ਜਾਗਰੂਕ ਬਣੋ! ਸਦਕਾ ਅਣਜੰਮੇ ਬੱਚੇ ਦੀ ਜਾਨ ਬਚੀ
ਜਾਗਰੂਕ ਬਣੋ! ਸਦਕਾ ਅਣਜੰਮੇ ਬੱਚੇ ਦੀ ਜਾਨ ਬਚੀ
● ਮੈਕਸੀਕੋ ਵਿਚ ਰਹਿੰਦੀ ਅਨੀਤਾ ਦੇ ਤਿੰਨ ਬੱਚੇ ਸਨ ਅਤੇ ਉਹ ਫਿਰ ਤੋਂ ਗਰਭਵਤੀ ਹੋ ਗਈ। * ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਹ ਹੋਰ ਬੱਚਾ ਨਹੀਂ ਚਾਹੁੰਦੀ ਸੀ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਉਹ ਕੁਝ ਵੀ ਕਰੇਗੀ। ਉਸ ਨੇ ਖ਼ੁਦਕਸ਼ੀ ਕਰਨ ਦੀ ਵੀ ਧਮਕੀ ਦਿੱਤੀ! ਉਸ ਸਮੇਂ ਅਨੀਤਾ ਯਹੋਵਾਹ ਦੇ ਇਕ ਗਵਾਹ ਨਾਲ ਬਾਈਬਲ ਸਟੱਡੀ ਕਰ ਰਹੀ ਸੀ, ਪਰ ਉਸ ਨੇ ਇੰਨੀ ਤਰੱਕੀ ਨਹੀਂ ਕੀਤੀ। ਉਸ ਨੇ ਕਿਹਾ, “ਮੈਂ ਬਹੁਤ ਜ਼ਿੱਦੀ ਸੀ।”
ਜਿਹੜੀ ਭੈਣ ਅਨੀਤਾ ਨੂੰ ਸਟੱਡੀ ਕਰਾ ਰਹੀ ਸੀ, ਉਸ ਨੇ ਅਨੀਤਾ ਨੂੰ ਬਾਈਬਲ ਵਿੱਚੋਂ ਢੁਕਵੇਂ ਸਿਧਾਂਤ ਸਮਝਾਏ। ਮਿਸਾਲ ਲਈ, ਉਸ ਨੇ ਅਨੀਤਾ ਨੂੰ ਸਮਝਾਇਆ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਣਜੰਮੇ ਬੱਚੇ ਦੀ ਜਾਨ ਅਨਮੋਲ ਹੈ। ਪੁਰਾਣੇ ਜ਼ਮਾਨੇ ਵਿਚ ਇਸਰਾਏਲ ਵਿਚ ਜੇ ਕੋਈ ਗਰਭਵਤੀ ਤੀਵੀਂ ਨੂੰ ਜ਼ਖ਼ਮੀ ਕਰ ਦਿੰਦਾ ਸੀ, ਜਿਸ ਕਰਕੇ ਤੀਵੀਂ ਜਾਂ ਉਸ ਦਾ ਅਣਜੰਮਿਆ ਬੱਚਾ ਮਰ ਜਾਂਦਾ ਸੀ, ਤਾਂ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਹਮਲਾ ਕਰਨ ਵਾਲੇ ਨੂੰ ਖ਼ੂਨੀ ਕਰਾਰ ਦਿੱਤਾ ਜਾਂਦਾ ਸੀ। (ਕੂਚ 21:22, 23) * ਪਰ ਅਨੀਤਾ ਉਸ ਦੀ ਗੱਲ ਵੱਲ ਬਹੁਤਾ ਧਿਆਨ ਨਹੀਂ ਦੇ ਰਹੀ ਸੀ ਕਿਉਂਕਿ ਉਹ ਗਰਭਪਾਤ ਕਰਾਉਣ ਦਾ ਫ਼ੈਸਲਾ ਕਰ ਚੁੱਕੀ ਸੀ।
ਅਨੀਤਾ ਨੇ ਕਿਹਾ: “ਕਿਸੇ ਨੇ ਮੈਨੂੰ ਦੱਸਿਆ ਕਿ ਜੇ ਮੈਂ ਇਕ ਖ਼ਾਸ ਦਵਾਈ ਦਾ ਟੀਕਾ ਲੁਆ ਲਵਾਂ, ਤਾਂ ਗਰਭਪਾਤ ਆਪਣੇ ਆਪ ਹੋ ਜਾਵੇਗਾ। ਮੈਂ ਦਵਾਈ ਖ਼ਰੀਦੀ ਅਤੇ ਇਕ ਦੋਸਤ ਨੂੰ ਮੇਰੇ ਟੀਕਾ ਲਾਉਣ ਲਈ ਕਿਹਾ। ਉਸ ਨੇ ਟੀਕਾ ਲਾਇਆ, ਪਰ ਕੁਝ ਨਹੀਂ ਹੋਇਆ। ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਇਸ ਕੰਮ ਵਿਚ ਮੇਰਾ ਸਾਥ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਸਿਰਿੰਜ ਵਿਚ ਚੋਰੀ-ਛਿਪੇ ਦਵਾਈ ਦੀ ਥਾਂ ਪਾਣੀ ਭਰ ਕੇ ਟੀਕਾ ਲਾਇਆ ਸੀ।”
ਫਿਰ ਵੀ ਅਨੀਤਾ ਨੇ ਆਪਣਾ ਮਨ ਨਹੀਂ ਬਦਲਿਆ। ਗਰਭ ਦੇ ਚੌਥੇ ਮਹੀਨੇ ਉਸ ਨੂੰ ਇਕ ਡਾਕਟਰ ਮਿਲ ਗਿਆ ਜੋ ਗਰਭਪਾਤ ਕਰਨ ਲਈ ਰਾਜ਼ੀ ਹੋ ਗਿਆ। ਹਸਪਤਾਲ ਵਿਚ ਦਾਖ਼ਲ ਹੋਣ ਤੋਂ ਛੇ ਦਿਨ ਪਹਿਲਾਂ ਸਾਡੀ ਭੈਣ ਨੇ ਅਨੀਤਾ ਨੂੰ 22 ਮਈ 1980 ਦੇ ਜਾਗਰੂਕ ਬਣੋ! ਵਿੱਚੋਂ ਇਕ ਲੇਖ ਦਿੱਤਾ ਜਿਸ ਦਾ ਵਿਸ਼ਾ ਸੀ, “ਅਣਜੰਮੇ ਬੱਚੇ ਦੀ ਡਾਇਰੀ।” “ਡਾਇਰੀ” ਦੇ ਆਖ਼ਰੀ ਸ਼ਬਦ ਸਨ: “ਅੱਜ ਮੇਰੀ ਮਾਂ ਨੇ ਮੈਨੂੰ ਜਾਨੋਂ ਮਾਰ ਦਿੱਤਾ।” ਇਨ੍ਹਾਂ ਲਫ਼ਜ਼ਾਂ ਨੇ ਅਨੀਤਾ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਤੇ ਉਹ ਘੰਟਿਆਂ-ਬੱਧੀ ਰੋਂਦੀ ਰਹੀ। ਉਸ ਨੇ ਕਿਹਾ: “ਇਸ ਲੇਖ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।”
ਅਨੀਤਾ ਨੇ ਇਕ ਤੰਦਰੁਸਤ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ। ਅਨੀਤਾ ਦੱਸਦੀ ਹੈ: “ਮੈਨੂੰ ਯਹੋਵਾਹ ਬਾਰੇ ਜਾਣਨ ਦਾ ਸਨਮਾਨ ਮਿਲਿਆ ਜਿਸ ਨੂੰ ਮੈਂ ਪੂਰੇ ਦਿਲ ਨਾਲ ਪਿਆਰ ਕਰਦੀ ਹਾਂ।” ਨਾਲੇ, ਉਹ ਆਪਣੀ ਬੱਚੀ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾ ਰਹੀ ਹੈ ਤਾਂਕਿ ਉਹ ਵੀ ਯਹੋਵਾਹ ਨੂੰ ਪਿਆਰ ਕਰੇ। ਦਰਅਸਲ, ਉਸ ਦੀ ਧੀ ਕਬੂਲ ਕਰਦੀ ਹੈ ਕਿ ਉਹ ਆਪਣੀ ਜ਼ਿੰਦਗੀ ਲਈ ਪਰਮੇਸ਼ੁਰ ਦੀ ਕਰਜ਼ਦਾਰ ਹੈ। ਕਿਉਂ? ਕਿਉਂਕਿ ਪਹਿਲੀ ਗੱਲ ਇਹ ਹੈ ਕਿ ਜ਼ਿੰਦਗੀ ਦੇਣ ਵਾਲਾ ਉਹੀ ਹੈ ਅਤੇ ਦੂਜੀ ਗੱਲ ਹੈ ਕਿ ਜਾਗਰੂਕ ਬਣੋ! ਰਸਾਲੇ ਵਿਚ ਦਿੱਤੀਆਂ ਉਸ ਦੇ ਬਚਨ ਦੀਆਂ ਸਿੱਖਿਆਵਾਂ ਨੇ ਉਸ ਦੀ ਜਾਨ ਬਚਾਈ। (g10-E 02)
[ਫੁਟਨੋਟ]
^ ਪੈਰਾ 2 ਨਾਂ ਬਦਲਿਆ ਗਿਆ ਹੈ।
^ ਪੈਰਾ 3 ਮੁਢਲੀ ਇਬਰਾਨੀ ਭਾਸ਼ਾ ਵਿਚ ਇਨ੍ਹਾਂ ਆਇਤਾਂ ਵਿਚ ਮਾਂ ਜਾਂ ਬੱਚੇ ਦੋਹਾਂ ਦੀ ਮੌਤ ਵੱਲ ਇਸ਼ਾਰਾ ਕੀਤਾ ਗਿਆ ਹੈ।