Skip to content

Skip to table of contents

ਕੀ ਮੈਂ ਘਰ ਛੱਡਣ ਲਈ ਤਿਆਰ ਹਾਂ?

ਕੀ ਮੈਂ ਘਰ ਛੱਡਣ ਲਈ ਤਿਆਰ ਹਾਂ?

ਨੌਜਵਾਨ ਪੁੱਛਦੇ ਹਨ

ਕੀ ਮੈਂ ਘਰ ਛੱਡਣ ਲਈ ਤਿਆਰ ਹਾਂ?

“ਕਈ ਵਾਰ ਮੈਨੂੰ ਲੱਗਦਾ ਹੈ ਕਿ ਮੇਰੇ ਹਾਣੀ ਮੈਨੂੰ ਅਜੀਬ ਸਮਝਦੇ ਹਨ ਕਿਉਂਕਿ ਮੈਂ 19 ਸਾਲਾਂ ਦੀ ਹੋ ਕੇ ਵੀ ਅਜੇ ਆਪਣੇ ਮੰਮੀ-ਡੈਡੀ ਨਾਲ ਰਹਿੰਦੀ ਹਾਂ। ਉਹ ਸੋਚਦੇ ਹਨ ਕਿ ਜਿੰਨੀ ਦੇਰ ਮੈਂ ਘਰ ਨਹੀਂ ਛੱਡਾਂਗੀ, ਉੱਨੀ ਦੇਰ ਤਕ ਮੈਂ ਅਜੇ ਬੱਚੀ ਹਾਂ!”—ਕੇਟੀ। *

“ਮੈਂ 20 ਸਾਲਾਂ ਦੀ ਹੋਣ ਵਾਲੀ ਹਾਂ ਤੇ ਮੈਨੂੰ ਬਹੁਤ ਖਿੱਝ ਆਉਂਦੀ ਹੈ ਕਿ ਮੈਨੂੰ ਆਪਣੇ ਮਾਪਿਆਂ ਦੀ ਹਰ ਗੱਲ ਸੁਣਨੀ ਪੈਂਦੀ ਹੈ। ਮੈਂ ਘਰ ਛੱਡਣ ਬਾਰੇ ਸੋਚ ਰਹੀ ਹਾਂ ਤਾਂਕਿ ਮੈਂ ਆਪਣੀ ਮਰਜ਼ੀ ਕਰ ਸਕਾਂ।”—ਫਿਓਨਾ।

ਘਰ ਛੱਡਣ ਲਈ ਤਿਆਰ ਹੋਣ ਤੋਂ ਪਹਿਲਾਂ ਹੀ ਤੁਸੀਂ ਸ਼ਾਇਦ ਆਜ਼ਾਦੀ ਬਾਰੇ ਸੋਚਣ ਲੱਗ ਪੈਂਦੇ ਹੋ। ਇਸ ਤਰ੍ਹਾਂ ਸੋਚਣਾ ਆਮ ਹੈ। ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਇਰਾਦਾ ਸੀ ਕਿ ਨੌਜਵਾਨ ਵੱਡੇ ਹੋ ਕੇ ਆਪਣੇ ਮਾਪਿਆਂ ਨੂੰ ਛੱਡ ਕੇ ਆਪਣਾ ਘਰ ਵਸਾਉਣ। (ਉਤਪਤ 2:23, 24; ਮਰਕੁਸ 10:7, 8) ਪਰ ਕੀ ਆਜ਼ਾਦੀ ਚਾਹੁਣ ਦਾ ਇਹ ਮਤਲਬ ਹੈ ਕਿ ਤੁਹਾਡਾ ਘਰ ਛੱਡਣ ਦਾ ਸਮਾਂ ਆ ਗਿਆ ਹੈ? ਸ਼ਾਇਦ। ਪਰ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਘਰ ਛੱਡਣ ਲਈ ਤਿਆਰ ਹੋ? ਤਿੰਨ ਜ਼ਰੂਰੀ ਸਵਾਲਾਂ ਵੱਲ ਧਿਆਨ ਦਿਓ। ਪਹਿਲਾ ਹੈ . . .

ਮੇਰਾ ਇਰਾਦਾ ਕੀ ਹੈ?

ਇਹ ਸਮਝਣ ਲਈ ਕਿ ਤੁਸੀਂ ਕਿਉਂ ਘਰ ਛੱਡਣਾ ਚਾਹੁੰਦੇ ਹੋ, ਹੇਠਾਂ ਦਿੱਤੀ ਸੂਚੀ ਵੱਲ ਦੇਖੋ। ਇਸ ਵਿਚ ਘਰ ਛੱਡਣ ਦੇ ਕੁਝ ਕਾਰਨ ਦਿੱਤੇ ਗਏ ਹਨ। ਸਭ ਤੋਂ ਅਹਿਮ ਕਾਰਨ ਨਾਲ ਸ਼ੁਰੂ ਕਰਦੇ ਹੋਏ ਇਨ੍ਹਾਂ ਗੱਲਾਂ ਦੀ ਅਹਿਮੀਅਤ ਮੁਤਾਬਕ ਨੰਬਰ ਲਿਖੋ।

........ ਘਰ ਵਿਚ ਮੁਸ਼ਕਲਾਂ ਤੋਂ ਬਚਣ ਲਈ

........ ਹੋਰ ਆਜ਼ਾਦੀ ਹਾਸਲ ਕਰਨ ਲਈ

........ ਆਪਣੇ ਦੋਸਤਾਂ ਨੂੰ ਖ਼ੁਸ਼ ਕਰਨ ਲਈ

........ ਆਪਣੇ ਦੋਸਤ ਦੀ ਮਦਦ ਕਰਨ ਲਈ ਜਿਸ ਨੂੰ ਰੂਮ-ਮੇਟ ਦੀ ਲੋੜ ਹੈ

........ ਕਿਸੇ ਹੋਰ ਇਲਾਕੇ ਵਿਚ ਵਲੰਟੀਅਰ ਕੰਮ ਕਰਨ ਲਈ

........ ਜ਼ਿੰਦਗੀ ਦਾ ਤਜਰਬਾ ਹਾਸਲ ਕਰਨ ਲਈ

........ ਘਰ ਦੇ ਖ਼ਰਚੇ ਘਟਾਉਣ ਲਈ

........ ਕਿਸੇ ਹੋਰ ਕਾਰਨ ਲਈ

ਉੱਪਰ ਦੱਸੇ ਕਾਰਨ ਗ਼ਲਤ ਨਹੀਂ ਹਨ। ਪਰ ਆਪਣੇ ਮਾਪਿਆਂ ਦੀ ਛਤਰ-ਛਾਇਆ ਹੇਠੋਂ ਬਾਹਰ ਆਉਣ ਦਾ ਕਾਰਨ ਤੁਹਾਡੀ ਖ਼ੁਸ਼ੀ ਉੱਤੇ ਵੱਡਾ ਅਸਰ ਪਾ ਸਕਦਾ ਹੈ। ਮਿਸਾਲ ਲਈ, ਜੇ ਤੁਸੀਂ ਘਰ ਵਿਚ ਮੁਸ਼ਕਲਾਂ ਤੋਂ ਬਚਣ ਲਈ ਜਾਂ ਹੋਰ ਆਜ਼ਾਦੀ ਹਾਸਲ ਕਰਨ ਲਈ ਘਰ ਛੱਡਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਘਰ ਛੱਡਣਾ ਇੰਨਾ ਆਸਾਨ ਨਹੀਂ ਹੈ!

ਡਾਨੀਏਲ 20 ਸਾਲਾਂ ਦੀ ਸੀ ਜਦ ਉਸ ਨੇ ਥੋੜ੍ਹੇ ਸਮੇਂ ਲਈ ਘਰ ਛੱਡਿਆ ਤੇ ਉਸ ਨੇ ਇਸ ਤੋਂ ਕਾਫ਼ੀ ਕੁਝ ਸਿੱਖਿਆ। ਉਹ ਕਹਿੰਦੀ ਹੈ: “ਸਾਰਿਆਂ ਉੱਤੇ ਕਿਸੇ-ਨਾ-ਕਿਸੇ ਤਰ੍ਹਾਂ ਦੀ ਬੰਦਸ਼ ਹੁੰਦੀ ਹੈ। ਜਦ ਤੁਸੀਂ ਇਕੱਲੇ ਰਹਿੰਦੇ ਹੋ, ਤਾਂ ਨੌਕਰੀ ਤੇ ਜਾਣ ਕਰਕੇ ਜਾਂ ਪੈਸਿਆਂ ਦੀ ਕਮੀ ਕਰਕੇ ਤੁਸੀਂ ਸ਼ਾਇਦ ਉਹ ਕੁਝ ਨਾ ਕਰ ਸਕੋ ਜੋ ਤੁਸੀਂ ਕਰਨਾ ਚਾਹੁੰਦੇ ਹੋ।” ਕਾਰਮਨ, ਜੋ ਛੇ ਮਹੀਨਿਆਂ ਲਈ ਵਿਦੇਸ਼ ਗਈ ਸੀ, ਕਹਿੰਦੀ ਹੈ: “ਵਿਦੇਸ਼ ਰਹਿ ਕੇ ਮੈਨੂੰ ਚੰਗਾ ਲੱਗਾ, ਪਰ ਕਈ ਵਾਰ ਮੇਰੇ ਕੋਲ ਕੋਈ ਵਿਹਲ ਨਹੀਂ ਸੀ। ਘਰ ਦੇ ਕੰਮ ਹੀ ਨਹੀਂ ਸੀ ਖ਼ਤਮ ਹੁੰਦੇ—ਅਪਾਰਟਮੈਂਟ ਦੀ ਸਫ਼ਾਈ, ਘਰ ਦੀ ਛੋਟੀ-ਮੋਟੀ ਮੁਰੰਮਤ, ਬਾਗ਼ ਦੀ ਦੇਖ-ਭਾਲ, ਕੱਪੜੇ ਧੋਣੇ, ਪੋਚੇ ਲਾਉਣੇ ਤੇ ਹੋਰ ਵੀ ਬਹੁਤ ਕੁਝ।”

ਇਹ ਸੱਚ ਹੈ ਕਿ ਘਰ ਛੱਡ ਕੇ ਤੁਹਾਨੂੰ ਕੁਝ ਆਜ਼ਾਦੀ ਮਿਲੇਗੀ ਤੇ ਸ਼ਾਇਦ ਤੁਹਾਡੇ ਦੋਸਤ ਖ਼ੁਸ਼ ਹੋਣ। ਪਰ ਅੰਤ ਵਿਚ ਤੁਹਾਨੂੰ ਬਿਲ ਭਰਨੇ, ਖਾਣਾ ਪਕਾਉਣਾ ਅਤੇ ਘਰ ਦੀ ਸਫ਼ਾਈ ਕਰਨੀ ਪਵੇਗੀ। ਇਸ ਦੇ ਨਾਲ-ਨਾਲ ਤੁਹਾਨੂੰ ਇਕੱਲੇ ਰਹਿਣਾ ਪਵੇਗਾ ਕਿਉਂਕਿ ਪਰਿਵਾਰ ਅਤੇ ਦੋਸਤ ਤੁਹਾਡੇ ਨਾਲ ਸਮਾਂ ਨਹੀਂ ਗੁਜ਼ਾਰ ਸਕਦੇ। ਇਸ ਲਈ ਦੂਸਰਿਆਂ ਦੀਆਂ ਗੱਲਾਂ ਵਿਚ ਆ ਕੇ ਕਾਹਲੀ ਨਾਲ ਫ਼ੈਸਲਾ ਨਾ ਕਰੋ। (ਕਹਾਉਤਾਂ 29:20) ਭਾਵੇਂ ਤੁਹਾਡਾ ਘਰ ਛੱਡਣ ਦਾ ਇਰਾਦਾ ਠੀਕ ਹੋਵੇ, ਫਿਰ ਵੀ ਜ਼ਰੂਰੀ ਹੈ ਕਿ ਤੁਸੀਂ ਤਿਆਰ ਹੋਵੋ। ਸੋ ਅਗਲਾ ਸਵਾਲ ਇਹ ਹੈ . . .

ਕੀ ਮੈਂ ਤਿਆਰ ਹਾਂ?

ਘਰ ਛੱਡਣਾ ਜੰਗਲ ਵਿਚ ਸੈਰ ਕਰਨ ਦੇ ਬਰਾਬਰ ਹੈ। ਕੀ ਤੁਸੀਂ ਜੰਗਲ ਵਿਚ ਜਾਓਗੇ ਜੇ ਤੁਹਾਨੂੰ ਤੰਬੂ ਨਹੀਂ ਲਾਉਣਾ ਆਉਂਦਾ, ਅੱਗ ਬਾਲਣੀ ਨਹੀਂ ਆਉਂਦੀ, ਖਾਣਾ ਪਕਾਉਣਾ ਨਹੀਂ ਆਉਂਦਾ ਜਾਂ ਨਕਸ਼ਾ ਪੜ੍ਹਨਾ ਨਹੀਂ ਆਉਂਦਾ? ਨਹੀਂ! ਪਰ ਕਈ ਨੌਜਵਾਨ ਘਰ ਛੱਡ ਜਾਂਦੇ ਹਨ ਭਾਵੇਂ ਉਨ੍ਹਾਂ ਨੂੰ ਘਰ ਚਲਾਉਣ ਬਾਰੇ ਜਾਣਕਾਰੀ ਨਹੀਂ ਹੁੰਦੀ।

ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ ਕਿ “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਇਹ ਪਤਾ ਕਰਨ ਲਈ ਕਿ ਤੁਸੀਂ ਘਰ ਛੱਡਣ ਲਈ ਤਿਆਰ ਹੋ ਕਿ ਨਹੀਂ, ਹੇਠਾਂ ਦਿੱਤੇ ਸਿਰਲੇਖਾਂ ਵੱਲ ਧਿਆਨ ਦਿਓ। ਉਨ੍ਹਾਂ ਜ਼ਿੰਮੇਵਾਰੀਆਂ ’ਤੇ ਨਿਸ਼ਾਨ ਲਾਓ ਜੋ ਤੁਸੀਂ ਨਿਭਾਉਣੀਆਂ ਜਾਣਦੇ ਹੋ ਅਤੇ ਨਿਸ਼ਾਨ ਲਾਓ ਜਿਨ੍ਹਾਂ ਨੂੰ ਤੁਸੀਂ ਅਜੇ ਸਿੱਖਣਾ ਹੈ।

◯ ਖ਼ਰਚਾ ਚਲਾਉਣਾ 19 ਸਾਲਾਂ ਦੀ ਸਰੀਨਾ ਦੱਸਦੀ ਹੈ: “ਮੈਨੂੰ ਕਦੇ ਵੀ ਕਿਸੇ ਚੀਜ਼ ਦੇ ਪੈਸੇ ਨਹੀਂ ਦੇਣੇ ਪਏ। ਮੈਨੂੰ ਘਰ ਛੱਡਣ ਤੋਂ ਡਰ ਲੱਗਦਾ ਹੈ ਕਿਉਂਕਿ ਮੈਨੂੰ ਖ਼ਰਚਾ ਨਹੀਂ ਚਲਾਉਣਾ ਆਉਂਦਾ।” ਤੁਸੀਂ ਘਰ ਦਾ ਖ਼ਰਚਾ ਚਲਾਉਣਾ ਕਿਵੇਂ ਸਿੱਖ ਸਕਦੇ ਹੋ?

ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: ‘ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇਗਾ।’ (ਕਹਾਉਤਾਂ 1:5) ਕਿਉਂ ਨਾ ਆਪਣੇ ਮਾਪਿਆਂ ਨੂੰ ਪੁੱਛੋ ਕਿ ਹਰ ਮਹੀਨੇ ਇਕ ਜਣੇ ਲਈ ਮਕਾਨ ਦਾ ਕਰਾਇਆ ਜਾਂ ਘਰ ਦੀਆਂ ਕਿਸ਼ਤਾਂ, ਰੋਟੀ-ਪਾਣੀ ਦਾ ਖ਼ਰਚਾ ਅਤੇ ਸਫ਼ਰ ਕਰਨ ਦੇ ਖ਼ਰਚੇ ਕੁੱਲ ਮਿਲਾ ਕੇ ਕਿੰਨੇ ਕੁ ਬਣ ਜਾਂਦੇ ਹਨ? ਫਿਰ ਆਪਣੇ ਮਾਪਿਆਂ ਦੀ ਮਦਦ ਨਾਲ ਬਜਟ ਬਣਾਉਣਾ ਅਤੇ ਬਿਲ ਭਰਨੇ ਸਿੱਖੋ। ਆਪਣੇ ਬਜਟ ਅਨੁਸਾਰ ਚੱਲਣਾ ਕਿਉਂ ਜ਼ਰੂਰੀ ਹੈ? ਕੇਵਿਨ, ਜੋ 20 ਸਾਲਾਂ ਦਾ ਹੈ, ਦੱਸਦਾ ਹੈ: “ਜਦ ਤੁਸੀਂ ਇਕੱਲੇ ਰਹਿਣ ਲੱਗ ਜਾਂਦੇ ਹੋ ਫਿਰ ਪਤਾ ਲੱਗਦਾ ਹੈ ਕਿ ਕਿੰਨੇ ਖ਼ਰਚੇ ਹੁੰਦੇ ਹਨ! ਜੇ ਤੁਸੀਂ ਧਿਆਨ ਨਾ ਰੱਖੋ, ਤਾਂ ਤੁਹਾਡੇ ਸਿਰ ’ਤੇ ਕਰਜ਼ਾ ਚੜ੍ਹ ਸਕਦਾ ਹੈ।”

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਘਰ ਛੱਡ ਕੇ ਤੁਹਾਡਾ ਖ਼ਰਚਾ ਕਿੰਨਾ ਕੁ ਹੋਵੇਗਾ? ਜੇ ਤੁਸੀਂ ਕੰਮ ਕਰਦੇ ਹੋ, ਤਾਂ ਥੋੜ੍ਹੇ ਚਿਰ ਲਈ ਆਪਣੇ ਮਾਪਿਆਂ ਨੂੰ ਹਰ ਮਹੀਨੇ ਦੇ ਖਾਣ-ਪੀਣ, ਰਿਹਾਇਸ਼ ਤੇ ਹੋਰ ਚੀਜ਼ਾਂ ਦਾ ਖ਼ਰਚਾ ਦਿਓ। ਜੇ ਤੁਸੀਂ ਪੂਰਾ ਖ਼ਰਚਾ ਨਹੀਂ ਦੇ ਸਕਦੇ ਜਾਂ ਦੇਣਾ ਨਹੀਂ ਚਾਹੁੰਦੇ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਘਰ ਛੱਡਣ ਲਈ ਤਿਆਰ ਨਹੀਂ ਹੋ।—2 ਥੱਸਲੁਨੀਕੀਆਂ 3:10, 12.

◯ ਘਰ ਦੇ ਕੰਮ ਬ੍ਰਾਈਅਨ 17 ਸਾਲਾਂ ਦਾ ਹੈ। ਉਸ ਨੂੰ ਇਸ ਗੱਲ ਦਾ ਡਰ ਹੈ ਕਿ ਘਰ ਛੱਡ ਕੇ ਉਸ ਨੂੰ ਆਪਣੇ ਕੱਪੜੇ ਆਪ ਧੋਣੇ ਪੈਣਗੇ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਆਪਣੀ ਦੇਖ-ਭਾਲ ਆਪ ਕਰ ਸਕਦੇ ਹੋ? 20 ਸਾਲਾਂ ਦਾ ਐਰਨ ਇਹ ਸੁਝਾਅ ਦਿੰਦਾ ਹੈ: “ਇਕ ਹਫ਼ਤੇ ਲਈ ਇਸ ਤਰ੍ਹਾਂ ਰਹਿਣ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਇਕੱਲੇ ਰਹਿ ਰਹੋ ਹੋ। ਸਿਰਫ਼ ਉਹੀ ਖਾਣਾ ਖਾਓ ਜੋ ਤੁਸੀਂ ਬਣਾਇਆ ਜਾਂ ਆਪਣੇ ਪੈਸਿਆਂ ਨਾਲ ਖ਼ਰੀਦਿਆ ਹੈ। ਉਹੀ ਕੱਪੜੇ ਪਾਓ ਜੋ ਤੁਸੀਂ ਆਪ ਧੋਤੇ ਤੇ ਪ੍ਰੈੱਸ ਕੀਤੇ ਹਨ। ਘਰ ਦੀ ਸਫ਼ਾਈ ਆਪ ਕਰੋ। ਬਿਨਾਂ ਕਿਸੇ ਦੀ ਮਦਦ ਤੋਂ ਜਿੱਥੇ ਵੀ ਜਾਣਾ ਹੈ ਆਪ ਖ਼ੁਦ ਜਾਓ।” ਇਸ ਸੁਝਾਅ ਉੱਤੇ ਚੱਲ ਕੇ ਤੁਹਾਨੂੰ ਦੋ ਫ਼ਾਇਦੇ ਹੋਣਗੇ। (1) ਤੁਸੀਂ ਘਰ ਦੇ ਕੰਮ ਕਰਨੇ ਸਿੱਖੋਗੇ ਅਤੇ (2) ਤੁਸੀਂ ਉਨ੍ਹਾਂ ਕੰਮਾਂ ਦੀ ਕਦਰ ਕਰੋਗੇ ਜੋ ਤੁਹਾਡੇ ਮਾਪੇ ਤੁਹਾਡੇ ਲਈ ਕਰਦੇ ਹਨ।

◯ ਦੂਸਰਿਆਂ ਨਾਲ ਮਿਲਣਾ-ਵਰਤਣਾ ਕੀ ਤੁਹਾਡੀ ਆਪਣੇ ਮਾਪਿਆਂ ਤੇ ਭੈਣਾਂ-ਭਰਾਵਾਂ ਨਾਲ ਚੰਗੀ ਬਣਦੀ ਹੈ? ਜੇ ਨਹੀਂ, ਤਾਂ ਸ਼ਾਇਦ ਤੁਸੀਂ ਸੋਚੋ ਕਿ ਆਪਣੇ ਕਿਸੇ ਦੋਸਤ ਨਾਲ ਰਹਿਣਾ ਸੌਖਾ ਹੋਵੇਗਾ। ਹੋ ਸਕਦਾ ਹੈ। ਪਰ ਧਿਆਨ ਦਿਓ ਕਿ 18 ਸਾਲਾਂ ਦੀ ਈਵ ਨੇ ਕੀ ਕਿਹਾ: “ਮੇਰੀਆਂ ਦੋ ਸਹੇਲੀਆਂ ਇਕ ਅਪਾਰਟਮੈਂਟ ਵਿਚ ਇਕੱਠੀਆਂ ਰਹਿਣ ਲੱਗੀਆਂ। ਇਸ ਤੋਂ ਪਹਿਲਾਂ ਉਹ ਪੱਕੀਆਂ ਸਹੇਲੀਆਂ ਸਨ, ਪਰ ਬਾਅਦ ਵਿਚ ਉਹ ਇਕੱਠੀਆਂ ਨਹੀਂ ਰਹਿ ਸਕਦੀਆਂ ਸਨ। ਕਿਉਂ? ਕਿਉਂਕਿ ਇਕ ਸਫ਼ਾਈ ਰੱਖਦੀ ਤੇ ਦੂਜੀ ਖਿਲਾਰਾ ਪਾਈ ਰੱਖਦੀ ਸੀ। ਇਕ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੀ ਸੀ ਤੇ ਦੂਜੀ ਨਹੀਂ। ਉਨ੍ਹਾਂ ਦੀ ਬਣੀ ਹੀ ਨਹੀਂ!”

ਏਰਿਨ 18 ਸਾਲਾਂ ਦੀ ਹੈ ਤੇ ਉਹ ਘਰ ਛੱਡ ਕੇ ਜਾਣਾ ਚਾਹੁੰਦੀ ਹੈ। ਪਰ ਉਹ ਕਹਿੰਦੀ ਹੈ: “ਘਰ ਰਹਿੰਦੇ ਹੋਏ ਤੁਸੀਂ ਇਹ ਸਿੱਖਦੇ ਹੋ ਕਿ ਤੁਹਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਤੁਸੀਂ ਮੁਸ਼ਕਲਾਂ ਨੂੰ ਸੁਲਝਾਉਣਾ ਸਿੱਖਦੇ ਹੋ। ਜਿਹੜੇ ਆਪਣੇ ਮਾਪਿਆਂ ਨਾਲ ਨਾ ਬਣਨ ਕਰਕੇ ਘਰ ਛੱਡਦੇ ਹਨ, ਉਹ ਮੁਸ਼ਕਲਾਂ ਨੂੰ ਸੁਲਝਾਉਣਾ ਨਹੀਂ ਸਿੱਖਦੇ।”

◯ ਬਾਈਬਲ ਸਟੱਡੀ ਦੀ ਰੁਟੀਨ ਕਈ ਇਸ ਕਰਕੇ ਘਰ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦਾ ਧਰਮ ਪਸੰਦ ਨਹੀਂ ਹੁੰਦਾ। ਦੂਸਰੇ ਆਪਣੀ ਬਾਈਬਲ ਸਟੱਡੀ ਦੀ ਚੰਗੀ ਰੁਟੀਨ ਰੱਖਣੀ ਚਾਹੁੰਦੇ ਹਨ, ਪਰ ਜਲਦੀ ਹੀ ਭੈੜੀਆਂ ਆਦਤਾਂ ਅਪਣਾ ਲੈਂਦੇ ਹਨ। ਤੁਸੀਂ ਆਪਣੀ “ਨਿਹਚਾ ਦੀ ਬੇੜੀ” ਨੂੰ ਡੁੱਬਣ ਤੋਂ ਕਿਵੇਂ ਬਚਾ ਸਕਦੇ ਹੋ?—1 ਤਿਮੋਥਿਉਸ 1:19.

ਬਿਨਾਂ ਸੋਚ-ਸਮਝ ਕੇ ਆਪਣੇ ਮਾਪਿਆਂ ਦਾ ਧਰਮ ਨਾ ਅਪਣਾਓ। ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਖ਼ੁਦ ਪਤਾ ਕਰੀਏ ਕਿ ਉਹ ਕੀ ਚਾਹੁੰਦਾ ਹੈ ਅਤੇ ਉਸ ਉੱਤੇ ਚੱਲਣ ਦਾ ਫ਼ੈਸਲਾ ਕਰੀਏ। (ਰੋਮੀਆਂ 12:1, 2) ਇਸ ਕਰਕੇ ਆਪਣੀ ਭਗਤੀ ਅਤੇ ਬਾਈਬਲ ਸਟੱਡੀ ਕਰਨ ਦੀ ਰੁਟੀਨ ਬਣਾਓ ਅਤੇ ਇਸ ਨੂੰ ਨਾ ਛੱਡੋ। ਕਿਉਂ ਨਾ ਆਪਣੀ ਰੁਟੀਨ ਨੂੰ ਕਲੰਡਰ ’ਤੇ ਲਿਖੋ ਅਤੇ ਦੇਖੋ ਕਿ ਤੁਸੀਂ ਇਕ ਮਹੀਨੇ ਲਈ ਆਪਣੇ ਮਾਪਿਆਂ ਦੇ ਕਹਿਣੇ ਤੋਂ ਬਗੈਰ ਇੱਦਾਂ ਕਰ ਸਕਦੇ ਹੋ ਕਿ ਨਹੀਂ?

ਅਖ਼ੀਰਲਾ ਸਵਾਲ ਜਿਸ ਬਾਰੇ ਤੁਹਾਨੂੰ ਸੋਚਣ ਦੀ ਲੋੜ ਹੈ, ਇਹ ਹੈ ਕਿ . . .

ਮੈਂ ਕਿਹੜੇ ਟੀਚੇ ਰੱਖੇ ਹਨ?

ਘਰ ਛੱਡਣ ਵਾਲੇ ਕਈ ਨੌਜਵਾਨ ਮੁਸ਼ਕਲਾਂ ਤੋਂ ਭੱਜ ਰਹੇ ਹਨ ਜਾਂ ਆਪਣੇ ਮਾਪਿਆਂ ਦੇ ਕਹਿਣੇ ਵਿਚ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਉੱਤੇ ਸਿਰਫ਼ ਘਰ ਛੱਡਣ ਦਾ ਭੂਤ ਸਵਾਰ ਹੈ, ਪਰ ਉਹ ਇਹ ਨਹੀਂ ਸੋਚਦੇ ਕਿ ਉਹ ਕਿੱਥੇ ਜਾਣਗੇ ਤੇ ਕੀ ਕਰਨਗੇ। ਇਹ ਤਾਂ ਕਾਰ ਚਲਾਉਣ ਵੇਲੇ ਸ਼ੀਸ਼ੇ ਵਿੱਚੋਂ ਪਿੱਛੇ ਦੇਖਣ ਦੇ ਬਰਾਬਰ ਹੈ। ਜਦ ਡ੍ਰਾਈਵਰ ਦਾ ਧਿਆਨ ਪਿੱਛੇ ਹੁੰਦਾ ਹੈ, ਤਾਂ ਉਹ ਇਹ ਨਹੀਂ ਦੇਖ ਰਿਹਾ ਹੁੰਦਾ ਕਿ ਅੱਗੇ ਕੀ ਹੋ ਰਿਹਾ ਹੈ। ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਸਫ਼ਲ ਹੋਣ ਲਈ ਘਰੋਂ ਦੂਰ ਜਾਣ ਬਾਰੇ ਹੀ ਨਾ ਸੋਚੋ, ਪਰ ਇਹ ਵੀ ਦੇਖੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੇ ਕੀ ਕਰੋਗੇ।

ਕਈ ਨੌਜਵਾਨ, ਜੋ ਯਹੋਵਾਹ ਦੇ ਗਵਾਹ ਹਨ, ਆਪਣੇ ਦੇਸ਼ ਦੇ ਹੋਰ ਇਲਾਕੇ ਵਿਚ ਜਾਂ ਵਿਦੇਸ਼ ਜਾ ਕੇ ਪ੍ਰਚਾਰ ਕਰਨ ਗਏ ਹਨ। ਦੂਸਰੇ ਉਸਾਰੀ ਦੇ ਕੰਮ ਵਿਚ ਹੱਥ ਵਟਾਉਣ ਜਾਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਨ ਗਏ ਹਨ। ਕਈ ਹੋਰ ਸੋਚਦੇ ਹਨ ਕਿ ਵਿਆਹ ਕਰਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਇਕੱਲੇ ਰਹਿ ਕੇ ਦੇਖ ਲੈਣਾ ਚਾਹੀਦਾ ਹੈ। *

ਇੱਥੇ ਇਕ ਟੀਚਾ ਲਿਖੋ ਕਿ ਤੁਸੀਂ ਘਰ ਛੱਡ ਕੇ ਕੀ ਹਾਸਲ ਕਰਨਾ ਚਾਹੁੰਦੇ ਹੋ। ..........

ਹੋ ਸਕਦਾ ਹੈ ਕਿ ਕਈ ਜ਼ਿਆਦਾ ਦੇਰ ਘਰ ਰਹਿ ਕੇ ਜ਼ਿੰਮੇਵਾਰੀ ਚੁੱਕਣੀ ਕਦੇ ਸਿੱਖਦੇ ਹੀ ਨਹੀਂ। ਫਿਰ ਵੀ, ਘਰ ਛੱਡਣ ਦਾ ਫ਼ੈਸਲਾ ਕਾਹਲੀ ਵਿਚ ਨਾ ਕਰੋ, ਸਗੋਂ ਸੋਚ-ਸਮਝ ਕੇ ਕਰੋ। ਬਾਈਬਲ ਕਹਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਕਹਾਉਤਾਂ 21:5, CL) ਆਪਣੇ ਮਾਪਿਆਂ ਦੀ ਸਲਾਹ ਮੰਨੋ। (ਕਹਾਉਤਾਂ 23:22) ਇਸ ਬਾਰੇ ਪ੍ਰਾਰਥਨਾ ਕਰੋ ਤੇ ਫ਼ੈਸਲਾ ਕਰਨ ਤੋਂ ਪਹਿਲਾਂ ਇਸ ਲੇਖ ਵਿਚ ਦੱਸੇ ਬਾਈਬਲ ਦੇ ਅਸੂਲਾਂ ਬਾਰੇ ਸੋਚੋ।

ਅਸਲੀ ਸਵਾਲ ਇਹ ਨਹੀਂ ਕਿ ਮੈਂ ਘਰ ਛੱਡਣ ਲਈ ਤਿਆਰ ਹਾਂ ਜਾਂ ਨਹੀਂ, ਪਰ ਇਹ ਕਿ ਮੈਂ ਘਰ ਦਾ ਖ਼ਰਚਾ ਚਲਾਉਣ ਲਈ ਤਿਆਰ ਹਾਂ ਜਾਂ ਨਹੀਂ? ਜੇ ਤੁਹਾਡਾ ਜਵਾਬ ਹਾਂ ਵਿਚ ਹੈ, ਤਾਂ ਸ਼ਾਇਦ ਤੁਸੀਂ ਘਰ ਛੱਡਣ ਲਈ ਤਿਆਰ ਹੋ। (g10-E 07)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 33 ਕੁਝ ਸਭਿਆਚਾਰਾਂ ਵਿਚ ਇਹ ਆਮ ਹੈ ਕਿ ਕੁੜੀਆਂ ਨੂੰ ਵਿਆਹ ਕਰਾਉਣ ਤਕ ਮਾਂ-ਬਾਪ ਦੇ ਘਰ ਰਹਿਣਾ ਚਾਹੀਦਾ ਹੈ। ਬਾਈਬਲ ਇਸ ਮਾਮਲੇ ਬਾਰੇ ਖ਼ਾਸ ਸਲਾਹ ਨਹੀਂ ਦਿੰਦੀ।

ਇਸ ਬਾਰੇ ਸੋਚੋ

● ਭਾਵੇਂ ਤੁਹਾਡੇ ਘਰ ਵਿਚ ਮੁਸ਼ਕਲਾਂ ਹੋਣ, ਫਿਰ ਵੀ ਕਾਹਲੀ ਵਿਚ ਘਰ ਨਾ ਛੱਡਣ ਦੇ ਕੀ ਫ਼ਾਇਦੇ ਹੋ ਸਕਦੇ ਹਨ?

● ਘਰ ਰਹਿੰਦੇ ਸਮੇਂ ਆਪਣਾ ਘਰ ਚਲਾਉਣ ਬਾਰੇ ਤੁਸੀਂ ਕੀ ਸਿੱਖ ਸਕਦੇ ਹੋ ਜੋ ਤੁਹਾਡੇ ਅਤੇ ਤਹਾਡੇ ਪਰਿਵਾਰ ਦੇ ਫ਼ਾਇਦੇ ਲਈ ਹੋਵੇਗਾ?

[ਸਫ਼ਾ 17 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਜਦ ਤੁਹਾਡੇ ਮਾਪੇ ਤੁਹਾਨੂੰ ਅਜਿਹੀਆਂ ਜ਼ਿੰਮੇਵਾਰੀਆਂ ਦਿੰਦੇ ਹਨ ਜਿਹੜੀਆਂ ਤੁਹਾਡਾ ਆਪਣਾ ਘਰ ਚਲਾਉਣ ਲਈ ਜ਼ਰੂਰੀ ਹਨ, ਤਾਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ।”

“ਆਜ਼ਾਦੀ ਚਾਹੁਣੀ ਆਮ ਗੱਲ ਹੈ। ਪਰ ਜੇ ਤੁਸੀਂ ਇਸ ਲਈ ਘਰ ਛੱਡ ਰਹੇ ਹੋ ਕਿਉਂਕਿ ਤੁਸੀਂ ਘਰ ਦੇ ਅਸੂਲਾਂ ਅਨੁਸਾਰ ਨਹੀਂ ਜੀਣਾ ਚਾਹੁੰਦੇ, ਤਾਂ ਇਹ ਦਿਖਾਉਂਦਾ ਹੈ ਕਿ ਤੁਸੀਂ ਘਰ ਛੱਡਣ ਲਈ ਤਿਆਰ ਨਹੀਂ ਹੋ।”

[ਤਸਵੀਰਾਂ]

ਸੇਰਾਹ

ਐਰਨ

[ਸਫ਼ਾ 19 ਉੱਤੇ ਡੱਬੀ]

ਮਾਪਿਆਂ ਨੂੰ ਸਲਾਹ

ਸਰੀਨਾ, ਜਿਸ ਦਾ ਇਸ ਲੇਖ ਵਿਚ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ ਕਿ ਉਹ ਘਰ ਛੱਡਣ ਤੋਂ ਬਹੁਤ ਡਰਦੀ ਹੈ। ਇਕ ਕਾਰਨ ਕੀ ਹੈ? ਉਹ ਦੱਸਦੀ ਹੈ “ਜਦ ਵੀ ਮੈਂ ਆਪਣੇ ਪੈਸਿਆਂ ਨਾਲ ਕੁਝ ਖ਼ਰੀਦਣਾ ਚਾਹੁੰਦੀ ਹਾਂ, ਤਾਂ ਮੇਰੇ ਡੈਡੀ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਭਵਿੱਖ ਬਾਰੇ ਸੋਚ ਕੇ ਮੈਨੂੰ ਡਰ ਲੱਗਦਾ ਹੈ ਕਿ ਮੈਂ ਆਪਣੇ ਬਿਲ ਕਿਵੇਂ ਭਰਾਂਗੀ।” ਕੋਈ ਸ਼ੱਕ ਨਹੀਂ ਕਿ ਸਰੀਨਾ ਦਾ ਡੈਡੀ ਆਪਣੇ ਭਾਣੇ ਉਸ ਦਾ ਭਲਾ ਹੀ ਕਰ ਰਿਹਾ ਹੈ, ਪਰ ਕੀ ਉਹ ਆਪਣੀ ਧੀ ਨੂੰ ਆਪਣਾ ਘਰ ਚਲਾਉਣ ਦੀ ਜ਼ਿੰਮੇਵਾਰੀ ਸਿਖਾ ਰਿਹਾ ਹੈ?—ਕਹਾਉਤਾਂ 31:10, 18, 27.

ਕੀ ਤੁਹਾਡੇ ਬੱਚੇ ਇਸ ਲਈ ਘਰ ਛੱਡਣ ਲਈ ਤਿਆਰ ਨਹੀਂ ਹਨ ਕਿਉਂਕਿ ਤੁਸੀਂ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਹੋ? ਤੁਹਾਨੂੰ ਇਸ ਸਵਾਲ ਦਾ ਜਵਾਬ ਕਿਵੇਂ ਪਤਾ ਲੱਗ ਸਕਦਾ ਹੈ? ਲੇਖ ਵਿਚ ਦੱਸੀਆਂ ਚਾਰ ਜ਼ਿੰਮੇਵਾਰੀਆਂ ਵੱਲ ਦੁਬਾਰਾ ਧਿਆਨ ਦਿਓ, ਪਰ ਇਸ ਵਾਰ ਮਾਪਿਆਂ ਦੇ ਨਜ਼ਰੀਏ ਤੋਂ।

ਖ਼ਰਚਾ ਚਲਾਉਣਾ। ਜੇ ਤੁਹਾਡੇ ਬੱਚੇ ਨੌਜਵਾਨ ਹਨ, ਤਾਂ ਕੀ ਉਨ੍ਹਾਂ ਨੂੰ ਟੈਕਸ ਫਾਰਮ ਭਰਨੇ ਆਉਂਦੇ ਹਨ ਜਾਂ ਕੀ ਉਨ੍ਹਾਂ ਨੂੰ ਟੈਕਸ ਦੇ ਨਿਯਮਾਂ ਬਾਰੇ ਪਤਾ ਹੈ? (ਰੋਮੀਆਂ 13:7) ਕੀ ਉਨ੍ਹਾਂ ਨੂੰ ਕ੍ਰੈਡਿਟ ਕਾਰਡ ਵਰਤਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੈ? (ਕਹਾਉਤਾਂ 22:7) ਕੀ ਉਨ੍ਹਾਂ ਨੂੰ ਆਪਣੀ ਤਨਖ਼ਾਹ ਮੁਤਾਬਕ ਗੁਜ਼ਾਰਾ ਕਰਨਾ ਅਤੇ ਬਜਟ ਬਣਾਉਣਾ ਆਉਂਦਾ ਹੈ? (ਲੂਕਾ 14:28-30) ਕੀ ਉਨ੍ਹਾਂ ਨੂੰ ਉਹ ਖ਼ੁਸ਼ੀ ਮਿਲੀ ਹੈ ਜੋ ਆਪਣੇ ਪੈਸਿਆਂ ਨਾਲ ਕੁਝ ਖ਼ਰੀਦ ਕੇ ਮਿਲਦੀ ਹੈ? ਕੀ ਉਨ੍ਹਾਂ ਨੂੰ ਉਹ ਖ਼ੁਸ਼ੀ ਮਿਲੀ ਹੈ ਜੋ ਆਪਣਾ ਸਮਾਂ ਕੱਢ ਕੇ ਅਤੇ ਆਪਣਾ ਪੈਸਾ ਖ਼ਰਚ ਕੇ ਦੂਜਿਆਂ ਦੀ ਮਦਦ ਕਰਨ ਤੋਂ ਮਿਲਦੀ ਹੈ?—ਰਸੂਲਾਂ ਦੇ ਕਰਤੱਬ 20:35.

ਘਰ ਦੇ ਕੰਮ। ਕੀ ਤੁਹਾਡੀਆਂ ਲੜਕੀਆਂ ਅਤੇ ਲੜਕਿਆਂ ਨੂੰ ਖਾਣਾ ਬਣਾਉਣਾ ਆਉਂਦਾ ਹੈ? ਕੀ ਤੁਸੀਂ ਉਨ੍ਹਾਂ ਨੂੰ ਕੱਪੜੇ ਧੋਣੇ ਅਤੇ ਪ੍ਰੈੱਸ ਕਰਨੇ ਸਿਖਾਇਆ ਹੈ? ਜੇ ਉਹ ਗੱਡੀ ਚਲਾਉਂਦੇ ਹਨ, ਤਾਂ ਕੀ ਉਨ੍ਹਾਂ ਨੂੰ ਗੱਡੀ ਦੀ ਛੋਟੀ-ਮੋਟੀ ਮੁਰੰਮਤ ਕਰਨੀ ਆਉਂਦੀ ਹੈ, ਜਿਵੇਂ ਕਿ ਤੇਲ, ਫਿਊਜ਼ ਜਾਂ ਟਾਇਰ ਬਦਲਣਾ?

ਦੂਸਰਿਆਂ ਨਾਲ ਮਿਲਣਾ-ਵਰਤਣਾ। ਜਦ ਤੁਹਾਡੇ ਬੱਚਿਆਂ ਵਿਚ ਅਣਬਣ ਹੋ ਜਾਂਦੀ ਹੈ, ਤਾਂ ਕੀ ਤੁਸੀਂ ਉਨ੍ਹਾਂ ਦੀ ਹਮੇਸ਼ਾ ਸੁਲ੍ਹਾ ਕਰਾਉਂਦੇ ਹੋ? ਜਾਂ ਕੀ ਤੁਸੀਂ ਉਨ੍ਹਾਂ ਨੂੰ ਸਿਖਾਇਆ ਹੈ ਕਿ ਉਹ ਆਪ ਹੀ ਸੁਲ੍ਹਾ-ਸਫ਼ਾਈ ਕਰ ਲੈਣ?—ਮੱਤੀ 5:23-25.

ਬਾਈਬਲ ਸਟੱਡੀ ਦੀ ਰੁਟੀਨ। ਕੀ ਤੁਸੀਂ ਆਪਣੇ ਬੱਚਿਆਂ ’ਤੇ ਹੁਕਮ ਚਲਾਉਂਦੇ ਹੋ ਕਿ ਉਨ੍ਹਾਂ ਨੂੰ ਕੀ ਮੰਨਣਾ ਚਾਹੀਦਾ ਹੈ ਜਾਂ ਕੀ ਤੁਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਪਰਮੇਸ਼ੁਰ ਦੀ ਕੋਈ ਵੀ ਕਹੀ ਗੱਲ ਕਿਉਂ ਮੰਨਦੇ ਹੋ? (2 ਤਿਮੋਥਿਉਸ 3:14, 15) ਆਪਣੇ ਬੱਚੇ ਦੇ ਹਰ ਸਵਾਲ ਦਾ ਜਵਾਬ ਖ਼ੁਦ ਦੇਣ ਦੀ ਬਜਾਇ ਕੀ ਤੁਸੀਂ ਉਨ੍ਹਾਂ ਨੂੰ ਚੰਗੀ “ਮੱਤ” ਅਤੇ “ਭਲੇ ਬੁਰੇ ਦੀ ਜਾਚ” ਕਰਨ ਲਈ ਤਿਆਰ ਕਰਦੇ ਹੋ? (ਕਹਾਉਤਾਂ 1:4; ਇਬਰਾਨੀਆਂ 5:14) ਕੀ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੀ ਮਿਸਾਲ ਦੇਖ ਕੇ ਬਾਈਬਲ ਦੀ ਸਟੱਡੀ ਕਰਨ?

ਬਿਨਾਂ ਸ਼ੱਕ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਕਾਫ਼ੀ ਸਮਾਂ ਲਾਉਣ ਅਤੇ ਮਿਹਨਤ ਕਰਨ ਦੀ ਜ਼ਰੂਰਤ ਪੈਂਦੀ ਹੈ। ਪਰ ਤੁਹਾਡੀ ਮਿਹਨਤ ਦਾ ਫਲ ਮਿੱਠਾ ਹੋਵੇਗਾ ਜਦ ਉਹ ਇਕ ਦਿਨ ਆਪਣਾ ਘਰ ਵਸਾਉਣਗੇ।

[ਸਫ਼ਾ 18 ਉੱਤੇ ਤਸਵੀਰ]

ਜਿਵੇਂ ਸਾਨੂੰ ਜੰਗਲ ਵਿਚ ਜਾਣ ਲਈ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਘਰ ਛੱਡਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਤਿਆਰ ਹੋਣ ਦੀ ਜ਼ਰੂਰਤ ਹੈ।