“ਮੈਂ ਤਲਾਕ ਲੈਣਾ!”
ਇਸ ਘਰ ਦੀ ਦੇਖ-ਭਾਲ ਨਾ ਹੋਣ ਕਰਕੇ ਇਸ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਕਈ ਸਾਲਾਂ ਤੋਂ ਇਸ ਘਰ ਨੇ ਕਈ ਤੂਫ਼ਾਨਾਂ ਦੀ ਮਾਰ ਝੱਲੀ ਹੈ। ਹੁਣ ਘਰ ਦਾ ਢਾਂਚਾ ਕਮਜ਼ੋਰ ਪੈ ਗਿਆ ਹੈ, ਇਸ ਕਰਕੇ ਘਰ ਡਿੱਗਣ ਵਾਲਾ ਹੈ।
ਬਹੁਤ ਸਾਰੇ ਲੋਕਾਂ ਦੀ ਵਿਆਹੁਤਾ ਜ਼ਿੰਦਗੀ ਦਾ ਵੀ ਇਹੀ ਹਾਲ ਹੈ। ਕੀ ਤੁਹਾਨੂੰ ਕਦੇ ਲੱਗਿਆ ਹੈ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਦਾ ਵੀ ਇਹੋ ਹਾਲ ਹੈ? ਜੇ ਤੁਹਾਡਾ ਜਵਾਬ ਹਾਂ ਹੈ, ਤਾਂ ਯਾਦ ਰੱਖੋ ਕਿ ਹਰ ਵਿਆਹੇ ਜੋੜੇ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ। ਬਾਈਬਲ ਵਿਚ ਲਿਖਿਆ ਹੈ ਕਿ ਵਿਆਹ ਕਰਾਉਣ ਵਾਲੇ “ਸਰੀਰ ਵਿੱਚ ਦੁਖ ਭੋਗਣਗੇ।”—1 ਕੁਰਿੰਥੀਆਂ 7:28.
ਇਨ੍ਹਾਂ ਗੱਲਾਂ ਨਾਲ ਸਹਿਮਤ ਕੁਝ ਖੋਜਕਾਰਾਂ ਨੇ ਕਿਹਾ ਹੈ ਕਿ ਵਿਆਹ ਕਰਾਉਣਾ “ਖ਼ਤਰੇ ਭਰਿਆ ਕਦਮ ਹੈ, ਪਰ ਫਿਰ ਵੀ ਸਾਡੇ ਸਮਾਜ ਦੇ ਜ਼ਿਆਦਾਤਰ ਲੋਕ ਵਿਆਹ ਕਰਾਉਂਦੇ ਹਨ। ਜਿਹੜਾ ਬੰਧਨ ਖ਼ੁਸ਼ੀ-ਖ਼ੁਸ਼ੀ ਸ਼ੁਰੂ ਕੀਤਾ ਜਾਂਦਾ ਹੈ, ਉਹੀ ਦੁੱਖਾਂ ਦਾ ਪਹਾੜ ਬਣ ਸਕਦਾ ਹੈ।”
ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕੀ ਕਹੋਗੇ? ਕੀ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਇੱਦਾਂ ਤਾਂ ਨਹੀਂ ਹੁੰਦਾ?
ਕਲੇਸ਼
ਕੌੜੀ ਜ਼ਬਾਨ ਨਾਲ ਬੋਲਣਾ
ਬੇਵਫ਼ਾਈ
ਇਕ-ਦੂਜੇ ਨਾਲ ਨਾਰਾਜ਼ਗੀ
ਜੇ ਤੁਹਾਡਾ ਵਿਆਹ ਟੁੱਟਣ ਦੀ ਨੌਬਤ ਤਕ ਆ ਗਿਆ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤਲਾਕ ਲੈਣ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ? (g10-E 02)