Skip to content

Skip to table of contents

ਰੱਬ ਨੂੰ ਮੰਨੀਏ ਜਾਂ ਨਾ ਮੰਨੀਏ?

ਰੱਬ ਨੂੰ ਮੰਨੀਏ ਜਾਂ ਨਾ ਮੰਨੀਏ?

ਰੱਬ ਨੂੰ ਮੰਨੀਏ ਜਾਂ ਨਾ ਮੰਨੀਏ?

ਕੀ ਤੁਸੀਂ ਕਦੇ ਸੋਚਿਆ ਕਿ ਐਟਮੀ ਕਣਾਂ ਤੋਂ ਲੈ ਕੇ ਵਿਸ਼ਾਲ ਗਲੈਕਸੀਆਂ ਤਕ ਸਭ ਕੁਝ ਗਣਿਤ ਦੇ ਸਹੀ ਅਸੂਲਾਂ ਅਨੁਸਾਰ ਕਿਉਂ ਚੱਲਦਾ ਹੈ? ਕੀ ਤੁਸੀਂ ਮਨੁੱਖੀ ਬਣਤਰ, ਰੰਗ-ਬਰੰਗੇ ਜੀਵ-ਜੰਤੂਆਂ ਅਤੇ ਪੇੜ-ਪੌਦਿਆਂ ਉੱਤੇ ਨਜ਼ਰ ਮਾਰ ਕੇ ਦੇਖਿਆ ਹੈ ਕਿ ਇਹ ਸਭ ਕੁਝ ਕਿੰਨਾ ਗੁੰਝਲਦਾਰ ਹੈ ਅਤੇ ਇਨ੍ਹਾਂ ਦਾ ਡੀਜ਼ਾਈਨ ਕਿੰਨਾ ਹੈਰਾਨ ਕਰਨ ਵਾਲਾ ਹੈ? ਕਈ ਕਹਿੰਦੇ ਹਨ ਕਿ ਸਾਡਾ ਵਿਸ਼ਾਲ ਬ੍ਰਹਿਮੰਡ ਤੇ ਇਸ ਵਿਚ ਭਾਂਤ-ਭਾਂਤ ਦੇ ਜੀਵ-ਜੰਤੂ ਬ੍ਰਹਿਮੰਡ ਵਿਚ ਹੋਏ ਵੱਡੇ ਹਾਦਸੇ ਅਤੇ ਵਿਕਾਸਵਾਦ ਦਾ ਨਤੀਜਾ ਹਨ। ਦੂਸਰੇ ਲੋਕ ਇਸ ਦਾ ਸਿਹਰਾ ਇਕ ਬੁੱਧੀਮਾਨ ਸ੍ਰਿਸ਼ਟੀਕਰਤਾ ਨੂੰ ਦਿੰਦੇ ਹਨ। ਤੁਹਾਨੂੰ ਕਿਹੜਾ ਵਿਚਾਰ ਸਹੀ ਲੱਗਦਾ ਹੈ?

ਜੋ ਵੀ ਹੋਵੇ, ਦੋਵਾਂ ਵਿਚਾਰਾਂ ਵਿਚ ਨਿਹਚਾ ਦੀ ਗੱਲ ਆ ਜਾਂਦੀ ਹੈ। ਰੱਬ ਨੂੰ ਮੰਨਣ ਲਈ ਨਿਹਚਾ ਦੀ ਲੋੜ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਯੂਹੰਨਾ 1:18) ਇਹ ਵੀ ਸੱਚ ਹੈ ਕਿ ਕਿਸੇ ਮਨੁੱਖ ਨੇ ਬ੍ਰਹਿਮੰਡ ਜਾਂ ਜੀਵ-ਜੰਤੂਆਂ ਨੂੰ ਰਚੇ ਜਾਂਦੇ ਤਾਂ ਨਹੀਂ ਦੇਖਿਆ। ਨਾ ਹੀ ਕਿਸੇ ਨੇ ਆਪਣੀ ਅੱਖੀਂ ਕਿਸੇ ਜੀਵ-ਜੰਤੂ ਨੂੰ ਬਿਹਤਰ ਜੀਵ-ਜੰਤੂ ਵਿਚ ਜਾਂ ਕਿਸੇ ਹੋਰ ਪ੍ਰਕਾਰ ਦੇ ਜੀਵ-ਜੰਤੂ ਵਿਚ ਬਦਲਦੇ ਦੇਖਿਆ ਹੈ। ਫਾਸਿਲ ਰਿਕਾਰਡ ਦਿਖਾਉਂਦਾ ਹੈ ਕਿ ਮੁੱਖ ਨਸਲਾਂ ਦੇ ਜਾਨਵਰ ਇਕਦਮ ਹੋਂਦ ਵਿਚ ਆਏ ਅਤੇ ਉਨ੍ਹਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਈ। * ਇਸ ਕਰਕੇ ਸਵਾਲ ਇਹ ਖੜ੍ਹਾ ਹੁੰਦਾ ਹੈ: ਕੀ ਵਿਕਾਸਵਾਦ ਉੱਤੇ ਜਾਂ ਰੱਬ ਉੱਤੇ ਨਿਹਚਾ ਕਰਨ ਦਾ ਠੋਸ ਆਧਾਰ ਹੈ?

ਕੀ ਤੁਹਾਡੀ ਨਿਹਚਾ ਠੋਸ ਸਬੂਤ ਉੱਤੇ ਆਧਾਰਿਤ ਹੈ?

ਬਾਈਬਲ ਕਹਿੰਦੀ ਹੈ ਕਿ ਸੱਚੀ “ਨਿਹਚਾ . . . ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਇਹੀ ਆਇਤ ਕਹਿੰਦੀ ਹੈ ਕਿ “ਵਿਸ਼ਵਾਸ . . . ਸਾਨੂੰ ਉਹਨਾਂ ਸਚਾਈਆਂ ਦੇ ਸਬੂਤ ਦਿੰਦਾ ਹੈ, ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਹਾਂ।” ਬਿਨਾਂ ਸ਼ੱਕ, ਤੁਸੀਂ ਕਈ ਅਣਡਿੱਠ ਵਸਤਾਂ ਜਾਂ ਚੀਜ਼ਾਂ ਬਾਰੇ ਸੋਚ ਸਕਦੇ ਹੋ ਜਿਨ੍ਹਾਂ ਦੀ ਹੋਂਦ ਬਾਰੇ ਤੁਹਾਨੂੰ ਪੱਕਾ ਵਿਸ਼ਵਾਸ ਹੈ।

ਮਿਸਾਲ ਲਈ: ਕਈ ਮੰਨੇ-ਪ੍ਰਮੰਨੇ ਇਤਿਹਾਸਕਾਰ ਵਿਸ਼ਵਾਸ ਕਰਦੇ ਹਨ ਕਿ ਸਿਕੰਦਰ ਮਹਾਨ, ਜੂਲੀਅਸ ਸੀਜ਼ਰ ਤੇ ਯਿਸੂ ਮਸੀਹ ਅਸਲ ਇਨਸਾਨ ਸਨ। ਕੀ ਇਨ੍ਹਾਂ ਇਤਿਹਾਸਕਾਰਾਂ ਦੀ ਨਿਹਚਾ ਦਾ ਕੋਈ ਆਧਾਰ ਹੈ? ਜੀ ਹਾਂ, ਇਨ੍ਹਾਂ ਦੀ ਨਿਹਚਾ ਪੱਕੇ ਸਬੂਤਾਂ ’ਤੇ ਆਧਾਰਿਤ ਹੈ।

ਵਿਗਿਆਨੀ ਵੀ ਅਦਿੱਖ ਚੀਜ਼ਾਂ ਦੀ ਹੋਂਦ ਨੂੰ ਮੰਨਦੇ ਹਨ ਕਿਉਂਕਿ ਇਨ੍ਹਾਂ ਦੇ ‘ਸਬੂਤ’ ਆਲੇ-ਦੁਆਲੇ ਮੌਜੂਦ ਹਨ। ਮਿਸਾਲ ਲਈ, 19ਵੀਂ ਸਦੀ ਦਾ ਰੂਸੀ ਰਸਾਇਣ-ਵਿਗਿਆਨੀ ਡਮਿਟਰੀ ਮੈਂਡਲੇਯੇਵ ਬ੍ਰਹਿਮੰਡ ਨੂੰ ਬਣਾਉਣ ਵਾਲੇ ਮੂਲ ਤੱਤਾਂ ਦੇ ਆਪਸੀ ਤਾਲਮੇਲ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਵਿਚ ਕੁਝ ਸਮਾਨਤਾਵਾਂ ਸਨ ਤੇ ਉਨ੍ਹਾਂ ਨੂੰ ਐਟਮੀ ਭਾਰ ਤੇ ਰਸਾਇਣਕ ਗੁਣਾਂ ਅਨੁਸਾਰ ਗਰੁੱਪਾਂ ਵਿਚ ਵੰਡਿਆ ਜਾ ਸਕਦਾ ਸੀ। ਇਨ੍ਹਾਂ ਗਰੁੱਪਾਂ ਦੀ ਤਰਤੀਬ ਵਿਚ ਵਿਸ਼ਵਾਸ ਹੋਣ ਕਰਕੇ, ਉਸ ਨੇ ਤੱਤਾਂ ਦੀ ਆਵਰਤੀ-ਸਾਰਣੀ (periodic table) ਬਣਾਈ ਅਤੇ ਕਈ ਅਜਿਹੇ ਤੱਤਾਂ ਬਾਰੇ ਪਹਿਲਾਂ ਹੀ ਸਹੀ-ਸਹੀ ਦੱਸਿਆ ਜਿਨ੍ਹਾਂ ਦਾ ਅਜੇ ਪਤਾ ਨਹੀਂ ਲੱਗਿਆ ਸੀ।

ਅੱਜ ਪੁਰਾਤੱਤਵ-ਵਿਗਿਆਨੀ ਹਜ਼ਾਰਾਂ ਹੀ ਸਾਲ ਪਹਿਲਾਂ ਜ਼ਮੀਨ ਵਿਚ ਦੱਬੀਆਂ ਚੀਜ਼ਾਂ ਤੋਂ ਪੁਰਾਣੀਆਂ ਸਭਿਅਤਾਵਾਂ ਬਾਰੇ ਸਿੱਟੇ ਕੱਢਦੇ ਹਨ। ਮਿਸਾਲ ਲਈ, ਫ਼ਰਜ਼ ਕਰੋ ਕਿ ਇਕ ਵਿਗਿਆਨੀ ਜ਼ਮੀਨ ਖੋਦ ਕੇ ਇੱਕੋ ਆਕਾਰ ਦੇ ਕੱਟੇ ਹੋਏ ਪੱਥਰ ਲੱਭਦਾ ਹੈ। ਇਹ ਪੱਥਰ ਨਾ ਸਿਰਫ਼ ਬੜੇ ਧਿਆਨ ਨਾਲ ਇਕ-ਦੂਜੇ ਉੱਪਰ ਟਿਕੇ ਹੋਏ ਹਨ, ਪਰ ਇਹ ਖ਼ਾਸ ਆਕਾਰ ਵਿਚ ਟਿਕਾਏ ਹੋਏ ਹਨ। ਉਹ ਵਿਗਿਆਨੀ ਕੀ ਸੋਚੇਗਾ? ਕੀ ਉਹ ਸੋਚੇਗਾ ਕਿ ਇਹ ਇਤਫ਼ਾਕ ਨਾਲ ਹੀ ਹੋਇਆ? ਨਹੀਂ। ਇਸ ਦੀ ਬਜਾਇ, ਉਹ ਸਿੱਟਾ ਕੱਢੇਗਾ ਕਿ ਇਹ ਪੱਥਰ ਇਤਿਹਾਸ ਵਿਚ ਲੋਕਾਂ ਨੇ ਆਪਣੇ ਹੱਥੀਂ ਟਿਕਾਏ ਸਨ ਤੇ ਉਸ ਦਾ ਸਿੱਟਾ ਸਹੀ ਹੋਵੇਗਾ।

ਤਾਂ ਫਿਰ ਕੀ ਸਾਨੂੰ ਕੁਦਰਤੀ ਚੀਜ਼ਾਂ ਵਿਚ ਦੇਖੇ ਜਾਂਦੇ ਡੀਜ਼ਾਈਨ ਬਾਰੇ ਵੀ ਇਹੀ ਸਿੱਟਾ ਨਹੀਂ ਕੱਢਣਾ ਚਾਹੀਦਾ? ਕਈ ਲੋਕਾਂ ਨੇ ਇਹੀ ਸੋਚ ਅਪਣਾਈ ਹੈ ਜਿਨ੍ਹਾਂ ਵਿਚ ਮਾਣਯੋਗ ਵਿਗਿਆਨੀ ਵੀ ਸ਼ਾਮਲ ਹਨ।

ਆਪੇ ਹੀ ਬਣ ਗਿਆ ਜਾਂ ਕਿਸੇ ਨੇ ਬਣਾਇਆ?

ਕਈ ਸਾਲ ਪਹਿਲਾਂ ਬ੍ਰਿਟਿਸ਼ ਗਣਿਤ-ਸ਼ਾਸਤਰੀ, ਭੌਤਿਕ ਅਤੇ ਖਗੋਲ-ਵਿਗਿਆਨੀ ਸਰ ਜੇਮਜ਼ ਜੀਨਸ ਨੇ ਲਿਖਿਆ ਕਿ ਵਧਦੀ ਜਾਣਕਾਰੀ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ “ਬ੍ਰਹਿਮੰਡ ਕਿਸੇ ਵੱਡੀ ਸਾਰੀ ਮਸ਼ੀਨ ਵਾਂਗ ਨਹੀਂ ਲੱਗਦਾ, ਪਰ ਇਵੇਂ ਲੱਗਦਾ ਹੈ ਕਿ ਇਹ ਕਿਸੇ ਦੀ ਸੋਚ ਅਤੇ ਬੁੱਧ ਮੁਤਾਬਕ ਚੱਲਦਾ ਹੈ।” ਉਸ ਨੇ ਇਹ ਵੀ ਕਿਹਾ ਕਿ “ਲੱਗਦਾ ਹੈ ਕਿ ਸਾਡਾ ਬ੍ਰਹਿਮੰਡ ਇਕ ਮਾਹਰ ਗਣਿਤ-ਸ਼ਾਸਤਰੀ ਦੁਆਰਾ ਡੀਜ਼ਾਈਨ ਕੀਤਾ ਗਿਆ ਹੈ” ਅਤੇ ਇਸ ਗੱਲ ਦਾ “ਸਬੂਤ ਮਿਲਦਾ ਹੈ ਕਿ ਕਿਸੇ ਅਜਿਹੇ ਸ਼ਖ਼ਸ ਨੇ ਇਸ ਨੂੰ ਡੀਜ਼ਾਈਨ ਕੀਤਾ ਅਤੇ ਇਸ ਨੂੰ ਕੰਟ੍ਰੋਲ ਕਰਦਾ ਹੈ ਜਿਸ ਦਾ ਸਾਡੇ ਵਾਂਗ ਦਿਮਾਗ਼ ਹੈ।”

ਜੀਨਸ ਦੇ ਇਹ ਲਿਖਣ ਤੋਂ ਬਾਅਦ ਹੋਰ ਵਿਗਿਆਨੀ ਵੀ ਅਜਿਹੇ ਸਿੱਟੇ ’ਤੇ ਪਹੁੰਚੇ ਹਨ। ਪੌਲ ਡੇਵਿਸ ਨਾਂ ਦੇ ਇਕ ਭੌਤਿਕ-ਵਿਗਿਆਨੀ ਨੇ ਲਿਖਿਆ ਕਿ “ਬ੍ਰਹਿਮੰਡ ਵਿਚ ਹਰ ਚੀਜ਼ ਇੰਨੇ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਕਿ ਕਈ ਖਗੋਲ-ਵਿਗਿਆਨੀਆਂ ਨੇ ਸੋਚਿਆ ਹੈ ਕਿ ਕਿਸੇ ਨੇ ਇਸ ਨੂੰ ਜ਼ਰੂਰ ਡੀਜ਼ਾਈਨ ਕੀਤਾ ਹੋਣਾ।” ਐਲਬਰਟ ਆਇਨਸਟਾਈਨ ਨਾਂ ਦੇ ਸਭ ਤੋਂ ਮਸ਼ਹੂਰ ਭੌਤਿਕ-ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਨੇ ਲਿਖਿਆ: “ਇਹ ਇਕ ਚਮਤਕਾਰ ਹੈ ਕਿ ਅਸੀਂ ਕੁਦਰਤੀ ਦੁਨੀਆਂ ਨੂੰ ਕੁਝ ਹੱਦ ਤਕ ਸਮਝ ਸਕਦੇ ਹਾਂ।” ਕਈਆਂ ਦੀਆਂ ਨਜ਼ਰਾਂ ਵਿਚ ਮੂਲ ਤੱਤਾਂ ਤੋਂ ਲੈ ਕੇ ਹੈਰਾਨਕੁਨ ਦਿਮਾਗ਼ ਤਕ ਸਾਡੀ ਜ਼ਿੰਦਗੀ ਖ਼ੁਦ ਉਸ ਚਮਤਕਾਰ ਦਾ ਹਿੱਸਾ ਹੈ।

ਡੀ.ਐੱਨ.ਏ. ਅਤੇ ਸਾਡਾ ਦਿਮਾਗ਼

ਸਾਰੇ ਜੀਵ-ਜੰਤੂਆਂ ਦੇ ਜੀਨਾਂ ਵਿਚ ਡੀ.ਐੱਨ.ਏ. ਹੁੰਦਾ ਹੈ ਜਿਸ ਉੱਤੇ ਸਾਡੇ ਨੈਣ-ਨਕਸ਼, ਕੱਦ ਅਤੇ ਦਿਲ-ਦਿਮਾਗ਼ ਦੀ ਬਣਤਰ ਨਿਰਭਰ ਕਰਦੀ ਹੈ। * ਇਸ ਗੁੰਝਲਦਾਰ ਐਸਿਡ ਨੂੰ ਇਕ ਰੂਪ-ਰੇਖਾ ਜਾਂ ਇਕ ਰੈਸਿਪੀ ਨਾਲ ਦਰਸਾਇਆ ਜਾ ਸਕਦਾ ਹੈ ਕਿਉਂਕਿ ਰੈਸਿਪੀ ਦੀ ਤਰ੍ਹਾਂ ਡੀ.ਐੱਨ.ਏ. ਵਿਚ ਕਾਫ਼ੀ ਜਾਣਕਾਰੀ ਭਰੀ ਹੁੰਦੀ ਹੈ। ਇਹ ਜਾਣਕਾਰੀ ਰਸਾਇਣਾਂ ਦੇ ਰੂਪ ਵਿਚ ਪਾਈ ਜਾਂਦੀ ਹੈ ਅਤੇ ਉੱਥੇ ਜਮ੍ਹਾ ਹੁੰਦੀ ਹੈ ਜਿੱਥੇ ਅਣੂ ਹੁੰਦੇ ਹਨ। ਅਣੂਆਂ ਦਾ ਵਾਤਾਵਰਣ ਇਸ ਜਾਣਕਾਰੀ ਨੂੰ ਸਮਝ ਕੇ ਉਸ ਅਨੁਸਾਰ ਸਰੀਰ ਨੂੰ ਹਿਦਾਇਤਾਂ ਦੇ ਸਕਦਾ ਹੈ। ਡੀ.ਐੱਨ.ਏ. ਵਿਚ ਕਿੰਨੀ ਕੁ ਜਾਣਕਾਰੀ ਭਰੀ ਹੁੰਦੀ ਹੈ? ਇਕ ਕਿਤਾਬ ਕਹਿੰਦੀ ਹੈ ਕਿ ਜੇ ਇਸ ਦੇ ਮੂਲ ਤੱਤਾਂ (ਨਿਊਕਲੀਓਟਾਇਡਾਂ ਯਾਨੀ ਨੁਕਲਿਆਈ ਤੇਜ਼ਾਬਾਂ) ਨੂੰ ਬਦਲ ਕੇ ਵਰਣਮਾਲਾ ਦੇ ਅੱਖਰਾਂ ਵਿਚ ਲਿਖਿਆ ਜਾਵੇ, ਤਾਂ “ਇਸ ਨਾਲ ਦਸ ਲੱਖ ਤੋਂ ਜ਼ਿਆਦਾ ਸਫ਼ੇ ਭਰ ਜਾਣਗੇ।”

ਤਕਰੀਬਨ ਸਾਰੇ ਜੀਵ-ਜੰਤੂਆਂ ਦਾ ਡੀ.ਐੱਨ.ਏ. ਧਾਗਿਆਂ ਦੀਆਂ ਲੜੀਆਂ ਵਰਗਾ ਹੁੰਦਾ ਹੈ ਜਿਨ੍ਹਾਂ ਨੂੰ ਕ੍ਰੋਮੋਸੋਮ ਕਿਹਾ ਜਾਂਦਾ ਹੈ। ਕ੍ਰੋਮੋਸੋਮ ਹਰ ਸੈੱਲ ਦੇ ਨਿਊਕਲੀਅਸ ਦੇ ਅੰਦਰ ਹੁੰਦੇ ਹਨ। ਇਕ ਨਿਊਕਲੀ ਦਾ ਔਸਤਨ ਵਿਆਸ 0.0002 ਇੰਚ ਹੁੰਦਾ ਹੈ। ਇਸ ਬਾਰੇ ਜ਼ਰਾ ਸੋਚੋ—ਤੁਹਾਡੇ ਅਨਮੋਲ ਸਰੀਰ ਦੀ ਬਣਤਰ ਦੀ ਸਾਰੀ ਜਾਣਕਾਰੀ ਇਨ੍ਹਾਂ ਨਿੱਕੀਆਂ-ਨਿੱਕੀਆਂ ਪੋਟਲੀਆਂ ਵਿਚ ਭਰੀ ਹੁੰਦੀ ਹੈ ਜਿਨ੍ਹਾਂ ਨੂੰ ਸਿਰਫ਼ ਮਾਈਕ੍ਰੋਸਕੋਪ ਦੀ ਮਦਦ ਨਾਲ ਹੀ ਦੇਖਿਆ ਜਾ ਸਕਦਾ ਹੈ! ਇਕ ਸਾਇੰਸਦਾਨ ਨੇ ਸਹੀ-ਸਹੀ ਕਿਹਾ ਕਿ ਹੋਰ ਕਿਸੇ ਵੀ ਚੀਜ਼ ਨਾਲੋਂ ਜੀਵ-ਜੰਤੂਆਂ ਵਿਚ “ਸਭ ਤੋਂ ਵੱਧ ਜਾਣਕਾਰੀ ਦਾ ਭੰਡਾਰ ਹੈ।” ਜਦੋਂ ਅਸੀਂ ਸੋਚਦੇ ਹਾਂ ਕਿ ਕੰਪਿਊਟਰ ਚਿੱਪ, ਡੀ.ਵੀ.ਡੀ. ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵਿਚ ਅਸੀਂ ਕਿੰਨੀ ਕੁ ਜਾਣਕਾਰੀ ਭਰ ਸਕਦੇ ਹਾਂ, ਤਾਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਡੀ.ਐੱਨ.ਏ. ਕਿੰਨੀ ਕਮਾਲ ਦੀ ਚੀਜ਼ ਹੈ! ਇਸ ਤੋਂ ਵੀ ਵੱਧ, ਸਾਨੂੰ ਡੀ.ਐੱਨ.ਏ. ਬਾਰੇ ਅਜੇ ਸਭ ਕੁਝ ਨਹੀਂ ਪਤਾ। ਨਿਊ ਸਾਇੰਟਿਸਟ ਰਸਾਲਾ ਕਹਿੰਦਾ ਹੈ ਕਿ “ਹਰ ਨਵੀਂ ਖੋਜ ਤੋਂ ਪਤਾ ਚੱਲਦਾ ਹੈ ਕਿ ਡੀ.ਐੱਨ.ਏ. ਕਿੰਨਾ ਗੁੰਝਲਦਾਰ ਹੈ।” *

ਕੀ ਇਹ ਕਹਿਣਾ ਜਾਇਜ਼ ਹੈ ਕਿ ਇੰਨੇ ਵਧੀਆ ਢੰਗ ਨਾਲ ਕੰਮ ਕਰਨ ਵਾਲਾ ਡੀਜ਼ਾਈਨ ਇਤਫ਼ਾਕ ਨਾਲ ਹੋਂਦ ਵਿਚ ਆਇਆ ਸੀ? ਜੇ ਤੁਹਾਨੂੰ ਅਚਾਨਕ ਲੱਖਾਂ ਸਫ਼ਿਆਂ ਵਾਲੀ ਇਕ ਤਕਨੀਕੀ ਕਿਤਾਬ ਲੱਭਦੀ ਹੈ ਜਿਸ ਨੂੰ ਸ਼ਾਨਦਾਰ ਤਰੀਕੇ ਨਾਲ ਲਿਖਿਆ ਗਿਆ ਹੈ, ਤਾਂ ਕੀ ਤੁਸੀਂ ਇਹ ਸਿੱਟਾ ਕੱਢੋਗੇ ਕਿ ਕਿਤਾਬ ਨੇ ਖ਼ੁਦ ਆਪਣੇ ਆਪ ਨੂੰ ਲਿਖਿਆ ਸੀ? ਉਦੋਂ ਕੀ ਜੇ ਉਹ ਕਿਤਾਬ ਇੰਨੀ ਛੋਟੀ ਹੁੰਦੀ ਕਿ ਤੁਹਾਨੂੰ ਇਕ ਮਾਈਕ੍ਰੋਸਕੋਪ ਨਾਲ ਉਸ ਨੂੰ ਪੜ੍ਹਨਾ ਪੈਂਦਾ? ਨਾਲੇ ਉਦੋਂ ਕੀ ਜੇ ਉਸ ਵਿਚ ਅਜਿਹੀ ਮਸ਼ੀਨ ਬਣਾਉਣ ਦੀਆਂ ਹਿਦਾਇਤਾਂ ਹੋਣ ਜਿਸ ਦੇ ਅਰਬਾਂ ਪੁਰਜਿਆਂ ਨੂੰ ਸਹੀ ਸਮੇਂ ਅਤੇ ਸਹੀ ਢੰਗ ਨਾਲ ਫਿੱਟ ਕਰਨ ਦੀ ਲੋੜ ਹੈ? ਨਾਲੇ ਇਹ ਮਸ਼ੀਨ ਆਪਣੀ ਮੁਰੰਮਤ ਕਰਦੀ ਹੈ ਅਤੇ ਆਪਣੇ ਵਰਗਾ ਨਮੂਨਾ ਉਤਾਰ ਸਕਦੀ ਹੈ। ਸਾਡੇ ਦਿਮਾਗ਼ ਵਿਚ ਖ਼ਿਆਲ ਵੀ ਨਹੀਂ ਆਵੇਗਾ ਕਿ ਅਜਿਹੀ ਕੋਈ ਕਿਤਾਬ ਆਪਣੇ ਆਪ ਹੀ ਲਿਖੀ ਗਈ ਸੀ।

ਐਂਟੋਨੀ ਫਲੂ ਨਾਂ ਦਾ ਬ੍ਰਿਟਿਸ਼ ਫ਼ਿਲਾਸਫ਼ਰ ਨਾਸਤਿਕ ਹੁੰਦਾ ਸੀ। ਪਰ ਜਦੋਂ ਉਸ ਨੇ ਸੈੱਲਾਂ ਦੀ ਅੰਦਰਲੀ ਕ੍ਰਿਆ ਬਾਰੇ ਹਾਲ ਹੀ ਦੀ ਰਿਸਰਚ ਦੇਖੀ, ਤਾਂ ਉਸ ਨੇ ਕਿਹਾ: ‘ਇਕ ਜੀਵ ਪੈਦਾ ਕਰਨ ਲਈ ਸੈੱਲ ਅਨੇਕਾਂ ਹੀ ਅਨੋਖੇ ਤੇ ਗੁੰਝਲਦਾਰ ਤਰੀਕਿਆਂ ਨਾਲ ਕੰਮ ਕਰਦਾ ਹੈ। ਇਸ ਤੋਂ ਇਹੀ ਜ਼ਾਹਰ ਹੁੰਦਾ ਹੈ ਕਿ ਇਹ ਕਿਸੇ ਦੀ ਬੁੱਧ ਦਾ ਕਮਾਲ ਹੈ।’ ਫਲੂ ਦਾ ਮੰਨਣਾ ਹੈ ਕਿ ਆਪਣੀ ਨਿੱਜੀ ਰਾਇ ਦੇ ਬਾਵਜੂਦ ਸਾਨੂੰ ‘ਸਬੂਤ ਦੇ ਮੁਤਾਬਕ ਸਿੱਟਾ ਕੱਢਣਾ ਚਾਹੀਦਾ ਹੈ।’ ਸਬੂਤ ਮੁਤਾਬਕ ਉਸ ਨੇ ਆਪਣੀ ਸੋਚ ਪੂਰੀ ਤਰ੍ਹਾਂ ਬਦਲ ਲਈ ਅਤੇ ਹੁਣ ਉਹ ਰੱਬ ਉੱਤੇ ਵਿਸ਼ਵਾਸ ਕਰਦਾ ਹੈ।

ਕਈ ਵਿਗਿਆਨੀ ਦਿਮਾਗ਼ ਦੀ ਜਟਿਲਤਾ ਬਾਰੇ ਸੋਚ ਕੇ ਹੱਕੇ-ਬੱਕੇ ਰਹਿ ਜਾਂਦੇ ਹਨ। ਡੀ.ਐੱਨ.ਏ. ਵਿਚਲੀਆਂ ਹਿਦਾਇਤਾਂ ਅਨੁਸਾਰ ਬਣੇ ਦਿਮਾਗ਼ ਨੂੰ “ਸ੍ਰਿਸ਼ਟੀ ਦੀ ਸਭ ਤੋਂ ਵੱਧ ਗੁੰਝਲਦਾਰ ਚੀਜ਼” ਕਿਹਾ ਗਿਆ ਹੈ। ਦੁਨੀਆਂ ਦੇ ਸੂਪਰ-ਕੰਪਿਊਟਰ ਇਸ ਕਿਲੋ ਕੁ ਭਾਰੇ ਗੁਲਾਬੀ-ਸਲੇਟੀ ਰੰਗੇ ਦੇ ਅੰਗ ਦੇ ਬਰਾਬਰ ਸਿਰਫ਼ ਇਕ ਖੇਡ ਲੱਗਦੇ ਹਨ। ਦਿਮਾਗ਼ ਦੇ ਇਕ ਵਿਗਿਆਨੀ ਨੇ ਕਿਹਾ ਕਿ ਵਿਗਿਆਨੀ ਜਿੰਨਾ ਜ਼ਿਆਦਾ ਦਿਮਾਗ਼ ਬਾਰੇ ਸਿੱਖਦੇ ਹਨ, ਉਹ “ਉੱਨਾ ਹੀ ਹੱਕੇ-ਬੱਕੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਦਿਮਾਗ਼ ਬਾਰੇ ਸਾਰਾ ਕੁਝ ਕਦੀ ਨਹੀਂ ਜਾਣ ਪਾਉਣਗੇ।”

ਜ਼ਰਾ ਸੋਚੋ: ਦਿਮਾਗ਼ ਸਦਕਾ ਅਸੀਂ ਸਾਹ ਲੈਂਦੇ, ਹੱਸਦੇ, ਰੋਂਦੇ, ਬੁਝਾਰਤਾਂ ਬੁੱਝਦੇ, ਕੰਪਿਊਟਰ ਬਣਾਉਂਦੇ, ਸਾਈਕਲ ਚਲਾਉਂਦੇ, ਸ਼ਾਇਰੀ ਲਿਖਦੇ ਅਤੇ ਰਾਤ ਨੂੰ ਆਕਾਸ਼ ਦਾ ਖੂਬਸੂਰਤ ਨਜ਼ਾਰਾ ਦੇਖ ਕੇ ਵਾਹ-ਵਾਹ ਕਰਦੇ ਹਾਂ। ਤਾਂ ਫਿਰ ਕੀ ਇਹ ਕਹਿਣਾ ਅਕਲਮੰਦੀ ਹੋਵੇਗੀ ਕਿ ਇਹ ਯੋਗਤਾਵਾਂ ਸਾਡੇ ਵਿਚ ਵਿਕਾਸਵਾਦ ਦੇ ਜ਼ਰੀਏ ਆਈਆਂ ਹਨ?

ਸਬੂਤ ਦੇ ਆਧਾਰ ’ਤੇ ਨਿਹਚਾ

ਕੀ ਸਾਨੂੰ ਵਿਕਾਸਵਾਦੀਆਂ ਦੀ ਤਰ੍ਹਾਂ ਇਨਸਾਨਾਂ ਬਾਰੇ ਸਮਝਣ ਲਈ ਬਾਂਦਰਾਂ ਜਾਂ ਹੋਰਨਾਂ ਪਸ਼ੂਆਂ ਵੱਲ ਦੇਖਣਾ ਚਾਹੀਦਾ ਹੈ? ਜਾਂ ਕੀ ਸਾਨੂੰ ਸਵਾਲਾਂ ਦੇ ਜਵਾਬਾਂ ਲਈ ਰੱਬ ਵੱਲ ਉਤਾਹਾਂ ਦੇਖਣਾ ਚਾਹੀਦਾ ਹੈ? ਇਹ ਸੱਚ ਹੈ ਕਿ ਪਸ਼ੂਆਂ ਅਤੇ ਸਾਡੇ ਵਿਚ ਕੁਝ ਗੱਲਾਂ ਸਾਂਝੀਆਂ ਹਨ। ਮਿਸਾਲ ਲਈ, ਦੂਸਰੇ ਜਾਨਵਰਾਂ ਵਾਂਗ ਅਸੀਂ ਖਾਂਦੇ-ਪੀਂਦੇ, ਸੌਂਦੇ ਤੇ ਔਲਾਦ ਪੈਦਾ ਕਰਦੇ ਹਾਂ। ਫਿਰ ਵੀ ਅਸੀਂ ਕਈਆਂ ਤਰੀਕਿਆਂ ਨਾਲ ਉਨ੍ਹਾਂ ਤੋਂ ਵੱਖਰੇ ਹਾਂ। ਸੋਚਣ-ਸ਼ਕਤੀ ਹੋਣ ਕਰਕੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਸਾਡੇ ਵਿਚ ਜੋ ਖ਼ਾਸ ਗੁਣ ਹਨ, ਉਹ ਸਾਡੇ ਤੋਂ ਮਹਾਨ ਕਿਸੇ ਹਸਤੀ ਤੋਂ ਆਏ ਹਨ—ਉਹ ਹੈ ਰੱਬ। ਬਾਈਬਲ ਵਿਚ ਇਹੀ ਗੱਲ ਬੜੇ ਵਧੀਆ ਤਰੀਕੇ ਨਾਲ ਦੱਸੀ ਗਈ ਹੈ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ “ਆਪਣੇ ਸਰੂਪ ਉੱਤੇ” ਉਤਪਤ ਕੀਤਾ ਤਾਂਕਿ ਉਹ ਨੈਤਿਕ ਮਿਆਰਾਂ ਉੱਤੇ ਚੱਲਣ ਤੇ ਉਸ ਦੀ ਭਗਤੀ ਕਰਨ। (ਉਤਪਤ 1:27) ਕਿਉਂ ਨਾ ਪਰਮੇਸ਼ੁਰ ਦੇ ਗੁਣਾਂ ’ਤੇ ਗੌਰ ਕਰੋ ਜਿਨ੍ਹਾਂ ਵਿੱਚੋਂ ਕੁਝ ਬਿਵਸਥਾ ਸਾਰ 32:4; ਯਾਕੂਬ 3:17, 18 ਅਤੇ 1 ਯੂਹੰਨਾ 4:7, 8 ਵਿਚ ਦਰਜ ਹਨ।

ਪਰਮੇਸ਼ੁਰ ਨੇ ਸਾਨੂੰ ਆਪਣੇ ਆਲੇ-ਦੁਆਲੇ ਦੇ ਸੰਸਾਰ ਦੀ ਜਾਂਚ ਕਰਨ ਅਤੇ ਆਪਣੇ ਸਵਾਲਾਂ ਦੇ ਜਵਾਬ ਪਤਾ ਕਰਨ ਲਈ “ਬੁੱਧੀ” ਦਿੱਤੀ ਹੈ। (1 ਯੂਹੰਨਾ 5:20) ਇਸ ਸੰਬੰਧ ਵਿਚ ਭੌਤਿਕ-ਵਿਗਿਆਨੀ ਅਤੇ ਨੋਬਲ ਪੁਰਸਕਾਰ ਵਿਜੇਤਾ ਵਿਲੀਅਮ ਡੀ. ਫ਼ਿਲਿਪਸ ਨੇ ਲਿਖਿਆ: “ਜਦੋਂ ਮੈਂ ਦੇਖਦਾ ਹਾਂ ਕਿ ਬ੍ਰਹਿਮੰਡ ਵਿਚ ਸਭ ਕੁਝ ਐਨ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ, ਇਸ ਨੂੰ ਸਮਝਿਆ ਜਾ ਸਕਦਾ ਹੈ ਅਤੇ ਇਹ ਖੂਬਸੂਰਤ ਹੈ, ਤਾਂ ਮੈਂ ਇਸ ਸਿੱਟੇ ’ਤੇ ਪਹੁੰਚਦਾ ਹਾਂ ਕਿ ਇਹ ਸਭ ਕੁਝ ਸਾਡੇ ਤੋਂ ਜ਼ਿਆਦਾ ਬੁੱਧਵਾਨ ਹਸਤੀ ਨੇ ਬਣਾਇਆ ਹੈ। ਸਭ ਕਾਸੇ ਦੇ ਤਾਲਮੇਲ ਲਈ ਮੇਰੇ ਵਰਗੇ ਵਿਗਿਆਨੀ ਦੀ ਕਦਰ ਵਧੀ ਹੈ ਅਤੇ ਭੌਤਿਕ-ਵਿਗਿਆਨ ਦੇ ਸੌਖੇ ਨਿਯਮਾਂ ਨੇ ਰੱਬ ਵਿਚ ਮੇਰਾ ਵਿਸ਼ਵਾਸ ਵਧਾਇਆ ਹੈ।”

ਕੁਝ 2,000 ਸਾਲ ਪਹਿਲਾਂ ਕੁਦਰਤ ਨੂੰ ਦੇਖ ਕੇ ਇਕ ਆਦਮੀ ਨੇ ਲਿਖਿਆ: “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਇਨ੍ਹਾਂ ਸ਼ਬਦਾਂ ਦਾ ਲਿਖਾਰੀ ਪੌਲੁਸ ਰਸੂਲ ਸੀ ਜੋ ਨਾ ਸਿਰਫ਼ ਬਹੁਤ ਬੁੱਧੀਮਾਨ ਸੀ, ਪਰ ਉਸ ਨੂੰ ਮੂਸਾ ਦੀ ਸ਼ਰਾ ਦੀ ਉੱਚ-ਸਿੱਖਿਆ ਮਿਲੀ ਸੀ। ਪਰ ਫਿਰ ਵੀ ਉਸ ਨੇ ਸਾਰੇ ਸਬੂਤ ਬਾਰੇ ਸੋਚ-ਸਮਝ ਕੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਹੋਂਦ ਵਿਚ ਹੈ। ਇਸ ਦੇ ਨਾਲ-ਨਾਲ ਉਸ ਨੇ ਸਾਰੀਆਂ ਚੀਜ਼ਾਂ ਰਚਣ ਦਾ ਸਿਹਰਾ ਪਰਮੇਸ਼ੁਰ ਨੂੰ ਦਿੱਤਾ।

ਸਾਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਰੱਬ ਨੂੰ ਮੰਨਣ ਦੇ ਠੋਸ ਕਾਰਨ ਹਨ। ਅਸਲ ਵਿਚ ਤੁਸੀਂ ਸਿਰਫ਼ ਇਹੀ ਨਹੀਂ ਮੰਨੋਗੇ ਕਿ ਪਰਮੇਸ਼ੁਰ ਹੈ, ਸਗੋਂ ਪੌਲੁਸ ਦੀ ਤਰ੍ਹਾਂ ਜ਼ਿਆਦਾ ਕੁਝ ਕਰੋਗੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਲੱਖਾਂ ਹੀ ਹੋਰਨਾਂ ਲੋਕਾਂ ਦੀ ਤਰ੍ਹਾਂ ਯਹੋਵਾਹ ਪਰਮੇਸ਼ੁਰ ਦੀ ਕਦਰ ਕਰੋ। ਭਾਵੇਂ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਪਰ ਉਸ ਦੇ ਗੁਣ ਸਾਡੇ ਦਿਲਾਂ ਨੂੰ ਛੋਂਹਦੇ ਹਨ ਅਤੇ ਸਾਨੂੰ ਉਸ ਵੱਲ ਖਿੱਚਦੇ ਹਨ।—ਜ਼ਬੂਰਾਂ ਦੀ ਪੋਥੀ 83:18; ਯੂਹੰਨਾ 6:44; ਯਾਕੂਬ 4:8. (g10-E 02)

[ਫੁਟਨੋਟ]

^ ਪੈਰਾ 3 ਅਕਤੂਬਰ-ਦਸੰਬਰ 2006 ਦੇ ਜਾਗਰੂਕ ਬਣੋ! ਰਸਾਲੇ ਵਿਚ “ਕੀ ਵਿਕਾਸਵਾਦ ਹਕੀਕਤ ਹੈ?” ਨਾਂ ਦਾ ਲੇਖ ਦੇਖੋ।

^ ਪੈਰਾ 14 ਡੀ.ਐੱਨ.ਏ. ਡੀਆਕਸੀਰਾਈਬੋਨੁਕਲੇਇਕ ਐਸਿਡ ਦਾ ਛੋਟਾ ਨਾਂ ਹੈ।

^ ਪੈਰਾ 15 ਜਦੋਂ ਚਾਰਲਜ਼ ਡਾਰਵਿਨ ਨੇ ਵਿਕਾਸਵਾਦ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ, ਤਾਂ ਉਸ ਨੂੰ ਜ਼ਰਾ ਵੀ ਪਤਾ ਨਹੀਂ ਸੀ ਕਿ ਸੈੱਲ ਕਿੰਨੇ ਗੁੰਝਲਦਾਰ ਹਨ।

[ਸਫ਼ਾ 20 ਉੱਤੇ ਡੱਬੀ]

ਕੀ ਧਰਮ ਦੇ ਨਾਂ ’ਤੇ ਕੀਤੇ ਪਾਪ ਰੱਬ ਨੂੰ ਨਾ ਮੰਨਣ ਦਾ ਕਾਰਨ ਹਨ?

ਕਈ ਲੋਕ ਸਿਰਜਣਹਾਰ ਨੂੰ ਨਹੀਂ ਮੰਨਦੇ ਕਿਉਂਕਿ ਇਤਿਹਾਸ ਦੌਰਾਨ ਧਰਮ ਦੇ ਨਾਂ ’ਤੇ ਢਾਹੇ ਜ਼ੁਲਮਾਂ ਨੇ ਰੱਬ ਦਾ ਨਾਂ ਮਿੱਟੀ ਵਿਚ ਮਿਲਾਇਆ ਹੈ। ਕੀ ਰੱਬ ਨੂੰ ਨਾ ਮੰਨਣ ਦਾ ਇਹ ਜਾਇਜ਼ ਕਾਰਨ ਹੈ? ਨਹੀਂ। ਰੋਅਏ ਅਬਰਾਹਾਮ ਵਰਗੀਜ਼ ਨੇ ਰੱਬ ਦੀ ਹੋਂਦ ਬਾਰੇ ਐਂਟੋਨੀ ਫਲੂ ਦੀ ਕਿਤਾਬ ਹਾਂ, ਰੱਬ ਹੈ! (ਅੰਗ੍ਰੇਜ਼ੀ) ਦੇ ਮੁਖਬੰਧ ਵਿਚ ਲਿਖਿਆ: “ਧਰਮ ਦੇ ਨਾਂ ’ਤੇ ਕੀਤੇ ਅਤਿਆਚਾਰ ਦਾ ਇਹ ਮਤਲਬ ਨਹੀਂ ਕਿ ਰੱਬ ਨਹੀਂ ਹੈ, ਠੀਕ ਜਿਵੇਂ ਨਿਊਕਲੀ ਹਥਿਆਰਾਂ ਦਾ ਭੰਡਾਰ ਇਸ ਦਾ ਸਬੂਤ ਨਹੀਂ ਹੈ ਕਿ E=mc2 ਦਾ ਫ਼ਾਰਮੂਲਾ ਗ਼ਲਤ ਹੈ।” *

[ਫੁਟਨੋਟ]

^ ਪੈਰਾ 31 ਊਰਜਾ = ਪੁੰਜ x (ਰੌਸ਼ਨੀ ਦੀ ਰਫ਼ਤਾਰ)2

[ਸਫ਼ਾ 19 ਉੱਤੇ ਤਸਵੀਰਾਂ]

ਜੇ ਅਸੀਂ ਪੁਰਾਣੇ ਢਾਂਚਿਆਂ ਨੂੰ ਰਚਣ ਦਾ ਸਿਹਰਾ ਇਨਸਾਨਾਂ ਨੂੰ ਦਿੰਦੇ ਹਾਂ, ਤਾਂ ਕੁਦਰਤ ਦੀਆਂ ਖੂਬਸੂਰਤ ਚੀਜ਼ਾਂ ਦਾ ਸਿਹਰਾ ਅਸੀਂ ਕਿਸ ਨੂੰ ਦਿੰਦੇ ਹਾਂ?

[ਸਫ਼ਾ 19 ਉੱਤੇ ਤਸਵੀਰ]

ਐਲਬਰਟ ਆਇਨਸਟਾਈਨ

[ਸਫ਼ਾ 20 ਉੱਤੇ ਤਸਵੀਰਾਂ]

ਡੀ.ਐੱਨ.ਏ. ਇਕ ਛੋਟੀ ਜਿਹੀ ਕਿਤਾਬ ਦੀ ਤਰ੍ਹਾਂ ਹੈ ਜਿਸ ਵਿਚ ਜੀਵਨ ਲਈ ਐਨ ਸਹੀ ਹਿਦਾਇਤਾਂ ਹਨ

[ਸਫ਼ਾ 21 ਉੱਤੇ ਤਸਵੀਰਾਂ]

ਮਨੁੱਖੀ ਦਿਮਾਗ਼ ਨੂੰ “ਦੁਨੀਆਂ ਵਿਚ ਸਭ ਤੋਂ ਗੁੰਝਲਦਾਰ ਚੀਜ਼” ਕਿਹਾ ਗਿਆ ਹੈ

[ਸਫ਼ਾ 18 ਉੱਤੇ ਤਸਵੀਰ]

© The Print Collector/age fotostock