Skip to content

Skip to table of contents

ਫ਼ਾਇਦਾ ਜਾਂ ਨੁਕਸਾਨ?

ਫ਼ਾਇਦਾ ਜਾਂ ਨੁਕਸਾਨ?

ਫ਼ਾਇਦਾ ਜਾਂ ਨੁਕਸਾਨ?

ਇਕ ਆਦਮੀ ਗੱਡੀ ਚਲਾਉਂਦਾ-ਚਲਾਉਂਦਾ ਇਕ ਵੱਡੇ ਖੰਭੇ ’ਚ ਜਾ ਕੇ ਵੱਜਦਾ ਹੈ। ਉਸ ਨਾਲ ਗੱਡੀ ਵਿਚ ਬੈਠੀ ਔਰਤ ਦੇ ਕਾਫ਼ੀ ਸੱਟ ਲੱਗਦੀ ਹੈ। ਉਹ ਜਲਦੀ ਆਪਣੇ ਮੋਬਾਇਲ ਤੋਂ ਪੁਲਸ ਅਤੇ ਐਂਬੂਲੈਂਸ ਬੁਲਾਉਂਦਾ ਹੈ। ਲੇਕਿਨ ਐਕਸੀਡੈਂਟ ਹੋਇਆ ਕਿਵੇਂ? ਮੋਬਾਇਲ ਵੱਜਣ ਕਰਕੇ ਉਸ ਦਾ ਧਿਆਨ ਇਕ ਪਲ ਲਈ ਸੜਕ ਤੋਂ ਖਿੱਚਿਆ ਗਿਆ।

ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਤਕਨਾਲੋਜੀ ਜਾਂ ਤਾਂ ਸਾਡੇ ਫ਼ਾਇਦੇ ਲਈ ਹੋ ਸਕਦੀ ਹੈ ਜਾਂ ਸਾਡਾ ਨੁਕਸਾਨ ਕਰ ਸਕਦੀ ਹੈ। ਫ਼ੈਸਲਾ ਸਾਡਾ ਹੈ। ਪਰ ਬਹੁਤ ਘੱਟ ਲੋਕ ਹਨ ਜੋ ਬੀਤੇ ਜ਼ਮਾਨੇ ਦੀਆਂ ਪੁਰਾਣੀਆਂ ਚੀਜ਼ਾਂ ਵਰਤਣੀਆਂ ਚਾਹੁੰਣਗੇ। ਮਿਸਾਲ ਲਈ, ਕੰਪਿਊਟਰ ਨਾਲ ਕਈ ਕੰਮ ਜਲਦੀ ਹੋ ਜਾਂਦੇ ਹਨ ਜਿਵੇਂ ਕਿ ਖ਼ਰੀਦਦਾਰੀ ਤੇ ਬੈਂਕਿੰਗ। ਇਸ ਤੋਂ ਇਲਾਵਾ ਦੂਸਰਿਆਂ ਨਾਲ ਗੱਲਾਂ ਕਰਨ ਲਈ ਈ-ਮੇਲ ਤੇ ਵਿਡਿਓ ਲਿੰਕ ਵੀ ਹਨ।

ਥੋੜ੍ਹੀ ਦੇਰ ਦੀ ਗੱਲ ਹੈ ਜਦ ਪਰਿਵਾਰ ਦੇ ਜੀ ਸਵੇਰੇ ਘਰੋਂ ਨਿਕਲ ਜਾਂਦੇ ਸਨ ਤੇ ਫਿਰ ਸ਼ਾਮ ਤਕ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਸਨ। ਪਰ ਹੁਣ ਅਮਰੀਕਾ ਦੀ ਇਕ ਅਖ਼ਬਾਰ ਅਨੁਸਾਰ “70 ਪ੍ਰਤਿਸ਼ਤ ਜੋੜੇ ਮੋਬਾਇਲ ’ਤੇ ਇਕ-ਦੂਜੇ ਨੂੰ ਸਿਰਫ਼ ਹੈਲੋ ਕਹਿਣ ਲਈ ਫ਼ੋਨ ਕਰਦੇ ਹਨ, 64 ਪ੍ਰਤਿਸ਼ਤ ਦਿਨ ਦੇ ਪ੍ਰੋਗ੍ਰਾਮ ਬਾਰੇ ਗੱਲ ਕਰਦੇ ਹਨ ਅਤੇ 42 ਪ੍ਰਤਿਸ਼ਤ ਮਾਪੇ ਹਰ ਰੋਜ਼ ਆਪਣੇ ਬੱਚਿਆਂ ਨਾਲ ਮੋਬਾਇਲ ’ਤੇ ਗੱਲ ਕਰਦੇ ਹਨ।”

ਚੰਗੀ ਚੀਜ਼ ਦਾ ਮਾੜਾ ਅਸਰ ਨਾ ਪੈਣ ਦਿਓ

ਕੀ ਤਕਨਾਲੋਜੀ ਦੀ ਹੱਦੋਂ ਵੱਧ ਜਾਂ ਗ਼ਲਤ ਵਰਤੋਂ ਸਾਡੇ ਮਨ ਅਤੇ ਸਿਹਤ ਉੱਤੇ ਮਾੜਾ ਅਸਰ ਪਾ ਸਕਦੀ ਹੈ? ਪੱਛਮ ਵਿਚ ਰਹਿਣ ਵਾਲੇ ਇਕ ਨਵੇਂ ਵਿਆਹੇ ਜੋੜੇ ਦੀ ਮਿਸਾਲ ਲੈ ਲਓ। ਇਕ ਰਿਪੋਰਟ ਮੁਤਾਬਕ ਉਹ “ਹਰ ਵਕਤ ਫ਼ੋਨ ਇਸਤੇਮਾਲ ਕਰਦੇ ਰਹਿੰਦੇ ਸਨ—ਕਾਰ ਵਿਚ, ਜਿਮ ਵਿਚ, ਇੱਥੋਂ ਤਕ ਕਿ ਉਹ ਘਰ ਹੁੰਦੇ ਹੋਏ ਵੀ ਵੱਖ-ਵੱਖ ਕਮਰਿਆਂ ਤੋਂ ਫ਼ੋਨ ’ਤੇ ਗੱਲ ਕਰਦੇ ਸਨ।” ਕਈ ਵਾਰ ਉਨ੍ਹਾਂ ਨੇ ਇਕ ਮਹੀਨੇ ਵਿਚ 4,000 ਮਿੰਟਾਂ ਯਾਨੀ 66 ਘੰਟਿਆਂ ਲਈ ਫ਼ੋਨ ’ਤੇ ਇਕ-ਦੂਜੇ ਨਾਲ ਗੱਲ ਕੀਤੀ! ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਫ਼ੋਨ ਤੋਂ ਬਿਨਾਂ ਰਹਿ ਨਹੀਂ ਸਕਦੇ। ਇਕ ਮਨੋਵਿਗਿਆਨੀ ਨੇ ਕਿਹਾ ਕਿ ‘ਉਨ੍ਹਾਂ ਦੇ ਸਿਰ ’ਤੇ ਫ਼ੋਨ ਦਾ ਭੂਤ ਸਵਾਰ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਫ਼ੋਨ ਨਾਲ ਜੁੜਿਆ ਹੋਇਆ ਹੈ।’

ਇਹ ਮਿਸਾਲ ਸ਼ਾਇਦ ਅਜੀਬ ਲੱਗੇ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਅੱਜ-ਕੱਲ੍ਹ ਕੀ ਹੋ ਰਿਹਾ ਹੈ। ਕਈ ਲੋਕ ਆਪਣੇ ਫ਼ੋਨ ਤੋਂ ਇਕ ਘੰਟੇ ਲਈ ਵੀ ਦੂਰ ਨਹੀਂ ਹੋ ਸਕਦੇ। ਵੀਹਾਂ ਕੁ ਸਾਲਾਂ ਦੀ ਇਕ ਮੁਟਿਆਰ ਨੇ ਕਿਹਾ: “ਜੇ ਅਸੀਂ ਈ-ਮੇਲ ਨਾ ਦੇਖੀਏ, ਇੰਟਰਨੈੱਟ ਨਾ ਵਰਤੀਏ ਤੇ ਦੋਸਤ-ਮਿੱਤਰਾਂ ਨੂੰ ਇੰਸਟੰਟ ਮੈਸਿਜਸ ਨਾ ਭੇਜੀਏ, ਤਾਂ ਸਾਡੀ ਜਾਨ ਨਿਕਲ ਜਾਂਦੀ ਹੈ!”

ਇਕ ਡਾਕਟਰ ਨੇ ਦ ਬਿਜ਼ਨਿਸ ਟਾਈਮਜ਼ ਆਫ਼ ਸਿੰਗਾਪੁਰ ਵਿਚ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤਕਨਾਲੋਜੀ “ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਖਾਈ ਜਾਂਦੀ ਹੈ ਅਤੇ ਤੁਸੀਂ ਹੋਰ ਸਾਰੇ ਕੰਮਾਂ ਨਾਲੋਂ ਇਸ ਨੂੰ ਜ਼ਰੂਰੀ ਸਮਝਦੇ ਹੋ, ਤਾਂ ਇਹ ਪੱਕੀ ਨਿਸ਼ਾਨੀ ਹੈ ਕਿ ਮਾਮਲਾ ਗੜਬੜ ਹੈ।” ਇਸ ਤੋਂ ਇਲਾਵਾ ਜਿਹੜੇ ਲੋਕ ਅੰਦਰ ਬੈਠੇ ਘੰਟਿਆਂ ਬੱਧੀ ਨਵੀਂ ਤੋਂ ਨਵੀਂ ਤਕਨਾਲੋਜੀ ਨਾਲ ਲੱਗੇ ਰਹਿੰਦੇ ਹਨ ਤੇ ਕੋਈ ਕਸਰਤ ਨਹੀਂ ਕਰਦੇ, ਉਨ੍ਹਾਂ ਨੂੰ ਦਿਲ ਦੀ ਬੀਮਾਰੀ, ਸ਼ੱਕਰ ਰੋਗ ਜਾਂ ਹੋਰ ਬੀਮਾਰੀਆਂ ਲੱਗਣ ਦਾ ਖ਼ਤਰਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਹੋਰ ਵੀ ਖ਼ਤਰੇ ਹਨ। ਜਿੱਥੇ ਗੱਲ ਮੋਬਾਇਲਾਂ ਦੀ ਆਉਂਦੀ ਹੈ ਇਕ ਸਟੱਡੀ ਨੇ ਦਿਖਾਇਆ ਕਿ ਜਿਹੜੇ ਲੋਕ ਗੱਡੀ ਚਲਾਉਣ ਵੇਲੇ ਫ਼ੋਨ ’ਤੇ ਜਾਂ ਹੈਂਡਸ ਫ੍ਰੀ ਕਿਟ ਰਾਹੀਂ ਗੱਲ ਕਰਦੇ ਹਨ, ਉਨ੍ਹਾਂ ਦੀ ਹਾਲਤ ਸ਼ਰਾਬੀ ਡ੍ਰਾਈਵਰਾਂ ਦੇ ਬਰਾਬਰ ਹੁੰਦੀ ਹੈ! ਗੱਡੀ ਚਲਾਉਂਦੇ ਹੋਏ ਐੱਸ.ਐੱਮ.ਐੱਸ. ਭੇਜਣੇ ਵੀ ਖ਼ਤਰਨਾਕ ਹੋ ਸਕਦੇ ਹਨ। ਇਕ ਸਰਵੇਖਣ ਤੋਂ ਪਤਾ ਲੱਗਾ ਕਿ 16 ਤੋਂ 27 ਸਾਲਾਂ ਦੇ ਡ੍ਰਾਈਵਰਾਂ ਵਿੱਚੋਂ 40 ਪ੍ਰਤਿਸ਼ਤ ਡ੍ਰਾਈਵਰ ਗੱਡੀ ਚਲਾਉਂਦੇ ਵੇਲੇ ਐੱਸ.ਐੱਮ.ਐੱਸ. ਭੇਜਦੇ ਹਨ। ਜੇ ਤੁਸੀਂ ਗੱਡੀ ਚਲਾਉਂਦੇ ਵਕਤ ਮੋਬਾਇਲ ’ਤੇ ਗੱਲ ਕਰਨ ਜਾਂ ਐੱਸ.ਐੱਮ.ਐੱਸ. ਭੇਜਣ ਬਾਰੇ ਸੋਚ ਰਹੇ ਹੋ, ਤਾਂ ਯਾਦ ਰੱਖੋ ਕਿ ਜੇ ਤੁਹਾਡਾ ਐਕਸੀਡੈਂਟ ਹੋ ਜਾਵੇ, ਤਾਂ ਪੁਲਸ ਅਤੇ ਬੀਮਾ ਕੰਪਨੀ ਪਤਾ ਕਰ ਸਕਦੀ ਹੈ ਕਿ ਤੁਸੀਂ ਐਕਸੀਡੈਂਟ ਹੋਣ ਤੋਂ ਪਹਿਲਾਂ ਆਪਣਾ ਫ਼ੋਨ ਵਰਤ ਰਹੇ ਸਨ ਕਿ ਨਹੀਂ। ਫ਼ੋਨ ਕਰਨਾ ਜਾਂ ਛੋਟਾ ਜਿਹਾ ਐੱਸ.ਐੱਮ.ਐੱਸ. ਭੇਜਣਾ ਬਹੁਤ ਮਹਿੰਗਾ ਪੈ ਸਕਦਾ ਹੈ! * 2008 ਵਿਚ ਕੈਲੇਫ਼ੋਰਨੀਆ, ਅਮਰੀਕਾ ਵਿਚ ਇਕ ਰੇਲ-ਗੱਡੀ ਦਾ ਹਾਦਸਾ ਹੋਇਆ ਜਿਸ ਵਿਚ 25 ਲੋਕ ਮਾਰੇ ਗਏ। ਪੁੱਛ-ਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇੰਜੀਨੀਅਰ ਨੇ ਇਸ ਹਾਦਸੇ ਤੋਂ ਕੁਝ ਹੀ ਸਕਿੰਟ ਪਹਿਲਾਂ ਐੱਸ.ਐੱਮ.ਐੱਸ. ਭੇਜਿਆ ਸੀ। ਉਸ ਦਾ ਧਿਆਨ ਹੋਰ ਪਾਸੇ ਹੋਣ ਕਰਕੇ ਉਸ ਨੇ ਬ੍ਰੇਕ ਵੀ ਨਹੀਂ ਸੀ ਲਾਈ।

ਉਨ੍ਹਾਂ ਬੱਚਿਆਂ ਦੀ ਅੱਜ-ਕੱਲ੍ਹ ਗਿਣਤੀ ਵੱਧ ਰਹੀ ਹੈ ਜੋ ਮੋਬਾਇਲ ਫ਼ੋਨ, ਕੰਪਿਊਟਰ ਤੇ ਅਜਿਹੀਆਂ ਹੋਰ ਚੀਜ਼ਾਂ ਵਰਤਦੇ ਹਨ। ਉਨ੍ਹਾਂ ਨੂੰ ਸਮਝਦਾਰੀ ਨਾਲ ਅਤੇ ਜ਼ਿੰਮੇਵਾਰ ਹੋ ਕੇ ਇਨ੍ਹਾਂ ਚੀਜ਼ਾਂ ਨੂੰ ਵਰਤਣਾ ਚਾਹੀਦਾ ਹੈ। ਉਨ੍ਹਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ? ਅਗਲਾ ਲੇਖ ਪੜ੍ਹ ਕੇ ਦੇਖੋ। (g09-E 11)

[ਫੁਟਨੋਟ]

^ ਪੈਰਾ 9 ਬਾਈਬਲ ਦੀ ਸਿੱਖਿਆ ਉੱਤੇ ਚੱਲਣ ਵਾਲਿਆਂ ਨੂੰ ਇਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਗੱਲ ਉਨ੍ਹਾਂ ਦਾ ਧਿਆਨ ਹਟਾ ਕੇ ਉਨ੍ਹਾਂ ਦੀ ਜਾਂ ਕਿਸੇ ਹੋਰ ਦੀ ਜਾਨ ਖ਼ਤਰੇ ਵਿਚ ਨਾ ਪਾਵੇ।—ਉਤਪਤ 9:5, 6; ਰੋਮੀਆਂ 13:1.

[ਸਫ਼ਾ 15 ਉੱਤੇ ਤਸਵੀਰ]

ਕੀ ਤਕਨਾਲੋਜੀ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਲੈ ਰਹੀ ਹੈ?