Skip to content

Skip to table of contents

ਫਲੂ ਆਪਣੇ ਪਰਿਵਾਰ ਨੂੰ ਬਚਾਓ

ਫਲੂ ਆਪਣੇ ਪਰਿਵਾਰ ਨੂੰ ਬਚਾਓ

ਫਲੂ ਆਪਣੇ ਪਰਿਵਾਰ ਨੂੰ ਬਚਾਓ

ਯਿਸੂ ਨੇ ਇਸ ਸੰਸਾਰ ਦੇ ਅੰਤ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਕਿ “ਵੱਖ-ਵੱਖ ਥਾਵਾਂ ਤੇ ਮਹਾਮਾਰੀ ਪਵੇਗੀ।” (ਲੂਕਾ 21:11, ERV) ਫਲੂ ਜਾਂ ਇਨਫਲੂਐਂਜ਼ਾ ਅਜਿਹੀ ਇਕ ਮਹਾਂਮਾਰੀ ਹੈ।

ਫਲੂ ਇਕ ਵਾਇਰਸ ਤੋਂ ਪੈਦਾ ਹੁੰਦਾ ਹੈ। ਇਹ ਵਾਇਰਸ ਜੀਉਂਦੇ ਸੈੱਲਾਂ ਦੇ ਅੰਦਰ ਪ੍ਰਵੇਸ਼ ਹੋ ਕੇ ਹੋਰ ਵਾਇਰਸ ਪੈਦਾ ਕਰ ਲੈਂਦਾ ਹੈ। ਸਾਹ-ਪ੍ਰਣਾਲੀ ’ਤੇ ਵਾਰ ਕਰਨ ਵਾਲਾ ਫਲੂ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਮੁੱਖ ਤੌਰ ਤੇ ਉਦੋਂ ਬੂੰਦਾਂ ਰਾਹੀਂ ਫੈਲਦਾ ਹੈ ਜਦੋਂ ਬੀਮਾਰ ਬੰਦਾ ਛਿੱਕਦਾ, ਖੰਘਦਾ ਜਾਂ ਬੋਲਦਾ ਹੈ। ਵੱਡੇ ਪੈਮਾਨੇ ਤੇ ਲੋਕਾਂ ਵਿਚ ਫੈਲੇ ਹੋਏ ਫਲੂ ਨੂੰ ਮਹਾਂਮਾਰੀ ਕਿਹਾ ਜਾਂਦਾ ਹੈ।

ਵਾਇਰਸ ਲੋਕਾਂ ਵਿਚ ਹੀ ਨਹੀਂ, ਪਰ ਪਸ਼ੂਆਂ ਤੇ ਪੰਛੀਆਂ ਵਿਚ ਵੀ ਫੈਲ ਜਾਂਦੇ ਹਨ। ਫਲੂ ਵਾਇਰਸਾਂ ਨੂੰ A, B ਜਾਂ C ਟਾਈਪ ਵਿਚ ਵੰਡਿਆ ਜਾਂਦਾ ਹੈ। ਇਨਫਲੂਐਂਜ਼ਾ ਜ਼ਿਆਦਾਤਰ A ਟਾਈਪ ਦੇ ਵਾਇਰਸ ਕਰਕੇ ਹੁੰਦਾ ਹੈ। ਵਾਇਰਸਾਂ ਨੂੰ ਉਨ੍ਹਾਂ ਦੀ ਬਾਹਰਲੀ ਤਹਿ ਦੇ ਦੋ ਪ੍ਰੋਟੀਨਾਂ ਅਨੁਸਾਰ ਵੰਡਿਆ ਜਾਂਦਾ ਹੈ: ਹੇਮਾਗਲੂਟੀਨਿਨ (H) ਅਤੇ ਨਿਯੁਰਾਮਿਨਿਡੇਜ਼ (N)।

ਫਲੂ ਵਾਇਰਸਾਂ ਬਾਰੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਉਹ ਲਗਾਤਾਰ ਨਵੇਂ-ਨਵੇਂ ਰੂਪ ਧਾਰ ਕੇ ਬੜੀ ਤੇਜ਼ੀ ਨਾਲ ਵੱਧ ਸਕਦੇ ਹਨ। ਇਸ ਦੇ ਨਾਲ-ਨਾਲ ਵੱਖਰੇ-ਵੱਖਰੇ ਟਾਈਪ ਮਿਲ ਕੇ ਹੋਰ ਵੀ ਨਵੇਂ ਟਾਈਪ ਪੈਦਾ ਕਰਨ ਦੇ ਯੋਗ ਹਨ। ਜੇ ਕੋਈ ਬਹੁਤ ਹੀ ਅਜੀਬ ਟਾਈਪ ਦਾ ਵਾਇਰਸ ਨਿਕਲੇ, ਤਾਂ ਸਾਡਾ ਸਰੀਰ ਸ਼ਾਇਦ ਉਸ ਦਾ ਮੁਕਾਬਲਾ ਨਾ ਕਰ ਪਾਵੇ।

ਫਲੂ ਠੰਢੇ ਮਹੀਨਿਆਂ ਵਿਚ ਜ਼ਿਆਦਾ ਹੁੰਦਾ ਹੈ। ਹਾਲ ਹੀ ਦੀ ਰੀਸਰਚ ਅਨੁਸਾਰ ਠੰਢੇ ਮੌਸਮ ਵਿਚ ਵਾਇਰਸਾਂ ਦੀ ਬਾਹਰਲੀ ਤਹਿ ਇਕ ਸੁਰੱਖਿਅਕ ਜੈੱਲ ਬਣ ਜਾਂਦੀ ਹੈ ਜਿਸ ਕਰਕੇ ਵਾਇਰਸ ਹਵਾ ਵਿਚ ਜ਼ਿਆਦਾ ਚਿਰ ਜੀਵਿਤ ਰਹਿ ਸਕਦੇ ਹਨ। ਪਰ ਸਾਹ-ਨਾਲੀ ਦੇ ਨਿੱਘੇ ਤਾਪਮਾਨ ਵਿਚ ਪਹੁੰਚਦੇ ਸਾਰ ਹੀ ਇਹ ਜੈੱਲ ਪਿਘਲ ਜਾਂਦੀ ਹੈ ਜਿਸ ਕਰਕੇ ਛੂਤ ਸ਼ੁਰੂ ਹੋ ਜਾਂਦੀ ਹੈ। ਅਸਲ ਵਿਚ ਠੰਢੀ ਹਵਾ ਵਾਇਰਲ ਛੂਤ ਨਹੀਂ ਪੈਦਾ ਕਰਦੀ, ਪਰ ਉਹ ਛੂਤ ਫੈਲਾਉਣ ਵਾਲਾ ਮਾਹੌਲ ਜ਼ਰੂਰ ਪੈਦਾ ਕਰ ਸਕਦੀ ਹੈ।

ਛੂਤ ਤੋਂ ਕਿਵੇਂ ਬਚੀਏ

ਕਈ ਸਰਕਾਰਾਂ ਨੇ ਪਬਲਿਕ ਦੀ ਸੁਰੱਖਿਆ ਲਈ ਕੁਝ ਪ੍ਰਬੰਧ ਕੀਤੇ ਹਨ। ਪਰ ਤੁਸੀਂ ਖ਼ੁਦ ਆਪਣੀ ਸੁਰੱਖਿਆ ਲਈ ਕੀ ਕਰ ਸਕਦੇ ਹੋ? ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ:

ਆਪਣੇ ਸਰੀਰ ਨੂੰ ਤੰਦਰੁਸਤ ਰੱਖੋ: ਇਹ ਨਿਸ਼ਚਿਤ ਕਰੋ ਕਿ ਪਰਿਵਾਰ ਦਾ ਹਰ ਮੈਂਬਰ ਸਹੀ ਸਮੇਂ ’ਤੇ ਸੌਂਦਾ ਹੈ ਅਤੇ ਪੂਰੀ ਨੀਂਦ ਲੈਂਦਾ ਹੈ ਤੇ ਸ਼ਕਤੀ ਦੇਣ ਵਾਲੀ ਖ਼ੁਰਾਕ ਖਾਂਦਾ ਹੈ ਜੋ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰੇਗੀ। ਤੁਹਾਡੀ ਖ਼ੁਰਾਕ ਵਿਚ ਤਾਜ਼ੇ ਫਲ-ਸਬਜ਼ੀਆਂ, ਅਨਾਜ ਅਤੇ ਚਰਬੀ ਤੋਂ ਬਿਨਾਂ ਪ੍ਰੋਟੀਨ ਸ਼ਾਮਲ ਹੋਣੇ ਚਾਹੀਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਐਮੀਨੋ ਐਸਿਡ ਪ੍ਰਦਾਨ ਕਰਦੇ ਹਨ।

ਰੋਗਾਣੂਆਂ ਨੂੰ ਮੌਕਾ ਨਾ ਦਿਓ: ਜਿਸ ਹੱਦ ਤਕ ਹੋ ਸਕੇ, ਤੁਸੀਂ ਮੇਜ਼ਾਂ ਅਤੇ ਰਸੋਈ ਦੀ ਉਸ ਜਗ੍ਹਾ ਨੂੰ ਧੋ ਕੇ ਸਾਫ਼-ਸੁਥਰਾ ਰੱਖੋ ਜਿੱਥੇ ਤੁਸੀਂ ਖਾਣਾ ਬਣਾਉਂਦੇ ਹੋ। ਖਾਣਾ ਪਕਾਉਣ ਅਤੇ ਖਾਣਾ ਖਾਣ ਵਾਲੇ ਭਾਂਡਿਆਂ ਨੂੰ ਵਰਤਣ ਤੋਂ ਬਾਅਦ ਧੋਵੋ। ਆਪਣੇ ਬਿਸਤਰੇ ਨੂੰ ਬਾਕਾਇਦਾ ਧੋਵੋ। ਉਨ੍ਹਾਂ ਚੀਜ਼ਾਂ ਨੂੰ ਦਵਾਈ ਨਾਲ ਸਾਫ਼ ਕਰੋ ਜਿਨ੍ਹਾਂ ਨੂੰ ਤੁਸੀਂ ਛੋਂਹਦੇ ਹੋ ਜਿਵੇਂ ਕਿ ਦਰਵਾਜ਼ਿਆਂ ਦੇ ਹੈਂਡਲ, ਟੈਲੀਫ਼ੋਨ ਤੇ ਰੀਮੋਟ ਕੰਟ੍ਰੋਲ। ਖਿੜਕੀਆਂ ਖੋਲ੍ਹ ਕੇ ਘਰ ਵਿਚ ਤਾਜ਼ੀ ਹਵਾ ਆਉਣ ਦਿਓ।

ਸਾਫ਼ ਰਹਿਣ ਦੀਆਂ ਵਧੀਆ ਆਦਤਾਂ ਅਪਣਾਓ: ਸਾਬਣ-ਪਾਣੀ ਨਾਲ ਹੱਥ ਧੋਵੋ ਜਾਂ ਅਲਕੋਹਲ ਵਾਲੇ ਕਲੀਨਰ ਵਰਤੋ। (ਜੇ ਹੋ ਸਕੇ, ਤਾਂ ਹੱਥ ਧੋਣ ਵਾਸਤੇ ਕਲੀਨਰ ਦੀ ਛੋਟੀ ਸ਼ੀਸ਼ੀ ਕੋਲ ਰੱਖੋ।) ਮੂੰਹ-ਹੱਥ ਸੁਕਾਉਣ ਲਈ ਇਕ-ਦੂਜੇ ਦੇ ਤੋਲੀਏ ਨਾ ਵਰਤੋ, ਭਾਵੇਂ ਕਿ ਉਹ ਤੁਹਾਡੇ ਪਰਿਵਾਰ ਦੇ ਮੈਂਬਰ ਹੀ ਕਿਉਂ ਨਾ ਹੋਣ।

ਬਗੈਰ ਹੱਥ ਧੋਤੇ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਹੱਥ ਨਾ ਲਾਓ। ਜੇ ਹੋ ਸਕੇ, ਤਾਂ ਖੰਘਦਿਆਂ ਜਾਂ ਛਿੱਕ ਮਾਰਦਿਆਂ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਨਾਲ ਢੱਕੋ ਤੇ ਫਿਰ ਟਿਸ਼ੂ ਨੂੰ ਤੁਰੰਤ ਸੁੱਟ ਦਿਓ। ਟੈਲੀਫ਼ੋਨ ਵਰਗੇ ਸਾਧਨਾਂ ਦੁਆਰਾ ਰੋਗਾਣੂ ਬਹੁਤ ਜਲਦੀ ਫੈਲਦੇ ਹਨ, ਸੋ ਦੂਸਰਿਆਂ ਨਾਲ ਇਹੋ ਜਿਹੇ ਸਾਧਨ ਸਾਂਝੇ ਕਰਨ ਤੋਂ ਪਰਹੇਜ਼ ਕਰੋ। ਬੱਚਿਆਂ ਨੂੰ ਇਹ ਆਦਤਾਂ ਅਪਣਾਉਣ ਦੀ ਸਿਖਲਾਈ ਦਿਓ। ਇਹ ਆਦਤਾਂ ਆਮ ਤੌਰ ਤੇ ਵੀ ਲਾਭਦਾਇਕ ਹੁੰਦੀਆਂ ਹਨ, ਪਰ ਖ਼ਾਸ ਤੌਰ ਤੇ ਜਦੋਂ ਫਲੂ ਜ਼ਿਆਦਾ ਫੈਲਿਆ ਹੋਵੇ।

ਦੂਸਰਿਆਂ ਬਾਰੇ ਸੋਚੋ

ਫਲੂ ਦੇ ਲੱਛਣ ਮਹਿਸੂਸ ਕਰਨ ਤੋਂ ਇਕ ਦਿਨ ਪਹਿਲਾਂ ਅਤੇ ਬੀਮਾਰ ਹੋਣ ਤੋਂ ਬਾਅਦ ਪੰਜ ਦਿਨਾਂ ਤਕ ਤੁਸੀਂ ਦੂਸਰਿਆਂ ਤਕ ਛੂਤ ਫੈਲਾ ਸਕਦੇ ਹੋ। ਫਲੂ ਦੇ ਲੱਛਣ ਆਮ ਜ਼ੁਕਾਮ ਵਰਗੇ ਹੁੰਦੇ ਹਨ, ਪਰ ਕਿਤੇ ਹੀ ਜ਼ਬਰਦਸਤ। ਤੇਜ਼ ਬੁਖ਼ਾਰ, ਸਿਰਦਰਦ, ਬਹੁਤ ਜ਼ਿਆਦਾ ਥਕਾਵਟ, ਖ਼ੁਸ਼ਕ ਖੰਘ ਤੇ ਮਾਸ-ਪੇਸ਼ੀਆਂ ਵਿਚ ਦਰਦ ਕੁਝ ਲੱਛਣ ਹਨ। ਵਗਦੇ ਨੱਕ ਤੋਂ ਇਲਾਵਾ, ਜੀ ਕੱਚਾ ਹੋਣਾ, ਉਲਟੀਆਂ ਤੇ ਦਸਤ ਵਰਗੇ ਪੇਟ ਦੇ ਅਜਿਹੇ ਲੱਛਣ ਸਿਆਣਿਆਂ ਨਾਲੋਂ ਨਿਆਣਿਆਂ ਵਿਚ ਜ਼ਿਆਦਾ ਪਾਏ ਜਾਂਦੇ ਹਨ। ਜੇ ਤੁਸੀਂ ਇਨ੍ਹਾਂ ਲੱਛਣਾਂ ਤੋਂ ਪੀੜਿਤ ਹੋ, ਤਾਂ ਦੂਸਰਿਆਂ ਤਕ ਛੂਤ ਨਾ ਫੈਲਾਓ, ਪਰ ਆਪਣੇ ਘਰ ਹੀ ਰਹੋ।

ਪੂਰੀ ਤਰ੍ਹਾਂ ਆਰਾਮ ਕਰੋ ਤੇ ਜਿੰਨਾ ਹੋ ਸਕੇ ਪਾਣੀ ਪੀਓ। ਵਾਇਰਸ ਦਾ ਵਾਧਾ ਰੋਕਣ ਵਾਲੀਆਂ ਦਵਾਈਆਂ ਲੈਣ ਨਾਲ ਆਰਾਮ ਆ ਸਕਦਾ ਹੈ, ਪਰ ਸਿਰਫ਼ ਉਦੋਂ ਹੀ ਜੇ ਉਹ ਲੱਛਣ ਸ਼ੁਰੂ ਹੋਣ ਤੇ ਇਕਦਮ ਲਈਆਂ ਜਾਣ। ਜੇ ਬੱਚਿਆਂ ਨੂੰ ਫਲੂ ਹੋਵੇ, ਤਾਂ ਉਨ੍ਹਾਂ ਨੂੰ ਐਸਪਰੀਨ ਦੀ ਗੋਲੀ ਨਾ ਦਿਓ। ਜੇ ਨਮੂਨੀਆ ਵਰਗੇ ਲੱਛਣ ਮਹਿਸੂਸ ਹੋਣ ਜਿਵੇਂ ਕਿ ਸਾਹ ਲੈਣ ਵਿਚ ਮੁਸ਼ਕਲ ਆਉਣੀ, ਛਾਤੀ ਵਿਚ ਦਰਦ ਹੋਣਾ ਜਾਂ ਲਗਾਤਾਰ ਬਹੁਤ ਸਿਰਦਰਦ ਹੋਣਾ, ਤਾਂ ਐਮਰਜੈਂਸੀ ਡਾਕਟਰੀ ਮਦਦ ਭਾਲੋ।

ਫਲੂ ਵਰਗੀ ਗੰਭੀਰ ਬੀਮਾਰੀ ਹੋਣ ਤੇ ਤੁਸੀਂ ਘਬਰਾ ਸਕਦੇ ਹੋ। ਪਰ ਪਹਿਲਾਂ ਹੀ ਤਿਆਰ ਰਹਿਣ ਨਾਲ ਤੁਸੀਂ ਉਸ ਦਾ ਮੁਕਾਬਲਾ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਉਸ ਸਮੇਂ ਦੀ ਆਸ ਰੱਖ ਸਕਦੇ ਹੋ ਜਦੋਂ ਬਾਈਬਲ ਦੇ ਵਾਅਦੇ ਅਨੁਸਾਰ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24. (g10-E 06)

[ਸਫ਼ਾ 13 ਉੱਤੇ ਡੱਬੀ]

ਇਕ ਡਾਢੇ ਪ੍ਰਕਾਰ ਦਾ ਫਲੂ

2009 ਵਿਚ ਮੈਕਸੀਕੋ ਵਿਚ ਪਹਿਲੀ ਵਾਰ H1N1 ਨਾਂ ਦੇ ਫਲੂ ਦੀ ਪਛਾਣ ਕੀਤੀ ਗਈ ਸੀ। ਇਹ ਫਲੂ 1918 ਦੇ ਸਪੈਨਿਸ਼ ਫਲੂ ਵਰਗਾ ਹੈ ਜਿਸ ਕਰਕੇ ਲੱਖਾਂ ਹੀ ਲੋਕਾਂ ਦੀ ਮੌਤ ਹੋ ਗਈ। ਪਰ ਇਸ ਫਲੂ ਦੇ ਉਹ ਲੱਛਣ ਵੀ ਹਨ ਜੋ ਸੂਰਾਂ ਤੇ ਪੰਛੀਆਂ ਨੂੰ ਲੱਗਣ ਵਾਲੇ ਵਾਇਰਸ ਵਿਚ ਪਾਏ ਜਾਂਦੇ ਹਨ।

[ਸਫ਼ਾ 14 ਉੱਤੇ ਡੱਬੀ/ਤਸਵੀਰਾਂ]

ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਬਚਾ ਕੇ ਰੱਖਣ ਦੇ ਛੇ ਤਰੀਕੇ

1. ਖੰਘਦੇ ਸਮੇਂ ਆਪਣੇ ਮੂੰਹ ਨੂੰ ਢੱਕ ਕੇ ਰੱਖੋ

2. ਆਪਣੇ ਹੱਥ ਧੋਵੋ

3. ਖਿੜਕੀਆਂ ਖੋਲ੍ਹੋ ਤਾਂਕਿ ਘਰ ਵਿਚ ਤਾਜ਼ੀ ਹਵਾ ਆ ਸਕੇ

4. ਸਾਫ਼ ਰੱਖੋ

5. ਜੇ ਬੀਮਾਰ ਹੋਵੋ, ਤਾਂ ਘਰ ਰਹਿਣ ਦੀ ਕੋਸ਼ਿਸ਼ ਕਰੋ

6. ਜੇ ਬੀਮਾਰ ਹੋਵੋ, ਤਾਂ ਦੂਸਰਿਆਂ ਦੇ ਬਹੁਤਾ ਲਾਗੇ ਨਾ ਜਾਓ

[ਸਫ਼ਾ 15 ਉੱਤੇ ਡੱਬੀ/ਤਸਵੀਰ]

ਜਦੋਂ ਮਹਾਂਮਾਰੀ ਫੈਲ ਜਾਵੇ

ਪਹਿਲਾਂ ਸਿਹਤ-ਸੰਬੰਧੀ ਅਧਿਕਾਰੀਆਂ ਦੀਆਂ ਹਿਦਾਇਤਾਂ ’ਤੇ ਚੱਲੋ। ਘਬਰਾਓ ਨਾ, ਪਰ ਧੀਰਜ ਤੋਂ ਕੰਮ ਲਵੋ। ਇਸ ਲੇਖ ਵਿਚ ਦੱਸੀਆਂ ਵਧੀਆ ਆਦਤਾਂ ਨੂੰ ਅਪਣਾਓ। ਜੇ ਹੋ ਸਕੇ, ਤਾਂ ਉੱਥੇ ਨਾ ਜਾਓ ਜਿੱਥੇ ਜ਼ਿਆਦਾ ਲੋਕ ਹਨ। ਜੇ ਤੁਸੀਂ ਬੀਮਾਰ ਹੋ, ਤਾਂ ਮੂੰਹ ਨੂੰ ਢੱਕ ਕੇ ਰੱਖੋ। ਆਪਣੇ ਹੱਥ ਅਕਸਰ ਧੋਵੋ। ਜੇ ਤੁਸੀਂ ਬੀਮਾਰ ਹੋਣ ਕਰਕੇ ਸ਼ਾਪਿੰਗ ਨਾ ਕਰ ਸਕੋ, ਤਾਂ ਦੋ ਕੁ ਹਫ਼ਤਿਆਂ ਜੋਗੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਆਪਣੀ ਤੇ ਘਰ ਦੀ ਸਫ਼ਾਈ ਰੱਖਣ ਵਾਲੀਆਂ ਜ਼ਰੂਰੀ ਚੀਜ਼ਾਂ ਲੈ ਕੇ ਰੱਖੋ।

ਜਦ ਤੁਸੀਂ ਨੌਕਰੀ ਤੇ, ਭਗਤੀ ਦੀ ਥਾਂ ਜਾਂ ਕੋਈ ਵੀ ਜਗ੍ਹਾ ਜਾਂਦੇ ਹੋ ਜਿੱਥੇ ਲੋਕ ਇਕੱਠੇ ਹੋਣ, ਤਾਂ ਇਨ੍ਹਾਂ ਹਿਦਾਇਤਾਂ ਅਨੁਸਾਰ ਚੱਲੋ। ਇਸ ਤੋਂ ਇਲਾਵਾ ਘਰ ਵਿਚ ਤਾਜ਼ੀ ਹਵਾ ਆਉਣ ਦਿਓ।

[ਸਫ਼ਾ 13 ਉੱਤੇ ਕੈਪਸ਼ਨ]

H1N1 ਇਨਫਲੂਐਂਜ਼ਾ ਵਾਇਰਸ ਦੀ ਵੱਡੀ ਕੀਤੀ ਗਈ ਤਸਵੀਰ

[ਸਫ਼ਾ 13 ਉੱਤੇ ਕੈਪਸ਼ਨ]

CDC/Cynthia Goldsmith