਦੇ ਹੋ ਜਾਂ ਉਨ੍ਹਾਂ ਤੋਂ ਦੂਰ, ਫਿਰ ਵੀ ਦੇਰ ਨਹੀਂ ਹੋਈ। ਤੁਸੀਂ ਅਜੇ ਵੀ ਉਨ੍ਹਾਂ ਨੂੰ ਜਾਣ ਸਕਦੇ ਹੋ। ਕਿਉਂ ਨਾ ਇਸ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰਨ ਦੀ ਕੋਸ਼ਿਸ਼ ਕਰੋ? (g09 10)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 9 ਇਸ ਲੇਖ ਵਿਚ ਨਾਂ ਬਦਲੇ ਗਏ ਹਨ।

ਇਸ ਬਾਰੇ ਸੋਚੋ

◼ ਇਸ ਲੇਖ ਵਿੱਚੋਂ ਤੁਸੀਂ ਆਪਣੇ ਮਾਪਿਆਂ ਨਾਲ ਕਿਹੜੀਆਂ ਗੱਲਾਂ ਕਰਨੀਆਂ ਚਾਹੁੰਦੇ ਹੋ?

◼ ਆਪਣੇ ਮਾਪਿਆਂ ਬਾਰੇ ਹੋਰ ਚੰਗੀ ਤਰ੍ਹਾਂ ਜਾਣ ਕੇ ਤੁਹਾਡੀ ਮਦਦ ਕਿਵੇਂ ਹੋ ਸਕਦੀ ਹੈ?

[ਸਫ਼ਾ 12 ਉੱਤੇ ਡੱਬੀ/ਤਸਵੀਰ]

  ਆਪਣੇ ਮਾਪਿਆਂ ਨੂੰ ਅਜਿਹੇ ਸਵਾਲ ਪੁੱਛੋ:

ਵਿਆਹ: ਤੁਸੀਂ ਪਹਿਲੀ ਵਾਰ ਕਦੋਂ ਮਿਲੇ ਸਨ? ਤੁਹਾਨੂੰ ਇਕ-ਦੂਜੇ ਵਿਚ ਕਿਹੜੀਆਂ ਗੱਲਾਂ ਪਸੰਦ ਆਇਆਂ? ਤੁਸੀਂ ਵਿਆਹ ਤੋਂ ਬਾਅਦ ਕਿੱਥੇ ਰਹਿੰਦੇ ਸਨ?

ਬਚਪਨ: ਤੁਹਾਡਾ ਜਨਮ ਕਿੱਥੇ ਹੋਇਆ ਸੀ? ਕੀ ਤੁਹਾਡੇ ਭੈਣਾਂ-ਭਰਾਵਾਂ ਨਾਲ ਤੁਹਾਡੀ ਬਣਦੀ ਸੀ? ਕੀ ਤੁਹਾਡੇ ਮਾਪੇ ਤੁਹਾਡੇ ਨਾਲ ਸਖ਼ਤ ਸਨ ਜਾਂ ਕੀ ਉਹ ਤੁਹਾਨੂੰ ਬਹੁਤ ਆਜ਼ਾਦੀ ਦਿੰਦੇ ਸਨ?

ਪੜ੍ਹਾਈ-ਲਿਖਾਈ: ਸਕੂਲ ਵਿਚ ਤੁਹਾਨੂੰ ਕਿਹੜੀ ਕਲਾਸ ਸਭ ਤੋਂ ਵਧੀਆ ਲੱਗਦੀ ਸੀ ਅਤੇ ਕਿਹੜੀ ਨਹੀਂ? ਕੀ ਤੁਹਾਨੂੰ ਆਪਣਾ ਕੋਈ ਟੀਚਰ ਯਾਦ ਹੈ? ਉਹ ਕਿਹੋ ਜਿਹਾ ਸੀ?

ਕੰਮ-ਕਾਰ: ਤੁਹਾਡੀ ਪਹਿਲੀ ਨੌਕਰੀ ਕੀ ਸੀ? ਕੀ ਤੁਹਾਨੂੰ ਇਹ ਕੰਮ ਪਸੰਦ ਸੀ? ਜੇ ਤੁਸੀਂ ਆਪਣੇ ਮਨ-ਪਸੰਦ ਦਾ ਕੰਮ ਕਰ ਸਕਦੇ, ਤਾਂ ਤੁਸੀਂ ਕੀ ਕਰਦੇ?

ਸ਼ੌਕ: ਜੇ ਤੁਸੀਂ ਦੁਨੀਆਂ ਵਿਚ ਕਿਤੇ ਵੀ ਜਾ ਸਕਦੇ, ਤਾਂ ਤੁਸੀਂ ਕਿੱਥੇ ਜਾਓਗੇ? ਤੁਸੀਂ ਕਿਹੜਾ ਸ਼ੌਕ ਪੂਰਾ ਕਰਨਾ ਚਾਹੁੰਦੇ ਹੋ?

ਬਾਈਬਲ ਬਾਰੇ ਸਿੱਖਣ: ਤੁਸੀਂ ਕਿਹੜੇ ਧਰਮ ਵਿਚ ਪੈਦਾ ਹੋਏ ਸਨ? ਤੁਸੀਂ ਬਾਈਬਲ ਵਿਚ ਦਿਲਚਸਪੀ ਕਿਉਂ ਲਈ ਸੀ? ਬਾਈਬਲ ਦੇ ਅਸੂਲਾਂ ਉੱਤੇ ਚੱਲਣ ਲਈ ਤੁਹਾਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

ਕਦਰਾਂ-ਕੀਮਤਾਂ: ਤੁਹਾਡੇ ਖ਼ਿਆਲ ਵਿਚ ਦੋਸਤੀ ਨਿਭਾਉਣ ਲਈ, ਖ਼ੁਸ਼ ਰਹਿਣ ਲਈ ਜਾਂ ਵਿਆਹ ਵਿਚ ਸੁਖ ਪਾਉਣ ਲਈ ਕੀ-ਕੀ ਜ਼ਰੂਰੀ ਹੈ? ਤੁਹਾਨੂੰ ਸਭ ਤੋਂ ਵਧੀਆ ਸਲਾਹ ਕਿਹੜੀ ਮਿਲੀ?

ਇਸ ਤਰ੍ਹਾਂ ਕਰ ਕੇ ਦੇਖੋ: ਉਪਰਲੇ ਸਵਾਲਾਂ ਵਿੱਚੋਂ ਕੁਝ ਚੁਣ ਕੇ ਸੋਚੋ ਕਿ ਤੁਹਾਡੇ ਮਾਪੇ ਕੀ ਜਵਾਬ ਦੇਣਗੇ। ਫਿਰ ਸਵਾਲ ਪੁੱਛੋ ਅਤੇ ਦੇਖੋ ਕਿ ਉਹ ਕੀ ਜਵਾਬ ਦਿੰਦੇ ਹਨ।

[ਸਫ਼ਾ 11 ਉੱਤੇ ਤਸਵੀਰ]

ਆਪਣੇ ਮਾਪਿਆਂ ਨੂੰ ਪੁਰਾਣੀਆਂ ਤਸਵੀਰਾਂ ਜਾਂ ਹੋਰ ਪੁਰਾਣੀਆਂ ਚੀਜ਼ਾਂ ਦਿਖਾਉਣ ਲਈ ਕਹੋ। ਇਨ੍ਹਾਂ ਰਾਹੀਂ ਚੰਗੀ ਗੱਲਬਾਤ ਸ਼ੁਰੂ ਹੋ ਸਕਦੀ ਹੈ