Skip to content

Skip to table of contents

ਪੱਖਪਾਤ ਦੀ ਜੜ੍ਹ

ਪੱਖਪਾਤ ਦੀ ਜੜ੍ਹ

ਪੱਖਪਾਤ ਦੀ ਜੜ੍ਹ

“ਸਾਰੇ ਇਨਸਾਨ ਆਜ਼ਾਦ ਪੈਦਾ ਹੁੰਦੇ ਹਨ ਅਤੇ ਸਾਰੇ ਬਰਾਬਰ ਸਨਮਾਨ ਤੇ ਅਧਿਕਾਰ ਦੇ ਯੋਗ ਹਨ। ਉਨ੍ਹਾਂ ਨੂੰ ਸੋਚਣ ਲਈ ਦਿਮਾਗ਼ ਅਤੇ ਫ਼ੈਸਲੇ ਕਰਨ ਲਈ ਜ਼ਮੀਰ ਦਿੱਤੀ ਗਈ ਹੈ। ਉਹ ਇੱਕੋ ਹੀ ਭਾਈਚਾਰੇ ਦੇ ਹਨ ਅਤੇ ਉਨ੍ਹਾਂ ਨੂੰ ਭਰਾਵਾਂ ਵਾਂਗ ਇਕ-ਦੂਜੇ ਨਾਲ ਪੇਸ਼ ਆਉਣਾ ਚਾਹੀਦਾ ਹੈ।”—ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ, ਧਾਰਾ 1.

ਇਸ ਨੇਕ ਇਰਾਦੇ ਦੇ ਬਾਵਜੂਦ ਪੱਖਪਾਤ ਦਾ ਜ਼ਹਿਰ ਅੱਜ ਵੀ ਫੈਲਿਆ ਹੋਇਆ ਹੈ। ਕਿਉਂ? ਇਕ ਤਾਂ ਜ਼ਮਾਨਾ ਬਹੁਤ ਖ਼ਰਾਬ ਹੈ ਅਤੇ ਦੂਜੀ ਗੱਲ ਹੈ ਕਿ ਸਾਰੇ ਇਨਸਾਨ ਪਾਪੀ ਹਨ। (ਜ਼ਬੂਰਾਂ ਦੀ ਪੋਥੀ 51:5) ਫਿਰ ਵੀ ਉਮੀਦ ਦੀ ਕਿਰਨ ਹੈ। ਇਹ ਸੱਚ ਹੈ ਕਿ ਅਸੀਂ ਦੁਨੀਆਂ ਵਿੱਚੋਂ ਪੱਖਪਾਤ ਨਹੀਂ ਖ਼ਤਮ ਕਰ ਸਕਦੇ, ਪਰ ਅਸੀਂ ਆਪਣੇ ਵਿੱਚੋਂ ਇਸ ਨੂੰ ਜੜ੍ਹੋਂ ਉਖਾੜ ਸਕਦੇ ਹਾਂ।

ਸਭ ਤੋਂ ਪਹਿਲਾਂ ਸਾਨੂੰ ਇਹ ਕਬੂਲ ਕਰਨਾ ਪਵੇਗਾ ਕਿ ਪੱਖਪਾਤ ਦੀ ਭਾਵਨਾ ਕਿਸੇ ਵਿਚ ਵੀ ਪੈਦਾ ਹੋ ਸਕਦੀ ਹੈ। ਪੱਖਪਾਤ ਅਤੇ ਭੇਦ-ਭਾਵ ਸਮਝਣਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਪੱਖਪਾਤ ਦੇ ਸੰਬੰਧ ਵਿਚ ਰੀਸਰਚ ਤੋਂ ਇਹ ਜ਼ਰੂਰੀ ਗੱਲਾਂ ਪਤਾ ਲੱਗੀਆਂ ਹਨ: (1) ਸੋਚਣ ਅਤੇ ਬੋਲਣ ਦੀ ਸ਼ਕਤੀ ਰੱਖਣ ਵਾਲਾ ਹਰ ਇਨਸਾਨ ਪੱਖਪਾਤ ਕਰਨ ਦੀ ਗ਼ਲਤੀ ਕਰ ਸਕਦਾ ਹੈ, (2) ਪੱਖਪਾਤ ਨਾ ਕਰਨ ਲਈ ਸਖ਼ਤ ਮਿਹਨਤ ਦੀ ਲੋੜ ਪੈਂਦੀ ਹੈ ਅਤੇ (3) ਜੇ ਕੋਈ ਸੱਚ-ਮੁੱਚ ਚਾਹੇ, ਤਾਂ ਪੱਖਪਾਤ ਨੂੰ ਦਿਲੋਂ ਕੱਢਿਆ ਜਾ ਸਕਦਾ ਹੈ।”

ਕਿਹਾ ਗਿਆ ਹੈ ਕਿ ਪੱਖਪਾਤ ਨਾਲ ਲੜਨ ਲਈ ਸਿੱਖਿਆ “ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ।” ਮਿਸਾਲ ਲਈ, ਸਹੀ ਸਿੱਖਿਆ ਨਾਲ ਪੱਖਪਾਤ ਦੀ ਸਮੱਸਿਆ ਦੀ ਜੜ੍ਹ ਜ਼ਾਹਰ ਹੁੰਦੀ ਹੈ, ਅਸੀਂ ਆਪਣੇ ਸੋਚ-ਵਿਚਾਰਾਂ ਦੀ ਜਾਂਚ ਕਰ ਸਕਦੇ ਹਾਂ ਅਤੇ ਖ਼ੁਦ ਪੱਖਪਾਤ ਦੇ ਸ਼ਿਕਾਰ ਹੋਣ ਵੇਲੇ ਅਸੀਂ ਇਸ ਦਾ ਸਾਮ੍ਹਣਾ ਕਰ ਸਕਦੇ ਹਾਂ।

ਜੜ੍ਹ ਕੀ ਹੈ?

ਜਦ ਕੋਈ ਪੱਖਪਾਤ ਕਰਦਾ ਹੈ, ਤਾਂ ਉਹ ਹਕੀਕਤ ਮੰਨਣ ਦੀ ਬਜਾਇ ਆਪਣੀ ਹੀ ਰਾਇ ਉੱਤੇ ਟਿਕਿਆ ਰਹਿੰਦਾ ਹੈ ਭਾਵੇਂ ਇਹ ਗ਼ਲਤ ਹੀ ਹੋਵੇ। ਪਰ ਪੱਖਪਾਤ ਦੀ ਜੜ੍ਹ ਕੀ ਹੈ? ਹੋ ਸਕਦਾ ਹੈ ਕਿ ਅਣਜਾਣੇ ਵਿਚ ਤੁਹਾਨੂੰ ਘਰ ਵਿਚ ਇਹ ਗ਼ਲਤ ਮਤ ਦਿੱਤੀ ਜਾਵੇ ਜਾਂ ਤੁਸੀਂ ਉਨ੍ਹਾਂ ਲੋਕਾਂ ਤੋਂ ਸਿੱਖੋ ਜੋ ਦੂਸਰੀਆਂ ਨਸਲਾਂ ਜਾਂ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਬੁਰਾ ਸਮਝਦੇ ਹਨ। ਪੱਖਪਾਤ ਦੇਸ਼ਭਗਤੀ ਜਾਂ ਗ਼ਲਤ ਧਾਰਮਿਕ ਸਿੱਖਿਆਵਾਂ ਕਰਕੇ ਵੀ ਪੈਦਾ ਹੋ ਸਕਦਾ ਹੈ। ਇਹ ਘਮੰਡ ਦਾ ਵੀ ਨਤੀਜਾ ਹੋ ਸਕਦਾ ਹੈ। ਅਗਲੀਆਂ ਗੱਲਾਂ ਅਤੇ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰਦੇ ਹੋਏ ਕਿਉਂ ਨਾ ਦੇਖੋ ਕਿ ਤੁਹਾਨੂੰ ਕਿੱਥੇ ਤਬਦੀਲੀਆਂ ਕਰਨ ਦੀ ਲੋੜ ਹੈ?

ਦੋਸਤ-ਮਿੱਤਰ। ਇਨਸਾਨਾਂ ਨੂੰ ਇਕ-ਦੂਜੇ ਦੀ ਲੋੜ ਹੈ ਤੇ ਇਹ ਇਕ ਚੰਗੀ ਗੱਲ ਹੈ। ਬਾਈਬਲ ਵੀ ਕਹਿੰਦੀ ਹੈ ਕਿ “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਫਿਰ ਵੀ ਸਾਨੂੰ ਸੋਚ-ਸਮਝ ਕੇ ਦੋਸਤ-ਮਿੱਤਰ ਚੁਣਨੇ ਚਾਹੀਦੇ ਹਨ ਕਿਉਂਕਿ ਉਹ ਸਾਡੇ ਉੱਤੇ ਵੱਡਾ ਪ੍ਰਭਾਵ ਪਾ ਸਕਦੇ ਹਨ। ਇਸ ਲਈ ਬੁੱਧੀਮਾਨ ਮਾਪੇ ਆਪਣੇ ਬੱਚਿਆਂ ਦੇ ਦੋਸਤ-ਮਿੱਤਰਾਂ ਵਿਚ ਦਿਲਚਸਪੀ ਲੈਣਗੇ। ਰੀਸਰਚ ਤੋਂ ਪਤਾ ਲੱਗਿਆ ਹੈ ਕਿ ਦੂਜਿਆਂ ਨੂੰ ਦੇਖ ਕੇ ਅਤੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਤਿੰਨ ਸਾਲ ਦੇ ਬੱਚੇ ਵੀ ਪੱਖਪਾਤ ਕਰਨਾ ਸਿੱਖ ਸਕਦੇ ਹਨ। ਇਹ ਜਾਣਦੇ ਹੋਏ ਕਿ ਉਨ੍ਹਾਂ ਕਰਕੇ ਉਨ੍ਹਾਂ ਦੇ ਬੱਚਿਆਂ ਉੱਤੇ ਸਭ ਤੋਂ ਵੱਡਾ ਅਸਰ ਪੈ ਸਕਦਾ ਹੈ, ਮਾਪਿਆਂ ਨੂੰ ਚੰਗੀ ਮਿਸਾਲ ਬਣ ਕੇ ਰਹਿਣਾ ਚਾਹੀਦਾ ਹੈ।

ਬਾਈਬਲ ਕੀ ਕਹਿੰਦੀ ਹੈ? “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਜੇ ਤੁਹਾਡੇ ਬੱਚੇ ਹਨ, ਤਾਂ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਆਪਣੇ ਬੱਚੇ ਨੂੰ ਅਜਿਹੇ ਰਾਹ ਪਾ ਰਿਹਾ ਹਾਂ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ? ਜਿਨ੍ਹਾਂ ਲੋਕਾਂ ਨਾਲ ਮੈਂ ਉੱਠਦਾ-ਬੈਠਦਾ ਹਾਂ, ਕੀ ਉਨ੍ਹਾਂ ਦਾ ਮੇਰੇ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ? ਕੀ ਮੈਂ ਦੂਸਰਿਆਂ ਉੱਤੇ ਚੰਗਾ ਪ੍ਰਭਾਵ ਪਾਉਂਦਾ ਹਾਂ?’—ਕਹਾਉਤਾਂ 2:1-9.

ਦੇਸ਼ਭਗਤੀ। ਇਕ ਸ਼ਬਦ-ਕੋਸ਼ ਮੁਤਾਬਕ ਦੇਸ਼ਭਗਤੀ ਦਾ ਮਤਲਬ ਹੈ “ਆਪਣੇ ਦੇਸ਼ ਜਾਂ ਕੌਮ ਨੂੰ ਬਾਕੀਆਂ ਨਾਲੋਂ ਉੱਤਮ ਸਮਝਣਾ ਅਤੇ ਹੋਰਨਾਂ ਦੇਸ਼ਾਂ ਦੀ ਬਜਾਇ ਆਪਣੇ ਹੀ ਦੇਸ਼ ਦੇ ਸਭਿਆਚਾਰ ਅਤੇ ਕੰਮਾਂ-ਕਾਰਾਂ ਨੂੰ ਅੱਗੇ ਵਧਾਉਣਾ।” ਸਾਇੰਸ ਦੇ ਇਕ ਪ੍ਰੋਫ਼ੈਸਰ ਨੇ ਆਪਣੀ ਕਿਤਾਬ ਵਿਚ ਕਿਹਾ: “ਦੇਸ਼ਭਗਤੀ ਕਰਕੇ ਲੋਕਾਂ ਵਿਚ ਫੁੱਟ ਪੈ ਜਾਂਦੀ ਹੈ ਕਿਉਂਕਿ ਇਕ ਦੇਸ਼ ਦੇ ਲੋਕ ਦੂਜੇ ਦੇਸ਼ ਦੇ ਲੋਕਾਂ ਦੇ ਵਿਚਾਰ ਜਾਣਨਾ ਨਹੀਂ ਚਾਹੁੰਦੇ। ਨਤੀਜੇ ਵਜੋਂ ਲੋਕ ਪਹਿਲਾਂ ਇਸ ਗੱਲ ਨੂੰ ਅਹਿਮੀਅਤ ਦਿੰਦੇ ਹਨ ਕਿ ਉਹ ਅਮਰੀਕੀ, ਰੂਸੀ, ਚੀਨੀ, ਮਿਸਰੀ ਜਾਂ ਪੀਰੂ ਦੇ ਲੋਕ ਹਨ ਫਿਰ ਇਸ ਬਾਰੇ ਸੋਚਦੇ ਹਨ ਕਿ ਉਹ ਇਨਸਾਨ ਹਨ।” ਯੂ. ਐੱਨ. ਦੇ ਇਕ ਸਾਬਕਾ ਸੈਕਟਰੀ-ਜਨਰਲ ਨੇ ਲਿਖਿਆ: “ਅੱਜ-ਕੱਲ੍ਹ ਜਿਨ੍ਹਾਂ ਸਮੱਸਿਆਵਾਂ ਦਾ ਅਸੀਂ ਸਾਮ੍ਹਣਾ ਕਰਦੇ ਹਾਂ ਉਹ ਗ਼ਲਤਫ਼ਹਿਮੀਆਂ ਕਰਕੇ ਪੈਦਾ ਹੋਈਆਂ ਹਨ ਅਤੇ ਕਈ ਵਾਰ ਲੋਕਾਂ ਨੂੰ ਅਣਜਾਣੇ ਵਿਚ ਗ਼ਲਤਫ਼ਹਿਮੀਆਂ ਹੋ ਜਾਂਦੀਆਂ ਹਨ। ਮਿਸਾਲ ਲਈ, ਕਈ ਲੋਕ ਦੇਸ਼ਭਗਤੀ ਕਰਦੇ ਹਨ ਅਤੇ ਮੰਨਦੇ ਹਨ, ‘ਮੇਰਾ ਦੇਸ਼ ਮਹਾਨ, ਚਾਹੇ ਉਹ ਗ਼ਲਤ ਹੋਵੇ ਜਾਂ ਸਹੀ।’”

ਬਾਈਬਲ ਕੀ ਕਹਿੰਦੀ ਹੈ? ‘ਪਰਮੇਸ਼ੁਰ ਨੇ ਜਗਤ ਯਾਨੀ ਇਨਸਾਨਜਾਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।’ (ਯੂਹੰਨਾ 3:16) ‘ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।’ (ਰਸੂਲਾਂ ਦੇ ਕਰਤੱਬ 10:34, 35) ਆਪਣੇ ਆਪ ਨੂੰ ਪੁੱਛੋ, ‘ਜੇ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ ਤੇ ਸਾਰੇ ਲੋਕਾਂ ਨੂੰ ਨਾਲੇ ਮੈਨੂੰ ਵੀ ਕਬੂਲ ਕਰਦਾ ਹੈ, ਤਾਂ ਕੀ ਮੈਨੂੰ ਉਸ ਦੀ ਰੀਸ ਨਹੀਂ ਕਰਨੀ ਚਾਹੀਦੀ, ਖ਼ਾਸ ਕਰਕੇ ਜੇ ਮੈਂ ਉਸ ਦੀ ਭਗਤੀ ਕਰਨ ਦਾ ਦਾਅਵਾ ਕਰਦਾ ਹਾਂ?’

ਜਾਤੀਵਾਦ। ਇਕ ਕੋਸ਼ ਅਨੁਸਾਰ ਜਾਤ-ਪਾਤ ਕਰਨ ਵਾਲੇ ਲੋਕ ਮੰਨਦੇ ਹਨ ਕਿ “ਜਾਤ ਕਰਕੇ ਹੀ ਲੋਕਾਂ ਦੇ ਸੁਭਾਅ ਜਾਂ ਕਾਬਲੀਅਤਾਂ ਵਿਚ ਫ਼ਰਕ ਦੇਖਿਆ ਜਾਂਦਾ ਹੈ ਜਿਸ ਕਰਕੇ ਇਕ ਜਾਤ ਦੇ ਲੋਕ ਦੂਸਰੇ ਜਾਤ ਦੇ ਲੋਕਾਂ ਤੋਂ ਉੱਤਮ ਹੁੰਦੇ ਹਨ।” ਪਰ ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੇ ਅਨੁਸਾਰ ਖੋਜਕਾਰਾਂ ਨੂੰ “ਇਸ ਦਾਅਵੇ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਇਕ ਨਸਲ ਦੇ ਲੋਕ ਦੂਸਰਿਆਂ ਤੋਂ ਉੱਤਮ ਹਨ।” ਜਾਤੀਵਾਦ ਦੇ ਆਧਾਰ ਤੇ ਹੋਣ ਵਾਲੀਆਂ ਵੱਡੀਆਂ-ਵੱਡੀਆਂ ਬੇਇਨਸਾਫ਼ੀਆਂ, ਜਿਵੇਂ ਕਿ ਲੋਕਾਂ ਦੇ ਹੱਕਾਂ ਦਾ ਇਨਕਾਰ ਕਰਨਾ, ਇਸ ਗੱਲ ਦਾ ਸਬੂਤ ਹਨ ਕਿ ਜਾਤ-ਪਾਤ ਕਰਨਾ ਗ਼ਲਤ ਹੈ।

ਬਾਈਬਲ ਕੀ ਕਹਿੰਦੀ ਹੈ? “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) “[ਪਰਮੇਸ਼ੁਰ] ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 17:26) ‘ਯਹੋਵਾਹ ਪਰਮੇਸ਼ੁਰ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।’ (1 ਸਮੂਏਲ 16:7) ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਪਰਮੇਸ਼ੁਰ ਦੇ ਨਜ਼ਰੀਏ ਤੋਂ ਲੋਕਾਂ ਨੂੰ ਦੇਖਦਾ ਹਾਂ? ਕੀ ਮੈਂ ਹੋਰ ਜਾਤ ਜਾਂ ਸਭਿਆਚਾਰ ਦੇ ਲੋਕਾਂ ਨੂੰ ਖ਼ੁਦ ਜਾਣਨ ਦਾ ਜਤਨ ਕਰ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਅਸਲ ਵਿਚ ਕਿਹੋ ਜਿਹੇ ਲੋਕ ਹਨ?’ ਜਦ ਅਸੀਂ ਆਪ ਵੱਖ-ਵੱਖ ਲੋਕਾਂ ਨੂੰ ਜਾਣਨ ਲੱਗਦੇ ਹਾਂ, ਤਾਂ ਅਸੀਂ ਆਪਣੇ ਗ਼ਲਤ ਵਿਚਾਰਾਂ ਨੂੰ ਸੁਧਾਰ ਸਕਦੇ ਹਾਂ।

ਮਜ਼ਹਬ। ਭੇਦ-ਭਾਵ ਦੇ ਰੂਪ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਜਦ ਇਨਸਾਨ ਧਰਮ ਦੇ ਨਾਂ ਤੇ ਖ਼ੁਦਗਰਜ਼ੀ ਨਾਲ ਆਪਣੇ ਕੰਮ ਅੱਗੇ ਵਧਾਉਂਦੇ ਹਨ ਤੇ ਆਪਣੀ ਜਾਤ ਨੂੰ ਉੱਤਮ ਸਮਝਦੇ ਹਨ, ਤਾਂ ਭੈੜੇ ਤੋਂ ਭੈੜੇ ਨਤੀਜੇ ਨਿਕਲਦੇ ਹਨ। ਉਸ ਵੇਲੇ ਧਰਮ ਅਤੇ ਪੱਖਪਾਤ ਵਿਚ ਕੋਈ ਫ਼ਰਕ ਨਹੀਂ ਰਹਿੰਦਾ।” ਇਹ ਕਿਤਾਬ ਅੱਗੇ ਕਹਿੰਦੀ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਰੱਬ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਲੋਕ ਆਸਾਨੀ ਨਾਲ “ਧਰਮੀ ਹੋਣ ਦੀ ਬਜਾਇ ਪੱਖਪਾਤੀ ਬਣ ਜਾਂਦੇ ਹਨ।” ਇਸ ਦਾ ਸਬੂਤ ਉਨ੍ਹਾਂ ਚਰਚਾਂ ਤੋਂ ਦੇਖਿਆ ਜਾ ਸਕਦਾ ਹੈ ਜੋ ਸਿਰਫ਼ ਇਕ ਜਾਤ ਦੇ ਲੋਕਾਂ ਨੂੰ ਆਉਣ ਦਿੰਦੇ ਹਨ। ਇਸ ਦਾ ਹੋਰ ਸਬੂਤ ਧਰਮ ਦੇ ਨਾਂ ਤੇ ਨਫ਼ਰਤ, ਖ਼ੂਨ-ਖ਼ਰਾਬਾ ਅਤੇ ਆਤੰਕਵਾਦ ਤੋਂ ਵੀ ਦੇਖਿਆ ਜਾ ਸਕਦਾ ਹੈ।

ਬਾਈਬਲ ਕੀ ਕਹਿੰਦੀ ਹੈ? “ਜੇ ਤੁਸੀਂ ਪੱਖ ਕਰਦੇ ਹੋ ਤਾਂ ਪਾਪ ਕਰਦੇ ਹੋ।” (ਯਾਕੂਬ 2:9) ‘ਸੱਚੇ ਭਗਤ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ।’ (ਯੂਹੰਨਾ 4:23) “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” (ਮੱਤੀ 5:44) ਆਪਣੇ ਆਪ ਨੂੰ ਪੁੱਛੋ: ‘ਕੀ ਮੇਰਾ ਧਰਮ ਇਹ ਸਿਖਾਉਂਦਾ ਹੈ ਕਿ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਉਨ੍ਹਾਂ ਨਾਲ ਵੀ ਜੋ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ? ਕੀ ਮੇਰਾ ਧਰਮ ਸਾਰਿਆਂ ਲੋਕਾਂ ਨੂੰ ਸਵੀਕਾਰ ਕਰਦਾ ਹੈ, ਚਾਹੇ ਉਹ ਕਿਸੇ ਵੀ ਕੌਮ ਦੇ ਹੋਣ, ਕਾਲੇ-ਗੋਰੇ ਹੋਣ, ਨਰ-ਨਾਰੀ ਹੋਣ ਜਾਂ ਅਮੀਰ-ਗ਼ਰੀਬ ਹੋਣ?’

ਘਮੰਡ। ਜੇ ਕੋਈ ਘਮੰਡੀ ਹੋ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ, ਤਾਂ ਸੰਭਵ ਹੈ ਕਿ ਉਹ ਪੱਖਪਾਤ ਕਰੇਗਾ। ਮਿਸਾਲ ਲਈ, ਘਮੰਡੀ ਇਨਸਾਨ ਆਪਣੇ ਆਪ ਨੂੰ ਉੱਚਾ ਸਮਝ ਸਕਦਾ ਹੈ ਅਤੇ ਘੱਟ ਪੜ੍ਹੇ-ਲਿਖੇ ਜਾਂ ਗ਼ਰੀਬ ਲੋਕਾਂ ਨੂੰ ਨੀਵਾਂ। ਉਹ ਅਜਿਹੇ ਵਿਚਾਰ ਵੀ ਆਸਾਨੀ ਨਾਲ ਮੰਨ ਲੈਂਦਾ ਹੈ ਕਿ ਉਸ ਦਾ ਦੇਸ਼ ਜਾਂ ਉਸ ਦੀ ਜਾਤ ਦੂਸਰਿਆਂ ਨਾਲੋਂ ਉੱਚੀ ਹੈ। ਕਈ ਲੋਕਾਂ ਨੇ ਜਨਤਾ ਦਾ ਸਾਥ ਲੈਣ ਲਈ ਅਤੇ ਹੋਰਨਾਂ ਲੋਕਾਂ ਨੂੰ ਨੀਚ ਦਿਖਾਉਣ ਲਈ ਜਾਣ-ਬੁੱਝ ਕੇ ਆਪਣੀ ਜਾਤ ਜਾਂ ਕੌਮ ਨੂੰ ਉੱਚਾ ਚੁੱਕਿਆ ਹੈ। ਇਸ ਦੀ ਇਕ ਮਿਸਾਲ ਨਾਜ਼ੀ ਲੀਡਰ ਅਡੌਲਫ਼ ਹਿਟਲਰ ਹੈ।

ਬਾਈਬਲ ਕੀ ਕਹਿੰਦੀ ਹੈ? “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।” (ਕਹਾਉਤਾਂ 16:5) “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।” (ਫ਼ਿਲਿੱਪੀਆਂ 2:3) ਆਪਣੇ ਆਪ ਨੂੰ ਪੁੱਛੋ: ‘ਕੀ ਮੈਨੂੰ ਅੰਦਰੋਂ ਚੰਗਾ ਲੱਗਦਾ ਹੈ ਜਦ ਕੋਈ ਮੇਰੇ ਦੇਸ਼ ਜਾਂ ਮੇਰੀ ਜਾਤ ਦੀ ਵਡਿਆਈ ਕਰਦਾ ਹੈ ਅਤੇ ਦੂਜਿਆਂ ਬਾਰੇ ਬੁਰਾ-ਭਲਾ ਕਹਿੰਦਾ ਹੈ? ਕੀ ਮੈਂ ਦੂਜਿਆਂ ਦੀਆਂ ਯੋਗਤਾਵਾਂ ਤੋਂ ਜਲ਼ਦਾ ਹਾਂ ਜਾਂ ਕੀ ਮੈਂ ਉਨ੍ਹਾਂ ਤੋਂ ਖ਼ੁਸ਼ ਹੁੰਦਾ ਹਾਂ?’

ਇਸੇ ਲਈ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਆਪਣੇ ਮਨ ਨੂੰ ਅਨਮੋਲ ਸਮਝੋ ਅਤੇ ਕਿਸੇ ਵੀ ਚੀਜ਼ ਨੂੰ ਇਸ ਨੂੰ ਵਿਗਾੜਨ ਨਾ ਦਿਓ! ਇਸ ਦੀ ਬਜਾਇ ਆਪਣੇ ਮਨ ਵਿਚ ਪਰਮੇਸ਼ੁਰ ਦੀ ਬੁੱਧ ਬਿਠਾਓ। ਸਿਰਫ਼ ਉਦੋਂ ਹੀ “ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ।”—ਕਹਾਉਤਾਂ 2:10-12.

ਪਰ ਜੇ ਤੁਸੀਂ ਪੱਖਪਾਤ ਦੇ ਸ਼ਿਕਾਰ ਬਣ ਜਾਵੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ। (g09-E 08)

[ਸਫ਼ਾ 6 ਉੱਤੇ ਸੁਰਖੀ]

ਜਦ ਅਸੀਂ ਆਪ ਵੱਖ-ਵੱਖ ਲੋਕਾਂ ਨੂੰ ਜਾਣਨ ਲੱਗਦੇ ਹਾਂ, ਤਾਂ ਅਸੀਂ ਆਪਣੇ ਗ਼ਲਤ ਵਿਚਾਰਾਂ ਨੂੰ ਸੁਧਾਰ ਸਕਦੇ ਹਾਂ