Skip to content

Skip to table of contents

ਟੈਨਸ਼ਨ ਉੱਤੇ ਕਾਬੂ ਰੱਖਣਾ

ਟੈਨਸ਼ਨ ਉੱਤੇ ਕਾਬੂ ਰੱਖਣਾ

ਟੈਨਸ਼ਨ ਉੱਤੇ ਕਾਬੂ ਰੱਖਣਾ

ਬਾਈਬਲ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦ “ਬਹੁਤ ਮੁਸ਼ਕਲਾਂ ਆਉਣਗੀਆਂ।” ਸ਼ਾਇਦ ਤੁਸੀਂ ਸਹਿਮਤ ਹੋਵੋਗੇ ਕਿ ਅੱਜ-ਕੱਲ੍ਹ ਮੁਸ਼ਕਲਾਂ ਕਾਰਨ ਬਹੁਤ ਲੋਕਾਂ ਨੂੰ ਟੈਨਸ਼ਨ ਰਹਿੰਦੀ ਹੈ।—2 ਤਿਮੋਥਿਉਸ 3:1, ERV.

ਜਿਵੇਂ ਤੁਸੀਂ ਜਾਣਦੇ ਹੋ ਕਿ ਭਖਦੀ ਅੱਗ ਬੁਝਾਉਣ ਨਾਲੋਂ ਥੋੜ੍ਹੀ ਜਿਹੀ ਅੱਗ ਨੂੰ ਬੁਝਾਉਣਾ ਜ਼ਿਆਦਾ ਆਸਾਨ ਹੈ। ਇਸੇ ਤਰ੍ਹਾਂ ਬਹੁਤ ਜ਼ਿਆਦਾ ਟੈਨਸ਼ਨ ਉੱਤੇ ਕਾਬੂ ਪਾਉਣ ਦੀ ਬਜਾਇ ਥੋੜ੍ਹੀ ਟੈਨਸ਼ਨ ਉੱਤੇ ਕਾਬੂ ਪਾਉਣਾ ਜ਼ਿਆਦਾ ਆਸਾਨ ਹੈ। ਇਕ ਡਾਕਟਰ ਨੇ ਕਿਹਾ ਕਿ “ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਟੈਨਸ਼ਨ ਘਟਾਉਣ ਦੀ ਕੋਸ਼ਿਸ਼ ਕਰੀਏ।” *

ਹਰ ਰੋਜ਼ ਟੈਨਸ਼ਨ ਘਟਾਉਣ ਦੇ ਦੋ ਫ਼ਾਇਦੇ ਹੁੰਦੇ ਹਨ। ਇਕ, ਸਾਨੂੰ ਉਨ੍ਹਾਂ ਗੱਲਾਂ ’ਤੇ ਕਾਬੂ ਰੱਖਣ ਦੀ ਮਦਦ ਮਿਲਦੀ ਹੈ ਜੋ ਸਾਡੇ ਅੰਦਰ ਟੈਨਸ਼ਨ ਪੈਦਾ ਕਰਦੀਆਂ ਹਨ। ਦੋ, ਟੈਨਸ਼ਨ ਹੋਣ ਦੇ ਬਾਵਜੂਦ ਅਸੀਂ ਆਪਣੇ ਉੱਤੇ ਕੰਟ੍ਰੋਲ ਰੱਖ ਸਕਦੇ ਹਾਂ।

ਕੀ ਬਾਈਬਲ ਸਾਨੂੰ ਟੈਨਸ਼ਨ ਘਟਾਉਣ ਦੀ ਮਦਦ ਦਿੰਦੀ ਹੈ?

ਬਾਈਬਲ ਤੋਂ ਮਦਦ

ਬਾਈਬਲ ਪੜ੍ਹ ਕੇ ਅਸੀਂ ਪਰਮੇਸ਼ੁਰ ਦੇ ਖ਼ਿਆਲ ਜਾਣ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਤਾਜ਼ਗੀ ਅਤੇ ਦਿਲਾਸਾ ਮਿਲਦਾ ਹੈ। ਪਰਮੇਸ਼ੁਰ ਦੇ ਬਚਨ ਤੋਂ ਸਾਨੂੰ ਵਧੀਆ ਸਲਾਹ ਮਿਲਦੀ ਹੈ। ਇਸ ਦੀਆਂ ਸਿੱਖਿਆਵਾਂ ਟੈਨਸ਼ਨ ਘਟਾਉਣ ਵਾਲਾ ਵੱਡਾ ਖ਼ਜ਼ਾਨਾ ਹੈ! ਜਦ ਕੋਈ ਬਿਪਤਾ ਆਉਂਦੀ ਹੈ, ਤਾਂ ਬਾਈਬਲ ਦੀ ਮਦਦ ਨਾਲ ਅਸੀਂ ‘ਨਾ ਕੰਬਦੇ ਅਤੇ ਨਾ ਘਬਰਾਉਂਦੇ’ ਹਾਂ। ਇਹ ਸਾਨੂੰ ਰੋਜ਼ ਦੀ ਟੈਨਸ਼ਨ ਸਹਿਣ ਵਿਚ ਮਦਦ ਦੇ ਸਕਦੀ ਹੈ।—ਯਹੋਸ਼ੁਆ 1:7-9.

ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ ਕਿ ਸਾਡਾ ਪਰਮੇਸ਼ੁਰ ਯਹੋਵਾਹ “ਵੱਡਾ ਦਰਦੀ ਅਤੇ ਦਿਆਲੂ ਹੈ।” ਇਹ ਗੱਲ ਜਾਣ ਕੇ ਸਾਡੀ ਟੈਨਸ਼ਨ ਘੱਟਦੀ ਹੈ। (ਯਾਕੂਬ 5:11) ਪੈਟਰਿਸ਼ਾ ਪਹਿਲਾਂ ਕੈਲੇਫ਼ੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹੁੰਦੀ ਸੀ। ਉਸ ਨੇ ਕਿਹਾ, “ਜਦ ਮੈਂ ਪਰਮੇਸ਼ੁਰ ਦੀ ਮਰਜ਼ੀ ਬਾਰੇ ਅਤੇ ਉਸ ਦੇ ਸ਼ਾਨਦਾਰ ਕੰਮਾਂ ਬਾਰੇ ਸੋਚਦੀ ਹਾਂ, ਤਾਂ ਮੇਰੀ ਬਹੁਤ ਮਦਦ ਹੁੰਦੀ ਹੈ।”

ਇਸ ਬਾਰੇ ਸੋਚੋ ਕਿ ਸਦੀਆਂ ਪਹਿਲਾਂ ਯਿਸੂ ਮਸੀਹ ਦੇ ਪਿਆਰ ਭਰੇ ਸ਼ਬਦਾਂ ਅਤੇ ਕੰਮਾਂ ਨੇ ਬੋਝ ਹੇਠ ਦੱਬੇ ਹੋਏ ਦੁਖੀ ਲੋਕਾਂ ਦੇ ਦਿਲਾਂ ਨੂੰ ਸਕੂਨ ਕਿਵੇਂ ਦਿੱਤਾ। ਉਸ ਨੇ ਪਿਆਰ ਨਾਲ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28-30.

ਇਹ ਬਿਲਕੁਲ ਸੱਚ ਹੈ ਕਿ ਯਿਸੂ ਕਠੋਰ ਨਹੀਂ ਸੀ। ਇਸ ਦੀ ਬਜਾਇ ਉਸ ਨੇ ਆਪਣੇ ਚੇਲਿਆਂ ਦੇ ਜਜ਼ਬਾਤਾਂ ਅਤੇ ਸਰੀਰਕ ਲੋੜਾਂ ਨੂੰ ਸਮਝਿਆ। ਇੱਥੋਂ ਤਕ ਕਿ ਜਦ ਉਹ ਪ੍ਰਚਾਰ ਕਰ ਕੇ ਥੱਕੇ ਹੋਏ ਸਨ, ਤਾਂ ਉਸ ਨੇ ਉਨ੍ਹਾਂ ਦੇ ਆਰਾਮ ਲਈ ਬੰਦੋਬਸਤ ਕੀਤਾ। (ਮਰਕੁਸ 6:30-32) ਯਿਸੂ ਹੁਣ ਸਵਰਗ ਵਿਚ ਰਾਜਾ ਹੈ ਅਤੇ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਉਹ ਸਮਝਦਾ ਹੈ ਜਦ ਮੁਸ਼ਕਲਾਂ ਕਾਰਨ ਸਾਨੂੰ ਟੈਨਸ਼ਨ ਹੁੰਦੀ ਹੈ। ਉਹ ਸਾਡੇ ’ਤੇ ਦਇਆ ਕਰ ਕੇ “ਵੇਲੇ ਸਿਰ ਸਾਡੀ ਸਹਾਇਤਾ” ਕਰਦਾ ਹੈ।—ਇਬਰਾਨੀਆਂ 2:17, 18; 4:16.

ਦਿਲ ਖੋਲ੍ਹ ਕੇ ਗੱਲ ਕਰੋ

ਆਪਣੀ ਟੈਨਸ਼ਨ ਘਟਾਉਣ ਲਈ ਗੱਲ ਕਰਨੀ ਜ਼ਰੂਰੀ ਹੈ। ਬਾਈਬਲ ਸਿਖਾਉਂਦੀ ਹੈ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ, ਸੋ ਜਿੰਨੇ ਸਲਾਹਕਾਰ ਅਧਿਕ ਹੋਣਗੇ ਉੱਨੀ ਅਧਿਕ ਸਫਲਤਾ ਮਿਲੇਗੀ।” (ਕਹਾਉਤਾਂ 15:22, CL) ਇਸ ਲਈ ਬਹੁਤਿਆਂ ਨੇ ਦੇਖਿਆ ਹੈ ਕਿ ਜਦ ਉਹ ਆਪਣੇ ਜੀਵਨ-ਸਾਥੀ, ਕਿਸੇ ਦੋਸਤ ਜਾਂ ਸਹਿਕਰਮੀ ਨਾਲ ਦਿਲ ਖੋਲ੍ਹ ਕੇ ਗੱਲ ਕਰਦੇ ਹਨ, ਤਾਂ ਉਨ੍ਹਾਂ ਦੀ ਟੈਨਸ਼ਨ ਘੱਟ ਜਾਂਦੀ ਹੈ।

ਸਭ ਤੋਂ ਵਧੀਆ “ਸਲਾਹ” ਸਾਨੂੰ ਉਦੋਂ ਮਿਲਦੀ ਹੈ ਜਦ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ। ਬਾਕਾਇਦਾ ਪ੍ਰਾਰਥਨਾ ਕਰਨ ਦੀ ਮਦਦ ਸਦਕਾ ਅਸੀਂ “ਕਿਸੇ ਗੱਲ ਦੀ ਚਿੰਤਾ” ਨਹੀਂ ਕਰਾਂਗੇ। ਬਹੁਤਿਆਂ ਦਾ ਤਜਰਬਾ ਹੈ ਕਿ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਨਾਲ ਉਨ੍ਹਾਂ ਨੇ “ਪਰਮੇਸ਼ੁਰ ਦੀ ਸ਼ਾਂਤੀ” ਪਾਈ ਹੈ “ਜੋ ਸਾਰੀ ਸਮਝ ਤੋਂ ਪਰੇ ਹੈ।” ਬਾਈਬਲ ਦੇ ਵਾਅਦੇ ਮੁਤਾਬਕ ਉਨ੍ਹਾਂ ਦੇ “ਮਨਾਂ ਅਤੇ ਸੋਚਾਂ ਦੀ ਰਾਖੀ” ਹੋਈ ਹੈ।—ਫ਼ਿਲਿੱਪੀਆਂ 4:6, 7; ਕਹਾਉਤਾਂ 14:30.

ਟੈਨਸ਼ਨ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ ਕਿ “ਜਿਨ੍ਹਾਂ ਲੋਕਾਂ ਦੇ ਸਾਥ ਦੇਣ ਵਾਲੇ ਦੋਸਤ ਹਨ, ਉਹ ਉਨ੍ਹਾਂ ਨਾਲੋਂ ਆਪਣੀਆਂ ਮੁਸ਼ਕਲਾਂ ਨੂੰ ਬਿਹਤਰ ਤਰੀਕੇ ਨਾਲ ਨਿਪਟਦੇ ਹਨ ਜੋ ਆਪਣੇ ਆਪ ਹੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਕੋਸ਼ਿਸ਼ ਕਰਦੇ ਹਨ।” ਯਹੋਵਾਹ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕ ਇਕ-ਦੂਜੇ ਨੂੰ ਬਹੁਤ ਸਹਾਰਾ ਦਿੰਦੇ ਹਨ। ਬਾਈਬਲ ਦੇ ਕਹਿਣੇ ਮੁਤਾਬਕ ਉਹ ਇਕ-ਦੂਜੇ ਨੂੰ ਮਿਲਦੇ ਅਤੇ ਹੌਸਲਾ ਦਿੰਦੇ ਰਹਿੰਦੇ ਹਨ। (ਇਬਰਾਨੀਆਂ 10:24, 25) ਯਹੋਵਾਹ ਦਾ ਇਕ ਗਵਾਹ ਦੱਸਦਾ ਹੈ: “ਕਈ ਵਾਰ ਮੈਨੂੰ ਲੰਬੀ ਦਿਹਾੜੀ ਲਾਉਣੀ ਪੈਂਦੀ ਹੈ ਅਤੇ ਮੈਨੂੰ ਟੈਨਸ਼ਨ ਬਹੁਤ ਹੁੰਦੀ ਹੈ। ਪਰ ਮੀਟਿੰਗ ਜਾਣ ਤੋਂ ਬਾਅਦ ਮੇਰੀ ਟੈਨਸ਼ਨ ਚਲੀ ਜਾਂਦੀ ਹੈ ਅਤੇ ਮੈਂ ਤਾਜ਼ਗੀ ਮਹਿਸੂਸ ਕਰਦਾ ਹਾਂ।”

ਇਹ ਵੀ ਬਹੁਤ ਜ਼ਰੂਰੀ ਹੈ ਕਿ ਟੈਨਸ਼ਨ ਨੂੰ ਸਹਿੰਦੇ ਵੇਲੇ ਤੁਸੀਂ ਮਜ਼ਾਕ ਕਰੋ। ਉਪਦੇਸ਼ਕ ਦੀ ਪੋਥੀ 3:4 ਵਿਚ ਲਿਖਿਆ ਹੈ ਕਿ “ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ।” ਹੱਸ ਕੇ ਤਾਜ਼ਗੀ ਮਿਲਦੀ ਹੈ ਅਤੇ ਸਿਹਤ ਲਈ ਵੀ ਚੰਗਾ ਹੈ। ਇਕ ਡਾਕਟਰ ਦਾ ਕਹਿਣਾ ਹੈ ਕਿ “ਜਦ ਅਸੀਂ ਹੱਸਦੇ ਹਾਂ, ਤਾਂ ਸਾਡਾ ਸਰੀਰ ਐਨਡੋਰਫਿਨ ਨਾਂ ਦਾ ਰਸਾਇਣ ਪੈਦਾ ਕਰਦਾ ਹੈ ਅਤੇ ਅਡਰੇਨਾਲਿਨ ਨੂੰ ਪੈਦਾ ਹੋਣ ਤੋਂ ਰੋਕਦਾ ਹੈ।” ਇਕ ਪਤਨੀ ਦੱਸਦੀ ਹੈ, “ਜਦ ਵੀ ਕਿਸੇ ਗੱਲ ਕਾਰਨ ਮੈਨੂੰ ਟੈਨਸ਼ਨ ਹੁੰਦੀ ਹੈ, ਮੇਰੇ ਪਤੀ ਕੋਈ ਹਾਸੇ ਵਾਲੀ ਗੱਲ ਕਹਿ ਦਿੰਦੇ ਹਨ ਅਤੇ ਇਸ ਨਾਲ ਟੈਨਸ਼ਨ ਨੂੰ ਸਹਿਣਾ ਸੌਖਾ ਹੋ ਜਾਂਦਾ ਹੈ।”

ਟੈਨਸ਼ਨ ਘਟਾਉਣ ਵਾਲੇ ਗੁਣ

ਬਾਈਬਲ ਉਨ੍ਹਾਂ ਗੁਣਾਂ ਨੂੰ ਅਪਣਾਉਣ ਦੀ ਸਲਾਹ ਦਿੰਦੀ ਹੈ ਜੋ ਟੈਨਸ਼ਨ ਨੂੰ ਘਟਾਉਂਦੇ ਹਨ। ਉਹ ਹਨ, “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” ਇਹ ਗੁਣ ਪਰਮੇਸ਼ੁਰ ਦੀ ਸ਼ਕਤੀ ਦਾ ਫਲ ਹਨ। ਇਸ ਤੋਂ ਇਲਾਵਾ ਬਾਈਬਲ ਤਗੀਦ ਕਰਦੀ ਹੈ ਕਿ “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ।”—ਗਲਾਤੀਆਂ 5:22, 23; ਅਫ਼ਸੀਆਂ 4:31, 32.

ਇਕ ਡਾਕਟਰ ਨੇ ਦੱਸਿਆ ਕਿ ਅੱਜ ਦੇ ਜ਼ਮਾਨੇ ਵਿਚ ਬਾਈਬਲ ਦੀ ਸਲਾਹ ਨੂੰ ਅਪਣਾਉਣ ਦੇ ਫ਼ਾਇਦੇ ਕੀ ਹਨ ਜਦ ਉਸ ਨੇ ਕਿਹਾ, “ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਉਣ ਨਾਲ ਟੈਨਸ਼ਨ ਘੱਟਦੀ ਹੈ।” ਬਾਈਬਲ ਸਾਨੂੰ ਆਪਣੀਆਂ ਹੱਦਾਂ ਵਿਚ ਰਹਿਣ ਦੀ ਵੀ ਸਲਾਹ ਦਿੰਦੀ ਹੈ, ਮਤਲਬ ਕਿ ਅਸੀਂ ਉੱਨਾ ਹੀ ਕਰੀਏ ਜਿੰਨਾ ਅਸੀਂ ਕਰ ਸਕਦੇ ਹਾਂ।—ਮੀਕਾਹ 6:8.

ਪਰਮੇਸ਼ੁਰ ਸਾਡੇ ਤੋਂ ਇਹ ਉਮੀਦ ਰੱਖਦਾ ਹੈ ਕਿ ਅਸੀਂ ਨਿਮਰ ਹੋ ਕੇ ਆਪਣੀਆਂ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਹੱਦਾਂ ਪਛਾਣੀਏ ਅਤੇ ਇਹ ਵੀ ਸਵੀਕਾਰ ਕਰੀਏ ਕਿ ਅਸੀਂ ਸਾਰਾ ਕੁਝ ਨਹੀਂ ਕਰ ਸਕਦੇ। ਭਾਵੇਂ ਇਹ ਸਾਡੇ ਲਈ ਔਖਾ ਹੋਵੇ, ਫਿਰ ਵੀ ਸਾਨੂੰ ਸ਼ਾਇਦ ਸਿੱਖਣਾ ਪਵੇ ਕਿ ਕਦੇ-ਕਦੇ ਸਾਨੂੰ ਨਾਂਹ ਕਹਿਣ ਦੀ ਲੋੜ ਪਵੇਗੀ ਜਦ ਕੋਈ ਕੰਮ ਸਾਡੀ ਹੱਦੋਂ ਬਾਹਰ ਹੈ।

ਇਸ ਦਾ ਇਹ ਮਤਲਬ ਨਹੀਂ ਕਿ ਬਾਈਬਲ ਦੀ ਸਲਾਹ ਲਾਗੂ ਕਰ ਕੇ ਸਾਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੋਵੇਗੀ। ਸੱਚ ਇਹ ਹੈ ਕਿ ਸ਼ਤਾਨ ਪਰਮੇਸ਼ੁਰ ਦੇ ਸੇਵਕਾਂ ਨੂੰ ਪਰੇਸ਼ਾਨ ਕਰਦਾ ਹੈ ਤਾਂਕਿ ਉਹ ਰੱਬ ਦਾ ਰਾਹ ਛੱਡ ਦੇਣ। (ਪਰਕਾਸ਼ ਦੀ ਪੋਥੀ 12:17) ਪਰ ਜਿਵੇਂ ਅਸੀਂ ਦੇਖਿਆ ਹੈ ਪਰਮੇਸ਼ੁਰ ਸਾਡੀ ਬਹੁਤ ਮਦਦ ਕਰਦਾ ਹੈ ਤਾਂਕਿ ਅਸੀਂ ਆਪਣੀ ਟੈਨਸ਼ਨ ਨੂੰ ਨਾ ਸਿਰਫ਼ ਸਹਿ ਸਕੀਏ, ਪਰ ਉਸ ਨੂੰ ਘਟਾ ਵੀ ਸਕੀਏ। (g10-E 06)

[ਫੁਟਨੋਟ]

^ ਪੈਰਾ 3 ਜੇ ਤੁਹਾਨੂੰ ਲੰਬੇ ਸਮੇਂ ਤੋਂ ਟੈਨਸ਼ਨ ਹੈ ਜਾਂ ਬਹੁਤੀ ਟੈਨਸ਼ਨ ਰਹਿੰਦੀ ਹੈ ਜਿਸ ਦਾ ਤੁਹਾਡੀ ਸਿਹਤ ਉੱਤੇ ਅਸਰ ਪੈਂਦਾ ਹੈ, ਤਾਂ ਸ਼ਾਇਦ ਡਾਕਟਰ ਨੂੰ ਮਿਲ ਕੇ ਤੁਹਾਡੀ ਮਦਦ ਹੋ ਸਕਦੀ ਹੈ।

[ਸਫ਼ਾ 27 ਉੱਤੇ ਡੱਬੀ]

ਟੈਨਸ਼ਨ ਘਟਾਉਣ ਦੇ ਕੁਝ ਤਰੀਕੇ

● ਆਪਣੇ ਆਪ ਤੋਂ ਅਤੇ ਦੂਸਰਿਆਂ ਤੋਂ ਜ਼ਿਆਦਾ ਉਮੀਦ ਨਾ ਰੱਖੋ।—ਉਪਦੇਸ਼ਕ ਦੀ ਪੋਥੀ 7:16.

● ਜ਼ਰੂਰੀ ਗੱਲਾਂ ਨੂੰ ਪਹਿਲ ਦਿਓ।—ਫ਼ਿਲਿੱਪੀਆਂ 1:10, 11.

● ਬਾਕਾਇਦਾ ਕਸਰਤ ਕਰੋ।—1 ਤਿਮੋਥਿਉਸ 4:8.

● ਯਹੋਵਾਹ ਪਰਮੇਸ਼ੁਰ ਦੀ ਰਚਨਾ ਦਾ ਆਨੰਦ ਮਾਣੋ।—ਜ਼ਬੂਰਾਂ ਦੀ ਪੋਥੀ 92:4, 5.

● ਆਪਣੇ ਲਈ ਸਮਾਂ ਕੱਢੋ।—ਮੱਤੀ 14:23.

● ਆਰਾਮ ਕਰੋ ਅਤੇ ਵੇਲੇ ਸਿਰ ਸੌਂਵੋ।—ਉਪਦੇਸ਼ਕ ਦੀ ਪੋਥੀ 4:6.

[ਸਫ਼ਾ 25 ਉੱਤੇ ਤਸਵੀਰ]

ਦਿਲ ਖੋਲ੍ਹ ਕੇ ਗੱਲ ਕਰਨ ਨਾਲ ਟੈਨਸ਼ਨ ਘੱਟ ਸਕਦੀ ਹੈ

[ਸਫ਼ਾ 25 ਉੱਤੇ ਤਸਵੀਰ]

ਚੰਗੇ ਗੁਣ ਪੈਦਾ ਕਰਨ ਨਾਲ ਟੈਨਸ਼ਨ ਘੱਟਦੀ ਹੈ