Skip to content

Skip to table of contents

ਕੀ ਬਾਈਬਲ ਦੇ ਸਾਰੇ ਭਾਗ ਹਾਲੇ ਵੀ ਫ਼ਾਇਦੇਮੰਦ ਹਨ?

ਕੀ ਬਾਈਬਲ ਦੇ ਸਾਰੇ ਭਾਗ ਹਾਲੇ ਵੀ ਫ਼ਾਇਦੇਮੰਦ ਹਨ?

ਬਾਈਬਲ ਕੀ ਕਹਿੰਦੀ ਹੈ

ਕੀ ਬਾਈਬਲ ਦੇ ਸਾਰੇ ਭਾਗ ਹਾਲੇ ਵੀ ਫ਼ਾਇਦੇਮੰਦ ਹਨ?

“ਬਾਈਬਲ ਅੱਜ-ਕੱਲ੍ਹ ਟੀ.ਵੀ. ਉੱਤੇ ਸਵਾਲਾਂ-ਜਵਾਬਾਂ ਦੀਆਂ ਗੇਮਾਂ ਖੇਡਣ ਜਾਂ ਕਰਾਸਵਰਡ ਕਰਨ ਦੇ ਹੀ ਕੰਮ ਆਉਂਦੀ ਹੈ। ਇਸ ਤੋਂ ਇਲਾਵਾ ਇਹ ਹੋਰ ਕਿਸੇ ਕੰਮ ਨਹੀਂ ਆਉਂਦੀ।”

“ਬਾਈਬਲ ਵਿਚ ਪਰਿਵਾਰਾਂ ਦੀ ਵੰਸ਼ਾਵਲੀ, ਕੁਆਰੇਪਣ ਅਤੇ ਰੱਬ ਦੇ ਡਰ ਬਾਰੇ ਦੱਸੀਆਂ ਗੱਲਾਂ ਪੁਰਾਣੇ ਜ਼ਮਾਨੇ ਦੇ ਲੋਕਾਂ ਲਈ ਬਹੁਤ ਜ਼ਰੂਰੀ ਸਨ। ਪਰ ਸਾਡੀ ਇੱਕੀਵੀਂ ਸਦੀ ਵਿਚ ਇਹ ਗੱਲਾਂ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦੀਆਂ।”

“ਬਾਈਬਲ ਦੇ ਛਪਣ ਤੋਂ ਪਹਿਲਾਂ ਹੀ ਇਹ ਪੁਰਾਣੇ ਜ਼ਮਾਨੇ ਦੀ ਪੋਥੀ ਬਣ ਚੁੱਕੀ ਸੀ।”

ਇਹ ਟਿੱਪਣੀਆਂ ਹਾਲ ਹੀ ਵਿਚ ਇੰਟਰਨੈੱਟ ਦੀ ਇਕ ਸਾਈਟ ਤੋਂ ਲਈਆਂ ਗਈਆਂ ਹਨ ਜਿਸ ਉੱਤੇ ਇਸ ਵਿਸ਼ੇ ਦੀ ਚਰਚਾ ਕੀਤੀ ਗਈ ਸੀ: “ਕੀ ਬਾਈਬਲ ਪੁਰਾਣੀ ਹੋ ਚੁੱਕੀ ਹੈ ਤੇ ਹੁਣ ਇਹ ਫ਼ਾਇਦੇਮੰਦ ਨਹੀਂ ਰਹੀ?” ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

ਭਾਵੇਂ ਕਿ ਤੁਸੀਂ ਇਨ੍ਹਾਂ ਟਿੱਪਣੀਆਂ ਨਾਲ ਨਾ ਵੀ ਸਹਿਮਤ ਹੋਵੋ, ਪਰ ਫਿਰ ਵੀ ਤੁਸੀਂ ਸ਼ਾਇਦ ਸੋਚੋ ਕਿ ਕੀ ਬਾਈਬਲ ਦੇ ਸਾਰੇ ਭਾਗ ਫ਼ਾਇਦੇਮੰਦ ਹਨ ਜਾਂ ਨਹੀਂ? ਚਰਚ ਜਾਣ ਵਾਲੇ ਲੋਕਾਂ ਨੇ ਬਾਈਬਲ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ ਯਾਨੀ ਪੁਰਾਣਾ ਨੇਮ ਤੇ ਨਵਾਂ ਨੇਮ। ਇਸ ਕਰਕੇ ਲੋਕ ਸੋਚਦੇ ਹਨ ਕਿ ਬਾਈਬਲ ਦਾ 75 ਫੀ ਸਦੀ ਹਿੱਸਾ ਪੁਰਾਣਾ ਤੇ ਕਿਸੇ ਕੰਮ ਦਾ ਨਹੀਂ ਹੈ।

ਅੱਜ-ਕੱਲ੍ਹ ਲੋਕ ਮੂਸਾ ਦੀ ਬਿਵਸਥਾ ਮੁਤਾਬਕ ਜਾਨਵਰਾਂ ਦੀਆਂ ਬਲੀਆਂ ਨਹੀਂ ਦਿੰਦੇ। ਸੋ ਸਵਾਲ ਉੱਠਦਾ ਹੈ ਕਿ ਲੇਵੀਆਂ ਦੀ ਪੋਥੀ ਵਿਚ ਜਾਨਵਰਾਂ ਦੀਆਂ ਬਲੀਆਂ ਦੇਣ ਬਾਰੇ ਦੱਸੇ ਵੇਰਵੇ ਬਚਾ ਕੇ ਰੱਖਣ ਦਾ ਕੀ ਫ਼ਾਇਦਾ? (ਲੇਵੀਆਂ 1:1–7:38) ਨਾਲੇ, ਬਾਈਬਲ ਵਿਚ ਪਹਿਲਾ ਇਤਹਾਸ ਨਾਂ ਦੀ ਪੋਥੀ ਦੇ ਆਰੰਭਕ ਅਧਿਆਵਾਂ ਬਾਰੇ ਕੀ ਜੋ ਵੰਸ਼ਾਵਲੀ ਸੰਬੰਧੀ ਸੂਚੀਆਂ ਨਾਲ ਭਰੇ ਹੋਏ ਹਨ? (1 ਇਤਹਾਸ 1:1–9:44) ਇਨ੍ਹਾਂ ਸੂਚੀਆਂ ਦਾ ਕੀ ਲਾਭ ਜੇ ਅੱਜ-ਕੱਲ੍ਹ ਕੋਈ ਸਾਬਤ ਨਹੀਂ ਕਰ ਸਕਦਾ ਕਿ ਉਹ ਇਨ੍ਹਾਂ ਅਧਿਆਵਾਂ ਵਿਚ ਜ਼ਿਕਰ ਕੀਤੇ ਗਏ ਲੋਕਾਂ ਦੀ ਵੰਸ਼ ਵਿੱਚੋਂ ਹਨ?

ਫ਼ਰਜ਼ ਕਰੋ ਕਿ ਤੁਸੀਂ ਸੇਬ ਦੇ ਦਰਖ਼ਤ ਤੋਂ ਇਕ ਸੇਬ ਤੋੜਦੇ ਹੋ। ਸੇਬ ਖਾਣ ਤੋਂ ਬਾਅਦ, ਕੀ ਉਹ ਦਰਖ਼ਤ ਤੁਹਾਡੇ ਲਈ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ? ਜੇ ਤੁਸੀਂ ਹੋਰ ਸੇਬ ਖਾਣੇ ਹਨ, ਤਾਂ ਉਹ ਦਰਖ਼ਤ ਜ਼ਰੂਰ ਤੁਹਾਡੇ ਕੰਮ ਦਾ ਹੈ! ਬਾਈਬਲ ਦੀ ਤੁਲਨਾ ਸੇਬ ਦੇ ਦਰਖ਼ਤ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਅਸੀਂ ਆਸਾਨੀ ਨਾਲ ਦਰਖ਼ਤ ਤੋਂ ਸੇਬ ਤੋੜ ਲੈਂਦੇ ਹਾਂ ਅਤੇ ਸੇਬ ਖਾ ਕੇ ਸਾਨੂੰ ਮਜ਼ਾ ਆਉਂਦਾ ਹੈ, ਉਸੇ ਤਰ੍ਹਾਂ ਜ਼ਬੂਰਾਂ ਦੀ ਪੋਥੀ ਜਾਂ ਯਿਸੂ ਦੇ ਪਹਾੜੀ ਉਪਦੇਸ਼ ਵਰਗੇ ਬਾਈਬਲ ਦੇ ਕੁਝ ਭਾਗ ਸ਼ਾਇਦ ਪੜ੍ਹ ਕੇ ਸਾਨੂੰ ਮਜ਼ਾ ਆਉਂਦਾ ਹੈ। ਮੰਨਿਆ ਕਿ ਅਸੀਂ ਉਨ੍ਹਾਂ ਭਾਗਾਂ ਦੀ ਦਿਲੋਂ ਕਦਰ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ, ਪਰ ਕੀ ਸਾਨੂੰ ਬਾਕੀ ਦੇ ਭਾਗਾਂ ਨੂੰ ਵਿਅਰਥ ਸਮਝਣਾ ਚਾਹੀਦਾ ਹੈ? ਬਾਈਬਲ ਵਿਚ ਇਸ ਬਾਰੇ ਕੀ ਕਿਹਾ ਗਿਆ ਹੈ?

ਤਕਰੀਬਨ 65 ਈ. ਵਿਚ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਆਪਣੀ ਦੂਜੀ ਚਿੱਠੀ ਵਿਚ ਲਿਖ ਕੇ ਇਹ ਯਾਦ ਕਰਾਇਆ ਸੀ: “ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।” ਪੌਲੁਸ ਨੇ ਅੱਗੇ ਕਿਹਾ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ [ਯਾਨੀ ਸ਼ਕਤੀ] ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:15, 16) ਜਦੋਂ ਪੌਲੁਸ ਨੇ ਲਿਖਿਆ ਕਿ ‘ਸਾਰੀ ਲਿਖਤ ਪਰਮੇਸ਼ੁਰ ਦੀ ਸ਼ਕਤੀ ਤੋਂ ਹੈ ਅਤੇ ਗੁਣਕਾਰ ਹੈ,’ ਤਾਂ ਕੀ ਉਹ ਸਿਰਫ਼ ਨਵੇਂ ਨੇਮ ਦੀ ਹੀ ਗੱਲ ਕਰ ਰਿਹਾ ਸੀ?

ਧਿਆਨ ਦਿਓ ਕਿ ਪੌਲੁਸ ਨੇ ਕਿਹਾ ਕਿ ਤਿਮੋਥਿਉਸ “ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ” ਨੂੰ ਜਾਣਦਾ ਸੀ। ਕਈਆਂ ਦਾ ਵਿਚਾਰ ਹੈ ਕਿ ਜਦੋਂ ਤਿਮੋਥਿਉਸ ਨੂੰ ਇਹ ਚਿੱਠੀ ਲਿਖੀ ਗਈ ਸੀ, ਉਦੋਂ ਉਹ ਹਾਲੇ 30 ਕੁ ਸਾਲਾਂ ਦਾ ਸੀ। ਤਾਂ ਫਿਰ ਇਸ ਦਾ ਮਤਲਬ ਹੈ ਕਿ ਯਿਸੂ ਦੀ ਮੌਤ ਦੇ ਸਮੇਂ ਉਹ ਅਜੇ ਬਾਲ ਅਵਸਥਾ ਵਿਚ ਹੀ ਸੀ। ਉਸ ਸਮੇਂ ਨਵੇਂ ਨੇਮ ਯਾਨੀ ਬਾਈਬਲ ਦੇ ਯੂਨਾਨੀ ਹਿੱਸੇ ਦੀ ਕੋਈ ਕਿਤਾਬ ਲਿਖੀ ਨਹੀਂ ਗਈ ਸੀ। ਤਿਮੋਥਿਉਸ ਦੀ ਮਾਂ ਯਹੂਦਣ ਸੀ, ਇਸ ਲਈ ਉਸ ਨੇ ਤਿਮੋਥਿਉਸ ਨੂੰ ਬਚਪਨ ਵਿਚ ਸਿਰਫ਼ ਪੁਰਾਣੇ ਨੇਮ ਯਾਨੀ ਬਾਈਬਲ ਦੇ ਇਬਰਾਨੀ ਹਿੱਸੇ ਦੀ ਹੀ ਸਿੱਖਿਆ ਦਿੱਤੀ ਹੋਣੀ। (ਰਸੂਲਾਂ ਦੇ ਕਰਤੱਬ 16:1) ਬਿਨਾਂ ਸ਼ੱਕ ਪੌਲੁਸ ਅਨੁਸਾਰ “ਸਾਰੀ ਲਿਖਤ” ਵਿਚ ਪੁਰਾਣਾ ਨੇਮ ਵੀ ਸ਼ਾਮਲ ਸੀ ਜਿਸ ਵਿਚ ਬਲੀਆਂ ਚੜ੍ਹਾਉਣ ਸੰਬੰਧੀ ਕਾਨੂੰਨ ਅਤੇ ਵੰਸ਼ਾਵਲੀਆਂ ਵੀ ਪਾਈਆਂ ਜਾਂਦੀਆਂ ਸਨ।

ਲਗਭਗ 1,900 ਸਾਲਾਂ ਬਾਅਦ, ਸਾਨੂੰ ਅਜੇ ਵੀ ਬਾਈਬਲ ਦੇ ਇਨ੍ਹਾਂ ਭਾਗਾਂ ਤੋਂ ਕਈ ਲਾਭ ਹੁੰਦੇ ਹਨ। ਪਹਿਲੀ ਗੱਲ, ਜੇ ਪਰਮੇਸ਼ੁਰ ਨੇ ਆਪਣੇ ਚੁਣੇ ਹੋਏ ਲੋਕਾਂ ਦੁਆਰਾ ਬਾਈਬਲ ਲਿਖਵਾ ਕੇ ਬਚਾਈ ਨਾ ਹੁੰਦੀ, ਤਾਂ ਸਾਡੇ ਕੋਲ ਬਾਈਬਲ ਹੁੰਦੀ ਹੀ ਨਾ। (ਰੋਮੀਆਂ 3:1, 2) ਪੁਰਾਣੇ ਸਮੇਂ ਵਿਚ ਇਸਰਾਏਲੀਆਂ ਲਈ ਮੂਸਾ ਦੀ ਬਿਵਸਥਾ ਕੋਈ ਪਵਿੱਤਰ ਨਿਸ਼ਾਨੀ ਨਹੀਂ ਸੀ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਜਾਣਾ ਸੀ, ਸਗੋਂ ਇਹ ਬਿਵਸਥਾ ਇਸਰਾਏਲ ਕੌਮ ਦਾ ਵਿਧਾਨ ਜਾਂ ਕਾਨੂੰਨ ਸੀ। ਅੱਜ ਸਾਨੂੰ ਬਿਵਸਥਾ ਦੀਆਂ ਕਈ ਗੱਲਾਂ ਸ਼ਾਇਦ ਬੇਲੋੜੀਆਂ ਲੱਗਣ, ਪਰ ਇਹ ਗੱਲਾਂ ਪ੍ਰਾਚੀਨ ਇਸਰਾਏਲ ਦੀ ਸਲਾਮਤੀ ਵਾਸਤੇ ਅਤੇ ਇਸ ਦੇ ਕਾਰ-ਵਿਹਾਰ ਸਹੀ ਢੰਗ ਨਾਲ ਚੱਲਦੇ ਰਹਿਣ ਲਈ ਜ਼ਰੂਰੀ ਸਨ। ਇਸ ਤੋਂ ਇਲਾਵਾ, ਬਾਈਬਲ ਵਿਚ ਦਿੱਤੀਆਂ ਵੰਸ਼ਾਵਲੀਆਂ ਮਸੀਹ ਦੀ ਪਛਾਣ ਕਰਨ ਲਈ ਜ਼ਰੂਰੀ ਸਨ ਜਿਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਸੀਹ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਆਵੇਗਾ।—2 ਸਮੂਏਲ 7:12, 13; ਲੂਕਾ 1:32; 3:23-31.

ਭਾਵੇਂ ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ, ਪਰ ਉਨ੍ਹਾਂ ਨੂੰ ਮਸੀਹ ਯਾਨੀ ਯਿਸੂ ਵਿਚ ਨਿਹਚਾ ਕਰਨ ਦੀ ਲੋੜ ਹੈ। ਬਾਈਬਲ ਵਿਚ ਸਾਂਭ ਕੇ ਰੱਖੀਆਂ ਗਈਆਂ ਪ੍ਰਾਚੀਨ ਵੰਸ਼ਾਵਲੀਆਂ ਸਾਬਤ ਕਰਦੀਆਂ ਹਨ ਕਿ ਯਿਸੂ ਵਾਕਈ “ਦਾਊਦ ਦਾ ਪੁੱਤਰ” ਸੀ। ਨਾਲੇ ਜਾਨਵਰਾਂ ਦੀਆਂ ਬਲੀਆਂ ਸੰਬੰਧੀ ਵੇਰਵੇ ਯਿਸੂ ਦੀ ਕੁਰਬਾਨੀ ਲਈ ਸਾਡੀ ਕਦਰਦਾਨੀ ਵਧਾਉਂਦੇ ਹਨ ਜੋ ਜਾਨਵਰਾਂ ਦੀਆਂ ਬਲੀਆਂ ਨਾਲੋਂ ਕਿਤੇ ਅਹਿਮ ਹੈ। ਇਨ੍ਹਾਂ ਵੇਰਵਿਆਂ ਕਰਕੇ ਇਸ ਗੱਲੋਂ ਵੀ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਿਸੂ ਦੀ ਕੁਰਬਾਨੀ ਦਾ ਸਾਨੂੰ ਕਿੰਨਾ ਫ਼ਾਇਦਾ ਹੋਵੇਗਾ।—ਇਬਰਾਨੀਆਂ 9:11, 12.

ਪੌਲੁਸ ਨੇ ਰੋਮ ਦੀ ਮਸੀਹੀ ਕਲੀਸਿਯਾ ਨੂੰ ਲਿਖਿਆ ਸੀ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਇਹ ਆਇਤ ਸਾਨੂੰ ਯਾਦ ਕਰਾਉਂਦੀ ਹੈ ਕਿ ਬਾਈਬਲ ਕੇਵਲ ਸਾਡੇ ਹੀ ਭਲੇ ਲਈ ਨਹੀਂ ਲਿਖੀ ਗਈ ਸੀ। ਇਸ ਦੀ ਬਜਾਇ, ਪਿਛਲੇ ਲਗਭਗ 3,500 ਸਾਲਾਂ ਤੋਂ ਜ਼ਿਆਦਾ ਸਮੇਂ ਦੌਰਾਨ ਇਸ ਦੇ ਪ੍ਰੇਰਿਤ ਸ਼ਬਦਾਂ ਨੇ ਸੀਨਈ ਦੇ ਉਜਾੜ ਵਿਚ, ਵਾਅਦਾ ਕੀਤੇ ਦੇਸ਼ ਵਿਚ, ਬਾਬਲ ਵਿਚ ਗ਼ੁਲਾਮੀ ਦੌਰਾਨ, ਰੋਮੀ ਸਾਮਰਾਜ ਦੌਰਾਨ ਤੇ ਹੁਣ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ ਹੈ, ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਸੁਧਾਰਿਆ ਹੈ। ਕੋਈ ਹੋਰ ਪੁਸਤਕ ਇਹ ਦਾਅਵਾ ਨਹੀਂ ਕਰ ਸਕਦੀ ਹੈ। ਜਿਵੇਂ ਸੇਬ ਦੇ ਦਰਖ਼ਤ ਦੀਆਂ ਜੜ੍ਹਾਂ ਨਜ਼ਰ ਨਹੀਂ ਆਉਂਦੀਆਂ, ਉਸੇ ਤਰ੍ਹਾਂ ਬਾਈਬਲ ਦੇ ਕੁਝ ਭਾਗਾਂ ਦੀ ਅਹਿਮੀਅਤ ਸ਼ਾਇਦ ਪਹਿਲਾਂ-ਪਹਿਲ ਨਜ਼ਰ ਨਾ ਆਵੇ। ਇਨ੍ਹਾਂ ਭਾਗਾਂ ਬਾਰੇ ਜਾਣਕਾਰੀ ਲੈਣ ਲਈ ਥੋੜ੍ਹੀ-ਬਹੁਤੀ ਖੋਜ ਕਰਨ ਤੋਂ ਬਾਅਦ ਤੁਹਾਨੂੰ ਇਸ ਦੀ ਅਹਿਮੀਅਤ ਨਜ਼ਰ ਆਵੇਗੀ ਅਤੇ ਮਿਹਨਤ ਦਾ ਫਲ ਮਿੱਠਾ ਹੋਵੇਗਾ! (g10-E 03)

ਕੀ ਤੁਸੀਂ ਕਦੇ ਸੋਚਿਆ ਹੈ?

● ਤਿਮੋਥਿਉਸ ਨੂੰ ਕਿੰਨੇ ਚਿਰ ਤੋਂ “ਪਵਿੱਤਰ ਲਿਖਤਾਂ” ਦਾ ਗਿਆਨ ਸੀ?—2 ਤਿਮੋਥਿਉਸ 3:15.

● ਬਾਈਬਲ ਦੇ ਕਿਹੜੇ ਭਾਗ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਵਾਏ ਗਏ ਹਨ ਤੇ ਸਾਡੇ ਲਈ ਫ਼ਾਇਦੇਮੰਦ ਹਨ?—2 ਤਿਮੋਥਿਉਸ 3:16.

● “ਜੋ ਕੁਝ ਅੱਗੇ ਲਿਖਿਆ ਗਿਆ” ਸੀ, ਉਸ ਤੋਂ ਸਾਨੂੰ ਅੱਜ ਕਿਵੇਂ ਲਾਭ ਹਾਸਲ ਹੋ ਸਕਦਾ ਹੈ?—ਰੋਮੀਆਂ 15:4.

[ਸਫ਼ਾ 25 ਉੱਤੇ ਤਸਵੀਰਾਂ]

ਬਾਈਬਲ ਵਿਚ ਦੱਸੀਆਂ ਗੱਲਾਂ ਯਿਸੂ ਦੀ ਕੁਰਬਾਨੀ ਲਈ ਸਾਡੀ ਕਦਰਦਾਨੀ ਵਧਾਉਂਦੀਆਂ ਹਨ