ਮੈਂ ਆਪਣਾ ਆਦਰ ਕਰਨਾ ਕਿਵੇਂ ਸਿੱਖ ਸਕਦਾ ਹਾਂ?
ਨੌਜਵਾਨ ਪੁੱਛਦੇ ਹਨ
ਮੈਂ ਆਪਣਾ ਆਦਰ ਕਰਨਾ ਕਿਵੇਂ ਸਿੱਖ ਸਕਦਾ ਹਾਂ?
ਹਾਂ | ਨਾਂਹ
ਜਦ ਤੁਸੀਂ ਆਪਣੀ ਸ਼ਕਲ ਨੂੰ ਸ਼ੀਸ਼ੇ ਵਿਚ ਦੇਖਦੇ ਹੋ, ਤਾਂ ਕੀ ਉਹ ਤੁਹਾਨੂੰ ਚੰਗੀ ਲੱਗਦੀ ਹੈ?
ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਖੂਬੀਆਂ ਹਨ?
ਕੀ ਤੁਸੀਂ ਆਪਣੇ ਹਾਣੀਆਂ ਦੇ ਦਬਾਅ ਨੂੰ ਝੱਲ ਸਕਦੇ ਹੋ?
ਜਦ ਕੋਈ ਤੁਹਾਨੂੰ ਚੰਗੀ ਸਲਾਹ ਦਿੰਦਾ ਹੈ, ਤਾਂ ਕੀ ਤੁਸੀਂ ਇਸ ਨੂੰ ਮੰਨ ਲੈਂਦੇ ਹੋ?
ਜੇ ਤੁਹਾਡੇ ਬਾਰੇ ਕੋਈ ਗ਼ਲਤ ਬੋਲੇ, ਤਾਂ ਕੀ ਤੁਸੀਂ ਝੱਲ ਲੈਂਦੇ ਹੋ?
ਕੀ ਤੁਸੀਂ ਸੋਚਦੇ ਹੋ ਕਿ ਦੂਸਰੇ ਤੁਹਾਨੂੰ ਪਿਆਰ ਕਰਦੇ ਹਨ?
ਕੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋ?
ਜਦ ਦੂਸਰੇ ਤਰੱਕੀ ਕਰਦੇ ਹਨ, ਤਾਂ ਕੀ ਤੁਸੀਂ ਖ਼ੁਸ਼ ਹੁੰਦੇ ਹੋ?
ਆਮ ਤੌਰ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਫ਼ਲ ਹੋ?
ਜੇ ਤੁਸੀਂ ਉੱਪਰ ਦਿੱਤੇ ਸਵਾਲਾਂ ਦੇ ਕਈ ਜਵਾਬ ਨਾਂਹ ਵਿਚ ਦਿੱਤੇ ਹਨ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣਾ ਆਦਰ ਕਰਨਾ ਸਿੱਖਣਾ ਪਵੇ। ਇਹ ਲੇਖ ਤੁਹਾਡੀ ਮਦਦ ਕਰੇਗਾ।
ਬਹੁਤ ਸਾਰੇ ਨੌਜਵਾਨ ਆਪਣੀ ਸ਼ਕਲ ਅਤੇ ਕਾਬਲੀਅਤਾਂ ਬਾਰੇ ਫ਼ਿਕਰ ਕਰਦੇ ਹਨ ਅਤੇ ਇਹ ਵੀ ਕਿ ਉਨ੍ਹਾਂ ਦੇ ਹਾਣੀ ਉਨ੍ਹਾਂ ਬਾਰੇ ਕੀ ਸੋਚਦੇ ਹਨ। ਕੀ ਤੁਸੀਂ ਵੀ ਇਨ੍ਹਾਂ ਗੱਲਾਂ ਦੀ ਫ਼ਿਕਰ ਕਰਦੇ ਹੋ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ।
● “ਮੈਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਕਾਫ਼ੀ ਉਦਾਸ ਹੋ ਜਾਂਦੀ ਹਾਂ। ਮੈਂ ਹਮੇਸ਼ਾ ਆਪਣੇ ਆਪ ਵਿਚ ਨੁਕਸ ਕੱਢਦੀ ਰਹਿੰਦੀ ਹਾਂ।”—ਲਟੀਸੀਆ। *
● “ਭਾਵੇਂ ਤੁਸੀਂ ਕਿੰਨੇ ਵੀ ਸੋਹਣੇ-ਸੁਨੱਖੇ ਹੋਵੋ, ਪਰ ਜ਼ਰੂਰ ਤੁਹਾਨੂੰ ਤੁਹਾਡੇ ਨਾਲੋਂ ਕੋਈ ਜ਼ਿਆਦਾ ਸੋਹਣਾ-ਸੁਨੱਖਾ ਮਿਲੇਗਾ।”—ਹੇਲੀ।
● “ਮੈਂ ਹੋਰਨਾਂ ਨਾਲ ਹੁੰਦੇ ਸਮੇਂ ਬਹੁਤ ਸੰਗਦੀ ਹਾਂ। ਮੈਨੂੰ ਡਰ ਹੁੰਦਾ ਹੈ ਕਿ ਉਹ ਮੇਰੇ ਬਾਰੇ ਕੀ ਸੋਚਣਗੇ।”—ਰੇਚਲ।
ਜੇ ਤੁਸੀਂ ਵੀ ਆਪਣੇ ਬਾਰੇ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਫ਼ਿਕਰ ਨਾ ਕਰੋ। ਤੁਹਾਨੂੰ ਮਦਦ ਮਿਲ ਸਕਦੀ ਹੈ। ਆਓ ਆਪਾਂ ਤਿੰਨ ਗੱਲਾਂ ਵੱਲ ਧਿਆਨ ਦੇਈਏ ਜੋ ਤੁਹਾਨੂੰ ਆਪਣਾ ਆਦਰ ਕਰਨ ਵਿਚ ਮਦਦ ਕਰਨਗੀਆਂ।
1. ਦੋਸਤ ਬਣਾਓ
ਬਾਈਬਲ ਤੋਂ ਮਦਦ। “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.
ਇਸ ਦਾ ਕੀ ਮਤਲਬ ਹੈ? ਚੰਗਾ ਦੋਸਤ ਮੁਸ਼ਕਲ ਦੇ ਵੇਲੇ ਤੁਹਾਨੂੰ ਚੰਗਾ ਸਹਾਰਾ ਦੇ ਸਕਦਾ ਹੈ। (1 ਸਮੂਏਲ 18:1; 19:2) ਇਹ ਜਾਣ ਕੇ ਤੁਹਾਡਾ ਹੌਸਲਾ ਵੱਧ ਸਕਦਾ ਹੈ ਕਿ ਕੋਈ ਤੁਹਾਡੇ ਬਾਰੇ ਸੋਚਦਾ ਹੈ। (1 ਕੁਰਿੰਥੀਆਂ 16:17, 18) ਇਸ ਕਰਕੇ ਉਨ੍ਹਾਂ ਨਾਲ ਦੋਸਤੀ ਕਰੋ ਜੋ ਤੁਹਾਡੇ ’ਤੇ ਚੰਗਾ ਪ੍ਰਭਾਵ ਪਾ ਸਕਦੇ ਹਨ।
“ਸੱਚੇ ਦੋਸਤ ਤੁਹਾਡਾ ਸਾਥ ਨਹੀਂ ਛੱਡਣਗੇ।”—ਡੋਨੇਲ।
“ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸੇ ਨੂੰ ਤੁਹਾਡਾ ਅਸਲ ਵਿਚ ਫ਼ਿਕਰ ਹੈ। ਇਹ ਸੋਚ ਕੇ ਮੈਨੂੰ ਚੰਗਾ ਲੱਗਦਾ ਹੈ ਕਿ ਕਿਸੇ ਨੂੰ ਮੇਰੀ ਕਦਰ ਹੈ।”—ਹੈਦਰ।
ਸਾਵਧਾਨ ਰਹੋ: ਆਪਣੇ ਦੋਸਤਾਂ ਨੂੰ ਖ਼ੁਸ਼ ਕਰਨ ਲਈ ਉਹ ਬਣਨ ਦੀ ਕੋਸ਼ਿਸ਼ ਨਾ ਕਰੋ ਜੋ ਤੁਸੀਂ ਨਹੀਂ ਹੋ। (ਕਹਾਉਤਾਂ 13:20; 18:24; 1 ਕੁਰਿੰਥੀਆਂ 15:33) ਜੇ ਤੁਸੀਂ ਇਸ ਤਰ੍ਹਾਂ ਦਾ ਦਿਖਾਵਾ ਕਰੋਗੇ, ਤਾਂ ਬਾਅਦ ਵਿਚ ਤੁਸੀਂ ਪਛਤਾਓਗੇ।—ਰੋਮੀਆਂ 6:21.
ਇਸ ਤਰ੍ਹਾਂ ਕਰੋ। ਹੇਠਾਂ ਆਪਣੇ ਕਿਸੇ ਦੋਸਤ ਦਾ ਨਾਂ ਲਿਖੋ ਜੋ ਤੁਹਾਡੀਆਂ ਖੂਬੀਆਂ ਦੀ ਸਿਫ਼ਤ ਕਰਦਾ ਹੈ।
...........
ਕਿਉਂ ਨਾ ਉਸ ਦੋਸਤ ਨਾਲ ਸਮਾਂ ਗੁਜ਼ਾਰਨ ਦਾ ਪਲੈਨ ਬਣਾਓ? ਨੋਟ: ਇਹ ਜ਼ਰੂਰੀ ਨਹੀਂ ਕਿ ਉਹ ਤੁਹਾਡੇ ਹਾਣ ਦਾ ਹੋਵੇ।
2. ਦੂਜਿਆਂ ਦੀ ਮਦਦ ਕਰੋ
ਬਾਈਬਲ ਤੋਂ ਮਦਦ। “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
ਇਸ ਦਾ ਕੀ ਮਤਲਬ ਹੈ? ਜਦ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ, ਤਾਂ ਤੁਸੀਂ ਆਪਣੀ ਵੀ ਮਦਦ ਕਰ ਰਹੇ ਹੋ। ਇਹ ਕਿਵੇਂ? ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਖੁਲ੍ਹੇ ਦਿਲ ਵਾਲੇ ਮਨੁੱਖ ਨੂੰ ਅਸੀਸ ਮਿਲਦੀ ਹੈ, ਅਤੇ ਦੂਜਿਆਂ ਦੀ ਮਦਦ ਕਰਨ ਵਾਲਾ, ਮਦਦ ਪ੍ਰਾਪਤ ਕਰਦਾ ਹੈ।” (ਕਹਾਉਤਾਂ 11:25, CL) ਕੋਈ ਸ਼ੱਕ ਨਹੀਂ ਕਿ ਜਦ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਤਾਂ ਤੁਹਾਨੂੰ ਵੀ ਚੰਗਾ ਲੱਗੇਗਾ। *
“ਮੈਂ ਇਹ ਸੋਚਦੀ ਹਾਂ ਕਿ ਮੈਂ ਦੂਸਰਿਆਂ ਦੀ ਮਦਦ ਕਿਵੇਂ ਕਰ ਸਕਦੀ ਹਾਂ, ਖ਼ਾਸ ਕਰਕੇ ਕਲੀਸਿਯਾ ਵਿਚ। ਦੂਜਿਆਂ ਵੱਲ ਧਿਆਨ ਦੇਣ ਨਾਲ ਅਤੇ ਉਨ੍ਹਾਂ ਦਾ ਭਲਾ ਕਰਨ ਨਾਲ ਮੈਨੂੰ ਬਹੁਤ ਚੰਗਾ ਲੱਗਦਾ ਹੈ।”—ਬ੍ਰੀਆਨਾ।
“ਪ੍ਰਚਾਰ ਕਰਨਾ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਤੁਸੀਂ ਆਪਣੇ ਬਾਰੇ ਸੋਚਣ ਦੀ ਬਜਾਇ ਦੂਸਰਿਆਂ ਬਾਰੇ ਸੋਚਦੇ ਹੋ।”—ਜੈਵਨ।
ਸਾਵਧਾਨ ਰਹੋ: ਆਪਣੇ ਮਤਲਬ ਲਈ ਦੂਜਿਆਂ ਦੀ ਮਦਦ ਨਾ ਕਰੋ। (ਮੱਤੀ 6:2-4) ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਜੇ ਤੁਸੀਂ ਦਿਲੋਂ ਉਨ੍ਹਾਂ ਦੀ ਮਦਦ ਕਰਨ ਦੀ ਬਜਾਇ ਦਿਖਾਵਾ ਕਰ ਰਹੇ ਹੋ।—1 ਥੱਸਲੁਨੀਕੀਆਂ 2:5, 6.
ਇਸ ਤਰ੍ਹਾਂ ਕਰੋ। ਕਿਸੇ ਬਾਰੇ ਸੋਚੋ ਜਿਸ ਦੀ ਤੁਸੀਂ ਮਦਦ ਕੀਤੀ ਸੀ। ਉਹ ਕੌਣ ਸੀ ਅਤੇ ਤੁਸੀਂ ਉਸ ਲਈ ਕੀ ਕੀਤਾ ਸੀ?
............
ਬਾਅਦ ਵਿਚ ਤੁਹਾਨੂੰ ਕਿਵੇਂ ਲੱਗਾ?
............
ਹੁਣ ਕਿਸੇ ਹੋਰ ਬਾਰੇ ਸੋਚੋ ਜਿਸ ਦੀ ਤੁਸੀਂ ਮਦਦ ਕਰ ਸਕਦੇ ਹੋ ਅਤੇ ਲਿਖੋ ਕਿ ਤੁਸੀਂ ਉਨ੍ਹਾਂ ਲਈ ਕੀ ਕਰ ਸਕਦੇ ਹੋ।
............
3. ਗ਼ਲਤੀਆਂ ਕਰਨ ਕਰਕੇ ਹਿੰਮਤ ਨਾ ਹਾਰੋ
ਬਾਈਬਲ ਤੋਂ ਮਦਦ। “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।”—ਰੋਮੀਆਂ 3:23.
ਇਸ ਦਾ ਕੀ ਮਤਲਬ ਹੈ? ਹਕੀਕਤ ਇਹ ਹੈ ਕਿ ਤੁਸੀਂ ਗ਼ਲਤੀਆਂ ਦੇ ਪੁਤਲੇ ਹੋ। ਇਸ ਦਾ ਮਤਲਬ ਹੈ ਕਿ ਕਦੇ-ਕਦੇ ਤੁਸੀਂ ਕੁਝ ਗ਼ਲਤ ਕਹੋਗੇ ਜਾਂ ਗ਼ਲਤ ਕੰਮ ਕਰੋਗੇ। (ਰੋਮੀਆਂ 7:21-23; ਯਾਕੂਬ 3:2) ਤੁਹਾਡੇ ਕੋਲੋਂ ਗ਼ਲਤੀਆਂ ਤਾਂ ਹੋਣਗੀਆਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਗ਼ਲਤੀ ਕਰ ਕੇ ਤੁਸੀਂ ਹਿੰਮਤ ਹਾਰ ਜਾਓ। ਬਾਈਬਲ ਕਹਿੰਦੀ ਹੈ ਕਿ “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।”—ਕਹਾਉਤਾਂ 24:16.
“ਜਦ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਦੀ ਤੁਲਨਾ ਦੂਸਰਿਆਂ ਦੀਆਂ ਖੂਬੀਆਂ ਨਾਲ ਕਰਦੇ ਹਾਂ, ਤਾਂ ਅਸੀਂ ਆਪਣੇ ਬਾਰੇ ਬੁਰਾ ਸੋਚਣ ਲੱਗ ਪੈਂਦੇ ਹਾਂ।”—ਕੇਵਨ।
“ਹਰ ਇਨਸਾਨ ਵਿਚ ਚੰਗੇ ਤੇ ਮਾੜੇ ਗੁਣ ਹੁੰਦੇ ਹਨ। ਸਾਨੂੰ ਚੰਗੇ ਗੁਣਾਂ ਕਾਰਨ ਆਪਣੇ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਬੁਰੇ ਗੁਣਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”—ਲੌਰੇਨ।
ਸਾਵਧਾਨ ਰਹੋ: ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਬਣਾ ਕੇ ਪਾਪ ਕਰਨ ਦੀ ਆਦਤ ਨਾ ਪਾਓ। (ਗਲਾਤੀਆਂ 5:13) ਜਾਣ-ਬੁੱਝ ਕੇ ਗ਼ਲਤੀ ਕਰਨ ਨਾਲ ਯਹੋਵਾਹ ਪਰਮੇਸ਼ੁਰ ਨਾਲ ਤੁਹਾਡਾ ਅਨਮੋਲ ਰਿਸ਼ਤਾ ਟੁੱਟ ਜਾਵੇਗਾ।—ਰੋਮੀਆਂ 1:24, 28.
ਇਸ ਤਰ੍ਹਾਂ ਕਰੋ। ਹੇਠਾਂ ਲਿਖੋ ਕਿ ਤੁਸੀਂ ਆਪਣੇ ਵਿਚ ਕਿਹੜੇ ਗੁਣ ਨੂੰ ਹੋਰ ਸੁਧਾਰਨਾ ਚਾਹੁੰਦੇ ਹੋ।
.............
ਇਸ ਗੁਣ ਦੇ ਨਾਲ ਅੱਜ ਦੀ ਤਾਰੀਖ਼ ਲਿਖੋ। ਰਿਸਰਚ ਕਰੋ ਕਿ ਤੁਸੀਂ ਇਹ ਸੁਧਾਰ ਕਿਵੇਂ ਲਿਆ ਸਕਦੇ ਹੋ ਅਤੇ ਇਕ ਮਹੀਨੇ ਬਾਅਦ ਦੇਖੋ ਕਿ ਤੁਸੀਂ ਕਿੰਨੀ ਕੁ ਤਰੱਕੀ ਕੀਤੀ ਹੈ।
ਤੁਸੀਂ ਕੀਮਤੀ ਹੋ
ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਸਾਡੇ ਦਿਲ ਨਾਲੋਂ ਵੀ ਵੱਡਾ ਹੈ।” (1 ਯੂਹੰਨਾ 3:20) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਸਾਡੇ ਵਿਚ ਉਹ ਖੂਬੀਆਂ ਦੇਖ ਸਕਦਾ ਹੈ ਜੋ ਅਸੀਂ ਆਪਣੇ ਵਿਚ ਨਹੀਂ ਦੇਖ ਸਕਦੇ। ਪਰ ਕੀ ਤੁਹਾਡੀਆਂ ਕਮੀਆਂ ਪਰਮੇਸ਼ੁਰ ਦੇ ਨਜ਼ਰੀਏ ਨੂੰ ਬਦਲ ਦਿੰਦੀਆਂ ਹਨ? ਫ਼ਰਜ਼ ਕਰੋ ਕਿ ਤੁਹਾਡੇ ਕੋਲ 100 ਰੁਪਏ ਦਾ ਨੋਟ ਹੈ ਜੋ ਥੋੜ੍ਹਾ ਜਿਹਾ ਫਟਿਆ ਹੋਇਆ ਹੈ। ਕੀ ਤੁਸੀਂ ਉਸ ਨੂੰ ਸੁੱਟ ਦੇਵੋਗੇ ਕਿਉਂਕਿ ਉਸ ਦੀ ਕੋਈ ਕੀਮਤ ਨਹੀਂ? ਬਿਲਕੁਲ ਨਹੀਂ! ਉਸ ਦੀ ਅਜੇ ਵੀ ਪੂਰੀ ਕੀਮਤ ਹੈ ਚਾਹੇ ਉਹ ਫਟਿਆ ਹੈ।
ਇਸੇ ਤਰ੍ਹਾਂ ਪਰਮੇਸ਼ੁਰ ਤੁਹਾਨੂੰ ਕੀਮਤੀ ਸਮਝਦਾ ਹੈ। ਭਾਵੇਂ ਤੁਹਾਨੂੰ ਮਾਮੂਲੀ ਲੱਗੇ, ਪਰ ਪਰਮੇਸ਼ੁਰ ਇਹ ਦੇਖਦਾ ਹੈ ਕਿ ਤੁਸੀਂ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਹ ਇਸ ਦੀ ਕਦਰ ਕਰਦਾ ਹੈ। ਬਾਈਬਲ ਸਾਨੂੰ ਵਿਸ਼ਵਾਸ ਦਿਲਾਉਂਦੀ ਹੈ ਕਿ “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬਰਾਨੀਆਂ 6:10. (g10-E 05)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 15 ਕੁਝ ਨਾਂ ਬਦਲੇ ਗਏ ਹਨ।
^ ਪੈਰਾ 30 ਜੇ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਉਸ ਖ਼ੁਸ਼ੀ ਬਾਰੇ ਸੋਚੋ ਜੋ ਤੁਹਾਨੂੰ ਦੂਜਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਨਾਲ ਮਿਲ ਸਕਦੀ ਹੈ।—ਯਸਾਯਾਹ 52:7.
ਇਸ ਬਾਰੇ ਸੋਚੋ
ਤੁਸੀਂ ਕੀ ਕਰੋਗੇ ਜੇ ਤੁਸੀਂ ਹੇਠਾਂ ਦਿੱਤੀਆਂ ਗੱਲਾਂ ਕਰਕੇ ਉਦਾਸ ਹੋ ਜਾਓ?
● ਤੁਹਾਡੇ ਹਾਣੀ ਤੁਹਾਡਾ ਮਖੌਲ ਉਡਾਉਂਦੇ ਹਨ
● ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੂਸਰਿਆਂ ਵਾਂਗ ਚੰਗੇ ਨਹੀਂ ਹੋ
● ਤੁਸੀਂ ਸਿਰਫ਼ ਆਪਣੀਆਂ ਕਮਜ਼ੋਰੀਆਂ ਦੇਖਦੇ ਹੋ
[ਸਫ਼ਾ 11 ਉੱਤੇ ਸੁਰਖੀ]
“ਖੂਬਸੂਰਤ ਵਿਅਕਤੀ ਵੀ ਆਪਣੇ ਆਪ ਨੂੰ ਬਦਸੂਰਤ ਸਮਝ ਸਕਦਾ ਹੈ। ਜਾਂ ਦੂਸਰਾ ਵਿਅਕਤੀ ਬਹੁਤਾ ਖੂਬਸੂਰਤ ਨਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਬਹੁਤ ਖੂਬਸੂਰਤ ਸਮਝ ਸਕਦਾ ਹੈ। ਆਪੋ-ਆਪਣਾ ਖ਼ਿਆਲ ਹੁੰਦਾ ਹੈ।”—ਅਲਿਸਾ
[ਸਫ਼ਾ 11 ਉੱਤੇ ਡੱਬੀ/ਤਸਵੀਰਾਂ]
ਤੁਹਾਡੇ ਹਾਣੀ ਕੀ ਕਹਿੰਦੇ ਹਨ
“ਕਈ ਵਾਰ ਮਜ਼ਬੂਤ ਇਮਾਰਤ ਨੂੰ ਸਹਾਰੇ ਜਾਂ ਮੁਰੰਮਤ ਦੀ ਜ਼ਰੂਰਤ ਹੁੰਦੀ ਹੈ। ਬਹੁਤ ਵਾਰ ਮੈਨੂੰ ਕਿਸੇ ਦੋਸਤ ਦੇ ਸ਼ਬਦਾਂ, ਮੁਸਕਰਾਹਟ ਜਾਂ ਜੱਫੀ ਤੋਂ ਹੌਸਲਾ ਮਿਲਿਆ ਹੈ।”
“ਦੂਸਰਿਆਂ ਵਿਚ ਚੰਗੇ ਗੁਣ ਦੇਖ ਕੇ ਆਪਣੇ ਆਪ ਨੂੰ ਬੁਰਾ ਸਮਝਣ ਦੀ ਬਜਾਇ ਸਾਨੂੰ ਉਨ੍ਹਾਂ ਦੇ ਚੰਗੇ ਗੁਣਾਂ ਤੋਂ ਫ਼ਾਇਦਾ ਹੋ ਸਕਦਾ ਹੈ ਤੇ ਉਨ੍ਹਾਂ ਨੂੰ ਵੀ ਸਾਡੇ ਗੁਣਾਂ ਤੋਂ ਫ਼ਾਇਦਾ ਹੋ ਸਕਦਾ ਹੈ।”
[ਤਸਵੀਰਾਂ]
ਔਬਰੀ
ਲੌਰੇਨ
[ਸਫ਼ਾ 12 ਉੱਤੇ ਤਸਵੀਰ]
ਫਟੇ ਹੋਏ ਨੋਟ ਦੀ ਕੀਮਤ ਘੱਟਦੀ ਨਹੀਂ। ਇਸੇ ਤਰ੍ਹਾਂ ਤੁਹਾਡੀਆਂ ਕਮੀਆਂ ਦੇ ਬਾਵਜੂਦ ਪਰਮੇਸ਼ੁਰ ਤੁਹਾਨੂੰ ਕੀਮਤੀ ਸਮਝਦਾ ਹੈ