Skip to content

Skip to table of contents

ਮੈਨੂੰ ਆਪਣੀ ਸਿਹਤ ਦਾ ਖ਼ਿਆਲ ਕਿਉਂ ਰੱਖਣਾ ਚਾਹੀਦਾ ਹੈ?

ਮੈਨੂੰ ਆਪਣੀ ਸਿਹਤ ਦਾ ਖ਼ਿਆਲ ਕਿਉਂ ਰੱਖਣਾ ਚਾਹੀਦਾ ਹੈ?

ਨੌਜਵਾਨ ਪੁੱਛਦੇ ਹਨ

ਮੈਨੂੰ ਆਪਣੀ ਸਿਹਤ ਦਾ ਖ਼ਿਆਲ ਕਿਉਂ ਰੱਖਣਾ ਚਾਹੀਦਾ ਹੈ?

ਉਨ੍ਹਾਂ ਟੀਚਿਆਂ ’ਤੇ ✔ ਨਿਸ਼ਾਨ ਲਾਓ ਜਿਨ੍ਹਾਂ ਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ।

ਭਾਰ ਘਟਾਉਣਾ

ਚਮੜੀ ਦੀ ਚਮਕ ਵਧਾਉਣੀ

ਤਾਕਤ ਵਧਾਉਣੀ

ਚੁਸਤੀ ਵਧਾਉਣੀ

ਟੈਨਸ਼ਨ ਘਟਾਉਣੀ

ਗੁੱਸੇ ’ਤੇ ਕਾਬੂ ਰੱਖਣਾ

ਆਪਣੇ ਬਾਰੇ ਚੰਗਾ ਮਹਿਸੂਸ ਕਰਨਾ

ਨੌਜਵਾਨ ਹੋਣ ਦੇ ਨਾਤੇ ਕੁਝ ਗੱਲਾਂ ਤੁਸੀਂ ਖ਼ੁਦ ਨਹੀਂ ਚੁਣ ਸਕਦੇ। ਮਿਸਾਲ ਲਈ, ਤੁਸੀਂ ਆਪਣੇ ਮਾਪੇ ਜਾਂ ਭੈਣ-ਭਰਾ ਨਹੀਂ ਚੁਣ ਸਕਦੇ ਅਤੇ ਨਾ ਹੀ ਇਹ ਕਿ ਤੁਸੀਂ ਕਿੱਥੇ ਰਹੋਗੇ। ਪਰ ਤੁਸੀਂ ਆਪਣੀ ਸਿਹਤ ਬਾਰੇ ਜ਼ਰੂਰ ਕੁਝ ਕਰ ਸਕਦੇ ਹੋ। ਤੁਹਾਡੀ ਸਿਹਤ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਤੁਹਾਡੇ ਖ਼ਾਨਦਾਨ ਵਿਚ ਕਿਹੋ ਜਿਹੀਆਂ ਬੀਮਾਰੀਆਂ ਹਨ ਤੇ ਤੁਹਾਡਾ ਜੀਵਨ-ਢੰਗ ਕਿਹੋ ਜਿਹਾ ਹੈ। *

ਸ਼ਾਇਦ ਤੁਸੀਂ ਕਹੋ, ‘ਪਰ ਮੇਰੀ ਉਮਰ ਹੀ ਕੀ ਹੈ ਕਿ ਮੈਂ ਆਪਣੀ ਸਿਹਤ ਬਾਰੇ ਫ਼ਿਕਰ ਕਰਾਂ?’ ਕੀ ਇਸ ਤਰ੍ਹਾਂ ਕਹਿਣਾ ਸਹੀ ਹੈ? ਉੱਪਰ ਲਿਖੇ ਟੀਚਿਆਂ ਵੱਲ ਦੁਬਾਰਾ ਦੇਖੋ। ਤੁਸੀਂ ਕਿੰਨਿਆਂ ’ਤੇ ਨਿਸ਼ਾਨ ਲਾਇਆ ਸੀ? ਮੰਨੋ ਜਾਂ ਨਾ ਮੰਨੋ, ਪਰ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ।

ਸ਼ਾਇਦ ਤੁਸੀਂ 17 ਸਾਲਾਂ ਦੀ ਐਂਬਰ * ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਮੈਂ ਨਹੀਂ ਚਾਹੁੰਦੀ ਕਿ ਮੈਂ ਹਰ ਵਕਤ ਤਲੀਆਂ ਜਾਂ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਾਂ।” ਜੇ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ, ਤਾਂ ਫ਼ਿਕਰ ਨਾ ਕਰੋ! ਜ਼ਰੂਰੀ ਨਹੀਂ ਕਿ ਤੁਹਾਡੇ ਸਿਰ ’ਤੇ ਤੰਦਰੁਸਤੀ ਦਾ ਭੂਤ ਸਵਾਰ ਹੋਵੇ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਿੱਠੀਆਂ ਚੀਜ਼ਾਂ ਨਾ ਖਾਓ ਜਾਂ ਫਿਰ ਹਰ ਹਫ਼ਤੇ ਜਾਗਿੰਗ ਕਰੋ। ਹੋ ਸਕਦਾ ਹੈ ਕਿ ਥੋੜ੍ਹੀਆਂ ਤਬਦੀਲੀਆਂ ਕਰ ਕੇ ਤੁਸੀਂ ਅੰਦਰੋਂ ਅਤੇ ਬਾਹਰੋਂ ਚੰਗਾ ਮਹਿਸੂਸ ਕਰਨ ਲੱਗ ਜਾਓ ਅਤੇ ਤੁਸੀਂ ਦਿਲ ਲਾ ਕੇ ਕੰਮ ਕਰੋ। ਆਓ ਦੇਖੀਏ ਕਿ ਹੋਰਨਾਂ ਨੌਜਵਾਨਾਂ ਨੇ ਇਹ ਕਿਵੇਂ ਕੀਤਾ।

ਠੀਕ ਖਾਓਤੰਦਰੁਸਤ ਰਹੋ!

ਬਾਈਬਲ ਸਲਾਹ ਦਿੰਦੀ ਹੈ ਕਿ ਸਾਨੂੰ ਹਰ ਕੰਮ ਵਿਚ ਸਿਆਣਪ ਵਰਤਣੀ ਚਾਹੀਦੀ ਹੈ। ਕਹਾਉਤਾਂ 23:20 ਵਿਚ ਦੱਸਿਆ ਜਾਂਦਾ ਹੈ ਕਿ ਸਾਨੂੰ ਹੱਦੋਂ ਵਧ ਨਹੀਂ ਖਾਣਾ ਚਾਹੀਦਾ। ਇਸ ਸਲਾਹ ਨੂੰ ਮੰਨਣਾ ਹਮੇਸ਼ਾ ਆਸਾਨ ਨਹੀਂ ਹੁੰਦਾ।

“ਦੂਜੇ ਬੱਚਿਆਂ ਦੀ ਤਰ੍ਹਾਂ ਮੈਨੂੰ ਹਮੇਸ਼ਾ ਭੁੱਖ ਲੱਗੀ ਰਹਿੰਦੀ ਹੈ ਅਤੇ ਮੇਰੇ ਮਾਪੇ ਕਹਿੰਦੇ ਹਨ ਕਿ ਮੇਰੇ ਢਿੱਡ ਵਿਚ ਕੀੜੇ ਲੜਦੇ ਹਨ!”—ਐਂਡਰੂ, 15.

“ਖਾਣ ਵੇਲੇ ਮੈਨੂੰ ਨਹੀਂ ਲੱਗਦਾ ਕਿ ਕੁਝ ਖਾਣੇ ਮੇਰਾ ਨੁਕਸਾਨ ਕਰ ਸਕਦੇ ਹਨ।”—ਡਾਨੀਏਲ, 19.

ਕੀ ਤੁਹਾਨੂੰ ਖਾਣ-ਪੀਣ ਤੋਂ ਹੋਰ ਪਰਹੇਜ਼ ਕਰਨ ਦੀ ਲੋੜ ਹੈ? ਹੇਠਾਂ ਦੇਖੋ ਕਿ ਤੁਹਾਡੇ ਹਾਣੀਆਂ ਨੇ ਕੀ ਕੀਤਾ ਹੈ।

ਆਪਣੇ ਪੇਟ ਦੀ ਸੁਣੋ। 19 ਸਾਲਾਂ ਦੀ ਜੂਲੀਆ ਦੱਸਦੀ ਹੈ, “ਪਹਿਲਾਂ ਮੈਂ ਕੈਲੋਰੀਆਂ ਗਿਣਦੀ ਹੁੰਦੀ ਸੀ, ਪਰ ਹੁਣ ਮੈਂ ਹੋਰ ਖਾਣਾ ਨਹੀਂ ਖਾਂਦੀ ਜਦ ਮੇਰਾ ਪੇਟ ਭਰ ਜਾਂਦਾ ਹੈ।”

ਜੰਕ ਫੂਡ ਨਾ ਖਾਓ। ਪੀਟਰ 21 ਸਾਲਾਂ ਦਾ ਹੈ। ਉਹ ਕਹਿੰਦਾ ਹੈ, “ਇਕ ਮਹੀਨੇ ਦੇ ਵਿਚ-ਵਿਚ ਮੇਰਾ ਪੰਜ ਕੀਲੋ ਭਾਰ ਘੱਟ ਗਿਆ ਕਿਉਂਕਿ ਮੈ ਸੋਡਾ ਪੀਣਾ ਬੰਦ ਕਰ ਦਿੱਤਾ।”

ਖਾਣਾ ਖਾਣ ਦੀਆਂ ਆਦਤਾਂ ਬਦਲੋ। 19 ਸਾਲਾਂ ਦੀ ਏਰਿਨ ਦੱਸਦੀ ਹੈ ਕਿ “ਮੈਂ ਇਕ ਵਾਰ ਖਾਣਾ ਲੈ ਕੇ ਦੁਬਾਰਾ ਨਹੀਂ ਲੈਣ ਜਾਂਦੀ।”

ਕਾਮਯਾਬੀ ਦੀ ਕੁੰਜੀ: ਦਿਨ ਵਿਚ ਤਿੰਨ ਡੰਗ ਖਾਣਾ ਖਾਓ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ, ਤਾਂ ਤੁਹਾਨੂੰ ਬਹੁਤ ਭੁੱਖ ਲੱਗੇਗੀ ਅਤੇ ਤੁਸੀਂ ਜ਼ਿਆਦਾ ਖਾਓਗੇ।

ਹੋਰ ਕਸਰਤ ਕਰੋ—ਚੰਗਾ ਮਹਿਸੂਸ ਕਰੋ!

ਬਾਈਬਲ ਦੱਸਦੀ ਹੈ: “ਸਰੀਰਕ ਕਸਰਤ . . . ਤੁਹਾਡੀ ਸਹਾਇਤਾ ਕਰਦੀ ਹੈ।” (1 ਤਿਮੋਥਿਉਸ 4:8, CL) ਪਰ ਬਹੁਤ ਸਾਰੇ ਨੌਜਵਾਨ ਕਸਰਤ ਕਰਨੀ ਪਸੰਦ ਨਹੀਂ ਕਰਦੇ।

“ਤੁਸੀਂ ਯਕੀਨ ਨਹੀਂ ਕਰੋਗੇ ਕਿ ਹਾਈ ਸਕੂਲ ਵਿਚ ਕਿੰਨੇ ਬੱਚੇ ਪੀ.ਟੀ. ਦੀ ਕਲਾਸ ਵਿਚ ਫੇਲ੍ਹ ਹੁੰਦੇ ਹਨ। ਇਹ ਕਲਾਸ ਇੰਨੀ ਸੌਖੀ ਹੈ ਕਿ ਇਸ ਨੂੰ ਕੋਈ ਵੀ ਪਾਸ ਕਰ ਸਕਦਾ ਹੈ!”ਰਿਚਰਡ, 21.

“ਕਈ ਸੋਚਦੇ ਹਨ ਕਿ ‘ਬਾਹਰ ਧੁੱਪ ਵਿਚ ਨੱਠ-ਭੱਜ ਕੇ ਪਸੀਨੇ ਨਾਲ ਭਿੱਜਣ ਤੇ ਥੱਕਣ ਦੀ ਕੀ ਲੋੜ ਹੈ ਜਦ ਤੁਸੀਂ ਆਰਾਮ ਨਾਲ ਅੰਦਰ ਬੈਠ ਕੇ ਵਿਡਿਓ ਗੇਮ ਖੇਡ ਸਕਦੇ ਹੋ?’”ਰੂਥ, 22.

ਕੀ “ਕਸਰਤ” ਸ਼ਬਦ ਬਾਰੇ ਸੋਚ ਕੇ ਹੀ ਤੁਸੀਂ ਥੱਕ ਜਾਂਦੇ ਹੋ? ਜੇ ਹਾਂ, ਤਾਂ ਹੇਠਾਂ ਕਸਰਤ ਕਰਨ ਦੀ ਰੁਟੀਨ ਬਣਾਉਣ ਦੇ ਤਿੰਨ ਫ਼ਾਇਦੇ ਦੱਸੇ ਗਏ ਹਨ।

ਪਹਿਲਾ ਫ਼ਾਇਦਾ। ਕਸਰਤ ਕਰਨ ਨਾਲ ਤੁਹਾਡੇ ਸਰੀਰ ਨੂੰ ਬੀਮਾਰੀ ਨਾਲ ਲੜਨ ਦੀ ਤਾਕਤ ਮਿਲਦੀ ਹੈ। 19 ਸਾਲਾਂ ਦੀ ਰੇਚਲ ਕਹਿੰਦੀ ਹੈ: “ਮੇਰੇ ਡੈਡੀ ਹਮੇਸ਼ਾ ਕਹਿੰਦੇ ਸਨ, ‘ਜੇ ਤੁਸੀਂ ਕਸਰਤ ਕਰਨ ਲਈ ਸਮਾਂ ਨਹੀਂ ਕੱਢ ਸਕਦੇ, ਤਾਂ ਤੁਹਾਨੂੰ ਬੀਮਾਰ ਹੋਣ ਲਈ ਸਮਾਂ ਕੱਢਣਾ ਪਵੇਗਾ।’”

ਦੂਜਾ ਫ਼ਾਇਦਾ। ਕਸਰਤ ਕਰਨ ਨਾਲ ਦਿਮਾਗ਼ ਵਿਚ ਰਸਾਇਣ ਪੈਦਾ ਹੁੰਦੇ ਹਨ ਜੋ ਟੈਨਸ਼ਨ ਘਟਾਉਂਦੇ ਹਨ। 16 ਸਾਲਾਂ ਦੀ ਐਮਿਲੀ ਕਹਿੰਦੀ ਹੈ: “ਜਦ ਮੈਂ ਬਹੁਤ ਪਰੇਸ਼ਾਨ ਹੁੰਦੀ ਹਾਂ, ਤਾਂ ਦੌੜਨ ਨਾਲ ਮੈਨੂੰ ਚੈਨ ਮਿਲਦੀ ਹੈ। ਮੇਰਾ ਸਰੀਰ ਅਤੇ ਮਨ ਤਾਜ਼ਾ ਹੁੰਦਾ ਹੈ।”

ਤੀਜਾ ਫ਼ਾਇਦਾ। ਕਸਰਤ ਕਰਨ ਨਾਲ ਮਜ਼ਾ ਆਉਂਦਾ ਹੈ। 22 ਸਾਲਾਂ ਦੀ ਰੂਥ ਦੱਸਦੀ ਹੈ, “ਖੁੱਲ੍ਹੀ ਹਵਾ ਵਿਚ ਰਹਿਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਸੋ ਕਸਰਤ ਕਰਨ ਲਈ ਮੈਂ ਦੂਰ ਤਕ ਤੁਰਦੀ, ਤੈਰਦੀ ਅਤੇ ਸਾਈਕਲ ਚਲਾਉਂਦੀ ਹਾਂ।”

ਕਾਮਯਾਬੀ ਦੀ ਕੁੰਜੀ: ਹਫ਼ਤੇ ਵਿਚ ਤਿੰਨ ਵਾਰ ਘੱਟੋ-ਘੱਟ 20 ਮਿੰਟ ਲਗਾਤਾਰ ਅਜਿਹੀ ਕਸਰਤ ਕਰੋ ਜੋ ਤੁਹਾਨੂੰ ਪਸੰਦ ਹੈ।

ਵੇਲੇ ਸਿਰ ਸੌਂਵੋ—ਦਿਲ ਲਾ ਕੇ ਕੰਮ ਕਰੋ!

ਬਾਈਬਲ ਕਹਿੰਦੀ ਹੈ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।” (ਉਪਦੇਸ਼ਕ 4:6, CL) ਚੰਗੀ ਨੀਂਦ ਨਾ ਸੌਣ ਕਰਕੇ ਤੁਸੀਂ ਚੰਗਾ ਕੰਮ ਨਹੀਂ ਕਰ ਪਾਓਗੇ।

“ਜੇ ਮੈਂ ਵੇਲੇ ਸਿਰ ਨਾ ਸੌਂਵਾ, ਤਾਂ ਮੇਰਾ ਬੁਰਾ ਹਾਲ ਹੁੰਦਾ ਹੈ ਤੇ ਮੈਂ ਕਿਸੇ ਕੰਮ ਵੱਲ ਧਿਆਨ ਨਹੀਂ ਦੇ ਸਕਦੀ।”ਰੇਚਲ, 19.

“ਦੁਪਹਿਰ ਦੇ ਦੋ ਵਜੇ ਮੈਂ ਇੰਨੀ ਥੱਕ ਜਾਂਦੀ ਹਾਂ ਕਿ ਮੈਂ ਗੱਲਾਂ ਕਰਦੀ-ਕਰਦੀ ਹੀ ਸੌਂ ਸਕਦੀ ਹਾਂ!”ਕ੍ਰਿਸਟੀਨ, 19.

ਕੀ ਤੁਹਾਨੂੰ ਜ਼ਿਆਦਾ ਨੀਂਦ ਦੀ ਲੋੜ ਹੈ? ਆਓ ਦੇਖੀਏ ਕਿ ਹੋਰਨਾਂ ਨੌਜਵਾਨਾਂ ਨੇ ਕੀ ਕੀਤਾ ਹੈ।

ਵੇਲੇ ਸਿਰ ਸੌਂਵੋ। 18 ਸਾਲਾਂ ਦੀ ਕੈਥਰੀਨ ਕਹਿੰਦੀ ਹੈ, “ਮੈਂ ਹਰ ਰਾਤ ਵੇਲੇ ਸਿਰ ਪੈਣ ਦੀ ਕੋਸ਼ਿਸ਼ ਕਰ ਰਹੀ ਹਾਂ।”

ਗੱਪ-ਛਪ ਛੱਡੋ। 21 ਸਾਲਾਂ ਦਾ ਰਿਚਰਡ ਕਹਿੰਦਾ ਹੈ: “ਕਦੀ-ਕਦੀ ਮੇਰੇ ਦੋਸਤ ਦੇਰ ਰਾਤ ਨੂੰ ਮੈਨੂੰ ਟੈਲੀਫ਼ੋਨ ਕਰਦੇ ਜਾਂ ਐੱਸ.ਐੱਮ.ਐੱਸ. ਭੇਜਦੇ ਹਨ, ਪਰ ਹੁਣ ਮੈਂ ਸਿੱਖ ਲਿਆ ਹੈ ਕਿ ਗੱਲਾਂ ਕਰਨ ਦੀ ਬਜਾਇ ਮੈਂ ਸੌਂ ਜਾਵਾਂ।”

ਇਕ ਸਮਾਂ ਤੈਅ ਕਰੋ। 20 ਸਾਲਾਂ ਦੀ ਜੈਨੀਫ਼ਰ ਕਹਿੰਦੀ ਹੈ: “ਅੱਜ-ਕੱਲ੍ਹ ਮੈਂ ਰੋਜ਼ ਇੱਕੋ ਟਾਈਮ ਤੇ ਸੌਣ ਅਤੇ ਇੱਕੋ ਟਾਈਮ ਉੱਠਣ ਦੀ ਕੋਸ਼ਿਸ਼ ਕਰਦੀ ਹਾਂ।”

ਕਾਮਯਾਬੀ ਦੀ ਕੁੰਜੀ: ਹਰ ਰੋਜ਼ ਅੱਠ ਤੋਂ ਦਸ ਘੰਟੇ ਸੌਣ ਦੀ ਕੋਸ਼ਿਸ਼ ਕਰੋ।

ਇਸ ਲੇਖ ਵਿਚ ਦੱਸੀਆਂ ਤਿੰਨ ਗੱਲਾਂ ਵਿੱਚੋਂ ਤੁਹਾਨੂੰ ਕਿਹੜੀ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ?

ਖਾਣ-ਪੀਣ ਕਸਰਤ ਸੌਣਾ

ਹੇਠਾਂ ਇਕ ਗੱਲ ਲਿਖੋ ਜੋ ਤੁਹਾਡੀ ਮਦਦ ਕਰ ਸਕਦੀ ਹੈ।

..............

ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ ਜੇ ਤੁਸੀਂ ਛੋਟੇ ਕਦਮ ਚੁੱਕ ਕੇ ਆਪਣੀ ਸਿਹਤ ਦਾ ਖ਼ਿਆਲ ਰੱਖੋ। ਯਾਦ ਰੱਖੋ ਕਿ ਚੰਗੀ ਸਿਹਤ ਹੋਣ ਨਾਲ ਤੁਸੀਂ ਅੰਦਰੋਂ ਤੇ ਬਾਹਰੋਂ ਚੰਗਾ ਮਹਿਸੂਸ ਕਰੋਗੇ ਅਤੇ ਦਿਲ ਲਾ ਕੇ ਕੰਮ ਕਰ ਸਕੋਗੇ। ਆਪਣੀ ਸਿਹਤ ਦਾ ਖ਼ਿਆਲ ਰੱਖਣਾ ਉਨ੍ਹਾਂ ਗੱਲਾਂ ਵਿੱਚੋਂ ਇਕ ਹੈ ਜਿਸ ’ਤੇ ਤੁਸੀਂ ਕੁਝ ਹੱਦ ਤਕ ਕੰਟ੍ਰੋਲ ਰੱਖ ਸਕਦੇ ਹੋ। ਏਰਿਨ, ਜੋ 19 ਸਾਲਾਂ ਦੀ ਹੈ, ਕਹਿੰਦੀ ਹੈ: “ਅਖ਼ੀਰ ਵਿਚ ਤੁਸੀਂ ਹੀ ਆਪਣੀ ਸਿਹਤ ਦਾ ਖ਼ਿਆਲ ਰੱਖ ਸਕਦੇ ਹੋ।” (g10-E 06)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 11 ਅਸੀਂ ਮੰਨਦੇ ਹਾਂ ਕਿ ਕਈ ਲੋਕਾਂ ਦੀ ਸਿਹਤ ਮਾੜੀ ਹੁੰਦੀ ਹੈ ਜੋ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਪਰ ਇਹ ਲੇਖ ਉਨ੍ਹਾਂ ਦੀ ਸਿਹਤ ਸੁਧਾਰਨ ਲਈ ਕੁਝ ਹੱਦ ਤਕ ਮਦਦ ਕਰ ਸਕਦਾ ਹੈ।

^ ਪੈਰਾ 13 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

ਇਸ ਬਾਰੇ ਸੋਚੋ

● ਆਪਣੀ ਸਿਹਤ ਦਾ ਖ਼ਿਆਲ ਰੱਖਣ ਨਾਲ ਤੁਸੀਂ ਆਪਣੇ ਬਾਰੇ ਕਿਵੇਂ ਚੰਗਾ ਮਹਿਸੂਸ ਕਰ ਸਕਦੇ ਹੋ?

● ਜਦ ਸਿਹਤ ਦੀ ਗੱਲ ਆਉਂਦੀ ਹੈ, ਤਾਂ ਤੁਹਾਨੂੰ ਸਮਝਦਾਰੀ ਵਰਤਣ ਦੀ ਕਿਉਂ ਲੋੜ ਹੈ?

[ਸਫ਼ਾ 23 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਸਾਡਾ ਸਰੀਰ ਕਾਰ ਵਾਂਗ ਹੈ। ਇਸ ਦੀ ਦੇਖ-ਭਾਲ ਕਰਨੀ ਮਾਲਕ ਦੀ ਜ਼ਿੰਮੇਵਾਰੀ ਹੈ। ਤਾਹੀਓਂ ਮੈਂ ਕਸਰਤ ਕਰਦਾ ਹਾਂ।”

“ਕਿਸੇ ਨਾਲ ਮਿਲ ਕੇ ਕਸਰਤ ਕਰਨੀ ਵਧੀਆ ਹੈ ਕਿਉਂਕਿ ਭਾਵੇਂ ਮੇਰਾ ਜੀ ਕਸਰਤ ਕਰਨ ਨੂੰ ਨਾ ਕਰੇ, ਪਰ ਮੈਂ ਦੂਸਰੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ।”

“ਕਸਰਤ ਕਰਨ ਨਾਲ ਮੈਨੂੰ ਚੰਗਾ ਲੱਗਦਾ ਹੈ। ਜਦ ਮੈਂ ਉਸ ਦੇ ਫ਼ਾਇਦੇ ਦੇਖਦੀ ਹਾਂ, ਤਾਂ ਮੈਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੀ ਹਾਂ।”

[ਤਸਵੀਰਾਂ]

ਈਥਨ

ਬ੍ਰੀਆਨਾ

ਐਮਿਲੀ