Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਬਾਈਬਲ ਕੀ ਕਹਿੰਦੀ ਹੈ

ਬਾਈਬਲ ਕੀ ਕਹਿੰਦੀ ਹੈ

ਵੈਰੀਆਂ ਨਾਲ ਪਿਆਰ—ਕੀ ਇਹ ਮੁਮਕਿਨ ਹੈ?

ਯਿਸੂ ਮਸੀਹ ਨੇ ਕਿਹਾ: “ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।”—ਮੱਤੀ 5:44, 45.

ਤੁਹਾਡੇ ਖ਼ਿਆਲ ਵਿਚ ਕੀ ਧਰਮ ਲੋਕਾਂ ਦੇ ਆਪਸ ਵਿਚ ਪਿਆਰ ਜਾਂ ਨਫ਼ਰਤ ਨੂੰ ਸ਼ਹਿ ਦਿੰਦੇ ਹਨ? ਅੱਜ-ਕੱਲ੍ਹ ਕਈ ਮੰਨਦੇ ਹਨ ਕਿ ਧਰਮਾਂ ਕਰਕੇ ਹੀ ਲੜਾਈਆਂ ਹੁੰਦੀਆਂ, ਖ਼ਾਸ ਕਰਕੇ ਜਦੋਂ ਉਹ ਰਾਜਨੀਤੀ, ਨਸਲੀ ਜਾਂ ਦੇਸ਼ਭਗਤੀ ਨਾਲ ਜੁੜੇ ਹੁੰਦੇ ਹਨ। ਪਰ ਉੱਪਰ ਦਿਖਾਏ ਗਏ ਯਿਸੂ ਦੇ ਸ਼ਬਦਾਂ ਅਨੁਸਾਰ, ‘ਪਰਮੇਸ਼ੁਰ ਦੇ ਸੱਚੇ ਪੁੱਤਰ’ ਉਸ ਦੇ ਪਿਆਰ ਦੀ ਰੀਸ ਕਰ ਕੇ ਆਪਣੇ ਵੈਰੀਆਂ ਨਾਲ ਵੀ ਪਿਆਰ ਕਰਦੇ ਹਨ!

ਪਰਮੇਸ਼ੁਰ ਦੇ ਇਕ ਹੋਰ ਭਗਤ ਨੇ ਕਿਹਾ: “ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਤਿਹਾਇਆ ਹੋਵੇ ਤਾਂ ਉਹ ਨੂੰ ਪਿਆ . . . ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” (ਰੋਮੀਆਂ 12:20, 21) ਪਰ ਕੀ ਫੁੱਟਾਂ ਨਾਲ ਭਰੀ ਹੋਏ ਇਸ ਸੰਸਾਰ ਵਿਚ ਅਜਿਹਾ ਪਿਆਰ ਦਿਖਾਇਆ ਜਾ ਸਕਦਾ ਹੈ? ਯਹੋਵਾਹ ਦੇ ਗਵਾਹ ਕਹਿੰਦੇ ਹਨ ਕਿ ਇਹ ਵਾਕਈ ਹੀ ਮੁਮਕਿਨ ਹੈ! ਆਓ ਆਪਾਂ ਪਹਿਲੀ ਸਦੀ ਵਿਚ ਯਿਸੂ ਅਤੇ ਉਸ ਦੇ ਚੇਲਿਆਂ ਦੀ ਮਿਸਾਲ ਉੱਤੇ ਗੌਰ ਕਰੀਏ।

ਉਨ੍ਹਾਂ ਨੇ ਆਪਣੇ ਵੈਰੀਆਂ ਨਾਲ ਪਿਆਰ ਕੀਤਾ

ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਈ ਤੇ ਕਈ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਏ। ਪਰ ਕਈਆਂ ਨੇ ਉਸ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਕਈ ਅਣਜਾਣੇ ਵਿਚ ਹੀ ਉਸ ਦੇ ਖ਼ਿਲਾਫ਼ ਗਏ। (ਯੂਹੰਨਾ 7:12, 13; ਰਸੂਲਾਂ ਦੇ ਕਰਤੱਬ 2:36-38; 3:15, 17) ਪਰ ਫਿਰ ਵੀ ਯਿਸੂ ਸਾਰਿਆਂ ਨੂੰ ਆਪਣਾ ਸੰਦੇਸ਼ ਸੁਣਾਉਂਦਾ ਰਿਹਾ, ਜਿਨ੍ਹਾਂ ਵਿਚ ਉਸ ਦੇ ਵਿਰੋਧੀ ਵੀ ਸ਼ਾਮਲ ਸਨ। (ਮਰਕੁਸ 12:13-34) ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਵਿੱਚੋਂ ਕੁਝ ਆਪਣੇ ਤੌਰ-ਤਰੀਕੇ ਬਦਲ ਕੇ ਉਸ ਨੂੰ ਮਸੀਹਾ ਮੰਨ ਲੈਣਗੇ ਤੇ ਪਰਮੇਸ਼ੁਰ ਦੇ ਬਚਨ ਵਿਚ ਸੱਚਾਈਆਂ ਅਨੁਸਾਰ ਚੱਲਣ ਲੱਗ ਪੈਣਗੇ।—ਯੂਹੰਨਾ 7:1, 37-46; 17:17.

ਯਿਸੂ ਨੇ ਉਸ ਰਾਤ ਵੀ ਆਪਣੇ ਵਿਰੋਧੀਆਂ ਨੂੰ ਪਿਆਰ ਦਿਖਾਇਆ ਜਦੋਂ ਉਨ੍ਹਾਂ ਨੇ ਹਥਿਆਰ ਲੈ ਕੇ ਉਸ ਨਾਲ ਬੇਇਨਸਾਫ਼ੀ ਕੀਤੀ ਅਤੇ ਗਿਰਫ਼ਤਾਰ ਕੀਤਾ। ਜਦੋਂ ਸਿਪਾਹੀ ਯਿਸੂ ਨੂੰ ਫੜਨ ਆਏ, ਤਾਂ ਪਤਰਸ ਨੇ ਆਪਣੀ ਤਲਵਾਰ ਲੈ ਕੇ ਉਨ੍ਹਾਂ ਵਿੱਚੋਂ ਇਕ ਦਾ ਕੰਨ ਕੱਟ ਦਿੱਤਾ, ਪਰ ਯਿਸੂ ਨੇ ਉਸ ਨੂੰ ਚੰਗਾ ਕਰ ਦਿੱਤਾ। ਯਿਸੂ ਨੇ ਉਨ੍ਹਾਂ ਨੂੰ ਉਸ ਸਮੇਂ ਇਕ ਅਹਿਮ ਅਸੂਲ ਦੱਸਿਆ ਜਿਸ ਅਨੁਸਾਰ ਅੱਜ ਵੀ ਉਸ ਦੇ ਸੱਚੇ ਚੇਲੇ ਚੱਲਦੇ ਹਨ। ਉਸ ਨੇ ਕਿਹਾ: “ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:48-52; ਯੂਹੰਨਾ 18:10, 11) ਤਕਰੀਬਨ 30 ਸਾਲ ਬਾਅਦ ਪਤਰਸ ਨੇ ਲਿਖਿਆ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। ਉਹ . . . ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ [ਪਰਮੇਸ਼ੁਰ] ਦੇ ਹੱਥ ਸੌਂਪਦਾ ਸੀ।” (1 ਪਤਰਸ 2:21, 23) ਇਸ ਤੋਂ ਪਤਾ ਚੱਲਦਾ ਹੈ ਕਿ ਪਤਰਸ ਨੇ ਇਹ ਸਬਕ ਸਿੱਖ ਲਿਆ ਸੀ ਕਿ ਮਸੀਹ ਦੇ ਸੱਚੇ ਚੇਲਿਆਂ ਨੂੰ ਅਦਲੇ ਦੇ ਬਦਲੇ ਦੀ ਥਾਂ ਪਿਆਰ ਅਪਣਾਉਣਾ ਚਾਹੀਦਾ ਹੈ।—ਮੱਤੀ 5:9.

ਯਿਸੂ ਦੀ ‘ਪੈੜ ਉੱਤੇ ਤੁਰਨ’ ਵਾਲੇ ਸਾਰੇ ਜਣੇ ਉਸ ਦਾ ਪਿਆਰ ਭਰਿਆ ਸੁਭਾਅ ਅਪਣਾਉਂਦੇ ਹਨ। 2 ਤਿਮੋਥਿਉਸ 2:24 ਵਿਚ ਲਿਖਿਆ ਹੈ ਕਿ “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ . . . ਅਤੇ ਸਬਰ ਕਰਨ ਵਾਲਾ ਹੋਵੇ।” ਮਸੀਹੀਆਂ ਦੀ ਜ਼ਿੰਦਗੀ ਵਿਚ ਸ਼ਾਂਤੀ ਤੇ ਮੇਲ-ਮਿਲਾਪ ਦੇ ਗੁਣ ਨਜ਼ਰ ਆਉਣੇ ਚਾਹੀਦੇ ਹਨ।

ਮਸੀਹ ਦੇ ਸ਼ਾਂਤਮਈ ਏਲਚੀ

ਪੌਲੁਸ ਰਸੂਲ ਨੇ ਆਪਣੇ ਭੈਣਾਂ-ਭਰਾਵਾਂ ਨੂੰ ਲਿਖਿਆ: “ਅਸੀਂ ਮਸੀਹ ਦੇ ਏਲਚੀ ਹਾਂ . . . ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ।” (2 ਕੁਰਿੰਥੀਆਂ 5:20) ਏਲਚੀ ਯਾਨੀ ਰਾਜਦੂਤ ਉਸ ਦੇਸ਼ ਦੇ ਰਾਜਨੀਤਿਕ ਅਤੇ ਮਿਲਟਰੀ ਧੰਦਿਆਂ ਵਿਚ ਦਖ਼ਲ ਨਹੀਂ ਦਿੰਦੇ ਜਿੱਥੇ ਉਹ ਰਹਿੰਦੇ ਹਨ, ਸਗੋਂ ਉਹ ਨਿਰਪੱਖ ਰਹਿੰਦੇ ਹਨ। ਉਨ੍ਹਾਂ ਦਾ ਕੰਮ ਹੈ ਕਿ ਉਹ ਉਸ ਸਰਕਾਰ ਦੀ ਹਿਮਾਇਤ ਕਰਨ ਜਿਸ ਦੇ ਉਹ ਪ੍ਰਤਿਨਿਧ ਹਨ।

ਮਸੀਹ ਦੇ ਸੱਚੇ ਰਾਜਦੂਤਾਂ ਅਤੇ ਏਲਚੀਆਂ ਬਾਰੇ ਵੀ ਇਹੀ ਗੱਲ ਸੱਚ ਹੈ। ਉਹ ਯਿਸੂ ਨੂੰ ਰਾਜਾ ਮੰਨਦੇ ਹਨ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਉਸ ਦੇ ਸਵਰਗੀ ਰਾਜ ਦਾ ਪੱਖ ਪੂਰਦੇ ਹਨ। (ਮੱਤੀ 24:14; ਯੂਹੰਨਾ 18:36) ਪੌਲੁਸ ਨੇ ਉਸ ਦੇ ਜ਼ਮਾਨੇ ਦੇ ਮਸੀਹੀਆਂ ਨੂੰ ਲਿਖਿਆ: ‘ਅਸੀਂ ਸਰੀਰ ਦੇ ਅਨੁਸਾਰ ਜੁੱਧ ਨਹੀਂ ਕਰਦੇ। ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ ਸਗੋਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਲੈਣ ਲਈ ਤਕੜੇ ਹਨ।’—2 ਕੁਰਿੰਥੀਆਂ 10:3-5; ਅਫ਼ਸੀਆਂ 6:13-20.

ਜਦੋਂ ਪੌਲੁਸ ਨੇ ਇਹ ਲਫ਼ਜ਼ ਲਿਖੇ ਸਨ ਉਦੋਂ ਕਈਆਂ ਦੇਸ਼ਾਂ ਵਿਚ ਮਸੀਹੀ ਸਤਾਹਟਾਂ ਸਹਿ ਰਹੇ ਸਨ। ਉਹ ਇੱਟ ਦਾ ਜਵਾਬ ਪੱਥਰ ਨਾਲ ਦੇ ਸਕਦੇ ਸਨ। ਪਰ ਇਸ ਦੀ ਬਜਾਇ ਉਹ ਆਪਣੇ ਵੈਰੀਆਂ ਨੂੰ ਪਿਆਰ ਕਰਦੇ ਰਹੇ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਲ-ਮਿਲਾਪ ਦਾ ਸੰਦੇਸ਼ ਸੁਣਾਉਂਦੇ ਰਹੇ। ਇਕ ਕੋਸ਼ ਕਹਿੰਦਾ ਹੈ: ‘ਯਿਸੂ ਦੇ ਮੁਢਲੇ ਚੇਲੇ ਯੁੱਧ ਤੇ ਮਿਲਟਰੀ ਸੇਵਾ ਨੂੰ ਰੱਦ ਕਰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਜੇ ਉਹ ਇਨ੍ਹਾਂ ਵਿਚ ਸ਼ਾਮਲ ਹੁੰਦੇ, ਤਾਂ ਉਹ ਨਾ ਤਾਂ ਯਿਸੂ ਦੇ ਪਿਆਰ ਕਰਨ ਦੇ ਹੁਕਮ ’ਤੇ ਚੱਲ ਰਹੇ ਹੁੰਦੇ ਤੇ ਨਾ ਹੀ ਆਪਣੇ ਵੈਰੀਆਂ ਨਾਲ ਪਿਆਰ ਕਰਦੇ।’ *

ਪਹਿਲੀ ਸਦੀ ਦੇ ਮਸੀਹੀਆਂ ਦੀ ਤਰ੍ਹਾਂ ਯਹੋਵਾਹ ਦੇ ਗਵਾਹ ਯਿਸੂ ਨੂੰ ਆਪਣਾ ਰਾਜਾ ਮੰਨਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਉਹ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਹੈ। ਇਹ ਸਰਕਾਰ ਹੁਣ ਜਲਦੀ ਹੀ ਸਾਰੀ ਧਰਤੀ ਉੱਤੇ ਸ਼ਾਂਤੀ ਤੇ ਸੁਰੱਖਿਆ ਸਥਾਪਿਤ ਕਰੇਗੀ। (ਦਾਨੀਏਲ 2:44; ਮੱਤੀ 6:9, 10) ਇਸ ਲਈ ਉਹ ਏਲਚੀਆਂ ਤੇ ਰਾਜਦੂਤਾਂ ਦੀ ਤਰ੍ਹਾਂ ਉਸ ਰਾਜ ਦੀਆਂ ਖੂਬੀਆਂ ਦਾ ਐਲਾਨ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਆਪਣੇ ਜੱਦੀ ਦੇਸ਼ਾਂ ਵਿਚ ਚੰਗੇ ਨਾਗਰਿਕਾਂ ਵਜੋਂ ਰਹਿੰਦੇ ਹਨ ਤੇ ਆਪਣੇ ਟੈਕਸ ਭਰਦੇ ਹਨ ਤੇ ਉਦੋਂ ਤਕ ਕਾਨੂੰਨ ਦੀ ਪਾਲਣਾ ਕਰਦੇ ਹਨ ਜਦੋਂ ਤਕ ਉਹ ਪਰਮੇਸ਼ੁਰ ਦੇ ਕਾਨੂੰਨਾਂ ਨਾਲ ਨਹੀਂ ਟਕਰਾਉਂਦਾ।—ਰਸੂਲਾਂ ਦੇ ਕਰਤੱਬ 5:29; ਰੋਮੀਆਂ 13:1, 7.

ਪਰ ਅਫ਼ਸੋਸ ਦੀ ਗੱਲ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਦੀ ਤਰ੍ਹਾਂ ਲੋਕਾਂ ਦੇ ਮਨਾਂ ਵਿਚ ਗਵਾਹਾਂ ਬਾਰੇ ਗ਼ਲਤਫ਼ਹਿਮੀਆਂ ਹਨ। ਉਨ੍ਹਾਂ ਨੂੰ ਬਦਨਾਮ ਕਰ ਕੇ ਸਤਾਇਆ ਵੀ ਜਾਂਦਾ ਹੈ। ਪਰ ਉਹ ਫਿਰ ਵੀ ਕਦੇ ਬਦਲਾ ਨਹੀਂ ਲੈਂਦੇ। ਇਸ ਦੀ ਬਜਾਇ ਉਹ “ਸਾਰੇ ਮਨੁੱਖਾਂ ਦੇ ਨਾਲ ਮੇਲ” ਰੱਖਣ ਦੀ ਕੋਸ਼ਿਸ਼ ਕਰਦੇ ਹਨ, ਇਹ ਉਮੀਦ ਰੱਖਦਿਆਂ ਕਿ ਉਹ “ਪਰਮੇਸ਼ੁਰ ਨਾਲ ਮੇਲ ਮਿਲਾਪ ਕਰ” ਲੈਣਗੇ ਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨਗੇ। *ਰੋਮੀਆਂ 12:18; ਯੂਹੰਨਾ 17:3. (g09-E 11)

[ਫੁਟਨੋਟ]

^ ਪੈਰਾ 13 ਇਸੇ ਕੋਸ਼ ਅਨੁਸਾਰ “ਕਾਂਸਟੰਟੀਨ [306-337 ਈ. ਦੌਰਾਨ ਰੋਮੀ ਸਮਰਾਟ] ਦੇ ਸਮੇਂ ਤੋਂ ਪਹਿਲਾਂ ਦੇ ਮਸੀਹੀ ਲੇਖਕਾਂ ਨੇ ਯੁੱਧਾਂ ਨੂੰ ਨਿੰਦਿਆ।” ਇਹ ਵਿਚਾਰ ਉਦੋਂ ਬਦਲਿਆ ਜਦੋਂ ਬਾਈਬਲ ਦੀਆਂ ਸੱਚਾਈਆਂ ਦੀ ਥਾਂ ਝੂਠੀਆਂ ਸਿੱਖਿਆਵਾਂ ਦੂਰ-ਦੂਰ ਤਕ ਫੈਲ ਗਈਆਂ ਜਿਸ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ।—ਰਸੂਲਾਂ ਦੇ ਕਰਤੱਬ 20:29, 30; 1 ਤਿਮੋਥਿਉਸ 4:1.

^ ਪੈਰਾ 15 ਲੋੜ ਪੈਣ ਤੇ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਯਹੋਵਾਹ ਦੇ ਗਵਾਹ ਭਗਤੀ ਕਰਨ ਦੀ ਆਜ਼ਾਦੀ ਦੇ ਹੱਕ ਵਿਚ ਕਾਨੂੰਨੀ ਤੌਰ ਤੇ ਲੜਨ ਲਈ ਤਿਆਰ ਰਹਿੰਦੇ ਹਨ।—ਰਸੂਲਾਂ ਦੇ ਕਰਤੱਬ 25:11; ਫ਼ਿਲਿੱਪੀਆਂ 1:7.

ਕੀ ਤੁਸੀਂ ਕਦੇ ਸੋਚਿਆ ਹੈ?

◼ ਮਸੀਹੀਆਂ ਨੂੰ ਆਪਣੇ ਵੈਰੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?—ਮੱਤੀ 5:43-45; ਰੋਮੀਆਂ 12:20, 21.

◼ ਸਤਾਏ ਜਾਣ ਤੇ ਯਿਸੂ ਨੇ ਕੀ ਕੀਤਾ ਸੀ?—1 ਪਤਰਸ 2:21, 23.

◼ ਪਹਿਲੀ ਸਦੀ ਦੇ ਮਸੀਹੀ ਯੁੱਧ ਵਿਚ ਕਿਉਂ ਨਹੀਂ ਹਿੱਸਾ ਲੈਂਦੇ ਸਨ?—2 ਕੁਰਿੰਥੀਆਂ 5:20; 10:3-5.