Skip to content

Skip to table of contents

ਯਹੋਵਾਹ ਦੇ ਗਵਾਹਾਂ ਵੱਲ ਮੈਨੂੰ ਕਿਸ ਗੱਲ ਨੇ ਖਿੱਚਿਆ

ਯਹੋਵਾਹ ਦੇ ਗਵਾਹਾਂ ਵੱਲ ਮੈਨੂੰ ਕਿਸ ਗੱਲ ਨੇ ਖਿੱਚਿਆ

ਯਹੋਵਾਹ ਦੇ ਗਵਾਹਾਂ ਵੱਲ ਮੈਨੂੰ ਕਿਸ ਗੱਲ ਨੇ ਖਿੱਚਿਆ

ਟੋਮਾਸ ਓਰੋਸਕੋ ਦੀ ਜ਼ਬਾਨੀ

ਜਦੋਂ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਗਿਆ, ਤਾਂ ਉੱਥੇ ਇਕ ਛੋਟਾ ਮੁੰਡਾ ਭਾਸ਼ਣ ਦੇ ਰਿਹਾ ਸੀ। ਨਿੱਕਾ ਜਿਹਾ ਹੋਣ ਕਰਕੇ ਉਹ ਸਪੀਕਰ ਦੇ ਸਟੈਂਡ ਦੇ ਉੱਪਰੋਂ ਦੀ ਮਸਾਂ ਹੀ ਦੇਖ ਸਕਦਾ ਸੀ, ਪਰ ਉਸ ਨੇ ਬੜੀ ਕੁਸ਼ਲਤਾ ਨਾਲ ਆਪਣਾ ਭਾਸ਼ਣ ਦਿੱਤਾ। ਮੇਰੇ ਉੱਤੇ ਇਸ ਗੱਲ ਦਾ ਬਹੁਤ ਪ੍ਰਭਾਵ ਪਿਆ।

ਮੈਂ ਦੇਖਿਆ ਕਿ ਸਾਰੇ ਲੋਕ ਬਹੁਤ ਧਿਆਨ ਨਾਲ ਉਸ ਦੀ ਗੱਲ ਸੁਣ ਰਹੇ ਸਨ। ਮੈਂ ਬੋਲੀਵੀਆ ਅਤੇ ਅਮਰੀਕਾ ਵਿਚਕਾਰ ਮਿਲਟਰੀ ਰਾਜਦੂਤ, ਫ਼ੌਜ ਦੇ ਕਮਾਂਡਰ ਅਤੇ ਬੋਲੀਵੀਆ ਦੇ ਰਾਸ਼ਟਰਪਤੀ ਦੇ ਸਹਾਇਕ ਵਜੋਂ ਸੇਵਾ ਕਰ ਚੁੱਕਾ ਸੀ। ਇਸ ਲਈ ਮੈਂ ਇਸ ਗੱਲ ਦਾ ਆਦੀ ਸੀ ਕਿ ਲੋਕ ਮੇਰੀ ਇੱਜ਼ਤ ਕਰਨ। ਪਰ ਮੈਂ ਹੈਰਾਨ ਰਹਿ ਗਿਆ ਕਿ ਇਸ ਛੋਟੇ ਬੱਚੇ ਨੂੰ ਕਿੰਨੀ ਇੱਜ਼ਤ ਮਿਲ ਰਹੀ ਸੀ। ਇਸ ਤਜਰਬੇ ਕਰਕੇ ਮੈਂ ਜ਼ਿੰਦਗੀ ਵਿਚ ਆਪਣੇ ਟੀਚਿਆਂ ਬਾਰੇ ਸੋਚਣ ਲੱਗਾ।

ਮੇਰੇ ਪਿਤਾ 1930 ਦੇ ਦਹਾਕੇ ਦੌਰਾਨ ਪੈਰਾਗੂਵਾਏ ਅਤੇ ਬੋਲੀਵੀਆ ਵਿਚਕਾਰ ਹੋਈ ਲੜਾਈ (ਚਾਕੋ ਯੁੱਧ) ਵਿਚ ਮਾਰੇ ਗਏ ਸਨ। ਇਸ ਤੋਂ ਜਲਦੀ ਬਾਅਦ ਮੈਨੂੰ ਕੈਥੋਲਿਕ ਬੋਰਡਿੰਗ ਸਕੂਲ ਵਿਚ ਦਾਖ਼ਲ ਕਰਾ ਦਿੱਤਾ ਗਿਆ। ਕਈ ਸਾਲ ਮੈਂ ਹਰ ਰੋਜ਼ ਚਰਚ ਜਾਂਦਾ ਰਿਹਾ ਜਿੱਥੇ ਅਸੀਂ ਭਜਨ ਗਾਉਂਦੇ ਸੀ, ਪਾਦਰੀਆਂ ਤੋਂ ਸਿੱਖਿਆ ਲੈਂਦੇ ਸੀ ਅਤੇ ਮੂੰਹ-ਜ਼ਬਾਨੀ ਚੇਤੇ ਕੀਤੀਆਂ ਪ੍ਰਾਰਥਨਾਵਾਂ ਕਰਦੇ ਸੀ। ਮੈਂ ਚਰਚ ਵਿਚ ਸੇਵਾ ਵੀ ਕਰਦਾ ਹੁੰਦਾ ਸੀ ਅਤੇ ਭਜਨ-ਮੰਡਲੀ ਵਿਚ ਗਾਉਂਦਾ ਹੁੰਦਾ ਸੀ। ਪਰ ਮੈਂ ਬਾਈਬਲ ਕਦੀ ਨਹੀਂ ਪੜ੍ਹੀ ਸੀ। ਸੱਚ ਦੱਸਾਂ ਤਾਂ ਮੈਂ ਬਾਈਬਲ ਕਦੀ ਦੇਖੀ ਵੀ ਨਹੀਂ ਸੀ।

ਮੈਨੂੰ ਧਾਰਮਿਕ ਤਿਉਹਾਰ ਮਨਾਉਣ ਵਿਚ ਬਹੁਤ ਮਜ਼ਾ ਆਉਂਦਾ ਸੀ ਕਿਉਂਕਿ ਇਨ੍ਹਾਂ ਵਿਚ ਪਾਰਟੀਆਂ ਵਾਂਗ ਜਸ਼ਨ ਮਨਾਇਆ ਜਾਂਦਾ ਸੀ ਅਤੇ ਸਾਨੂੰ ਨਿੱਤ ਦੇ ਕੰਮਾਂ ਤੋਂ ਥੋੜ੍ਹੀ ਛੁੱਟੀ ਵੀ ਮਿਲਦੀ ਸੀ। ਪਰ ਪਾਦਰੀ ਅਤੇ ਦੂਸਰੇ ਸਿੱਖਿਅਕ ਬਹੁਤ ਸਖ਼ਤ ਸਨ। ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਏ, ਸਗੋਂ ਮੈਨੂੰ ਉਨ੍ਹਾਂ ਤੋਂ ਘਿਣ ਆਉਂਦੀ ਸੀ। ਮੈਂ ਅੱਗੇ ਤੋਂ ਧਰਮ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ ਸੀ।

ਫ਼ੌਜੀ ਦੀ ਜ਼ਿੰਦਗੀ ਮੈਨੂੰ ਪਸੰਦ ਆਈ

ਮੈਨੂੰ ਯਾਦ ਹੈ ਇਕ ਦਿਨ ਮੌਸਮ ਬਹੁਤ ਵਧੀਆ ਸੀ। ਉਸ ਦਿਨ ਦੋ ਨੌਜਵਾਨ ਫ਼ੌਜੀ ਅਫ਼ਸਰ ਸਾਡੇ ਪਿੰਡ ਟਾਰੀਹਾ ਨੂੰ ਆਏ। ਉਹ ਛੁੱਟੀ ਲੈ ਕੇ ਬੋਲੀਵੀਆ ਦੇ ਵੱਡੇ ਸ਼ਹਿਰ ਲਾ ਪਾਜ਼ ਤੋਂ ਆਏ ਹੋਏ ਸਨ। ਉਹ ਬੜੀ ਸ਼ਾਨ ਨਾਲ ਬਾਜ਼ਾਰ ਵਿਚ ਘੁੰਮ-ਫਿਰ ਰਹੇ ਸਨ। ਹਰੇ ਰੰਗ ਦੀ ਸਾਫ਼-ਸੁਥਰੀ ਵਰਦੀ ਤੇ ਟੋਪੀ ਪਹਿਨੀ ਉਹ ਕਿੰਨੇ ਪ੍ਰਭਾਵਸ਼ਾਲੀ ਤੇ ਇੱਜ਼ਤਦਾਰ ਲੱਗ ਰਹੇ ਸਨ। ਉਸੇ ਵਕਤ ਮੈਂ ਠਾਣ ਲਿਆ ਕਿ ਮੈਂ ਫ਼ੌਜੀ ਅਫ਼ਸਰ ਬਣਾਂਗਾ। ਮੈਂ ਸੋਚਿਆ ਕਿ ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਿੰਨਾ ਕੁਝ ਦੇਖਿਆ ਹੋਣਾ ਤੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹੋਣੇ।

ਸਾਲ 1949 ਵਿਚ ਜਦੋਂ ਮੈਂ 16 ਸਾਲਾਂ ਦਾ ਸੀ, ਤਾਂ ਮੈਨੂੰ ਬੋਲੀਵੀਆ ਦੇ ਮਿਲਟਰੀ ਕਾਲਜ ਵਿਚ ਦਾਖ਼ਲਾ ਮਿਲ ਗਿਆ। ਮੇਰਾ ਵੱਡਾ ਭਰਾ ਮੈਨੂੰ ਕਾਲਜ ਛੱਡਣ ਆਇਆ ਅਤੇ ਮੇਰੇ ਨਾਲ ਬੈਰਕਾਂ ਦੇ ਫਾਟਕ ਤਕ ਲੱਗੀ ਨੌਜਵਾਨਾਂ ਦੀ ਲੰਬੀ ਲਾਈਨ ਵਿਚ ਖੜ੍ਹਾ ਰਿਹਾ। ਵਾਰੀ ਆਉਣ ’ਤੇ ਉਸ ਨੇ ਲੈਫਟੀਨੈਂਟ ਨੂੰ ਬੇਨਤੀ ਕੀਤੀ ਕਿ ਉਹ ਮੇਰੀ ਚੰਗੀ ਤਰ੍ਹਾਂ ਦੇਖ-ਭਾਲ ਕਰੇ। ਫਿਰ ਉਸ ਨੇ ਮੇਰੀਆਂ ਸਿਫ਼ਤਾਂ ਕੀਤੀਆਂ। ਜਦੋਂ ਮੇਰਾ ਭਰਾ ਚਲਾ ਗਿਆ, ਤਾਂ ਮੇਰਾ ਚੰਗੀ ਤਰ੍ਹਾਂ ਸੁਆਗਤ ਕੀਤਾ ਗਿਆ ਜਿਵੇਂ ਸਾਰੇ ਨਵੇਂ ਫ਼ੌਜੀਆਂ ਦਾ ਕੀਤਾ ਜਾਂਦਾ ਸੀ। ਮੈਨੂੰ ਭੁੰਜੇ ਸੁੱਟ ਕੇ ਦੱਸਿਆ ਗਿਆ: “ਦੇਖਦੇ ਹਾਂ ਇੱਥੇ ਕੌਣ ਕਿਹਦੀਆਂ ਸਿਫ਼ਤਾਂ ਕਰਦਾ!” ਇਸ ਤਰ੍ਹਾਂ ਹੋਈ ਮੇਰੀ ਫ਼ੌਜੀ ਅਨੁਸ਼ਾਸਨ ਨਾਲ ਮੁਲਾਕਾਤ ਅਤੇ ਡਰਾਵੇ ਨਾਲ ਜਾਣ-ਪਛਾਣ। ਪਰ ਮੈਂ ਡਰਿਆ ਨਹੀਂ, ਬਸ ਮੇਰੀ ਅਣਖ ਨੂੰ ਥੋੜ੍ਹੀ ਠੇਸ ਪਹੁੰਚੀ।

ਹੌਲੀ-ਹੌਲੀ ਮੈਂ ਲੜਾਈ ਲੜਨੀ ਸਿੱਖੀ ਅਤੇ ਇੱਜ਼ਤਦਾਰ ਫ਼ੌਜੀ ਅਫ਼ਸਰ ਬਣ ਗਿਆ। ਪਰ ਮੈਂ ਦੇਖਿਆ ਕਿ ਭਾਵੇਂ ਸਾਰੇ ਫ਼ੌਜੀ ਬਾਹਰੋਂ ਸਾਫ਼-ਸੁਥਰੇ ਅਤੇ ਆਦਰਯੋਗ ਲੱਗਦੇ ਸਨ, ਪਰ ਅਸਲੀਅਤ ਕੁਝ ਹੋਰ ਹੀ ਸੀ।

ਫ਼ੌਜ ਵਿਚ ਉੱਚੀ ਪਦਵੀ

ਸ਼ੁਰੂ-ਸ਼ੁਰੂ ਵਿਚ ਮੈਂ ਅਰਜਨਟੀਨਾ ਦੀ ਜਲ-ਸੈਨਾ ਦੇ ਜਨਰਲ ਬੈਲਗ੍ਰਾਨੋ ਨਾਂ ਦੇ ਜੰਗੀ ਜਹਾਜ਼ ਉੱਤੇ ਟ੍ਰੇਨਿੰਗ ਲਈ ਸੀ। ਇਸ ਜਹਾਜ਼ ਉੱਤੇ ਹਜ਼ਾਰ ਬੰਦਾ ਰਹਿ ਸਕਦਾ ਸੀ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਇਹ ਜਹਾਜ਼ ਅਮਰੀਕਾ ਕੋਲ ਸੀ ਅਤੇ ਇਸ ਨੂੰ ਯੂ.ਐੱਸ.ਐੱਸ. ਫੀਨਿਕਸ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਇਹ ਜਹਾਜ਼ 1941 ਵਿਚ ਜਪਾਨ ਦੁਆਰਾ ਹਵਾਈ ਟਾਪੂ ਦੇ ਪਰਲ ਹਾਰਬਰ ਉੱਤੇ ਕੀਤੇ ਹਮਲਿਆਂ ਤੋਂ ਬਚ ਨਿਕਲਿਆ ਸੀ।

ਮੈਂ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ ਅਤੇ ਅਖ਼ੀਰ ਵਿਚ ਬੋਲੀਵੀਆ ਦੀ ਜਲ-ਸੈਨਾ ਦਾ ਸੈਕਿੰਡ ਇਨ ਕਮਾਂਡ ਅਫ਼ਸਰ ਬਣ ਗਿਆ। ਅਸੀਂ ਬੋਲੀਵੀਆ ਦੇ ਆਲੇ-ਦੁਆਲੇ ਦੇ ਪਾਣੀਆਂ ਦੀ ਰਾਖੀ ਕਰਦੇ ਹੁੰਦੇ ਸੀ ਜਿਨ੍ਹਾਂ ਵਿਚ ਐਮੇਜ਼ਨ ਘਾਟੀ ਦੀਆਂ ਨਦੀਆਂ ਅਤੇ ਟੀਟੀਕਾਕਾ ਝੀਲ ਸ਼ਾਮਲ ਸਨ।

ਇਸ ਸਮੇਂ ਦੌਰਾਨ, ਮਈ 1980 ਵਿਚ ਮੈਨੂੰ ਵੀ ਅਮਰੀਕਾ ਦੀ ਰਾਜਧਾਨੀ, ਵਾਸ਼ਿੰਗਟਨ ਡੀ. ਸੀ. ਜਾਣ ਵਾਲੇ ਮਿਲਟਰੀ ਰਾਜਦੂਤਾਂ ਦੇ ਗਰੁੱਪ ਦਾ ਮੈਂਬਰ ਬਣਨ ਲਈ ਚੁਣਿਆ ਗਿਆ। ਫ਼ੌਜ, ਹਵਾਈ-ਸੈਨਾ ਅਤੇ ਜਲ-ਸੈਨਾ ਵਿੱਚੋਂ ਇਕ-ਇਕ ਮੁੱਖ ਅਫ਼ਸਰ ਚੁਣਿਆ ਗਿਆ ਸੀ ਅਤੇ ਮੈਨੂੰ ਇਸ ਗਰੁੱਪ ਦਾ ਨਿਗਰਾਨ ਰੱਖਿਆ ਗਿਆ ਕਿਉਂਕਿ ਜਲ-ਸੈਨਾ ਵਿਚ ਮੇਰੀ ਉੱਚੀ ਪਦਵੀ ਸੀ ਤੇ ਮੈਂ ਲੰਬੇ ਸਮੇਂ ਤੋਂ ਜਲ-ਸੈਨਾ ਵਿਚ ਸੇਵਾ ਕਰ ਰਿਹਾ ਸੀ। ਮੈਂ ਅਮਰੀਕਾ ਵਿਚ ਤਕਰੀਬਨ ਦੋ ਸਾਲ ਰਿਹਾ ਅਤੇ ਬਾਅਦ ਵਿਚ ਮੈਂ ਬੋਲੀਵੀਆ ਦੇ ਰਾਸ਼ਟਰਪਤੀ ਦਾ ਨਿੱਜੀ ਸਹਾਇਕ ਬਣ ਗਿਆ।

ਫ਼ੌਜੀ ਕਮਾਂਡਰ ਹੋਣ ਦੇ ਨਾਤੇ ਮੈਨੂੰ ਹਰ ਐਤਵਾਰ ਚਰਚ ਜਾਣਾ ਪੈਂਦਾ ਸੀ। ਫ਼ੌਜ ਦੇ ਪਾਦਰੀਆਂ ਨੂੰ ਇਨਕਲਾਬਾਂ ਅਤੇ ਲੜਾਈਆਂ ਵਿਚ ਹਿੱਸਾ ਲੈਂਦੇ ਦੇਖ ਕੇ ਮੈਨੂੰ ਧਰਮ ਨਾਲ ਨਫ਼ਰਤ ਹੋ ਗਈ। ਮੈਨੂੰ ਪਤਾ ਸੀ ਕਿ ਚਰਚਾਂ ਨੂੰ ਯੁੱਧਾਂ ਵਿਚ ਖ਼ੂਨ-ਖ਼ਰਾਬੇ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਸੀ। ਲੇਕਿਨ ਇਸ ਸਾਰੇ ਪਖੰਡ ਨੂੰ ਦੇਖ ਕੇ ਧਰਮ ਨੂੰ ਛੱਡਣ ਦੀ ਬਜਾਇ ਮੈਂ ਸੱਚਾਈ ਦੀ ਭਾਲ ਕਰਨ ਲੱਗ ਪਿਆ। ਮੈਂ ਪਹਿਲਾਂ ਕਦੀ ਬਾਈਬਲ ਨਹੀਂ ਪੜ੍ਹੀ ਸੀ, ਸੋ ਮੈਂ ਕਦੇ-ਕਦੇ ਇਸ ਨੂੰ ਖੋਲ੍ਹ ਕੇ ਇੱਧਰੋਂ-ਉੱਧਰੋਂ ਕੁਝ ਆਇਤਾਂ ਪੜ੍ਹ ਲੈਂਦਾ ਸੀ।

ਕਿੰਗਡਮ ਹਾਲ ਵਿਚ ਸਲੀਕਾ

ਮੈਨੂੰ ਇਸ ਗੱਲੋਂ ਬੜੀ ਹੈਰਾਨੀ ਹੋਈ ਕਿ ਮੇਰੀ ਪਤਨੀ ਮਾਨਵੇਲਾ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਉਹ ਜੈਨਟ ਨਾਂ ਦੀ ਇਕ ਮਿਸ਼ਨਰੀ ਭੈਣ ਤੋਂ ਬਾਈਬਲ ਦੀ ਸਿੱਖਿਆ ਲੈਂਦੀ ਸੀ। ਬਾਅਦ ਵਿਚ ਮਾਨਵੇਲਾ ਕਿੰਗਡਮ ਹਾਲ ਜਾਣ ਲੱਗੀ ਜਿੱਥੇ ਇਹ ਲੋਕ ਆਪਣੀਆਂ ਮੀਟਿੰਗਾਂ ਕਰਦੇ ਹਨ। ਮੈਂ ਉਹ ਨੂੰ ਕਾਰ ਵਿਚ ਮੀਟਿੰਗਾਂ ਤੇ ਲੈ ਜਾਂਦਾ ਸੀ, ਪਰ ਮੈਂ ਖ਼ੁਦ ਨਹੀਂ ਜਾਣਾ ਚਾਹੁੰਦਾ ਸੀ। ਮੈਂ ਸੋਚਦਾ ਸੀ ਕਿ ਉੱਥੇ ਬਹੁਤ ਹੀ ਰੌਲਾ-ਰੱਪਾ ਹੋਵੇਗਾ।

ਜੈਨਟ ਦਾ ਪਤੀ ਈਅਨ ਮੈਨੂੰ ਮਿਲਣਾ ਚਾਹੁੰਦਾ ਸੀ। ਇਸ ਲਈ ਇਕ ਦਿਨ ਮਾਨਵੇਲਾ ਨੇ ਪੁੱਛਿਆ ਕਿ ਕੀ ਮੈਂ ਉਸ ਨੂੰ ਮਿਲਣਾ ਚਾਹਾਂਗਾ? ਪਹਿਲਾਂ ਤਾਂ ਮੈਂ ਨਾਂਹ ਕਰ ਦਿੱਤੀ। ਪਰ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਵਧੀਆ ਧਾਰਮਿਕ ਸਿੱਖਿਆ ਕਰਕੇ ਉਸ ਦੀ ਹਰ ਗੱਲ ਨੂੰ ਗ਼ਲਤ ਸਾਬਤ ਕਰ ਸਕਾਂਗਾ। ਜਦੋਂ ਮੈਂ ਈਅਨ ਨੂੰ ਪਹਿਲੀ ਵਾਰ ਮਿਲਿਆ, ਤਾਂ ਮੈਂ ਉਸ ਦੀਆਂ ਗੱਲਾਂ ਤੋਂ ਨਹੀਂ, ਸਗੋਂ ਉਸ ਦੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਇਆ। ਬਾਈਬਲ ਦਾ ਇੰਨਾ ਗਿਆਨ ਹੋਣ ਦੇ ਬਾਵਜੂਦ ਉਸ ਨੇ ਮੈਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਸ ਨੇ ਮੇਰੀ ਇੱਜ਼ਤ ਕੀਤੀ ਅਤੇ ਬੜੇ ਸਲੀਕੇ ਨਾਲ ਗੱਲਬਾਤ ਕੀਤੀ।

ਅਗਲੇ ਹਫ਼ਤੇ ਮੈਂ ਕਿੰਗਡਮ ਹਾਲ ਜਾਣ ਦਾ ਫ਼ੈਸਲਾ ਕੀਤਾ। ਜਿਵੇਂ ਮੈਂ ਲੇਖ ਦੇ ਸ਼ੁਰੂ ਵਿਚ ਦੱਸਿਆ ਸੀ, ਉੱਥੇ ਉਹ ਛੋਟਾ ਮੁੰਡਾ ਭਾਸ਼ਣ ਦੇ ਰਿਹਾ ਸੀ। ਉਸ ਨੇ ਯਸਾਯਾਹ ਦੀ ਪੋਥੀ ਵਿੱਚੋਂ ਆਇਤਾਂ ਪੜ੍ਹ ਕੇ ਸਮਝਾਈਆਂ ਅਤੇ ਮੈਂ ਸੁਣ ਕੇ ਇਹ ਸਿੱਟਾ ਕੱਢਿਆ ਕਿ ਇਹ ਸੰਸਥਾ ਅਤੇ ਇਹ ਲੋਕ ਬਹੁਤ ਨਿਰਾਲੇ ਹਨ। ਕਿੰਨੀ ਅਜੀਬ ਗੱਲ ਹੈ ਕਿ ਛੋਟੀ ਉਮਰੇ ਮੇਰੇ ਅੰਦਰ ਫ਼ੌਜੀ ਅਫ਼ਸਰ ਬਣਨ ਦੀ ਖ਼ਾਹਸ਼ ਸੀ ਤਾਂਕਿ ਲੋਕ ਮੇਰੀ ਇੱਜ਼ਤ ਕਰਨ। ਪਰ ਹੁਣ ਮੈਂ ਇਸ ਮੁੰਡੇ ਵਾਂਗ ਬਣ ਕੇ ਬਾਈਬਲ ਵਿੱਚੋਂ ਲੋਕਾਂ ਨੂੰ ਸਿੱਖਿਆ ਦੇਣੀ ਚਾਹੁੰਦਾ ਸੀ। ਮੇਰਾ ਦਿਲ ਇਕਦਮ ਮੋਮ ਵਾਂਗ ਪਿਘਲ ਗਿਆ ਅਤੇ ਮੈਂ ਬਾਈਬਲ ਬਾਰੇ ਸਿੱਖਣ ਲਈ ਤਿਆਰ ਹੋ ਗਿਆ।

ਸਮੇਂ ਦੇ ਬੀਤਣ ਨਾਲ ਮੈਂ ਇਸ ਗੱਲ ’ਤੇ ਵੀ ਧਿਆਨ ਦਿੱਤਾ ਕਿ ਯਹੋਵਾਹ ਦੇ ਗਵਾਹ ਸਮੇਂ ਸਿਰ ਮੀਟਿੰਗਾਂ ਵਿਚ ਪਹੁੰਚਦੇ ਸਨ ਅਤੇ ਉਹ ਹਮੇਸ਼ਾ ਪਿਆਰ ਨਾਲ ਮੇਰਾ ਸੁਆਗਤ ਕਰਦੇ ਸਨ ਅਤੇ ਮੇਰੀ ਇੱਜ਼ਤ ਕਰਦੇ ਸਨ। ਉਨ੍ਹਾਂ ਦਾ ਪਹਿਰਾਵਾ ਵੀ ਹਮੇਸ਼ਾ ਸਾਫ਼-ਸੁਥਰਾ ਹੁੰਦਾ ਸੀ। ਮੈਨੂੰ ਖ਼ਾਸ ਕਰਕੇ ਇਹ ਗੱਲ ਚੰਗੀ ਲੱਗੀ ਕਿ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਸਭ ਕੁਝ ਸਲੀਕੇ ਨਾਲ ਕੀਤਾ ਜਾਂਦਾ ਸੀ। ਮੀਟਿੰਗਾਂ ਦੇ ਪ੍ਰੋਗ੍ਰਾਮ ’ਤੇ ਜਿਹੜਾ ਭਾਸ਼ਣ ਦੱਸਿਆ ਜਾਂਦਾ ਸੀ, ਉਹੀ ਭਾਸ਼ਣ ਦਿੱਤਾ ਜਾਂਦਾ ਸੀ। ਮੈਂ ਦੇਖਿਆ ਕਿ ਇਹ ਸਾਰੀ ਸਿੱਖਿਆ ਤੇ ਅਸੂਲ ਪਿਆਰ ਉੱਤੇ ਆਧਾਰਿਤ ਸਨ, ਨਾ ਕਿ ਡਰ ’ਤੇ।

ਆਪਣੀ ਪਹਿਲੀ ਮੀਟਿੰਗ ਤੋਂ ਬਾਅਦ ਮੈਂ ਈਅਨ ਨਾਲ ਬਾਈਬਲ ਦੀ ਸਟੱਡੀ ਕਰਨ ਦਾ ਫ਼ੈਸਲਾ ਕੀਤਾ। ਅਸੀਂ ਸਟੱਡੀ ਵਾਸਤੇ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਇਸਤੇਮਾਲ ਕੀਤੀ ਸੀ। * ਮੈਨੂੰ ਅਜੇ ਵੀ ਇਸ ਵਿਚਲਾ ਤੀਜਾ ਅਧਿਆਇ ਚੇਤੇ ਹੈ ਜਿਸ ਵਿਚ ਇਕ ਤਸਵੀਰ ਦਿੱਤੀ ਗਈ ਸੀ। ਇਹ ਤਸਵੀਰ ਯੁੱਧ ਵਿਚ ਜਾਣ ਤੋਂ ਪਹਿਲਾਂ ਫ਼ੌਜੀਆਂ ਨੂੰ ਅਸੀਸ ਦੇ ਰਹੇ ਇਕ ਪਾਦਰੀ ਦੀ ਸੀ। ਮੈਨੂੰ ਕੋਈ ਸ਼ੱਕ ਨਹੀਂ ਸੀ ਕਿ ਇਸ ਤਰ੍ਹਾਂ ਅਸਲ ਵਿਚ ਹੁੰਦਾ ਹੈ ਕਿਉਂਕਿ ਮੈਂ ਆਪਣੀ ਅੱਖੀਂ ਇਸ ਤਰ੍ਹਾਂ ਹੁੰਦਾ ਦੇਖਿਆ ਸੀ। ਕਿੰਗਡਮ ਹਾਲ ਤੋਂ ਮੈਂ ਰੀਜ਼ਨਿੰਗ ਫਰਾਮ ਦਾ ਸਕ੍ਰਿਪਚਰਜ਼ ਕਿਤਾਬ ਵੀ ਲਈ। ਜਦੋਂ ਮੈਂ ਉਸ ਵਿਚ ਪੜ੍ਹਿਆ ਕਿ ਸਾਨੂੰ ਲੜਾਈਆਂ ਦੇ ਸੰਬੰਧ ਵਿਚ ਨਿਰਪੱਖ ਰਹਿਣਾ ਚਾਹੀਦਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਕੁਝ ਤਬਦੀਲੀਆਂ ਕਰਨ ਦੀ ਲੋੜ ਸੀ। ਮੈਂ ਕੈਥੋਲਿਕ ਚਰਚ ਵਿਚ ਦੁਬਾਰਾ ਕਦੇ ਨਾ ਜਾਣ ਦਾ ਫ਼ੈਸਲਾ ਕੀਤਾ ਅਤੇ ਮੈਂ ਕਿੰਗਡਮ ਹਾਲ ਵਿਚ ਮੀਟਿੰਗਾਂ ’ਤੇ ਲਗਾਤਾਰ ਜਾਣ ਲੱਗ ਪਿਆ। ਮੈਂ ਫ਼ੌਜੀ ਸੇਵਾ ਤੋਂ ਰੀਟਾਇਰ ਹੋਣ ਦਾ ਵੀ ਫ਼ੈਸਲਾ ਕਰ ਲਿਆ।

ਬਪਤਿਸਮੇ ਦੇ ਲਾਇਕ ਬਣਨ ਲਈ ਤਰੱਕੀ

ਕੁਝ ਹਫ਼ਤੇ ਬਾਅਦ ਮੈਨੂੰ ਪਤਾ ਲੱਗਾ ਕਿ ਸਾਡੀ ਕਲੀਸਿਯਾ ਉਸ ਸਟੇਡੀਅਮ ਦੀ ਸਫ਼ਾਈ ਕਰੇਗੀ ਜਿੱਥੇ ਸੰਮੇਲਨ ਹੋਣਾ ਸੀ। ਮੈਂ ਸੰਮੇਲਨ ਵਿਚ ਜਾਣ ਲਈ ਬਹੁਤ ਉਤਾਵਲਾ ਸੀ ਅਤੇ ਸਫ਼ਾਈ ਕਰਨ ਲਈ ਬਾਕੀ ਭੈਣਾਂ-ਭਰਾਵਾਂ ਦੀ ਮਦਦ ਕਰਨ ਗਿਆ। ਮੈਂ ਸਾਰਿਆਂ ਨਾਲ ਰਲ ਕੇ ਕੰਮ ਕੀਤਾ ਅਤੇ ਮੈਨੂੰ ਕੰਮ ਕਰਨਾ ਤੇ ਭੈਣਾਂ-ਭਰਾਵਾਂ ਦੀ ਸੰਗਤ ਵਿਚ ਰਹਿਣਾ ਬਹੁਤ ਵਧੀਆ ਲੱਗਾ। ਜਦੋਂ ਮੈਂ ਫ਼ਰਸ਼ ’ਤੇ ਝਾੜੂ ਫੇਰ ਰਿਹਾ ਸੀ, ਤਾਂ ਇਕ ਜਵਾਨ ਮੇਰੇ ਕੋਲ ਆ ਕੇ ਪੁੱਛਣ ਲੱਗਾ ਕਿ ਕੀ ਮੈਂ ਜਲ-ਸੈਨਾਪਤੀ ਸੀ।

“ਹਾਂ,” ਮੈਂ ਕਿਹਾ।

“ਇਹ ਹੋ ਹੀ ਨਹੀਂ ਸਕਦਾ!” ਉਸ ਨੇ ਹੈਰਾਨੀ ਨਾਲ ਕਿਹਾ। “ਸੈਨਾਪਤੀ ਫ਼ਰਸ਼ ’ਤੇ ਝਾੜੂ ਫੇਰ ਰਿਹਾ ਹੈ!” ਫ਼ਰਸ਼ ’ਤੇ ਝਾੜੂ ਫੇਰਨ ਦੀ ਗੱਲ ਤਾਂ ਇਕ ਪਾਸੇ ਰਹੀ, ਉੱਚੀ ਪਦਵੀ ਵਾਲਾ ਅਫ਼ਸਰ ਤਾਂ ਜ਼ਮੀਨ ’ਤੇ ਡਿੱਗਿਆ ਕਾਗਜ਼ ਵੀ ਨਹੀਂ ਚੁੱਕਦਾ। ਜਦੋਂ ਮੈਂ ਫ਼ੌਜ ਵਿਚ ਸਾਂ, ਤਾਂ ਇਹ ਆਦਮੀ ਮੇਰਾ ਡ੍ਰਾਈਵਰ ਹੋਇਆ ਕਰਦਾ ਸੀ ਅਤੇ ਹੁਣ ਯਹੋਵਾਹ ਦਾ ਗਵਾਹ ਸੀ!

ਪਿਆਰ ਨਾਲ ਆਪਸੀ ਸਹਿਯੋਗ

ਫ਼ੌਜ ਵਿਚ ਇੱਜ਼ਤ ਕਿਸੇ ਦੀ ਪਦਵੀ ਦੇਖ ਕੇ ਕੀਤੀ ਜਾਂਦੀ ਹੈ ਅਤੇ ਇਹ ਗੱਲ ਮੇਰੇ ਦਿਲ-ਦਿਮਾਗ਼ ਵਿਚ ਸਮਾਈ ਹੋਈ ਸੀ। ਮਿਸਾਲ ਲਈ, ਮੈਂ ਇਕ ਵਾਰ ਪੁੱਛਿਆ ਕਿ ਕੀ ਯਹੋਵਾਹ ਦੇ ਕੁਝ ਗਵਾਹ ਆਪਣੀਆਂ ਜ਼ਿੰਮੇਵਾਰੀਆਂ ਜਾਂ ਕੰਮਾਂ ਕਰਕੇ ਦੂਸਰਿਆਂ ਨਾਲੋਂ ਉੱਚੀ ਪਦਵੀ ਰੱਖਦੇ ਹਨ। ਦਰਜੇ ਅਤੇ ਪਦਵੀ ਬਾਰੇ ਮੇਰੇ ਵਿਚਾਰ ਬਹੁਤ ਪੱਕੇ ਸਨ, ਪਰ ਇਹ ਵਿਚਾਰ ਬਹੁਤ ਜਲਦੀ ਬਦਲਣ ਵਾਲੇ ਸਨ।

ਤਕਰੀਬਨ ਇਸੇ ਸਮੇਂ ਦੌਰਾਨ 1989 ਵਿਚ ਮੈਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਇਕ ਮੈਂਬਰ ਨਿਊਯਾਰਕ ਤੋਂ ਬੋਲੀਵੀਆ ਆ ਕੇ ਸਟੇਡੀਅਮ ਵਿਚ ਭਾਸ਼ਣ ਦੇਵੇਗਾ। ਮੈਂ ਸੋਚਿਆ, ‘ਹੁਣ ਪਤਾ ਲੱਗੂ ਕਿ ਇਸ ਸੰਸਥਾ ਦੇ “ਉੱਚੀ ਪਦਵੀ” ਵਾਲੇ ਦਾ ਕਿਵੇਂ ਸੁਆਗਤ ਕੀਤਾ ਜਾਂਦਾ ਹੈ।’ ਮੈਂ ਸੋਚਿਆ ਇੰਨੀ ਵੱਡੀ ਜ਼ਿੰਮੇਵਾਰੀ ਵਾਲਾ ਬੰਦਾ ਠਾਠ-ਬਾਠ ਅਤੇ ਧੂਮ-ਧਮਾਕੇ ਨਾਲ ਆਵੇਗਾ।

ਅਸੀਂ ਸਟੇਡੀਅਮ ਵਿਚ ਬੈਠੇ ਸੀ ਅਤੇ ਪ੍ਰੋਗ੍ਰਾਮ ਸ਼ੁਰੂ ਹੋ ਚੁੱਕਾ ਸੀ। ਪਰ ਇੱਦਾਂ ਨਹੀਂ ਲੱਗਾ ਕਿ ਕੋਈ ਖ਼ਾਸ ਮਹਿਮਾਨ ਆ ਪਹੁੰਚਿਆ ਸੀ ਅਤੇ ਮੈਂ ਸੋਚਾਂ ਵਿਚ ਪੈ ਗਿਆ। ਸਾਡੇ ਨਾਲ ਇਕ ਸਿਆਣੀ ਉਮਰ ਦਾ ਜੋੜਾ ਬੈਠਾ ਸੀ। ਮਾਨਵੇਲਾ ਨੇ ਦੇਖਿਆ ਕਿ ਭੈਣ ਕੋਲ ਅੰਗ੍ਰੇਜ਼ੀ ਵਿਚ ਗੀਤ-ਪੁਸਤਕ ਸੀ, ਸੋ ਇੰਟਰਵਲ ਦੌਰਾਨ ਮਾਨਵੇਲਾ ਨੇ ਉਸ ਨਾਲ ਗੱਲਬਾਤ ਕੀਤੀ। ਪਰ ਬਾਅਦ ਵਿਚ ਉਹ ਦੋਵੇਂ ਪਤੀ-ਪਤਨੀ ਉੱਠ ਕੇ ਚਲੇ ਗਏ।

ਮੈਂ ਦੱਸ ਨਹੀਂ ਸਕਦਾ ਕਿ ਮੈਂ ਉਸ ਵੇਲੇ ਕਿੰਨਾ ਹੈਰਾਨ ਹੋਇਆ ਜਦੋਂ ਉਸ ਭੈਣ ਦਾ ਪਤੀ ਪਲੇਟਫਾਰਮ ’ਤੇ ਖੜ੍ਹ ਕੇ ਮੁੱਖ ਭਾਸ਼ਣ ਦੇਣ ਲੱਗਾ! ਉਸ ਪਲ ਵਿਚ ਮੈਂ ਫ਼ੌਜ ਵਿਚ ਦਰਜੇ, ਇੱਜ਼ਤ, ਪਦਵੀ ਅਤੇ ਤਾਕਤ ਬਾਰੇ ਜੋ ਵੀ ਸਿੱਖਿਆ ਸੀ, ਉਹ ਬਿਲਕੁਲ ਬਦਲ ਗਿਆ। ਬਾਅਦ ਵਿਚ ਮੈਂ ਕਿਹਾ: “ਜ਼ਰਾ ਸੋਚ ਉਹ ਭਰਾ ਜੋ ਸਾਡੇ ਨਾਲ ਉਨ੍ਹਾਂ ਪੱਥਰ ਵਰਗੀਆਂ ਸੀਟਾਂ ’ਤੇ ਔਖਾ ਹੋ ਕੇ ਬੈਠਾ ਸੀ, ਉਹੀ ਪ੍ਰਬੰਧਕ ਸਭਾ ਦਾ ਮੈਂਬਰ ਸੀ!”

ਮੇਰੇ ਚਿਹਰੇ ’ਤੇ ਮੁਸਕਰਾਹਟ ਆ ਜਾਂਦੀ ਹੈ ਜਦੋਂ ਵੀ ਮੈਂ ਸੋਚਦਾ ਹਾਂ ਕਿ ਈਅਨ ਨੇ ਕਿੰਨੀ ਵਾਰ ਮੱਤੀ 23:8 ਦਾ ਹਵਾਲਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਲਿਖਿਆ ਹੈ: “ਤੁਸੀਂ ਸੱਭੋ ਭਾਈ ਹੋ।”

ਪਹਿਲੀ ਵਾਰ ਪ੍ਰਚਾਰ ਕਰਨਾ

ਫ਼ੌਜ ਛੱਡਣ ਤੋਂ ਬਾਅਦ ਈਅਨ ਨੇ ਮੈਨੂੰ ਉਸ ਨਾਲ ਪ੍ਰਚਾਰ ਵਿਚ ਜਾਣ ਲਈ ਕਿਹਾ। (ਰਸੂਲਾਂ ਦੇ ਕਰਤੱਬ 20:20) ਅਸੀਂ ਉਸ ਇਲਾਕੇ ਵਿਚ ਗਏ ਜਿੱਥੇ ਮੈਂ ਜਾਣਾ ਨਹੀਂ ਚਾਹੁੰਦਾ ਸੀ ਯਾਨੀ ਜਿੱਥੇ ਫ਼ੌਜੀ ਕੁਆਰਟਰ ਸਨ। ਮੈਂ ਖ਼ਾਸ ਕਰਕੇ ਇਕ ਜਰਨੈਲ ਨੂੰ ਨਹੀਂ ਮਿਲਣਾ ਚਾਹੁੰਦਾ ਸੀ, ਪਰ ਦਰਵਾਜ਼ੇ ’ਤੇ ਉਹੀ ਆਇਆ। ਮੈਂ ਪਹਿਲਾਂ ਹੀ ਘਬਰਾਇਆ ਸੀ, ਪਰ ਮੈਂ ਹੋਰ ਵੀ ਡਰ ਗਿਆ ਜਦੋਂ ਉਸ ਨੇ ਮੇਰੇ ਬ੍ਰੀਫ-ਕੇਸ ਅਤੇ ਬਾਈਬਲ ਨੂੰ ਦੇਖਿਆ ਅਤੇ ਘਿਰਣਾ ਨਾਲ ਪੁੱਛਿਆ: “ਤੂੰ ਇਹ ਕੀ ਬਣ ਗਿਆਂ?”

ਮੈਂ ਜਲਦੀ ਪ੍ਰਾਰਥਨਾ ਕੀਤੀ ਅਤੇ ਇਕਦਮ ਸ਼ਾਂਤ ਹੋ ਕੇ ਦਲੇਰੀ ਨਾਲ ਗੱਲ ਕੀਤੀ। ਜਰਨੈਲ ਨੇ ਮੇਰੀ ਗੱਲ ਸੁਣੀ ਅਤੇ ਉਸ ਨੇ ਸਾਡੇ ਤੋਂ ਕੁਝ ਸਾਹਿੱਤ ਵੀ ਲਿਆ। ਇਸ ਤਜਰਬੇ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਅਤੇ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ। ਫਿਰ ਮੈਂ 3 ਜਨਵਰੀ 1990 ਨੂੰ ਬਪਤਿਸਮਾ ਲੈ ਲਿਆ।

ਸਮੇਂ ਦੇ ਬੀਤਣ ਨਾਲ ਮੇਰੀ ਪਤਨੀ ਅਤੇ ਮੇਰੇ ਲੜਕਾ-ਲੜਕੀ ਵੀ ਯਹੋਵਾਹ ਦੇ ਗਵਾਹ ਬਣ ਗਏ। ਮੈਂ ਹੁਣ ਕਲੀਸਿਯਾ ਵਿਚ ਇਕ ਬਜ਼ੁਰਗ ਹਾਂ ਅਤੇ ਆਪਣਾ ਸਾਰਾ ਸਮਾਂ ਪ੍ਰਚਾਰ ਵਿਚ ਲਾਉਂਦਾ ਹਾਂ। ਮੇਰੇ ਲਈ ਸਭ ਤੋਂ ਵੱਡਾ ਸਨਮਾਨ ਇਹ ਹੈ ਕਿ ਮੈਂ ਯਹੋਵਾਹ ਨੂੰ ਜਾਣਦਾ ਹਾਂ ਅਤੇ ਉਹ ਮੈਨੂੰ ਜਾਣਦਾ ਹੈ। ਇਹ ਕਿਸੇ ਵੀ ਦਰਜੇ ਜਾਂ ਪਦਵੀ ਨਾਲੋਂ ਕਿਤੇ ਬਿਹਤਰ ਹੈ ਅਤੇ ਕੋਈ ਵੀ ਚੀਜ਼ ਇਸ ਦੇ ਬਰਾਬਰ ਨਹੀਂ ਹੈ। ਹਾਂ, ਕਿਸੇ ਦੇ ਡਰ ਕਰਕੇ ਨਹੀਂ, ਸਗੋਂ ਪਿਆਰ ਹੋਣ ਕਰਕੇ ਹਰ ਕੰਮ ਸਲੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਯਹੋਵਾਹ ਸਲੀਕੇ ਨਾਲ ਕੰਮ ਕਰਦਾ ਹੈ, ਪਰ ਇਸ ਤੋਂ ਵੱਧ ਉਹ ਆਪਣੇ ਸਾਰੇ ਕੰਮ ਪਿਆਰ ਨਾਲ ਕਰਦਾ ਹੈ।—1 ਕੁਰਿੰਥੀਆਂ 14:33, 40; 1 ਯੂਹੰਨਾ 4:8. (g10-E 03)

[ਫੁਟਨੋਟ]

^ ਪੈਰਾ 21 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ਾ 15 ਉੱਤੇ ਤਸਵੀਰ]

1950 ਵਿਚ ਆਪਣੇ ਭਰਾ ਰੈਨਾਟੋ ਨਾਲ

[ਸਫ਼ਾ 15 ਉੱਤੇ ਤਸਵੀਰ]

ਚੀਨ ਅਤੇ ਹੋਰ ਦੇਸ਼ਾਂ ਦੇ ਫ਼ੌਜੀ ਅਫ਼ਸਰਾਂ ਨਾਲ ਇਕ ਇਕੱਠ ਵਿਚ