Skip to content

Skip to table of contents

ਕੀ ਇਕੱਲੇ ਸਮਾਂ ਬਿਤਾਉਣ ਵਿਚ ਕੋਈ ਹਰਜ਼ ਹੈ?

ਕੀ ਇਕੱਲੇ ਸਮਾਂ ਬਿਤਾਉਣ ਵਿਚ ਕੋਈ ਹਰਜ਼ ਹੈ?

ਨੌਜਵਾਨ ਪੁੱਛਦੇ ਹਨ

ਕੀ ਇਕੱਲੇ ਸਮਾਂ ਬਿਤਾਉਣ ਵਿਚ ਕੋਈ ਹਰਜ਼ ਹੈ?

ਹੇਠਲੀਆਂ ਗੱਲਾਂ ਬਾਰੇ ਸੋਚ ਕੇ ✔ ਲਗਾਓ ਕਿ ਤੁਹਾਡਾ ਕੀ ਜਵਾਬ ਹੈ।

1. ਤੁਹਾਡੇ ਕਮਰੇ ਦਾ ਦਰਵਾਜ਼ਾ ਬੰਦ ਹੈ, ਪਰ ਤੁਹਾਡੀ ਭੈਣ ਜਾਂ ਤੁਹਾਡਾ ਭਰਾ ਬਿਨਾਂ ਦਰਵਾਜ਼ਾ ਖਟਖਟਾਏ ਅਚਾਨਕ ਅੰਦਰ ਆ ਜਾਂਦਾ ਹੈ।

‘ਕੋਈ ਗੱਲ ਨਹੀਂ . . . ਮੈਂ ਵੀ ਤਾਂ ਉਸ ਨਾਲ ਇਸੇ ਤਰ੍ਹਾਂ ਕਰਦਾ ਹਾਂ।’

‘ਬਦਤਮੀਜ਼! ਜੇ ਕਿਤੇ ਮੈਂ ਕੱਪੜੇ ਬਦਲਦਾ ਹੁੰਦਾ?’

2. ਤੁਸੀਂ ਇਕ ਦੋਸਤ ਨਾਲ ਫ਼ੋਨ ’ਤੇ ਗੱਲ ਕਰ ਰਹੇ ਹੋ ਤੇ ਤੁਹਾਡੀ ਮੰਮੀ ਲਾਗੇ ਖੜ੍ਹੀ ਹਰ ਗੱਲ ਸੁਣ ਰਹੀ ਹੈ।

‘ਮੈਨੂੰ ਕੋਈ ਇਤਰਾਜ਼ ਨਹੀਂ . . . ਮੰਮੀ ਨੂੰ ਮੇਰੀ ਜ਼ਿੰਦਗੀ ਬਾਰੇ ਸਭ ਕੁਝ ਪਤਾ ਤਾਂ ਹੈ।’

‘ਮੈਨੂੰ ਬਹੁਤ ਖਿੱਝ ਆਉਂਦੀ ਹੈ ਜਦੋਂ ਕੋਈ ਚੋਰੀ-ਛਿਪੇ ਮੇਰੀ ਗੱਲ ਸੁਣਦਾ ਹੈ!’

3. ਤੁਸੀਂ ਘਰ ਵਿਚ ਪੈਰ ਰੱਖਦੇ ਹੀ ਹੋ, ਤਾਂ ਮੰਮੀ-ਡੈਡੀ ਵੱਲੋਂ ਸਵਾਲਾਂ ਦੀ ਬੁਛਾੜ ਫੁੱਟ ਪੈਂਦੀ ਹੈ। “ਤੂੰ ਕਿੱਥੇ ਗਿਆ ਸੀ? ਉੱਥੇ ਜਾ ਕੇ ਤੂੰ ਕੀ ਕੀਤਾ? ਤੇਰੇ ਨਾਲ ਹੋਰ ਕੌਣ-ਕੌਣ ਸੀ?”

‘ਮੈਨੂੰ ਕੋਈ ਫ਼ਰਕ ਨਹੀਂ ਪੈਂਦਾ . . . ਮੈਂ ਉੱਦਾਂ ਵੀ ਉਨ੍ਹਾਂ ਨਾਲ ਸਾਰੀਆਂ ਗੱਲਾਂ ਕਰ ਲੈਂਦਾ ਹਾਂ।’

‘ਜਦ ਇੱਦਾਂ ਹੁੰਦਾ ਹੈ ਮੈਨੂੰ ਬੜੀ ਖਿੱਝ ਆਉਂਦੀ! ਮੇਰੇ ਮੰਮੀ-ਡੈਡੀ ਨੂੰ ਮੇਰੇ ’ਤੇ ਜ਼ਰਾ ਵੀ ਭਰੋਸਾ ਨਹੀਂ!’

ਬਚਪਨ ਵਿਚ ਤੁਸੀਂ ਸ਼ਾਇਦ ਇਕੱਲਾ ਰਹਿਣਾ ਜ਼ਰੂਰੀ ਨਹੀਂ ਸਮਝਦੇ ਸੀ। ਜੇ ਤੁਹਾਡੀ ਛੋਟੀ ਭੈਣ ਜਾਂ ਭਰਾ ਬਿਨਾਂ ਦਰਵਾਜ਼ਾ ਖਟਖਟਾਏ ਤੁਹਾਡੇ ਕਮਰੇ ਵਿਚ ਆ ਜਾਂਦਾ ਸੀ, ਤਾਂ ਤੁਸੀਂ ਨਾਰਾਜ਼ ਹੋਣ ਦੀ ਬਜਾਇ ਖ਼ੁਸ਼ ਹੁੰਦੇ ਸੀ। ਜੇ ਤੁਹਾਡੇ ਮਾਪੇ ਤੁਹਾਡੇ ਤੋਂ ਕੁਝ ਪੁੱਛਦੇ ਸੀ, ਤਾਂ ਤੁਸੀਂ ਝੱਟ ਉਸ ਦਾ ਜਵਾਬ ਦਿੰਦੇ ਸੀ। ਉਦੋਂ ਤੁਹਾਡੇ ਬਾਰੇ ਸਾਰਿਆਂ ਨੂੰ ਸਭ ਕੁਝ ਪਤਾ ਸੀ। ਪਰ ਹੁਣ ਸ਼ਾਇਦ ਤੁਸੀਂ ਕਦੇ-ਕਦੇ ਸੋਚਦੇ ਹੋ ਕਿ ਚੰਗਾ ਹੁੰਦਾ ਜੇ ਦੂਸਰੇ ਤੁਹਾਡੇ ਬਾਰੇ ਇੰਨਾ ਕੁਝ ਨਾ ਜਾਣਦੇ। 14-ਸਾਲਾ ਕੌਰੀ * ਨਾਂ ਦੀ ਲੜਕੀ ਨੇ ਕਿਹਾ: “ਮੈਂ ਨਹੀਂ ਚਾਹੁੰਦੀ ਕਿ ਸਾਰਿਆਂ ਨੂੰ ਮੇਰੇ ਬਾਰੇ ਸਭ ਕੁਝ ਪਤਾ ਲੱਗੇ।”

ਹੁਣ ਤੁਸੀਂ ਇਕੱਲੇ ਰਹਿਣਾ ਕਿਉਂ ਪਸੰਦ ਕਰਨ ਲੱਗ ਪਏ ਹੋ? ਇਕ ਕਾਰਨ ਹੈ ਕਿ ਤੁਸੀਂ ਜਵਾਨੀ ਵਿਚ ਪੈਰ ਰੱਖ ਰਹੇ ਹੋ। ਮਿਸਾਲ ਲਈ, ਇਸ ਉਮਰੇ ਤੁਹਾਡੇ ਸਰੀਰ ਵਿਚ ਹੋ ਰਹੀਆਂ ਤਬਦੀਲੀਆਂ ਕਰਕੇ ਤੁਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹੋ, ਇੱਥੋਂ ਤਕ ਕਿ ਆਪਣੇ ਘਰਦਿਆਂ ਸਾਮ੍ਹਣੇ ਵੀ। ਨਾਲੇ ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਜਾ ਰਹੇ ਹੋ, ਤੁਸੀਂ ਏਕਾਂਤ ਵਿਚ ਸੋਚ-ਵਿਚਾਰ ਕਰਨ ਲਈ ਸਮਾਂ ਗੁਜ਼ਾਰਨਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਸਮਝਦੇ ਹੋ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ “ਮੱਤ” ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਾਈਬਲ ਉਨ੍ਹਾਂ ਨੌਜਵਾਨਾਂ ਦੀ ਸ਼ਲਾਘਾ ਕਰਦੀ ਹੈ ਜਿਨ੍ਹਾਂ ਨੇ ਆਪਣੇ ਵਿਚ ਇਹ ਗੁਣ ਪੈਦਾ ਕੀਤਾ ਹੈ। (ਕਹਾਉਤਾਂ 1:1, 4; ਬਿਵਸਥਾ ਸਾਰ 32:29) ਯਿਸੂ ਵੀ ਡੂੰਘਾ ਸੋਚ-ਵਿਚਾਰ ਕਰਨ ਲਈ “ਉਜਾੜ ਥਾਂ,” ਯਾਨੀ ਇਕ ਏਕਾਂਤ ਥਾਂ ਵਿਚ ਗਿਆ ਸੀ।—ਮੱਤੀ 14:13.

ਹਾਂ, ਸੱਚ ਹੈ ਕਿ ਤੁਸੀਂ ਅਜੇ ਆਪਣੇ ਮਾਪਿਆਂ ਦੇ ਅਧਿਕਾਰ ਹੇਠ ਹੋ ਤੇ ਇਸ ਕਰਕੇ ਉਨ੍ਹਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ। (ਅਫ਼ਸੀਆਂ 6:1) ਪਰ ਜਦੋਂ ਉਹ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਸਭ ਕੁਝ ਦੱਸਣਾ ਨਹੀਂ ਚਾਹੁੰਦੇ, ਉਦੋਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਤੁਸੀਂ ਇਸ ਮੁਸ਼ਕਲ ਦਾ ਕਿੱਦਾਂ ਸਾਮ੍ਹਣਾ ਕਰ ਸਕਦੇ ਹੋ? ਆਓ ਆਪਾਂ ਦੇਖੀਏ ਕਿ ਕਿਹੜੀਆਂ ਦੋ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਜਦੋਂ ਤੁਸੀਂ ਇਕੱਲੇ ਸਮਾਂ ਬਿਤਾਉਣਾ ਚਾਹੁੰਦੇ ਹੋ

ਇਕੱਲੇ ਸਮਾਂ ਬਿਤਾਉਣ ਦੇ ਕਈ ਕਾਰਨ ਹਨ। ਤੁਸੀਂ ਸ਼ਾਇਦ ‘ਸਸਤਾਉਣਾ,’ ਯਾਨੀ ਆਰਾਮ ਕਰਨਾ ਚਾਹੁੰਦੇ ਹੋ। (ਮਰਕੁਸ 6:31) ਜਾਂ ਤੁਸੀਂ ‘ਆਪਣੀ ਕੋਠੜੀ ਵਿੱਚ ਵੜ ਕੇ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰਨੀ’ ਚਾਹੁੰਦੇ ਹੋ ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਰਨ ਦੀ ਸਲਾਹ ਦਿੱਤੀ ਸੀ। (ਮੱਤੀ 6:6; ਮਰਕੁਸ 1:35) ਪਰ ਮੁਸ਼ਕਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਕਮਰੇ (ਜੇ ਤੁਹਾਡਾ ਆਪਣਾ ਕਮਰਾ ਹੈ) ਦਾ ਦਰਵਾਜ਼ਾ ਬੰਦ ਕਰਦੇ ਹੋ, ਤਾਂ ਤੁਹਾਡੇ ਮਾਪੇ ਸ਼ਾਇਦ ਇਹ ਨਹੀਂ ਸੋਚਦੇ ਕਿ ਤੁਸੀਂ ਪ੍ਰਾਰਥਨਾ ਕਰ ਰਹੇ ਹੋ! ਨਾਲੇ ਤੁਹਾਡੇ ਭੈਣ-ਭਰਾ ਵੀ ਸ਼ਾਇਦ ਇਹ ਨਾ ਸਮਝਣ ਕਿ ਤੁਸੀਂ ਇਕੱਲੇ ਸਮਾਂ ਬਿਤਾਉਣਾ ਚਾਹੁੰਦੇ ਹੋ।

ਤੁਸੀਂ ਕੀ ਕਰ ਸਕਦੇ ਹੋ। ਲੜਾਈ-ਝਗੜਾ ਸ਼ੁਰੂ ਕਰਨ ਦੀ ਬਜਾਇ, ਕਿਉਂ ਨਾ ਇਸ ਤਰ੍ਹਾਂ ਕਰੋ।

● ਆਪਣੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰ ਕੇ ਕੁਝ ਛੋਟੇ-ਮੋਟੇ ਘਰੇਲੂ ਅਸੂਲ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਤੁਹਾਨੂੰ ਆਪਣੇ ਆਪ ਵਾਸਤੇ ਕੁਝ ਸਮਾਂ ਮਿਲ ਸਕੇ। ਜੇ ਲੋੜ ਪਵੇ, ਤਾਂ ਇਸ ਵਿਚ ਆਪਣੇ ਮਾਪਿਆਂ ਤੋਂ ਮਦਦ ਮੰਗੋ।

● ਆਪਣੇ ਮਾਪਿਆਂ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰੋ। 16-ਸਾਲਾ ਰਬੈਕਾ ਨਾਂ ਦੀ ਲੜਕੀ ਨੇ ਕਿਹਾ: “ਕਦੇ-ਕਦੇ ਮੇਰੇ ਮਾਪੇ ਮੈਨੂੰ ਪੁੱਛਣ ਲੱਗਦੇ ਹਨ ਕਿ ਮੈਂ ਕੀ ਕਰ ਰਹੀ ਹਾਂ। ਪਰ ਸੱਚ ਦੱਸਾਂ ਤਾਂ ਜੇ ਮੇਰੀ ਆਪਣੀ ਨੌਜਵਾਨ ਧੀ ਹੁੰਦੀ, ਤਾਂ ਮੈਂ ਵੀ ਉਸ ਦਾ ਧਿਆਨ ਇਸੇ ਤਰ੍ਹਾਂ ਰੱਖਦੀ। ਖ਼ਾਸ ਕਰਕੇ ਇਹ ਜਾਣਦੇ ਹੋਏ ਕਿ ਨੌਜਵਾਨਾਂ ਨੂੰ ਅੱਜ-ਕੱਲ੍ਹ ਕਿੰਨਿਆਂ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ!” ਕੀ ਤੁਸੀਂ ਵੀ ਰਬੈਕਾ ਵਾਂਗ ਆਪਣੇ ਮਾਪਿਆਂ ਦੀ ਚਿੰਤਾ ਸਮਝਣ ਦੀ ਕੋਸ਼ਿਸ਼ ਕਰਦੇ ਹੋ?—ਕਹਾਉਤਾਂ 19:11.

● ਆਪਣੇ ਆਪ ਨੂੰ ਸੱਚ-ਸੱਚ ਪੁੱਛੋ: ‘ਕੀ ਮੈਂ ਆਪਣੇ ਮਾਪਿਆਂ ਨੂੰ ਸ਼ੱਕ ਕਰਨ ਦਾ ਕੋਈ ਕਾਰਨ ਦਿੱਤਾ ਹੈ ਕਿ ਮੈਂ ਆਪਣੇ ਬੰਦ ਦਰਵਾਜ਼ੇ ਪਿੱਛੇ ਕੋਈ ਗ਼ਲਤ ਕੰਮ ਕਰ ਰਿਹਾ ਹਾਂ? ਕੀ ਮੈਂ ਆਪਣੀ ਜ਼ਿੰਦਗੀ ਬਾਰੇ ਇੰਨਾ ਚੁੱਪ-ਚਪੀਤਾ ਹਾਂ ਕਿ ਹੁਣ ਉਨ੍ਹਾਂ ਨੂੰ ਚੋਰੀ-ਛਿਪੇ ਮੇਰੇ ਬਾਰੇ ਪਤਾ ਕਰਨਾ ਪੈਂਦਾ ਹੈ?’ ਤੁਸੀਂ ਆਪਣੇ ਮਾਪਿਆਂ ਨਾਲ ਜਿੰਨਾ ਜ਼ਿਆਦਾ ਖੁੱਲ੍ਹ ਕੇ ਗੱਲਬਾਤ ਕਰੋਗੇ, ਉਹ ਉੱਨਾ ਹੀ ਤੁਹਾਡੇ ’ਤੇ ਘੱਟ ਸ਼ੱਕ ਕਰਨਗੇ। *

ਤੁਸੀਂ ਇੱਦਾਂ ਕਰੋ। ਹੇਠਾਂ ਲਿਖੋ ਕਿ ਤੁਸੀਂ ਆਪਣੇ ਮਾਪਿਆਂ ਨਾਲ ਇਸ ਵਿਸ਼ੇ ਦੀ ਚਰਚਾ ਕਰਨ ਲਈ ਕੀ ਕਹਿ ਸਕਦੇ ਹੋ।

․․․․․

ਦੋਸਤ ਬਣਾਉਂਦੇ ਸਮੇਂ

ਇਸ ਉਮਰੇ ਤੁਸੀਂ ਕੁਦਰਤੀ ਤੌਰ ਤੇ ਆਪਣੇ ਪਰਿਵਾਰ ਤੋਂ ਇਲਾਵਾ ਦੂਸਰਿਆਂ ਨਾਲ ਵੀ ਦੋਸਤੀ ਕਰੋਗੇ। ਇਹ ਵੀ ਕੁਦਰਤੀ ਹੈ ਕਿ ਤੁਹਾਡੇ ਮਾਪੇ ਇਸ ਗੱਲ ਦਾ ਫ਼ਿਕਰ ਕਰਨ ਕਿ ਤੁਹਾਡੇ ਦੋਸਤ ਕੌਣ ਹਨ ਅਤੇ ਤੁਸੀਂ ਉਨ੍ਹਾਂ ਨਾਲ ਕੀ ਕਰ ਰਹੇ ਹੋ। ਇਵੇਂ ਕਰਨਾ ਉਹ ਆਪਣਾ ਫ਼ਰਜ਼ ਸਮਝਦੇ ਹਨ। ਪਰ ਤੁਹਾਨੂੰ ਸ਼ਾਇਦ ਲੱਗੇ ਕਿ ਤੁਹਾਡੇ ਮਾਪੇ ਹੱਦੋਂ ਵੱਧ ਚਿੰਤਾ ਕਰ ਰਹੇ ਹਨ। 16-ਸਾਲਾ ਏਮੀ ਨੇ ਕਿਹਾ: “ਮੈਂ ਨਹੀਂ ਚਾਹੁੰਦੀ ਕਿ ਮੇਰੇ ਮਾਪੇ ਘੜੀ-ਮੁੜੀ ਮੈਨੂੰ ਪੁੱਛੀ ਜਾਣ ਕਿ ਮੈਂ ਆਪਣੇ ਸੈੱਲ ਫ਼ੋਨ ’ਤੇ ਕਿਹਦੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਹ ਨੂੰ ਈ-ਮੇਲ ਭੇਜਦੀ ਹਾਂ।”

ਤੁਸੀਂ ਕੀ ਕਰ ਸਕਦੇ ਹੋ। ਦੂਸਰਿਆਂ ਨਾਲ ਦੋਸਤੀ ਮਾਪਿਆਂ ਵਿਚਕਾਰ ਦੀਵਾਰ ਨਾ ਬਣਨ ਦਿਓ। ਇਸ ਦੀ ਬਜਾਇ, ਇਸ ਤਰ੍ਹਾਂ ਕਰੋ।

● ਮਾਪਿਆਂ ਨੂੰ ਖੋਲ੍ਹ ਕੇ ਦੱਸੋ ਕਿ ਤੁਹਾਡੇ ਦੋਸਤ ਕੌਣ ਹਨ ਤੇ ਦੋਸਤਾਂ ਨੂੰ ਆਪਣੇ ਮਾਪਿਆਂ ਨਾਲ ਮਿਲਾਓ। ਤੁਸੀਂ ਸ਼ਾਇਦ ਇਹ ਗੱਲ ਨਹੀਂ ਪਸੰਦ ਕਰਦੇ ਕਿ ਤੁਹਾਡੇ ਮਾਪੇ ਚੋਰੀ-ਛਿਪੇ ਤੁਹਾਡੇ ਦੋਸਤਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਯਾਦ ਰੱਖੋ ਕਿ ਤੁਸੀਂ ਉਨ੍ਹਾਂ ਤੋਂ ਆਪਣੇ ਦੋਸਤ ਚੋਰੀ ਰੱਖ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕਰ ਰਹੇ ਹੋ। ਇਹ ਵੀ ਯਾਦ ਰੱਖੋ ਕਿ ਉਹ ਜਾਣਦੇ ਹਨ ਕਿ ਤੁਹਾਡੀ ਸੰਗਤ ਦਾ ਤੁਹਾਡੇ ’ਤੇ ਵੱਡਾ ਅਸਰ ਪੈਂਦਾ ਹੈ। (1 ਕੁਰਿੰਥੀਆਂ 15:33) ਜਿੰਨਾ ਜ਼ਿਆਦਾ ਤੁਹਾਡੇ ਮਾਪੇ ਤੁਹਾਡੇ ਦੋਸਤਾਂ ਬਾਰੇ ਜਾਣਨਗੇ ਉਨ੍ਹਾਂ ਨੂੰ ਉੱਨਾ ਹੀ ਤੁਹਾਡੀ ਪਸੰਦ ’ਤੇ ਭਰੋਸਾ ਹੋਵੇਗਾ।

● ਇਸ ਮਾਮਲੇ ਬਾਰੇ ਆਪਣੇ ਮਾਪਿਆਂ ਨਾਲ ਆਦਰ ਨਾਲ ਗੱਲ ਕਰੋ। ਉਨ੍ਹਾਂ ਨੂੰ ਇਹ ਨਾ ਮਹਿਸੂਸ ਕਰਾਓ ਕਿ ਉਹ ਤੁਹਾਡੇ ਮਾਮਲਿਆਂ ਵਿਚ ਦਖ਼ਲ ਦੇ ਰਹੇ ਹਨ। ਇਸ ਦੀ ਬਜਾਇ, ਤੁਸੀਂ ਸ਼ਾਇਦ ਇਸ ਤਰ੍ਹਾਂ ਕੁਝ ਕਹਿ ਸਕਦੇ ਹੋ: “ਮੈਨੂੰ ਇਵੇਂ ਲੱਗਦਾ ਹੈ ਕਿ ਮੇਰੇ ਦੋਸਤਾਂ ਨਾਲ ਮੇਰੀਆਂ ਗੱਲਾਂ ਦੀ ਛਾਣਬੀਣ ਕੀਤੀ ਜਾਂਦੀ ਹੈ। ਮੈਂ ਉਨ੍ਹਾਂ ਨਾਲ ਛੋਟੀ-ਮੋਟੀ ਗੱਲ ਵੀ ਨਹੀਂ ਕਰ ਸਕਦਾ।” ਤੁਹਾਡੇ ਮਾਪੇ ਇਹ ਗੱਲ ਸਮਝ ਕੇ ਸ਼ਾਇਦ ਤੁਹਾਨੂੰ ਥੋੜ੍ਹੀ ਜ਼ਿਆਦਾ ਖੁੱਲ੍ਹ ਦੇ ਦੇਣ।—ਕਹਾਉਤਾਂ 16:23.

● ਆਪਣੇ ਆਪ ਨੂੰ ਧੋਖਾ ਨਾ ਦਿਓ: ਕੀ ਮਸਲਾ ਇਕੱਲੇ ਸਮਾਂ ਬਿਤਾਉਣ ਦਾ ਹੈ ਜਾਂ ਫਿਰ ਕੀ ਤੁਸੀਂ ਕੁਝ ਲੁਕੋ ਰਹੋ ਹੋ? 22 ਸਾਲਾਂ ਦੀ ਬ੍ਰਿਟਨੀ ਨੇ ਕਿਹਾ: “ਜੇ ਤੁਸੀਂ ਘਰ ਰਹਿੰਦੇ ਹੋ ਅਤੇ ਤੁਹਾਡੇ ਮਾਪਿਆਂ ਨੂੰ ਕਿਸੇ ਗੱਲ ਦੀ ਚਿੰਤਾ ਹੈ, ਤਾਂ ਤੁਹਾਨੂੰ ਇਵੇਂ ਸੋਚਣਾ ਚਾਹੀਦਾ ਹੈ ਕਿ ‘ਜੇ ਮੈਂ ਕੁਝ ਗ਼ਲਤ ਨਹੀਂ ਕਰ ਰਹੀ, ਤਾਂ ਫਿਰ ਮੈਨੂੰ ਲੁੱਕ-ਲੁੱਕ ਕੇ ਰਹਿਣ ਦੀ ਕਿਉਂ ਲੋੜ ਹੈ?’ ਦੂਜੇ ਪਾਸੇ, ਜੇ ਤੁਹਾਨੂੰ ਵਾਕਈ ਕੁਝ ਲੁਕਾਉਣ ਦੀ ਲੋੜ ਹੈ, ਤਾਂ ਦਾਲ ਵਿਚ ਜ਼ਰੂਰ ਕੁਝ ਕਾਲਾ ਹੋਣਾ।”

ਤੁਸੀਂ ਇੱਦਾਂ ਕਰੋ। ਹੇਠਾਂ ਲਿਖੋ ਕਿ ਤੁਸੀਂ ਆਪਣੇ ਮਾਪਿਆਂ ਨਾਲ ਇਸ ਵਿਸ਼ੇ ਬਾਰ ਗੱਲ ਕਿੱਦਾਂ ਸ਼ੁਰੂ ਕਰ ਸਕਦੇ ਹੋ।

․․․․․

ਇਕੱਲੇ ਸਮਾਂ ਬਿਤਾਉਣਾ ਤੇ ਤੁਸੀਂ

ਹੁਣ ਇਕੱਲੇ ਸਮਾਂ ਬਿਤਾਉਣ ਸੰਬੰਧੀ ਤੁਹਾਨੂੰ ਆਪਣੀਆਂ ਖ਼ਾਸ ਚਿੰਤਾਵਾਂ ਬਾਰੇ ਕੁਝ ਜਵਾਬ ਮਿਲ ਸਕਦੇ ਹਨ।

ਪਹਿਲਾ ਕਦਮ: ਤੁਹਾਨੂੰ ਕਿਸ ਗੱਲ ਦੀ ਚਿੰਤਾ ਹੈ?

ਤੁਹਾਨੂੰ ਇਕੱਲਿਆਂ ਨੂੰ ਕਦੋਂ ਜ਼ਿਆਦਾ ਸਮਾਂ ਚਾਹੀਦਾ ਹੈ?

․․․․․

ਦੂਜਾ ਕਦਮ: ਆਪਣੇ ਮਾਪਿਆਂ ਦੇ ਨਜ਼ਰੀਏ ਬਾਰੇ ਸੋਚੋ।

ਉਹ ਸ਼ਾਇਦ ਕਿਸ ਗੱਲ ਬਾਰੇ ਫ਼ਿਕਰ ਕਰ ਰਹੇ ਹਨ?

․․․․․

ਤੀਜਾ ਕਦਮ: ਹੱਲ ਕਰਨ ਦਾ ਜਤਨ ਕਰੋ।

(ੳ) ਇਕ ਕਾਰਨ ਬਾਰੇ ਸੋਚੋ ਜਿਸ ਕਰਕੇ ਸ਼ਾਇਦ ਅਣਜਾਣੇ ਵਿਚ ਮੁਸ਼ਕਲ ਖੜ੍ਹੀ ਹੋ ਰਹੀ ਹੈ ਤੇ ਉਸ ਨੂੰ ਹੇਠਾਂ ਲਿਖੋ।

․․․․․

(ਅ) ਇਸ ਮੁਸ਼ਕਲ ਨੂੰ ਹੱਲ ਕਰਨ ਲਈ ਤੁਸੀਂ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ?

․․․․․

(ੲ) ਇਸ ਵਿਚ ਤੁਹਾਡੇ ਮਾਪੇ ਕਿੱਦਾਂ ਤੁਹਾਡੀ ਮਦਦ ਕਰ ਸਕਦੇ ਹਨ?

․․․․․

ਚੌਥਾ ਕਦਮ: ਗੱਲ ਕਰੋ।

ਢੁਕਵੇਂ ਸਮੇਂ ਤੇ ਆਪਣੇ ਮਾਪਿਆਂ ਨਾਲ ਉੱਪਰ ਲਿਖੇ ਸੁਝਾਵਾਂ ਬਾਰੇ ਗੱਲ ਕਰੋ। (g10-E 03)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 13 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 21 ਜੇ ਤੁਹਾਡੇ ਮਾਪੇ ਹਾਲੇ ਵੀ ਤੁਹਾਡੇ ’ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਆਦਰ ਅਤੇ ਸ਼ਾਂਤੀ ਨਾਲ ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਅਜਿਹਾ ਕੋਈ ਕੰਮ ਨਹੀਂ ਕਰਦੇ ਜਿਸ ਕਰਕੇ ਮਾਮਲਾ ਵਿਗੜ ਰਿਹਾ ਹੈ।—ਯਾਕੂਬ 1:19.

ਜ਼ਰਾ ਸੋਚੋ

● ਤੁਹਾਡੇ ਮਾਪਿਆਂ ਨੂੰ ਤੁਹਾਡੀ ਜ਼ਿੰਦਗੀ ਬਾਰੇ ਜਾਣਨ ਦਾ ਕਿਉਂ ਹੱਕ ਹੈ?

● ਆਪਣੇ ਮਾਪਿਆਂ ਨਾਲ ਗੱਲ ਕਰਨੀ ਸਿੱਖ ਕੇ ਤੁਹਾਨੂੰ ਹੋਰਨਾਂ ਸਿਆਣਿਆਂ ਨਾਲ ਗੱਲ ਕਰਨ ਵਿਚ ਕਿੱਦਾਂ ਮਦਦ ਮਿਲ ਸਕਦੀ ਹੈ?

[ਸਫ਼ਾ 11 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਜੇ ਨੌਜਵਾਨ ਆਪਣੇ ਮਾਪਿਆਂ ਨਾਲ ਖੁੱਲ੍ਹ ਕੇ ਗੱਲਾਂ ਕਰਨ, ਤਾਂ ਉਨ੍ਹਾਂ ਦੇ ਮਾਪੇ ਘੱਟ ਹੀ ਉਨ੍ਹਾਂ ਦੇ ਈ-ਮੇਲ ਤੇ ਟੈਕਸਟ ਮੈਸਿਜ ਪੜ੍ਹ ਕੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਨਗੇ।”

“ਮੈਂ ਨਾਰਾਜ਼ ਨਾ ਹੁੰਦਾ ਜੇ ਮੇਰੇ ਮਾਪੇ ਮੇਰੇ ਈ-ਮੇਲ ਪੜ੍ਹਨ। ਜੇ ਤੁਹਾਡੇ ਬਾਸ ਨੂੰ ਦਫ਼ਤਰ ਵਿਚ ਤੁਹਾਡੇ ਈ-ਮੇਲ ਪੜ੍ਹਨ ਦਾ ਹੱਕ ਹੈ, ਤਾਂ ਮਾਪੇ ਆਪਣੇ ਬੱਚਿਆਂ ਦੇ ਈ-ਮੇਲ ਕਿਉਂ ਨਹੀਂ ਪੜ੍ਹ ਸਕਦੇ?”

“ਕਦੇ-ਕਦੇ ਸਾਨੂੰ ਇਵੇਂ ਲੱਗਦਾ ਕਿ ਸਾਡੇ ਮਾਪੇ ਸਾਡੇ ਨਿੱਜੀ ਮਾਮਲਿਆਂ ਵਿਚ ਦਖ਼ਲ ਦੇ ਰਹੇ ਹਨ, ਪਰ ਅਸਲ ਵਿਚ ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਤਰ੍ਹਾਂ ਦੇ ਖ਼ਤਰੇ ਵਿਚ ਪੈ ਜਾਈਏ। ਪਰ ਸੱਚ ਦੱਸਾਂ ਤਾਂ ਮੈਂ ਵੀ ਉਨ੍ਹਾਂ ਵਾਂਗ ਕਰਦੀ ਜੇ ਮੇਰੇ ਬੱਚੇ ਹੁੰਦੇ।”

[ਤਸਵੀਰਾਂ]

ਈਡਨ

ਕੈਵਿਨ

ਅਲਾਨਾ

[ਸਫ਼ਾ 13 ਉੱਤੇ ਡੱਬੀ]

ਮਾਪਿਆਂ ਨੂੰ ਸਲਾਹ

● ਤੁਹਾਡਾ ਲੜਕਾ ਆਪਣੇ ਕਮਰੇ ਵਿਚ ਹੈ ਤੇ ਦਰਵਾਜ਼ਾ ਬੰਦ ਹੈ। ਕੀ ਤੁਹਾਨੂੰ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਜਾਣਾ ਚਾਹੀਦਾ ਹੈ?

● ਤੁਹਾਡੀ ਲੜਕੀ ਕਾਹਲੀ-ਕਾਹਲੀ ਸਕੂਲ ਜਾਂਦੀ ਹੋਈ ਆਪਣਾ ਸੈੱਲ ਫ਼ੋਨ ਪਿੱਛੇ ਛੱਡ ਜਾਂਦੀ ਹੈ। ਕੀ ਤੁਹਾਨੂੰ ਉਸ ਦੇ ਮੈਸਿਜ ਦੇਖਣੇ ਚਾਹੀਦੇ ਹਨ?

ਇਸ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਸੌਖਾ ਨਹੀਂ ਹੈ। ਇਕ ਪਾਸੇ, ਤੁਹਾਨੂੰ ਮਾਪਿਆਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਇਹ ਜਾਣਨ ਦਾ ਹੱਕ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ ਅਤੇ ਉਸ ਦੀ ਰੱਖਿਆ ਕਰਨੀ ਤੁਹਾਡਾ ਫ਼ਰਜ਼ ਹੈ। ਦੂਜੇ ਪਾਸੇ, ਤੁਸੀਂ ਸ਼ੱਕ ਕਾਰਨ ਇਕ ਹੈਲੀਕਾਪਟਰ ਦੀ ਤਰ੍ਹਾਂ ਉਨ੍ਹਾਂ ਦੇ ਆਲੇ-ਦੁਆਲੇ ਹਮੇਸ਼ਾ ਘੁੰਮਦੇ ਵੀ ਨਹੀਂ ਰਹਿ ਸਕਦੇ ਤਾਂਕਿ ਦੇਖ ਸਕੋ ਕਿ ਉਹ ਕੀ ਕਰ ਰਹੇ ਹਨ। ਤਾਂ ਫਿਰ ਤੁਸੀਂ ਇਸ ਬਾਰੇ ਸਹੀ ਨਜ਼ਰੀਆ ਕਿੱਦਾਂ ਰੱਖ ਸਕਦੇ ਹੋ?

ਪਹਿਲੀ ਗੱਲ, ਜੇ ਤੁਹਾਡਾ ਬੱਚਾ ਇਕੱਲਾ ਕੁਝ ਸਮਾਂ ਬਿਤਾਉਣਾ ਚਾਹੁੰਦਾ ਹੈ, ਤਾਂ ਇਹ ਜ਼ਰੂਰੀ ਨਹੀਂ ਕਿ ਉਹ ਕੋਈ ਗ਼ਲਤ ਕੰਮ ਕਰ ਰਿਹਾ ਹੈ। ਇਕੱਲੇ ਸਮਾਂ ਬਿਤਾਉਣਾ ਨੌਜਵਾਨਾਂ ਲਈ ਕਿਉਂ ਜ਼ਰੂਰੀ ਹੈ? ਇਸ ਨਾਲ ਉਨ੍ਹਾਂ ਨੂੰ ਆਪਣੀ ਪਰਖ ਕਰਨ ਦਾ ਮੌਕਾ ਮਿਲਦਾ ਹੈ ਜਿਉਂ ਹੀ ਉਹ ਨਵੇਂ ਦੋਸਤ ਬਣਾਉਂਦੇ ਹਨ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਚੰਗੀ ਤਰ੍ਹਾਂ ਸੋਚ-ਵਿਚਾਰ ਕਰਦੇ ਹਨ। (ਰੋਮੀਆਂ 12:1, 2) ਇਕੱਲੇ ਸਮਾਂ ਬਿਤਾਉਣ ਨਾਲ ਨੌਜਵਾਨਾਂ ਨੂੰ ਸਿਆਣੇ ਬਣਨ ਵਿਚ ਵੀ ਮਦਦ ਮਿਲਦੀ ਹੈ ਜੋ ਵੱਡੇ ਹੋ ਕੇ ਜ਼ਿੰਮੇਵਾਰ ਇਨਸਾਨ ਬਣਨ ਲਈ ਜ਼ਰੂਰੀ ਹੈ। (1 ਕੁਰਿੰਥੀਆਂ 13:11) ਇਕੱਲੇ ਸਮਾਂ ਬਿਤਾਉਣ ਨਾਲ ਉਨ੍ਹਾਂ ਨੂੰ ਮੁਸ਼ਕਲ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਸੋਚਣ ਦਾ ਮੌਕਾ ਵੀ ਮਿਲਦਾ ਹੈ।—ਕਹਾਉਤਾਂ 15:28.

ਦੂਜੀ ਗੱਲ, ਆਪਣੇ ਨੌਜਵਾਨ ਪੁੱਤਰ ਜਾਂ ਧੀ ਨੂੰ ਮੁੱਠੀ ਵਿਚ ਰੱਖਣ ਨਾਲ ਉਸ ਦਾ ਦਮ ਘੁੱਟ ਜਾਵੇਗਾ ਤੇ ਉਹ ਸ਼ਾਇਦ ਗੁੱਸੇ ਵਿਚ ਆ ਕੇ ਆਪਣੀ ਜ਼ਿੱਦ ਪੁਗਾਉਣੀ ਚਾਹੇ। (ਅਫ਼ਸੀਆਂ 6:4; ਕੁਲੁੱਸੀਆਂ 3:21) ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਉਸ ਨੂੰ ਆਪਣੀ ਮਨ-ਮਰਜ਼ੀ ਕਰ ਲੈਣ ਦੇਣੀ ਚਾਹੀਦੀ ਹੈ? ਨਹੀਂ, ਤੁਸੀਂ ਉਸ ਦੇ ਮਾਪੇ ਹੋ। ਪਰ ਜ਼ਰੂਰੀ ਹੈ ਕਿ ਤੁਹਾਡਾ ਬੱਚਾ ਆਪਣੀ ਜ਼ਮੀਰ ਨੂੰ ਸਹੀ ਤਰੀਕੇ ਨਾਲ ਵਰਤਣੀ ਸਿੱਖੇ। (ਬਿਵਸਥਾ ਸਾਰ 6:6, 7; ਕਹਾਉਤਾਂ 22:6) ਉਸ ਨੂੰ ਤੁਹਾਡੀ ਜਾਸੂਸੀ ਨਾਲੋਂ ਤੁਹਾਡੀ ਅਗਵਾਈ ਦੀ ਕਿਤੇ ਜ਼ਿਆਦਾ ਲੋੜ ਹੈ।

ਤੀਜੀ ਗੱਲ, ਇਸ ਮਸਲੇ ਬਾਰੇ ਆਪਣੇ ਬੱਚੇ ਨਾਲ ਗੱਲ ਕਰੋ। ਧਿਆਨ ਨਾਲ ਸੁਣੋ ਕਿ ਉਸ ਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ। ਕੀ ਕੁਝ ਗੱਲਾਂ ਵਿਚ ਤੁਹਾਨੂੰ ਥੋੜ੍ਹੇ ਨਰਮ ਹੋਣ ਦੀ ਲੋੜ ਹੈ? ਆਪਣੇ ਬੱਚੇ ਨੂੰ ਸਮਝਾਓ ਕਿ ਉਹ ਤਾਹੀਓਂ ਇਕੱਲਾ ਸਮਾਂ ਬਿਤਾ ਸਕਦਾ ਹੈ ਜੇ ਉਹ ਤੁਹਾਡਾ ਵਿਸ਼ਵਾਸ ਨਹੀਂ ਤੋੜੇਗਾ। ਸਮਝਾਓ ਕਿ ਤੁਹਾਡੇ ਕਹਿਣੇ ਤੋਂ ਬਾਹਰ ਜਾਣ ਦਾ ਕੀ ਅੰਜਾਮ ਹੋ ਸਕਦਾ ਹੈ ਤੇ ਆਪਣੀ ਗੱਲ ਦੇ ਪੱਕੇ ਰਹੋ। ਭਰੋਸਾ ਰੱਖੋ ਕਿ ਤੁਸੀਂ ਪਿਆਰੇ ਮਾਪੇ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਆਪਣੇ ਬੱਚੇ ਨੂੰ ਇਕੱਲਿਆਂ ਕੁਝ ਸਮਾਂ ਬਿਤਾਉਣ ਦੀ ਇਜਾਜ਼ਤ ਦੇ ਸਕਦੇ ਹੋ।

[ਸਫ਼ਾ 12 ਉੱਤੇ ਤਸਵੀਰ]

ਤਨਖ਼ਾਹ ਦੀ ਤਰ੍ਹਾਂ ਦੂਸਰਿਆਂ ਦਾ ਵਿਸ਼ਵਾਸ ਜਿੱਤਣ ਲਈ ਮਿਹਨਤ ਕਰਨੀ ਪੈਂਦੀ ਹੈ