Skip to content

Skip to table of contents

ਪੱਖਪਾਤ ਦੇ ਸ਼ਿਕਾਰ

ਪੱਖਪਾਤ ਦੇ ਸ਼ਿਕਾਰ

ਪੱਖਪਾਤ ਦੇ ਸ਼ਿਕਾਰ

“ਸਪੇਨ ਵਿਚ ਜਦ ਮੈਂ ਸਕੂਲ ਜਾਣ ਲੱਗੀ, ਤਾਂ ਮੇਰੀ ਕਲਾਸ ਦੇ ਬੱਚੇ ਮੇਰੇ ਛੋਟੇ ਕੱਦ ਕਰਕੇ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਸਨ। ਮੈਂ ਤਕਰੀਬਨ ਹਰ ਰੋਜ਼ ਘਰ ਜਾ ਕੇ ਰੋਂਦੀ ਹੁੰਦੀ ਸੀ।”—ਜੈਨੀਫ਼ਰ, ਫ਼ਿਲਪਾਈਨੀ ਕੁੜੀ।

“ਜਦ ਮੈਂ ਨਵੇਂ ਹਾਈ ਸਕੂਲ ਜਾਣ ਲੱਗਾ, ਤਾਂ ਗੋਰੇ ਸਟੂਡੈਂਟ ਮੈਨੂੰ ਗਾਲ੍ਹਾਂ ਕੱਢਦੇ ਹੁੰਦੇ ਸੀ। ਉਹ ਮੈਨੂੰ ਭੜਕਾਉਣਾ ਚਾਹੁੰਦੇ ਸਨ। ਮੈਂ ਆਪਣੇ ਗੁੱਸੇ ਨੂੰ ਕੰਟ੍ਰੋਲ ਕਰ ਲੈਂਦਾ ਸੀ, ਭਾਵੇਂ ਮੈਨੂੰ ਬਹੁਤ ਦੁੱਖ ਲੱਗਦਾ ਸੀ।”—ਟਿਮਥੀ, ਅਮਰੀਕਾ ਵਿਚ ਰਹਿਣ ਵਾਲਾ ਅਫ਼ਰੀਕਨ।

“ਜਦ ਮੈਂ ਸੱਤਾਂ ਸਾਲਾਂ ਦਾ ਸੀ, ਤਾਂ ਨਾਈਜੀਰੀਆ ਵਿਚ ਈਬੋ ਅਤੇ ਹਾਉਸਾ ਲੋਕ ਇਕ-ਦੂਜੇ ਨਾਲ ਲੜਨ ਲੱਗੇ। ਮੇਰੇ ਉੱਤੇ ਵੀ ਇਸ ਨਫ਼ਰਤ ਦਾ ਅਸਰ ਪਿਆ। ਵੱਡਾ ਹੋ ਕੇ ਮੈਂ ਆਪਣੀ ਕਲਾਸ ਵਿਚ ਇਕ ਹਾਉਸਾ ਮੁੰਡੇ ਦਾ ਮਖੌਲ ਉਡਾਉਣ ਲੱਗਾ ਭਾਵੇਂ ਉਹ ਪਹਿਲਾਂ ਮੇਰਾ ਦੋਸਤ ਹੁੰਦਾ ਸੀ।”—ਜੋਨ, ਈਬੋ ਕਬੀਲੇ ਦਾ।

“ਮੈਂ ਇਕ ਹੋਰ ਗਵਾਹ ਨਾਲ ਬਾਈਬਲ ਦਾ ਸੰਦੇਸ਼ ਦੂਜਿਆਂ ਨਾਲ ਸਾਂਝਾ ਕਰ ਰਹੀ ਸੀ ਜਦ ਪਾਦਰੀਆਂ ਦੇ ਉਕਸਾਉਣ ਤੇ ਕੁਝ ਬੱਚੇ ਸਾਨੂੰ ਪੱਥਰ ਮਾਰਨ ਲੱਗੇ। ਪਾਦਰੀ ਚਾਹੁੰਦੇ ਸਨ ਕਿ ਅਸੀਂ ਸ਼ਹਿਰ ਛੱਡ ਕੇ ਚਲੀਆਂ ਜਾਈਏ।”—ਓਲਗਾ, ਇਕ ਮਿਸ਼ਨਰੀ।

ਕੀ ਤੁਹਾਡੇ ਨਾਲ ਕਦੇ ਪੱਖਪਾਤ ਹੋਇਆ ਹੈ? ਇਹ ਸ਼ਾਇਦ ਤੁਹਾਡੇ ਰੰਗ-ਰੂਪ, ਧਰਮ, ਹੈਸੀਅਤ, ਜਿਨਸ ਜਾਂ ਉਮਰ ਕਰਕੇ ਹੋਇਆ ਹੋਵੇ। ਜਿਨ੍ਹਾਂ ਲੋਕਾਂ ਨਾਲ ਇੱਦਾਂ ਹੁੰਦਾ ਹੈ, ਉਨ੍ਹਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਉਨ੍ਹਾਂ ਨਾਲ ਅੱਗੇ ਕੀ ਹੋਵੇਗਾ। ਜਦੋਂ ਉਹ ਲੋਕਾਂ ਕੋਲੋਂ ਲੰਘਦੇ ਹਨ, ਕਿਸੇ ਦੁਕਾਨ ਵਿਚ ਵੜਦੇ ਹਨ, ਨਵੇਂ ਸਕੂਲ ਜਾਂਦੇ ਹਨ ਜਾਂ ਕਿਸੇ ਫ਼ੰਕਸ਼ਨ ਵਿਚ ਜਾਂਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਟੈਨਸ਼ਨ ਹੁੰਦੀ ਹੈ ਕਿ ਪਤਾ ਨਹੀਂ ਲੋਕ ਕੀ ਕਰਨਗੇ।

ਇਸ ਦੇ ਨਾਲ-ਨਾਲ ਹੋ ਸਕਦਾ ਕਿ ਉਨ੍ਹਾਂ ਨੂੰ ਨੌਕਰੀ ਲੱਭਣ ਵਿਚ ਮੁਸ਼ਕਲ ਆਵੇ, ਸਭ ਤੋਂ ਵਧੀਆ ਡਾਕਟਰੀ ਇਲਾਜ ਜਾਂ ਪੜ੍ਹਾਈ ਨਾ ਮਿਲੇ ਅਤੇ ਉਨ੍ਹਾਂ ਦੇ ਕਾਨੂੰਨੀ ਹੱਕ ਨਜ਼ਰਅੰਦਾਜ਼ ਕੀਤੇ ਜਾਣ। ਜਦੋਂ ਅਧਿਕਾਰੀ ਪੱਖਪਾਤ ਨੂੰ ਕਾਨੂੰਨੀ ਕਰਾਰ ਦਿੰਦੇ ਹਨ, ਤਾਂ ਕੁਲ-ਨਾਸ਼ ਵਰਗੇ ਅਤਿਆਚਾਰ ਹੋ ਸਕਦੇ ਹਨ। ਬਾਈਬਲ ਵਿਚ ਵੀ ਕੁਲ-ਨਾਸ਼ ਕਰਨ ਦੀ ਕੋਸ਼ਿਸ਼ ਦੀ ਇਕ ਮਿਸਾਲ ਮਿਲਦੀ ਹੈ। ਧਿਆਨ ਦਿਓ ਕਿ ਨਫ਼ਰਤ ਅਤੇ ਪੱਖਪਾਤ ਦਾ ਕੀ ਅੰਜਾਮ ਹੋ ਸਕਦਾ ਹੈ।—ਅਸਤਰ 3:5, 6.

ਪੱਖਪਾਤ ਉਨ੍ਹਾਂ ਦੇਸ਼ਾਂ ਵਿਚ ਵੀ ਹੁੰਦਾ ਰਹਿੰਦਾ ਹੈ ਜਿੱਥੇ ਇਹ ਕਾਨੂੰਨ ਦੇ ਖ਼ਿਲਾਫ਼ ਹੈ। ਯੂਨਾਇਟਿਡ ਨੇਸ਼ਨਜ਼ ਦੇ ਮਨੁੱਖੀ ਅਧਿਕਾਰਾਂ ਦੇ ਸਾਬਕਾ ਹਾਈ ਕਮਿਸ਼ਨਰ ਨੇ ਕਿਹਾ: ‘ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਅਪਣਾਏ ਗਏ ਨੂੰ ਤਕਰੀਬਨ 60 ਸਾਲ ਹੋ ਗਏ ਹਨ। ਫਿਰ ਵੀ ਸਾਰਿਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਅਤੇ ਅੱਜ ਵੀ ਲੋਕਾਂ ਨਾਲ ਪੱਖਪਾਤ ਹੁੰਦਾ ਹੈ।’ ਇਹ ਬਹੁਤ ਦੁੱਖ ਦੀ ਗੱਲ ਹੈ ਕਿਉਂਕਿ ਅੱਜ-ਕਲ੍ਹ ਰਫਿਊਜੀਆਂ ਦੀ ਗਿਣਤੀ ਵੱਧ ਗਈ ਹੈ ਅਤੇ ਕਈ ਲੋਕ ਹੋਰਨਾਂ ਦੇਸ਼ਾਂ ਵਿਚ ਰਹਿਣ ਜਾਂਦੇ ਹਨ।

ਸੋ ਕੀ ਇਕ ਨਿਰਪੱਖ ਦੁਨੀਆਂ ਸਿਰਫ਼ ਸੁਪਨਾ ਹੀ ਹੈ? ਜਾਂ ਕੀ ਪੱਖਪਾਤ ਖ਼ਤਮ ਕੀਤਾ ਜਾ ਸਕਦਾ ਹੈ? ਅਗਲੇ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ। (g09-E 08)