Skip to content

Skip to table of contents

ਤਕਨਾਲੋਜੀ ਦਾ ਫੈਲਾਅ

ਤਕਨਾਲੋਜੀ ਦਾ ਫੈਲਾਅ

ਤਕਨਾਲੋਜੀ ਦਾ ਫੈਲਾਅ

ਅਲਬਾਨੀਆ ਵਿਚ ਕਿਸੇ ਬਜ਼ੁਰਗ ਨੂੰ ਗਧੇ ’ਤੇ ਬੈਠੇ ਆਪਣੇ ਮੋਬਾਇਲ ’ਤੇ ਗੱਲਾਂ ਕਰਦੇ ਦੇਖਣਾ ਕੋਈ ਅਜੀਬ ਗੱਲ ਨਹੀਂ। ਭਾਰਤ ਵਿਚ ਇਕ ਭਿਖਾਰੀ ਫ਼ੋਨ ’ਤੇ ਗੱਲ ਕਰਨ ਲਈ ਭੀਖ ਮੰਗਦਾ-ਮੰਗਦਾ ਸ਼ਾਇਦ ਰੁਕ ਜਾਵੇ। ਹਾਂ, ਤਕਨਾਲੋਜੀ ਧਰਤੀ ਦੇ ਹਰ ਕੋਨੇ ਤਕ ਫੈਲ ਗਈ ਹੈ, ਚਾਹੇ ਮੋਬਾਇਲ ਫ਼ੋਨ, ਕੰਪਿਊਟਰ ਜਾਂ ਟੈਲੀਵਿਯਨ ਹੋਵੇ। ਇਹ ਬਹੁਤਿਆਂ ਲੋਕਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਗਈ ਹੈ, ਚਾਹੇ ਉਹ ਅਮੀਰ ਹੋਣ ਜਾਂ ਗ਼ਰੀਬ।

ਤਕਨਾਲੋਜੀ ਦੇ ਵਾਧੇ ਦੀ ਇਕ ਚੰਗੀ ਮਿਸਾਲ ਮੋਬਾਇਲ ਫ਼ੋਨ ਹੈ ਜੋ ਸਿਰਫ਼ ਫ਼ੋਨ ਹੀ ਨਹੀਂ ਰਿਹਾ। ਮੋਬਾਇਲਾਂ ’ਤੇ ਇੰਟਰਨੈੱਟ ਵਰਤਿਆ ਜਾ ਸਕਦਾ ਹੈ, ਈ-ਮੇਲ ਭੇਜੀ ਜਾ ਸਕਦੀ ਹੈ, ਐੱਸ.ਐੱਮ.ਐੱਸ. ਭੇਜਿਆ ਜਾ ਸਕਦਾ ਹੈ, ਟੀ.ਵੀ. ਦੇਖਿਆ ਜਾ ਸਕਦਾ ਹੈ, ਗਾਣੇ ਸੁਣੇ ਜਾ ਸਕਦੇ ਹਨ, ਫੋਟੋ ਖਿੱਚੀ ਜਾ ਸਕਦੀ ਹੈ, ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ.ਪੀ.ਐੱਸ.) ਰਾਹੀਂ ਰਸਤਾ ਲੱਭਿਆ ਜਾ ਸਕਦਾ ਹੈ ਅਤੇ ਹਾਂ, ਕਿਸੇ ਨੂੰ ਫ਼ੋਨ ਵੀ ਕੀਤਾ ਜਾ ਸਕਦਾ ਹੈ!

ਵਾਸ਼ਿੰਗਟਨ ਪੋਸਟ ਅਖ਼ਬਾਰ ਵਿਚ ਇਕ ਰਿਪੋਰਟ ਮੁਤਾਬਕ “ਅੱਜ ਦੇ ਮਲਟੀਮੀਡੀਆ ਸਮਾਰਟ-ਫ਼ੋਨ ਵਿਚ 1965 ਦੀ ਇਕ ਉੱਤਰੀ ਅਮਰੀਕੀ ਮਿਲਟਰੀ ਯੂਨਿਟ ਨਾਲੋਂ ਜ਼ਿਆਦਾ ਕੰਮ ਕਰਨ ਦੀ ਕਾਬਲੀਅਤ ਹੈ।” ਅਖ਼ਬਾਰ ਅੱਗੇ ਦੱਸਦੀ ਹੈ: “ਦੁਨੀਆਂ ਭਰ ਵਿਚ ਦੋ ਇਨਸਾਨਾਂ ਦੇ ਹਿੱਸੇ ਇਕ ਮੋਬਾਇਲ ਫ਼ੋਨ ਆਉਂਦਾ ਹੈ” ਅਤੇ ਤਕਰੀਬਨ 30 ਦੇਸ਼ਾਂ ਵਿਚ ਮੋਬਾਇਲ ਫ਼ੋਨਾਂ ਦੀ ਗਿਣਤੀ ਲੋਕਾਂ ਦੀ ਆਬਾਦੀ ਨਾਲੋਂ ਵੱਧ ਹੈ! ਇਸ ਅਖ਼ਬਾਰ ਨੇ ਸਿੱਟਾ ਕੱਢਿਆ ਕਿ “ਦੁਨੀਆਂ ਭਰ ਵਿਚ ਤਕਨਾਲੋਜੀ ਦਾ ਫੈਲਾਅ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ।” ਅਸੀਂ ਇਹ ਆਪਣੀ ਅੱਖੀਂ ਦੇਖ ਰਹੇ ਹਾਂ।

ਮੋਬਾਇਲ ਫ਼ੋਨ ਵਰਤਣ ਵਾਲੇ 60 ਪ੍ਰਤਿਸ਼ਤ ਲੋਕ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ ਜਿਸ ਕਰਕੇ ਮੋਬਾਇਲ ਫ਼ੋਨ ਪਹਿਲਾਂ ਯੰਤਰ ਹੈ ਜੋ ਇਨ੍ਹਾਂ ਦੇਸ਼ਾਂ ਵਿਚ ਇੰਨਾ ਫੈਲਿਆ ਹੈ। ਮਿਸਾਲ ਲਈ, ਅਫ਼ਗਾਨਿਸਤਾਨ ਵਿਚ 2008 ਵਿਚ ਹਰ ਮਹੀਨੇ 1,40,000 ਮੋਬਾਇਲ ਫ਼ੋਨ ਦੇ ਕਾਨਟ੍ਰੈਕਟ ਭਰੇ ਗਏ ਸਨ। ਪਿੱਛਲੇ ਕੁਝ ਸਾਲਾਂ ਵਿਚ ਅਫ਼ਰੀਕਾ ਵਿਚ ਮੋਬਾਇਲ ਫ਼ੋਨ ਵਰਤਣ ਵਾਲਿਆਂ ਦੀ ਗਿਣਤੀ ਹਰ ਸਾਲ ਤਕਰੀਬਨ 50 ਪ੍ਰਤਿਸ਼ਤ ਵਧਦੀ ਆਈ ਹੈ।

ਤਕਨਾਲੋਜੀ ਦੇ ਫ਼ਾਇਦਿਆਂ ਦੇ ਨਾਲ-ਨਾਲ ਕੁਝ ਨੁਕਸਾਨ ਵੀ ਹਨ। ਮੋਬਾਇਲ, ਪੇਜਰ ਤੇ ਲੈਪਟੋਪ ਕੰਪਿਊਟਰਾਂ ਕਰਕੇ ਲੋਕ ਜਿੱਥੇ ਵੀ ਹੋਣ, ਉਨ੍ਹਾਂ ਨਾਲ ਸੌਖਿਆਂ ਹੀ ਤੇ ਹਰ ਵਕਤ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤਕਨਾਲੋਜੀ ਦੇ ਜਾਲ ਵਿਚ ਫਸੇ ਹੋਏ ਹਨ। ਦੂਜੇ ਪਾਸੇ, ਤਕਨਾਲੋਜੀ ਕੁਝ ਲੋਕਾਂ ਲਈ ਨਸ਼ੇ ਵਰਗੀ ਬਣ ਜਾਂਦੀ ਹੈ ਅਤੇ ਉਹ ਅਮਲੀਆਂ ਵਾਂਗ ਉਸ ਤੋਂ ਬਿਨਾਂ ਜੀ ਨਹੀਂ ਸਕਦੇ।

ਤਕਨਾਲੋਜੀ ਨਾਲ ਸੰਬੰਧਿਤ ਸਭ ਤੋਂ ਵੱਡੀਆਂ ਮੁਸ਼ਕਲਾਂ ਸ਼ਾਇਦ ਇਹ ਹਨ ਕਿ ਲੋਕ ਇਸ ਦੇ ਆਦੀ ਬਣ ਜਾਂਦੇ ਹਨ, ਇਹ ਉਨ੍ਹਾਂ ਦਾ ਸਾਰਾ ਧਿਆਨ ਖਿੱਚ ਲੈਂਦੀ ਹੈ ਅਤੇ ਦੂਜੇ ਕੰਮਾਂ ਤੋਂ ਧਿਆਨ ਹਟਾ ਲੈਂਦੀ ਹੈ। * ਫਿਰ ਵੀ ਤਕਨਾਲੋਜੀ ਦੇ ਲਾਭ ਵੀ ਬਹੁਤ ਹਨ। ਤੁਸੀਂ ਤਕਨਾਲੋਜੀ ਨੂੰ ਸਹੀ ਢੰਗ ਨਾਲ ਤੇ ਸੋਚ-ਸਮਝ ਕੇ ਕਿਵੇਂ ਵਰਤ ਸਕਦੇ ਹੋ? ਅਗਲੇ ਲੇਖ ਇਸ ਸਵਾਲ ਦਾ ਜਵਾਬ ਦੇਣਗੇ। (g09-E 11)

[ਫੁਟਨੋਟ]

^ ਪੈਰਾ 7 ਇਨ੍ਹਾਂ ਲੇਖਾਂ ਵਿਚ ਤਕਨਾਲੋਜੀ ਵਿਚ ਮੋਬਾਇਲ ਫ਼ੋਨ, ਕੰਪਿਊਟਰ, ਟੈਲੀਵਿਯਨ ਅਤੇ ਇੰਟਰਨੈੱਟ ਵਰਗੀਆਂ ਚੀਜ਼ਾਂ ਸ਼ਾਮਲ ਹਨ।