Skip to content

Skip to table of contents

ਮੈਂ ਸਮਝਦਾਰੀ ਨਾਲ ਖ਼ਰਚਾ ਕਿਵੇਂ ਚਲਾ ਸਕਦਾ ਹਾਂ?

ਮੈਂ ਸਮਝਦਾਰੀ ਨਾਲ ਖ਼ਰਚਾ ਕਿਵੇਂ ਚਲਾ ਸਕਦਾ ਹਾਂ?

ਬਾਈਬਲ ਕੀ ਕਹਿੰਦੀ ਹੈ

ਮੈਂ ਸਮਝਦਾਰੀ ਨਾਲ ਖ਼ਰਚਾ ਕਿਵੇਂ ਚਲਾ ਸਕਦਾ ਹਾਂ?

“ਮੇਰੀ ਤਨਖ਼ਾਹ ਘੱਟਦੀ ਜਾਂਦੀ ਹੈ, ਪਰ ਬਿਲ ਵਧੀ ਜਾ ਰਹੇ ਹਨ। ਕਈ ਵਾਰ ਮੈਂ ਸਾਰੀ ਰਾਤ ਸੋਚਦਾ ਰਹਿੰਦਾ ਹਾਂ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਾਂ।”—ਜੇਮਜ਼।

“ਇੰਜ ਲੱਗਦਾ ਸੀ ਕਿ ਮੇਰੇ ਆਲੇ-ਦੁਆਲੇ ਉੱਚੀਆਂ ਕੰਧਾਂ ਸਨ ਤੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ।”—ਸ਼ੈਰੀ।

ਜਦ ਆਰਥਿਕ ਹਾਲਤ ਮੰਦੀ ਹੁੰਦੀ ਹੈ, ਤਾਂ ਅਜਿਹੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ। ਹਾਲ ਹੀ ਦੇ ਸਮੇਂ ਵਿਚ ਦੁਨੀਆਂ ਦੀ ਆਰਥਿਕ ਹਾਲਤ ਖ਼ਰਾਬ ਹੋਣ ਤੋਂ ਬਾਅਦ ਇੰਟਰਨੈਸ਼ਨਲ ਲੇਬਰ ਆਫ਼ਿਸ ਦੇ ਡਾਇਰੈਕਟਰ-ਜਨਰਲ ਨੇ ਕਿਹਾ: “ਇਹ ਸਮੱਸਿਆ ਸਿਰਫ਼ ਵਾਲ ਸਟ੍ਰੀਟ ’ਤੇ ਹੀ ਨਹੀਂ, ਬਲਕਿ ਹਰ ਪਾਸੇ ਹੈ।”

ਜਦ ਕਿਸੇ ਦੀ ਨੌਕਰੀ ਅਚਾਨਕ ਛੁੱਟ ਜਾਂਦੀ ਹੈ ਜਾਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਹਨ, ਤਾਂ ਲੋਕ ਨਿਰਾਸ਼ਾ ਵਿਚ ਡੁੱਬ ਸਕਦੇ ਹਨ। ਬਾਈਬਲ ਦੇ ਲਿਖਾਰੀ ਦਾਊਦ ਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਹੋਇਆ ਸੀ। ਉਸ ਨੇ ਪਰਮੇਸ਼ੁਰ ਅੱਗੇ ਦੁਆ ਕੀਤੀ: “ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰਿਆਂ ਭੈਜਲਾਂ ਤੋਂ ਮੈਨੂੰ ਬਾਹਰ ਕੱਢ।” (ਜ਼ਬੂਰਾਂ ਦੀ ਪੋਥੀ 25:17) ਬਾਈਬਲ ਸਾਡੇ ਜ਼ਮਾਨੇ ਬਾਰੇ ਕੀ ਕਹਿੰਦੀ ਹੈ ਅਤੇ ਇਸ ਦੀ ਸਲਾਹ ’ਤੇ ਚੱਲ ਕੇ ਸਾਨੂੰ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ?

ਮੁਸ਼ਕਲ ਸਮਿਆਂ ਲਈ ਚੰਗੀ ਸਲਾਹ

ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ “ਅੰਤ ਦਿਆਂ ਦਿਨਾਂ” ਵਿਚ “ਪੀੜਾਂ” ਹੋਣਗੀਆਂ ਅਤੇ “ਭੈੜੇ ਸਮੇਂ ਆ ਜਾਣਗੇ।” (2 ਤਿਮੋਥਿਉਸ 3:1; ਮੱਤੀ 24:8) ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸ਼ਬਦ ਅੱਜ ਪੂਰੇ ਹੋ ਰਹੇ ਹਨ! ਫਿਰ ਵੀ ਅਸੀਂ ਉਮੀਦ ਤੋਂ ਬਿਨਾਂ ਨਹੀਂ ਛੱਡੇ ਗਏ ਕਿਉਂਕਿ ਪਵਿੱਤਰ ਬਾਈਬਲ ਵਿਚ ਪਰਮੇਸ਼ੁਰ ਨੇ ਆਰਥਿਕ ਮੁਸ਼ਕਲਾਂ ਸਹਿਣ ਲਈ ਸਾਨੂੰ ਬੁੱਧ ਤੇ ਚੰਗੀ ਸਲਾਹ ਦਿੱਤੀ ਹੈ।

ਮਿਸਾਲ ਲਈ, ਬਾਈਬਲ ਸਾਨੂੰ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਕਰਦੀ ਹੈ। ਉਪਦੇਸ਼ਕ ਦੀ ਪੋਥੀ 7:12 ਵਿਚ ਲਿਖਿਆ ਹੈ: “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” ਜੀ ਹਾਂ, ਪੈਸੇ ਹੋਣ ਕਰਕੇ ਸਾਨੂੰ ਕੁਝ ਹੱਦ ਤਕ ਸੁਰੱਖਿਆ ਮਿਲਦੀ ਹੈ, ਪਰ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਬੁੱਧ ਹੀ ਸਾਨੂੰ ਹਰ ਵਕਤ ਸੁਰੱਖਿਆ ਦੇ ਸਕਦੀ ਹੈ। ਆਓ ਆਪਾਂ ਕੁਝ ਉਦਾਹਰਣਾਂ ਦੇਖੀਏ।

ਆਰਥਿਕ ਤੰਗੀ ਨਾਲ ਸਿੱਝਣਾ

ਮਿਹਨਤੀ ਬਣੋ। “ਆਲਸੀ ਮਨੁੱਖ ਦੇ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ, ਪਰ ਮਿਹਨਤੀ ਮਨੁੱਖ ਦੀ ਹਰ ਇੱਛਾ ਪੂਰੀ ਹੁੰਦੀ ਹੈ।” (ਕਹਾਉਤਾਂ 13:4, CL) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਜੇ ਦੂਸਰੇ ਜਾਣਦੇ ਹਨ ਕਿ ਤੁਸੀਂ ਈਮਾਨਦਾਰ ਤੇ ਮਿਹਨਤੀ ਹੋ, ਤਾਂ ਤੁਹਾਡਾ ਫ਼ਾਇਦਾ ਹੋਵੇਗਾ। ਮਾਲਕ ਮਿਹਨਤੀ ਕਾਮਿਆਂ ਦੀ ਬਹੁਤ ਕਦਰ ਕਰਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਦੂਸਰਿਆਂ ਤੋਂ ਪਹਿਲਾਂ ਨੌਕਰੀ ਤੇ ਰੱਖਿਆ ਜਾਵੇ ਤੇ ਸਾਰਿਆਂ ਦੇ ਪਿੱਛੋਂ ਨੌਕਰੀ ਤੋਂ ਕੱਢਿਆ ਜਾਵੇ।—ਅਫ਼ਸੀਆਂ 4:28.

ਚਾਦਰ ਦੇਖ ਕੇ ਪੈਰ ਪਸਾਰੋ। “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?” (ਲੂਕਾ 14:28) ਭਾਵੇਂ ਯਿਸੂ ਇਹ ਉਦਾਹਰਣ ਦੇ ਕੇ ਲੋਕਾਂ ਨੂੰ ਇਹ ਕਹਿ ਰਿਹਾ ਸੀ ਕਿ ਉਨ੍ਹਾਂ ਨੂੰ ਉਸ ਦੇ ਚੇਲੇ ਬਣਨ ਦਾ ਫ਼ੈਸਲਾ ਸੋਚ-ਸਮਝ ਕੇ ਕਰਨਾ ਚਾਹੀਦਾ ਹੈ, ਪਰ ਉਸ ਦੇ ਸ਼ਬਦ ਪੈਸਿਆਂ ਦੇ ਮਾਮਲਿਆਂ ਵਿਚ ਵੀ ਲਾਗੂ ਹੁੰਦੇ ਹਨ। ਇਸ ਲਈ ਬਜਟ ਤਿਆਰ ਕਰੋ ਅਤੇ ਉਨ੍ਹਾਂ ਜ਼ਰੂਰੀ ਚੀਜ਼ਾਂ ਅਤੇ ਉਨ੍ਹਾਂ ਦੇ ਖ਼ਰਚੇ ਦੀ ਲਿਸਟ ਬਣਾਓ ਜੋ ਤੁਸੀਂ ਖ਼ਰੀਦਣਾ ਚਾਹੁੰਦੇ ਹੋ।

ਬੁਰੀਆਂ ਆਦਤਾਂ ਉੱਤੇ ਪੈਸਾ ਨਾ ਉਡਾਓ। ਜੂਆ ਖੇਡਣਾ, ਸਿਗਰਟਾਂ ਪੀਣੀਆਂ, ਡ੍ਰੱਗਜ਼ ਲੈਣੇ ਅਤੇ ਸ਼ਰਾਬੀ ਹੋਣਾ ਅਜਿਹੀਆਂ ਆਦਤਾਂ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਭੈੜੀਆਂ ਹਨ।—ਕਹਾਉਤਾਂ 23:20, 21; ਯਸਾਯਾਹ 65:11; 2 ਕੁਰਿੰਥੀਆਂ 7:1.

“ਮਾਇਆ ਦੇ ਲੋਭ” ਤੋਂ ਬਚੋ। (ਇਬਰਾਨੀਆਂ 13:5) ਪੈਸੇ ਨਾਲ ਪਿਆਰ ਕਰਨ ਵਾਲੇ ਖ਼ੁਸ਼ ਨਹੀਂ ਹੁੰਦੇ ਤੇ ਪੈਸਾ ਉਨ੍ਹਾਂ ਦੀ ਹਰ ਲੋੜ ਪੂਰੀ ਨਹੀਂ ਕਰ ਸਕਦਾ। ਅਸਲ ਵਿਚ ਉਹ ‘ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਦੇ ਹਨ।’ (1 ਤਿਮੋਥਿਉਸ 6:9, 10) ਇਸ ਤੋਂ ਇਲਾਵਾ ਉਹ ਪੈਸਿਆਂ ਦੇ ਗ਼ੁਲਾਮ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲ ਜਿੰਨਾ ਮਰਜ਼ੀ ਹੋਵੇ, ਉਹ ਕਦੀ ਰੱਜਦੇ ਨਹੀਂ।—ਉਪਦੇਸ਼ਕ ਦੀ ਪੋਥੀ 5:10.

ਸੰਤੁਸ਼ਟ ਹੋਣਾ ਸਿੱਖੋ। “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:7, 8) ਜਿਹੜੇ ਲੋਕ ਥੋੜ੍ਹੇ ਪੈਸਿਆਂ ਨਾਲ ਗੁਜ਼ਾਰਾ ਕਰ ਲੈਂਦੇ ਹਨ, ਉਹ ਸ਼ਾਇਦ ਇੰਨੇ ਪਰੇਸ਼ਾਨ ਨਹੀਂ ਹੁੰਦੇ ਜਦ ਤੰਗੀ ਆਉਂਦੀ ਹੈ। ਇਸ ਲਈ ਚਾਦਰ ਦੇਖ ਕੇ ਪੈਰ ਪਸਾਰੋ।—ਸੱਜੇ ਪਾਸੇ ਡੱਬੀ ਦੇਖੋ।

ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਕਿ ਕੱਲ੍ਹ ਨੂੰ ਕੀ ਹੋਵੇਗਾ। ਬਾਈਬਲ ਕਹਿੰਦੀ ਹੈ: “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ ਦੀ ਪੋਥੀ 9:11, CL) ਸੋ ਬੁੱਧੀਮਾਨ ਲੋਕ “ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ” ਰੱਖਦੇ ਹਨ ਜਿਸ ਨੇ ਆਪਣੇ ਹਰੇਕ ਵਫ਼ਾਦਾਰ ਸੇਵਕ ਨਾਲ ਵਾਅਦਾ ਕੀਤਾ ਹੈ ਕਿ “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—1 ਤਿਮੋਥਿਉਸ 6:17; ਇਬਰਾਨੀਆਂ 13:5. (g10-E 05)

ਕੀ ਤੁਸੀਂ ਕਦੇ ਸੋਚਿਆ ਹੈ?

● ਬਾਈਬਲ ਸਾਡੇ ਸਮਿਆਂ ਬਾਰੇ ਕੀ ਕਹਿੰਦੀ ਹੈ?—2 ਤਿਮੋਥਿਉਸ 3:1-5.

● ਸਾਨੂੰ ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ?—ਜ਼ਬੂਰਾਂ ਦੀ ਪੋਥੀ 19:7.

● ਮੈਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੀ ਕਰ ਸਕਦਾ ਹਾਂ?—ਉਪਦੇਸ਼ਕ ਦੀ ਪੋਥੀ 7:12.

[ਸਫ਼ਾ 21 ਉੱਤੇ ਡੱਬੀ/ਤਸਵੀਰ]

ਪੈਸੇ ਬਚਾਉਣ ਦੇ ਤਰੀਕੇ

ਖ਼ਰੀਦਦਾਰੀ: ਉਨ੍ਹਾਂ ਚੀਜ਼ਾਂ ਦੀ ਲਿਸਟ ਬਣਾਓ ਜੋ ਤੁਸੀਂ ਖ਼ਰੀਦਣਾ ਚਾਹੁੰਦੇ ਹੋ ਅਤੇ ਹੋਰ ਕੁਝ ਨਾ ਖ਼ਰੀਦੋ। ਜੇ ਤੁਹਾਡੇ ਕੋਲ ਪਰਚੀਆਂ ਹਨ ਜਿਸ ਨਾਲ ਪੈਸੇ ਬਚ ਸਕਦੇ ਹਨ, ਤਾਂ ਉਨ੍ਹਾਂ ਨੂੰ ਵਰਤੋ। ਸਸਤੇ ਭਾਅ ਤੇ ਮਿਲਦੀਆਂ ਚੀਜ਼ਾਂ ਖ਼ਰੀਦੋ ਅਤੇ ਉਨ੍ਹਾਂ ਚੀਜ਼ਾਂ ਨੂੰ ਖ਼ਰੀਦੋ ਜਿਨ੍ਹਾਂ ਦੀ ਰੁੱਤ ਹੈ। ਜੇ ਹੋ ਸਕੇ, ਤਾਂ ਸਸਤੀਆਂ ਚੀਜ਼ਾਂ ਨੂੰ ਵਾਧੂ ਖ਼ਰੀਦ ਕੇ ਰੱਖ ਲਓ।

ਘਰ ਦੇ ਖ਼ਰਚੇ: ਸਮੇਂ ਸਿਰ ਬਿਲ ਭਰੋ ਤਾਂਕਿ ਤੁਹਾਨੂੰ ਜੁਰਮਾਨਾ ਨਾ ਭਰਨਾ ਪਵੇ। ਬਣਿਆ-ਬਣਾਇਆ ਖਾਣਾ ਖ਼ਰੀਦਣ ਦੀ ਬਜਾਇ ਘਰ ਬਣਾਓ ਅਤੇ ਹੱਦੋਂ ਵੱਧ ਨਾ ਖਾਓ-ਪੀਓ। ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਬੰਦ ਕਰੋ ਜਦ ਤੁਸੀਂ ਉਨ੍ਹਾਂ ਨੂੰ ਨਹੀਂ ਵਰਤਦੇ। ਜੇ ਹੋ ਸਕੇ, ਤਾਂ ਬਿਜਲੀ ਬਚਾਉਣ ਵਾਲੇ ਸਾਧਨ ਵਰਤੋ। ਇਸ ਬਾਰੇ ਸੋਚੋ ਕਿ ਤੁਸੀਂ ਛੋਟਾ ਘਰ ਲੈ ਸਕਦੇ ਹੋ ਜਾਂ ਨਹੀਂ।

ਸਫ਼ਰ ਕਰਨ ਦੇ ਖ਼ਰਚੇ: ਜੇ ਤੁਹਾਨੂੰ ਆਪਣੀ ਕਾਰ ਜਾਂ ਆਪਣਾ ਸਾਈਕਲ ਚਾਹੀਦਾ ਹੈ, ਤਾਂ ਅਜਿਹਾ ਖ਼ਰੀਦੋ ਜੋ ਚੰਗੀ ਤਰ੍ਹਾਂ ਚੱਲੇਗਾ ਅਤੇ ਜਿਸ ਦਾ ਬਹੁਤਾ ਖ਼ਰਚਾ ਨਹੀਂ ਹੋਵੇਗਾ। ਜ਼ਰੂਰੀ ਨਹੀਂ ਕਿ ਤੁਸੀਂ ਨਵੀਂ ਚੀਜ਼ ਖ਼ਰੀਦੋ। ਪਟਰੋਲ ਬਚਾਉਣ ਲਈ ਵਾਰ-ਵਾਰ ਕਾਰ ਵਿਚ ਜਾਣ ਦੀ ਬਜਾਇ ਇੱਕੋ ਵਾਰ ਸਾਰੇ ਕੰਮ ਕਰੋ। ਜਿੱਥੇ ਹੋ ਸਕੇ, ਦੂਜਿਆਂ ਨਾਲ ਕਾਰ ਵਿਚ ਜਾਓ ਜਾਂ ਉਨ੍ਹਾਂ ਨੂੰ ਆਪਣੀ ਕਾਰ ਵਿਚ ਲੈ ਜਾਓ। ਨਹੀਂ ਤਾਂ ਬੱਸਾਂ ਵਿਚ, ਤੁਰ ਕੇ ਜਾਂ ਸਾਈਕਲ ਚਲਾ ਕੇ ਜਾਓ। ਉਦੋਂ ਛੁੱਟੀਆਂ ਮਨਾਉਣ ਜਾਓ ਜਦ ਟਿਕਟਾਂ ਸਸਤੇ ਭਾਅ ਤੇ ਮਿਲਦੀਆਂ ਹਨ ਅਤੇ ਜੇ ਸਸਤਾ ਪੈਂਦਾ ਹੈ, ਤਾਂ ਘਰੋਂ ਬਹੁਤਾ ਦੂਰ ਨਾ ਜਾਓ।

ਫ਼ੋਨ ਅਤੇ ਮਨੋਰੰਜਨ: ਕੀ ਜ਼ਰੂਰੀ ਹੈ ਕਿ ਘਰ ਵਿਚ ਫ਼ੋਨ ਹੋਣ ਤੋਂ ਇਲਾਵਾ ਤੁਹਾਡੇ ਕੋਲ ਮੋਬਾਇਲ ਫ਼ੋਨ ਵੀ ਹੋਵੇ? ਜੇ ਤੁਹਾਡੇ ਬੱਚਿਆਂ ਕੋਲ ਮੋਬਾਇਲ ਫ਼ੋਨ ਹਨ, ਤਾਂ ਕੀ ਉਹ ਉਨ੍ਹਾਂ ਨੂੰ ਘੱਟ ਵਰਤ ਸਕਦੇ ਹਨ? ਜਾਂ ਸ਼ਾਇਦ ਉਨ੍ਹਾਂ ਨੂੰ ਫ਼ੋਨ ਦੀ ਲੋੜ ਹੀ ਨਾ ਹੋਵੇ। ਜੇ ਤੁਸੀਂ ਟੀ.ਵੀ. ਚੈਨਲਾਂ ਵਾਸਤੇ ਪੈਸੇ ਦਿੰਦੇ ਹੋ, ਤਾਂ ਕੀ ਤੁਸੀਂ ਚੈਨਲਾਂ ਦੀ ਗਿਣਤੀ ਘਟਾ ਸਕਦੇ ਹੋ? * ਕਿਤਾਬਾਂ ਅਤੇ ਫ਼ਿਲਮਾਂ ਖ਼ਰੀਦਣ ਦੀ ਬਜਾਇ ਉਨ੍ਹਾਂ ਨੂੰ ਕਰਾਏ ’ਤੇ ਲਓ।

[ਫੁਟਨੋਟ]

^ ਪੈਰਾ 26 ਹੋਰ ਸੁਝਾਵਾਂ ਲਈ ਅਪ੍ਰੈਲ-ਜੂਨ 2009 ਦੇ ਜਾਗਰੂਕ ਬਣੋ! ਵਿਚ “ਸੋਚ-ਸਮਝ ਕੇ ਪੈਸੇ ਖ਼ਰਚੋ” ਨਾਂ ਦਾ ਲੇਖ ਦੇਖੋ।