Skip to content

Skip to table of contents

ਤੁਸੀਂ ਪਰਮੇਸ਼ੁਰ ਨੂੰ ਕਿਵੇਂ ਜਾਣ ਸਕਦੇ ਹੋ?

ਤੁਸੀਂ ਪਰਮੇਸ਼ੁਰ ਨੂੰ ਕਿਵੇਂ ਜਾਣ ਸਕਦੇ ਹੋ?

ਬਾਈਬਲ ਕੀ ਕਹਿੰਦੀ ਹੈ

ਤੁਸੀਂ ਪਰਮੇਸ਼ੁਰ ਨੂੰ ਕਿਵੇਂ ਜਾਣ ਸਕਦੇ ਹੋ?

ਜਿਸ ਤਰ੍ਹਾਂ ਸਾਰੇ ਇਨਸਾਨਾਂ ਨੂੰ ਭੁੱਖ-ਪਿਆਸ ਲੱਗਦੀ ਹੈ, ਉਸੇ ਤਰ੍ਹਾਂ ਸਾਡੇ ਸਾਰਿਆਂ ਅੰਦਰ ਪਰਮੇਸ਼ੁਰ ਨੂੰ ਜਾਣਨ ਦੀ ਚਾਹਤ ਹੈ। ਆਪਣੀ ਭੁੱਖ ਮਿਟਾਉਣ ਲਈ ਅਸੀਂ ਆਪਣੀ ਮਨ-ਮਰਜ਼ੀ ਦੇ ਤਰ੍ਹਾਂ-ਤਰ੍ਹਾਂ ਦੇ ਭੋਜਨ ਖਾ ਕੇ ਜੀਉਂਦੇ ਰਹਿ ਸਕਦੇ ਹਾਂ। ਪਰ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਅੱਜ-ਕੱਲ੍ਹ ਸਾਡੇ ਸਾਮ੍ਹਣੇ ਬੇਅੰਤ ਸਭਿਆਚਾਰਕ ਤੇ ਧਾਰਮਿਕ ਅਭਿਆਸ ਪੇਸ਼ ਹਨ ਅਤੇ ਲੋਕ ਮੰਨਦੇ ਹਨ ਕਿ ਇਨ੍ਹਾਂ ਰਾਹੀਂ ਸਾਨੂੰ ਤਸੱਲੀ ਮਿਲ ਸਕਦੀ ਹੈ।

ਕਈਆਂ ਦਾ ਵਿਸ਼ਵਾਸ ਹੈ ਕਿ ਜਦ ਤਕ ਇਨਸਾਨ ਰੱਬ ਨੂੰ ਥੋੜ੍ਹਾ-ਬਹੁਤਾ ਯਾਦ ਕਰਦਾ ਰਹੇ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਕਿ ਉਹ ਕੀ ਮੰਨਦਾ ਹੈ ਜਾਂ ਕਿਵੇਂ ਭਗਤੀ ਕਰਦਾ ਹੈ। ਤੁਹਾਡਾ ਕੀ ਵਿਚਾਰ ਹੈ? ਕੀ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਰੱਬ ਦੀ ਕਿਵੇਂ ਭਗਤੀ ਕਰਦੇ ਹਾਂ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਪਰਮੇਸ਼ੁਰ ਨੂੰ ਜਾਣਨ ਵਿਚ ਕੀ ਕੁਝ ਸ਼ਾਮਲ ਹੈ

ਬਾਈਬਲ ਸਾਨੂੰ ਉਤਪਤ 1:27 ਵਿਚ ਦੱਸਦੀ ਹੈ ਕਿ ਸਾਡੇ ਅੰਦਰ ਰੱਬ ਨੂੰ ਜਾਣਨ ਦੀ ਕਿਉਂ ਇੱਛਾ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਇਸ ਲਈ ਇੱਥੇ ਉਸ ਦੀ ਸ਼ਕਲ-ਸੂਰਤ ਦੀ ਗੱਲ ਨਹੀਂ ਹੋ ਰਹੀ, ਪਰ ਉਸ ਦੇ ਗੁਣਾਂ ਬਾਰੇ ਗੱਲ ਕੀਤੀ ਜਾ ਰਹੀ ਹੈ। ਹਾਂ, ਆਪਣੇ ਕਰਤਾਰ ਦੀ ਤਰ੍ਹਾਂ ਪਹਿਲੇ ਆਦਮੀ ਆਦਮ ਵਿਚ ਪਿਆਰ, ਦਿਆਲਗੀ, ਰਹਿਮ, ਨਿਆਂ ਤੇ ਆਤਮ-ਸੰਜਮ ਵਰਗੇ ਗੁਣ ਮੌਜੂਦ ਸਨ। ਰੱਬ ਨੇ ਉਸ ਨੂੰ ਜ਼ਮੀਰ ਵੀ ਦਿੱਤੀ ਸੀ ਤਾਂਕਿ ਉਹ ਸਹੀ ਅਤੇ ਗ਼ਲਤ ਵਿਚ ਫ਼ਰਕ ਦੇਖ ਸਕੇ। ਉਹ ਆਪਣੀ ਜ਼ਮੀਰ ਅਨੁਸਾਰ ਪਰਮੇਸ਼ੁਰ ਦੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਆਪਣੇ ਫ਼ੈਸਲੇ ਖ਼ੁਦ ਕਰ ਸਕਦਾ ਸੀ। ਇਹ ਵਿਸ਼ੇਸ਼ਤਾਵਾਂ ਇਨਸਾਨ ਨੂੰ ਜਾਨਵਰਾਂ ਤੋਂ ਵੱਖਰਾ ਕਰਦੀਆਂ ਹਨ ਤੇ ਇਨ੍ਹਾਂ ਕਰਕੇ ਉਹ ਆਪਣੇ ਬਣਾਉਣ ਵਾਲੇ ਦੀ ਇੱਛਾ ਪੂਰੀ ਕਰਨ ਦੇ ਕਾਬਲ ਹੋਇਆ।—ਉਤਪਤ 1:28; ਰੋਮੀਆਂ 2:14.

ਬਾਈਬਲ ਇਕ ਹੋਰ ਚੀਜ਼ ਬਾਰੇ ਦੱਸਦੀ ਹੈ ਜਿਸ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸਕਦੇ ਹਾਂ। ਪਹਿਲਾ ਕੁਰਿੰਥੀਆਂ 2:12-15 ਵਿਚ ਦੱਸਿਆ ਗਿਆ ਹੈ ਕਿ ਸੱਚਾ ਭਗਤ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਭਰਪੂਰ ਹੁੰਦਾ ਹੈ। ਇਸ ਸ਼ਕਤੀ ਤੋਂ ਬਿਨਾਂ ਪਰਮੇਸ਼ੁਰ ਦੀਆਂ ਗੱਲਾਂ ਨਹੀਂ ਸਮਝੀਆਂ ਜਾ ਸਕਦੀਆਂ। ਇਸ ਸ਼ਕਤੀ ਸਦਕਾ ਅਸੀਂ ਆਪਣੇ ਨਜ਼ਰੀਏ ਤੋਂ ਨਹੀਂ, ਸਗੋਂ ਪਰਮੇਸ਼ੁਰ ਦੇ ਨਜ਼ਰੀਏ ਤੋਂ ਗੱਲਾਂ ਸਮਝਣ ਲੱਗਦੇ ਹਾਂ। ਦੂਸਰੇ ਪਾਸੇ, ਜਿਸ ਬੰਦੇ ਕੋਲ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਹੀਂ ਹੈ ਉਸ ਨੂੰ ਸਰੀਰਕ ਪ੍ਰਾਣੀ ਕਿਹਾ ਜਾਂਦਾ ਹੈ। ਉਸ ਦੇ ਭਾਣੇ ਰੱਬ ਦੀਆਂ ਗੱਲਾਂ ਸਿਰਫ਼ ਮੂਰਖਤਾਈ ਹੁੰਦੀਆਂ ਹਨ। ਨਤੀਜੇ ਵਜੋਂ ਉਹ ਆਦਮੀ ਇਨਸਾਨੀ ਬੁੱਧ ਦੇ ਸਹਾਰੇ ਹੀ ਚੱਲਦਾ ਹੈ।

ਇਹ ਸਾਫ਼ ਹੈ ਕਿ ਪਰਮੇਸ਼ੁਰ ਵਰਗੇ ਬਣਾਏ ਜਾਣ ਕਾਰਨ ਸਾਡੇ ਅੰਦਰ ਉਸ ਨੂੰ ਜਾਣਨ ਦੀ ਚਾਹਤ ਹੈ। ਪਰ ਅਸੀਂ ਆਪਣੇ ਜਤਨਾਂ, ਇਨਸਾਨੀ ਬੁੱਧ ਜਾਂ ਨਿੱਜੀ ਕਾਮਯਾਬੀਆਂ ਰਾਹੀਂ ਪਰਮੇਸ਼ੁਰ ਦੇ ਨਜ਼ਦੀਕ ਨਹੀਂ ਹੋ ਸਕਦੇ। ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਲੋੜ ਹੈ। ਅਸਲ ਵਿਚ ਜੋ ਲੋਕ ਪਰਮੇਸ਼ੁਰ ਦੀ ਸ਼ਕਤੀ ਦੇ ਪ੍ਰਭਾਵ ਦਾ ਇਨਕਾਰ ਕਰਦੇ ਹਨ ਤੇ ਆਪਣੀ ਮਨ-ਮਰਜ਼ੀ ਨਾਲ ਅਧਰਮੀ ਰਾਹ ਚੁਣਦੇ ਹਨ, ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਵਿਚ ਪਰਮੇਸ਼ੁਰ ਨੂੰ ਜਾਣਨ ਦੀ ਜ਼ਰਾ ਵੀ ਚਾਹਤ ਨਹੀਂ। ਉਹ ਹਮੇਸ਼ਾ ਸਰੀਰਕ ਲਾਲਸਾਵਾਂ ਤੇ ਰੁਚੀਆਂ ਤੋਂ ਹੀ ਪ੍ਰੇਰੇ ਜਾਂਦੇ ਹਨ।—1 ਕੁਰਿੰਥੀਆਂ 2:14; ਯਹੂਦਾਹ 18, 19.

ਆਪਣੀ ਭੁੱਖ ਕਿਵੇਂ ਮਿਟਾਈਏ

ਜੇ ਅਸੀਂ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਸਵੀਕਾਰ ਕਰਨਾ ਪਵੇਗਾ ਕਿ ਯਹੋਵਾਹ ਸਾਡਾ ਕਰਤਾਰ ਅਤੇ ਜੀਵਨਦਾਤਾ ਹੈ। (ਪਰਕਾਸ਼ ਦੀ ਪੋਥੀ 4:11) ਇਸ ਤਰ੍ਹਾਂ ਅਸੀਂ ਕਬੂਲ ਕਰਦੇ ਹੋਵਾਂਗੇ ਕਿ ਸਾਡੀ ਜ਼ਿੰਦਗੀ ਉਸ ਦੀ ਇੱਛਾ ਪੂਰੀ ਕਰਨ ਤੋਂ ਬਗੈਰ ਕੋਈ ਮਾਅਨਾ ਨਹੀਂ ਰੱਖਦੀ। (ਜ਼ਬੂਰਾਂ ਦੀ ਪੋਥੀ 115:1) ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਾਡੇ ਜੀਉਣ ਦਾ ਕਾਰਨ ਹੈ ਅਤੇ ਉੱਨਾ ਜ਼ਰੂਰੀ ਹੈ ਜਿੰਨਾ ਸਾਡੇ ਸਰੀਰਾਂ ਲਈ ਭੋਜਨ ਜ਼ਰੂਰੀ ਹੈ। ਯਿਸੂ, ਜੋ ਪਰਮੇਸ਼ੁਰ ਦਾ ਸੱਚਾ ਭਗਤ ਸੀ, ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਉਸ ਨੂੰ ਤਾਜ਼ਗੀ, ਸੰਤੁਸ਼ਟਤਾ ਅਤੇ ਤਾਕਤ ਮਿਲਦੀ ਸੀ।

ਇਹ ਸੱਚ ਹੈ ਕਿ ਅਸੀਂ ਪਰਮੇਸ਼ੁਰ ਦੇ ਸਰੂਪ ’ਤੇ ਬਣਾਏ ਗਏ ਹਾਂ, ਪਰ ਜ਼ਰੂਰੀ ਹੈ ਕਿ ਅਸੀਂ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਰਹੀਏ। (ਕੁਲੁੱਸੀਆਂ 3:10) ਇਵੇਂ ਕਰ ਕੇ ਅਸੀਂ ਉਸ ਚਾਲ-ਚਲਣ ਤੋਂ ਦੂਰ ਰਹਾਂਗੇ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ ਜਾਂ ਦੂਸਰਿਆਂ ਨਾਲ ਸਾਡਾ ਰਿਸ਼ਤਾ ਵਿਗਾੜਦਾ ਹੈ। (ਅਫ਼ਸੀਆਂ 4:24-32) ਯਹੋਵਾਹ ਦੇ ਮਿਆਰਾਂ ਅਨੁਸਾਰ ਜੀ ਕੇ ਸਾਡੇ ਮਿਆਰ ਵੀ ਉੱਚੇ ਹੁੰਦੇ ਹਨ ਤੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਕਿਉਂਕਿ ਸਾਡੀ ਜ਼ਮੀਰ ਸਾਫ਼ ਹੁੰਦੀ ਹੈ।—ਰੋਮੀਆਂ 2:15.

ਯਿਸੂ ਨੇ ਇਹ ਵੀ ਕਿਹਾ ਸੀ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਸਾਡੀ ਭੁੱਖ ਇੱਕੋ ਵਾਰ ਨਹੀਂ ਮਿਟਦੀ, ਪਰ ਸਾਨੂੰ ਲਗਾਤਾਰ ਪਰਮੇਸ਼ੁਰ ਦੀਆਂ ਗੱਲਾਂ ਗ੍ਰਹਿਣ ਕਰਨ ਦੀ ਲੋੜ ਹੈ। ਬਾਈਬਲ ਦੇ ਜ਼ਰੀਏ ਯਹੋਵਾਹ ਜ਼ਿੰਦਗੀ ਬਾਰੇ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ ਜਿਨ੍ਹਾਂ ’ਤੇ ਲੋਕ ਆਮ ਤੌਰ ਤੇ ਗੌਰ ਕਰਦੇ ਹਨ।—2 ਤਿਮੋਥਿਉਸ 3:16, 17.

ਖ਼ੁਸ਼ੀ ਕਿੱਥੋਂ ਮਿਲੇਗੀ?

ਕਈ ਲੋਕ ਜੰਕ ਫੂਡ ਯਾਨੀ ਘਟੀਆ ਖ਼ੁਰਾਕ ਖਾ ਕੇ ਆਪਣੀ ਭੁੱਖ ਪੂਰੀ ਕਰ ਲੈਂਦੇ ਹਨ। ਇਸੇ ਤਰ੍ਹਾਂ ਅਸੀਂ ਸ਼ਾਇਦ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਕੇ ਜਾਂ ਤਰ੍ਹਾਂ-ਤਰ੍ਹਾਂ ਦੇ ਫ਼ਲਸਫ਼ੇ ਧਾਰ ਕੇ ਤਸੱਲੀ ਪਾਉਣ ਦੀ ਕੋਸ਼ਿਸ਼ ਕਰੀਏ। ਪਰ ਜਿਵੇਂ ਘਟੀਆ ਖ਼ੁਰਾਕ ਦਾ ਅੰਜਾਮ ਕਮਜ਼ੋਰੀ, ਬੀਮਾਰੀ ਜਾਂ ਇਸ ਤੋਂ ਵੀ ਕੁਝ ਮਾੜਾ ਹੁੰਦਾ ਹੈ, ਉਸੇ ਤਰ੍ਹਾਂ ਜੇ ਅਸੀਂ ਪਰਮੇਸ਼ੁਰ ਲਈ ਆਪਣੀ ਭੁੱਖ-ਪਿਆਸ ਸਹੀ ਤਰ੍ਹਾਂ ਨਾ ਪੂਰੀ ਕਰੀਏ, ਤਾਂ ਸਾਡਾ ਆਪਣਾ ਹੀ ਨੁਕਸਾਨ ਹੋਵੇਗਾ।

ਪਰ ਜੇ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਰਿਸ਼ਤਾ ਜੋੜੀਏ, ਉਸ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰੀਏ ਤੇ ਉਸ ਦੀ ਅਗਵਾਈ ਅਨੁਸਾਰ ਚੱਲੀਏ, ਤਾਂ ਅਸੀਂ ਇਸ ਗੱਲ ਦੀ ਸੱਚਾਈ ਦੇਖਾਂਗੇ: “ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਓਹ ਰਜਾਏ ਜਾਣਗੇ।”—ਮੱਤੀ 5:6. (g09-E 12)

ਕੀ ਤੁਸੀਂ ਕਦੇ ਸੋਚਿਆ ਹੈ?

ਸਾਨੂੰ ਰੱਬ ਨੂੰ ਜਾਣਨ ਦੀ ਚਾਹਤ ਕਿਉਂ ਹੈ?—ਉਤਪਤ 1:27.

ਕੀ ਅਸੀਂ ਰੱਬ ਨੂੰ ਜਾਣਨ ਦੀ ਆਪਣੀ ਲੋੜ ਆਪੇ ਹੀ ਪੂਰੀ ਕਰ ਸਕਦੇ ਹਾਂ?—1 ਕੁਰਿੰਥੀਆਂ 2:12-15.

ਸਾਨੂੰ ਰੱਬ ਬਾਰੇ ਜਾਣਨ ਦੀ ਲੋੜ ਪੂਰੀ ਕਰਨ ਲਈ ਕੀ ਕਰਨਾ ਚਾਹੀਦਾ ਹੈ?—ਮੱਤੀ 4:4; ਯੂਹੰਨਾ 4:34; ਕੁਲੁੱਸੀਆਂ 3:10.

[ਸਫ਼ਾ 21 ਉੱਤੇ ਸੁਰਖੀ]

ਜੇ ਅਸੀਂ ਪਰਮੇਸ਼ੁਰ ਲਈ ਆਪਣੀ ਭੁੱਖ-ਪਿਆਸ ਸਹੀ ਤਰ੍ਹਾਂ ਨਾ ਪੂਰੀ ਕਰੀਏ, ਤਾਂ ਸਾਡਾ ਆਪਣਾ ਹੀ ਨੁਕਸਾਨ ਹੋਵੇਗਾ