ਕੀਟ-ਪਤੰਗਿਆਂ ਲਈ ਫ਼ਾਸਟ ਫੂਡ
ਕੀਟ-ਪਤੰਗਿਆਂ ਲਈ ਫ਼ਾਸਟ ਫੂਡ
● ਕੀਟ-ਪਤੰਗਿਆਂ ਨੂੰ ਬਹੁਤ ਸਾਰੀਆਂ ਕੈਲੋਰੀਆਂ ਵਾਲਾ ਖਾਣਾ ਸੌਖਿਆਂ ਹੀ ਮਿਲ ਜਾਂਦਾ ਹੈ। ਇਹ ਸਭ ਕੁਝ ਉਨ੍ਹਾਂ ਨੂੰ ਫੁੱਲਾਂ ਦੇ ਸਿਰਿਆਂ ਤੋਂ ਮਿਲਦਾ ਹੈ। ਫ਼ਾਸਟ ਫੂਡ ਦੀਆਂ ਦੁਕਾਨਾਂ ਵਾਂਗ ਫੁੱਲ ਆਪਣੇ ਗੂੜ੍ਹੇ ਰੰਗਾਂ ਨਾਲ ਗਾਹਕਾਂ ਨੂੰ ਖਿੱਚਦੇ ਹਨ। ਜਿਨ੍ਹਾਂ ਫੁੱਲਾਂ ਦੇ ਰੰਗਾਂ ਨੂੰ ਕੀਟ-ਪਤੰਗੇ ਪਸੰਦ ਕਰਦੇ ਹਨ, ਉਨ੍ਹਾਂ ਫੁੱਲਾਂ ਉੱਤੇ ਬੈਠ ਕੇ ਉਹ ਪਰਾਗ ਖਾ ਲੈਂਦੇ ਹਨ ਅਤੇ ਰਸ ਚੂਸ ਲੈਂਦੇ ਹਨ।
ਰਾਤ ਨੂੰ ਠੰਢ ਹੋਣ ਕਰਕੇ ਕੀਟ-ਪਤੰਗੇ ਸਵੇਰੇ-ਸਵੇਰੇ ਸੁਸਤ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਸਰੀਰ ਗਰਮ ਕਰਨ ਲਈ ਧੁੱਪ ਦੀ ਲੋੜ ਪੈਂਦੀ ਹੈ। ਕਈ ਫੁੱਲਾਂ ਤੋਂ ਕੀੜਿਆਂ ਨੂੰ ਨਾ ਸਿਰਫ਼ ਖਾਣਾ ਮਿਲਦਾ ਹੈ, ਸਗੋਂ ਉਹ ਉਨ੍ਹਾਂ ’ਤੇ ਬੈਠ ਕੇ ਧੁੱਪ ਵੀ ਸੇਕ ਸਕਦੇ ਹਨ। ਆਓ ਆਪਾਂ ਇਕ ਜਾਣੀ-ਪਛਾਣੀ ਮਿਸਾਲ ਉੱਤੇ ਗੌਰ ਕਰੀਏ।
ਆਕਸ-ਆਈ ਡੇਜ਼ੀ ਨਾਂ ਦਾ ਫੁੱਲ ਯੂਰਪ ਅਤੇ ਉੱਤਰੀ ਅਮਰੀਕਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਉੱਗਦਾ ਹੈ। ਦੇਖਣ ਨੂੰ ਇਹ ਫੁੱਲ ਸ਼ਾਇਦ ਇੰਨਾ ਖ਼ਾਸ ਨਹੀਂ ਲੱਗਦਾ, ਪਰ ਜੇ ਤੁਸੀਂ ਧਿਆਨ ਨਾਲ ਦੇਖੋ, ਤਾਂ ਤੁਹਾਨੂੰ ਬਹੁਤ ਕੁਝ ਨਜ਼ਰ ਆਵੇਗਾ। ਕੀਟ-ਪਤੰਗਿਆਂ ਲਈ ਆਪਣਾ ਦਿਨ ਸ਼ੁਰੂ ਕਰਨ ਵਾਸਤੇ ਡੇਜ਼ੀ ਦਾ ਫੁੱਲ ਬਹੁਤ ਵਧੀਆ ਜਗ੍ਹਾ ਹੈ। ਫੁੱਲ ਦੀਆਂ ਚਿੱਟੀਆਂ ਪੰਖੜੀਆਂ ਧੁੱਪ ਨਾਲ ਨਿੱਘੀਆਂ ਹੋ ਜਾਂਦੀਆਂ ਹਨ ਅਤੇ ਫੁੱਲ ਦੇ ਗੱਭਲੇ ਪੀਲੇ ਹਿੱਸੇ ਉੱਤੇ ਕੀਟ-ਪਤੰਗੇ ਬੈਠ ਕੇ ਆਰਾਮ ਨਾਲ ਇਸ ਨਿੱਘ ਦਾ ਮਜ਼ਾ ਲੈ ਸਕਦੇ ਹਨ। *
ਇਸ ਫੁੱਲ ਦਾ ਗੱਭਲਾ ਹਿੱਸਾ ਪਰਾਗ ਅਤੇ ਰਸ ਨਾਲ ਭਰਿਆ ਹੁੰਦਾ ਹੈ ਅਤੇ ਇਹ ਦੋਵੇਂ ਪੌਸ਼ਟਿਕ ਚੀਜ਼ਾਂ ਕੀਟ-ਪਤੰਗਿਆਂ ਦੇ ਵਧਣ-ਫੁੱਲਣ ਲਈ ਜ਼ਰੂਰੀ ਹਨ। ਕੀਟ-ਪਤੰਗੇ ਇਸ ਫੁੱਲ ਉੱਤੇ ਧੁੱਪ ਸੇਕਣ ਦੇ ਨਾਲ-ਨਾਲ ਇਸ ਸੁਆਦੀ ਖਾਣੇ ਦਾ ਵੀ ਮਜ਼ਾ ਲੈਂਦੇ ਹਨ। ਕੀਟ-ਪਤੰਗਿਆਂ ਲਈ ਨਾਸ਼ਤਾ ਕਰਨ ਅਤੇ ਧੁੱਪ ਸੇਕਣ ਵਾਸਤੇ ਇਸ ਤੋਂ ਵਧੀਆ ਹੋਰ ਜਗ੍ਹਾ ਕਿਹੜੀ ਹੋ ਸਕਦੀ ਹੈ?
ਇਸ ਤਰ੍ਹਾਂ ਦਿਨ ਦੌਰਾਨ ਇਨ੍ਹਾਂ ਫੁੱਲਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਕੀਟ-ਪਤੰਗੇ ਆ ਕੇ ਬੈਠਦੇ ਹਨ ਜਿਵੇਂ ਭੌਰੇ, ਰੰਗ-ਬਰੰਗੀਆਂ ਤਿਤਲੀਆਂ, ਸ਼ੀਲਡ ਕੀੜੇ, ਟਿੱਡੀਆਂ ਤੇ ਹਰ ਤਰ੍ਹਾਂ ਦੀਆਂ ਮੱਖੀਆਂ। ਪਰ ਜੇ ਤੁਸੀਂ ਧਿਆਨ ਨਾਲ ਨਾ ਦੇਖੋ, ਤਾਂ ਸ਼ਾਇਦ ਤੁਹਾਨੂੰ ਕੀਟ-ਪਤੰਗਿਆਂ ਦੀਆਂ ਇਹ “ਫ਼ਾਸਟ ਫੂਡ ਦੁਕਾਨਾਂ” ਕਦੇ ਦਿਖਾਈ ਨਾ ਦੇਣ।
ਇਸ ਲਈ ਜਦੋਂ ਤੁਸੀਂ ਅਗਲੀ ਵਾਰ ਕਿਸੇ ਹਰੇ-ਭਰੇ ਇਲਾਕੇ ਵਿਚ ਜਾਓ, ਤਾਂ ਕਿਉਂ ਨਾ ਤੁਸੀਂ ਇਨ੍ਹਾਂ ਫੁੱਲਾਂ ਦੀ ਛੋਟੀ ਜਿਹੀ ਦੁਨੀਆਂ ਵੱਲ ਨਜ਼ਰ ਮਾਰ ਕੇ ਦੇਖੋ ਕਿ ਉੱਥੇ ਕੀ ਕੁਝ ਹੋ ਰਿਹਾ ਹੈ। ਜੇ ਤੁਸੀਂ ਇੰਜ ਕਰੋਗੇ, ਤਾਂ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲੇ ਸਾਡੇ ਸਿਰਜਣਹਾਰ ਲਈ ਤੁਹਾਡਾ ਦਿਲ ਕਦਰਦਾਨੀ ਨਾਲ ਭਰ ਜਾਵੇਗਾ। (g10-E 03)
[ਫੁਟਨੋਟ]
^ ਪੈਰਾ 4 ਵਿਗਿਆਨੀਆਂ ਨੇ ਦੇਖਿਆ ਹੈ ਕਿ ਕੁਝ ਫੁੱਲਾਂ ਦੀ ਸਤਹ ਦਾ ਤਾਪਮਾਨ ਆਲੇ-ਦੁਆਲੇ ਦੇ ਵਾਤਾਵਰਣ ਨਾਲੋਂ ਕੁਝ ਡਿਗਰੀ ਜ਼ਿਆਦਾ ਹੁੰਦਾ ਹੈ।