Skip to content

Skip to table of contents

ਭਰੋਸੇ ਦੇ ਲਾਇਕ ਲੋਕ

ਭਰੋਸੇ ਦੇ ਲਾਇਕ ਲੋਕ

ਭਰੋਸੇ ਦੇ ਲਾਇਕ ਲੋਕ

ਅਰਜਨਟੀਨਾ ਵਿਚ ਸੈਂਟੀਆਗੋ ਟੈਕਸੀ ਚਲਾਉਂਦਾ ਹੈ। ਇਕ ਦਿਨ ਉਸ ਦੀ ਟੈਕਸੀ ਵਿਚ ਕਿਸੇ ਦਾ ਬੈਗ ਰਹਿ ਗਿਆ। ਹੁਣ ਉਹ ਕੀ ਕਰਦਾ? ਉਸ ਨੂੰ ਪਤਾ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਸ ਨੇ ਇਹ ਬੈਗ ਇਸ ਦੇ ਮਾਲਕ ਨੂੰ ਵਾਪਸ ਕਰ ਦਿੱਤਾ। ਭਾਵੇਂ ਇਹ ਗੱਲ ਮਾਮੂਲੀ ਜਿਹੀ ਲੱਗਦੀ ਹੈ, ਪਰ ਇਸ ਬੈਗ ਵਿਚ 32,000 ਤੋਂ ਵੀ ਜ਼ਿਆਦਾ ਡਾਲਰ ਸਨ!

ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆਂ ਵਿਚ ਅਜਿਹਾ ਸਮਾਂ ਆਵੇਗਾ ਜਦ ਤੁਸੀਂ ਸਾਰਿਆਂ ’ਤੇ ਭਰੋਸਾ ਰੱਖ ਸਕੋਗੇ? ਅਜਿਹੀ ਦੁਨੀਆਂ ਅੱਜ ਨਾਲੋਂ ਕਿੰਨੀ ਵੱਖਰੀ ਹੋਵੇਗੀ। ਤੁਸੀਂ ਆਪਣੇ ਬੱਚੇ ਬੇਫ਼ਿਕਰ ਹੋ ਕੇ ਕਿਸੇ ਕੋਲ ਵੀ ਛੱਡ ਸਕੋਗੇ। ਤੁਹਾਨੂੰ ਆਪਣੇ ਘਰ ਨੂੰ ਜਿੰਦਾ ਲਾਉਣ ਦੀ ਲੋੜ ਨਹੀਂ ਪਵੇਗੀ। ਕੀ ਇਹ ਸਿਰਫ਼ ਇਕ ਸੁਪਨਾ ਹੀ ਹੈ?

ਈਮਾਨਦਾਰੀ ਦੇ ਚੰਗੇ ਨਤੀਜੇ

ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਯਹੋਵਾਹ ਦੇ ਗਵਾਹ ਵੀ ਇਹ ਹੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਯਸਾਯਾਹ 33:15 ਵਿਚ ਲਿਖੇ ਇਨ੍ਹਾਂ ਸ਼ਬਦਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਹਨ ਜਿੱਥੇ ਲਿਖਿਆ ਹੈ: “ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਵੱਢੀ ਲੈਣ ਤੋਂ ਆਪਣਾ ਹੱਥ ਛਿੜਦਾ ਹੈ।” ਕੁਝ ਲੋਕ ਨੇਕ ਜ਼ਿੰਦਗੀ ਕਿਵੇਂ ਜੀਣ ਦੀ ਕੋਸ਼ਿਸ਼ ਕਰਦੇ ਹਨ?

‘ਸਿੱਧੀਆਂ ਗੱਲਾਂ ਕਰੋ।’ ਡੋਮਿੰਗੋ ਇਕ ਯਹੋਵਾਹ ਦਾ ਗਵਾਹ ਹੈ ਜੋ ਫ਼ਿਲਪੀਨ ਵਿਚ ਖੋਪੇ ਦੇ ਬਾਗ਼ ਵਿਚ ਕੰਮ ਕਰਦਾ ਹੈ। ਉਹ ਦੱਸਦਾ ਹੈ: “ਬਹੁਤ ਲੋਕ ਆਪਣੇ ਮਾਲਕਾਂ ਨਾਲ ਧੋਖਾ ਕਰਦੇ ਹਨ। ਮਿਸਾਲ ਲਈ, ਉਹ ਸੱਚ ਨਹੀਂ ਦੱਸਦੇ ਕਿ ਉਨ੍ਹਾਂ ਨੇ ਖੋਪੇ ਦੀਆਂ ਕਿੰਨੀਆਂ ਬੋਰੀਆਂ ਭਰੀਆਂ ਹਨ ਤਾਂਕਿ ਉਹ ਖ਼ੁਦ ਖੋਪੇ ਵੇਚ ਕੇ ਮੁਨਾਫ਼ਾ ਕਮਾ ਸਕਣ।”

ਡੋਮਿੰਗੋ ਅਤੇ ਉਸ ਦੇ ਪਰਿਵਾਰ ਨੂੰ ਨੌਕਰੀ ਤੋਂ ਕੱਢਿਆ ਜਾਣਾ ਸੀ ਕਿਉਂਕਿ ਉਹ ਆਪਣੇ ਮਾਲਕ ਦੇ ਫ਼ਾਇਦੇ ਲਈ ਝੂਠ ਬੋਲਣ ਲਈ ਤਿਆਰ ਨਹੀਂ ਸਨ। ਡੋਮਿੰਗੋ ਕਹਿੰਦਾ ਹੈ: “ਅਸੀਂ ਆਪਣੇ ਮਾਲਕ ਨੂੰ ਦੱਸਿਆ, ‘ਭਾਵੇਂ ਸਾਨੂੰ ਨੌਕਰੀ ਤੋਂ ਕੱਢ ਦਿਓ, ਪਰ ਅਸੀਂ ਝੂਠ ਨਹੀਂ ਬੋਲਾਂਗੇ।’ ਅਖ਼ੀਰ ਵਿਚ ਮਾਲਕ ਨੂੰ ਮੰਨਣਾ ਪਿਆ ਕਿ ਯਹੋਵਾਹ ਦੇ ਗਵਾਹ ਈਮਾਨਦਾਰ ਅਤੇ ਭਰੋਸੇ ਦੇ ਲਾਇਕ ਹਨ। ਫਿਰ ਉਸ ਨੇ ਸਾਨੂੰ ਵਾਹੀ ਕਰਨ ਵਾਸਤੇ ਹੋਰ ਜ਼ਮੀਨ ਦਿੱਤੀ।”

‘ਜ਼ੁਲਮ ਦੀ ਕਮਾਈ ਨਾ ਕਰੋ।’ ਪੀਏਰ ਕੈਮਰੂਨ ਦੇਸ਼ ਵਿਚ ਇਕ ਟੈਕਸ ਅਫ਼ਸਰ ਵਜੋਂ ਕੰਮ ਕਰਦਾ ਹੈ ਅਤੇ ਉਸ ਨੂੰ ਬੇਈਮਾਨੀ ਨਾਲ ਪੈਸਾ ਕਮਾਉਣ ਦੇ ਕਈ ਮੌਕੇ ਮਿਲੇ। ਜਦੋਂ ਉਸ ਨੇ ਪਹਿਲੀ ਵਾਰ ਮਜ਼ਦੂਰਾਂ ਨੂੰ ਤਨਖ਼ਾਹ ਦੇਣੀ ਸੀ, ਤਾਂ ਉਸ ਨੇ ਦੇਖਿਆ ਕਿ ਹਿਸਾਬ-ਕਿਤਾਬ ਵਿਚ ਕੁਝ ਗੜਬੜ ਸੀ। ਪੀਏਰ ਦੱਸਦਾ ਹੈ: “ਤਨਖ਼ਾਹਾਂ ਬਿਨਾਂ ਕਾਨਟ੍ਰੈਕਟ ਵਾਲੇ ਮਜ਼ਦੂਰਾਂ ਨੂੰ ਦਿੱਤੀਆਂ ਜਾ ਰਹੀਆਂ ਸਨ ਨਾਲੇ ਉਨ੍ਹਾਂ ਨੂੰ ਵੀ ਜਿਹੜੇ ਮਰ ਚੁੱਕੇ ਸਨ। ਮੈਂ ਇਹ ਪੈਸਾ ਆਪਣੇ ਕੋਲ ਨਹੀਂ ਰੱਖਿਆ, ਸਗੋਂ ਇਸ ਦਾ ਇਕ ਰਿਕਾਰਡ ਬਣਾਇਆ ਅਤੇ ਸਾਰੇ ਪੈਸੇ ਸਾਂਭ ਛੱਡੇ।”

ਇਸ ਦਾ ਨਤੀਜਾ ਕੀ ਨਿਕਲਿਆ? ਪੀਏਰ ਦੱਸਦਾ ਹੈ: “ਦੋ ਸਾਲਾਂ ਬਾਅਦ ਕੁਝ ਲੋਕ ਆਏ ਜਿਨ੍ਹਾਂ ਨੇ ਸਾਰੇ ਲੇਖੇ-ਜੋਖੇ ਦੀ ਜਾਂਚ ਕੀਤੀ। ਮੈਂ ਉਨ੍ਹਾਂ ਨੂੰ ਸਹੀ-ਸਹੀ ਅੰਕੜਿਆਂ ਬਾਰੇ ਦੱਸਿਆ ਅਤੇ ਦੋ ਸਾਲਾਂ ਦਾ ਸਾਰਾ ਪੈਸਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਲੇਖਾ-ਜੋਖਾ ਕਰਨ ਵਾਲਿਆਂ ਨੇ ਮੇਰੀ ਈਮਾਨਦਾਰੀ ਦੀ ਤਾਰੀਫ਼ ਕੀਤੀ।”

‘ਵੱਢੀ ਨਾ ਲਓ।’ ਰਿਓ ਡ ਜਨੇਰੋ, ਬ੍ਰਾਜ਼ੀਲ ਵਿਚ ਰਿਕਾਰਡੋ ਨਾਂ ਦਾ ਯਹੋਵਾਹ ਦਾ ਗਵਾਹ ਰਹਿੰਦਾ ਹੈ। ਉਹ ਨੋਟਰੀ ਵਿਚ ਇਕ ਵਕੀਲ ਹੈ ਅਤੇ ਉਹ ਯਾਦ ਕਰਦਾ ਹੈ ਕਿ ਜ਼ਿੰਦਗੀ ਵਿਚ ਅਜਿਹੇ ਕਈ ਮੌਕੇ ਸਨ ਜਿੱਥੇ ਉਹ ਰਿਸ਼ਵਤ ਲੈ ਕੇ ਕੰਮ ਕਰ ਸਕਦਾ ਸੀ। ਉਹ ਕਹਿੰਦਾ ਹੈ: “ਇਕ ਵਾਰ ਇਕ ਵਕੀਲ ਨੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਬਿਨਾਂ ਪੁੱਛੇ ਮੇਰੇ ਘਰ ਇਕ ਸੀ.ਡੀ. ਪਲੇਅਰ ਭੇਜ ਦਿੱਤਾ। ਉਸ ਸਮੇਂ ਇਹ ਪਲੇਅਰ ਮਹਿੰਗਾ ਹੋਣ ਕਰਕੇ ਕਿਸੇ-ਕਿਸੇ ਕੋਲ ਹੁੰਦਾ ਸੀ।”

ਰਿਕਾਰਡੋ ਨੇ ਕੀ ਕੀਤਾ? ਉਹ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਨੇ ਪਾਰਸਲ ਖੋਲ੍ਹਿਆ ਹੀ ਨਹੀਂ। ਮੈਂ ਉਸ ਵਕੀਲ ਦੇ ਆਫ਼ਿਸ ਵਿਚ ਗਿਆ ਅਤੇ ਪਾਰਸਲ ਉਸ ਦੇ ਮੇਜ਼ ’ਤੇ ਰੱਖ ਦਿੱਤਾ। ਇਹ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ! ਮੈਂ ਇਸ ਮੌਕੇ ਦਾ ਫ਼ਾਇਦਾ ਉੱਠਾ ਕੇ ਉਸ ਨੂੰ ਇਹ ਪਾਰਸਲ ਵਾਪਸ ਕਰਨ ਦਾ ਕਾਰਨ ਸਮਝਾਇਆ। ਉਸ ਦੀ ਸੈਕਟਰੀ ਮੇਰੀ ਈਮਾਨਦਾਰੀ ਦੇਖ ਕੇ ਬੜੀ ਖ਼ੁਸ਼ ਹੋਈ।”

ਦੁਨੀਆਂ ਵਿਚ ਹੋਰ ਲੋਕ ਵੀ ਈਮਾਨਦਾਰ ਹਨ, ਪਰ ਪੂਰੀ ਦੁਨੀਆਂ ਵਿਚ ਸਿਰਫ਼ ਯਹੋਵਾਹ ਦੇ ਗਵਾਹ ਆਪਣੀ ਈਮਾਨਦਾਰੀ ਲਈ ਜਾਣੇ ਜਾਂਦੇ ਹਨ। ਇਸੇ ਕਰਕੇ ਪੋਲੈਂਡ ਦੇਸ਼ ਵਿਚ ਇਕ ਮਸ਼ਹੂਰ ਕੱਪੜਿਆਂ ਦੀ ਕੰਪਨੀ ਸਿਰਫ਼ ਯਹੋਵਾਹ ਦੇ ਗਵਾਹਾਂ ਨੂੰ ਕੰਮ ਤੇ ਰੱਖਦੀ ਹੈ। ਕੰਪਨੀ ਦੇ ਮੈਨੇਜਰ ਨੇ ਕਿਹਾ: “ਦੁਨੀਆਂ ਵਿਚ ਤਾਂ ਕਈ ਲੋਕ ਈਮਾਨਦਾਰ ਹਨ, ਪਰ ਯਹੋਵਾਹ ਦੇ ਗਵਾਹ ਆਪਣੀ ਈਮਾਨਦਾਰੀ ਦੇ ਅਸੂਲਾਂ ’ਤੇ ਟਿਕੇ ਰਹਿੰਦੇ ਹਨ।”

ਗ਼ਰੀਬ, ਪਰ ਭਰੋਸੇਯੋਗ

ਕਈ ਲੋਕ ਸੋਚਦੇ ਹਨ ਕਿ ਗ਼ਰੀਬੀ ਇਨਸਾਨ ਨੂੰ ਬੁਰੇ ਤੋਂ ਬੁਰਾ ਕੰਮ ਕਰਨ ਲਈ ਮਜਬੂਰ ਕਰ ਸਕਦੀ ਹੈ। ਮਿਸਾਲ ਲਈ, ਸੀ. ਐੱਨ. ਐੱਨ. ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਕ 14 ਸਾਲਾਂ ਦਾ ਨਾਈਜੀਰੀਅਨ ਮੁੰਡਾ ਇੰਟਰਨੈੱਟ ’ਤੇ ਲੋਕਾਂ ਨੂੰ ਠੱਗਦਾ ਹੈ। ਆਪਣੀ ਸਫ਼ਾਈ ਵਿਚ ਉਹ ਕਹਿੰਦਾ ਹੈ: “ਮੈਨੂੰ ਆਪਣੇ ਮਾਤਾ-ਪਿਤਾ ਅਤੇ ਆਪਣੀ ਭੈਣ ਦਾ ਢਿੱਡ ਪਾਲਣਾ ਪੈਂਦਾ ਹੈ। ਸਾਨੂੰ ਵੀ ਜੀਣ ਦਾ ਹੱਕ ਹੈ। ਜੇ ਮੈਂ ਲੋਕਾਂ ਨੂੰ ਨਾ ਠੱਗਾਂ, ਤਾਂ ਮੈਂ ਹੋਰ ਕੀ ਕਰਾਂ?”

ਬਾਈਬਲ ਇਹ ਵਾਅਦਾ ਨਹੀਂ ਕਰਦੀ ਕਿ ਜਿਹੜੇ ਨੇਕ ਜ਼ਿੰਦਗੀ ਜੀਉਣਗੇ ਉਹ ਅਮੀਰ ਹੋ ਜਾਣਗੇ, ਪਰ ਉਹ ਭਰੋਸਾ ਦਿਲਾਉਂਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਹਰ ਲੋੜ ਪੂਰੀ ਕੀਤੀ ਜਾਵੇਗੀ। ਯਸਾਯਾਹ 33:16 ਦੱਸਦਾ ਹੈ: “ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਦਾ ਜਲ ਅੰਮ੍ਰਿਤ ਹੋਵੇਗਾ।”

ਪਰ ਕਈ ਸ਼ਾਇਦ ਪੁੱਛਣ: ‘ਈਮਾਨਦਾਰ ਹੋਣ ਨਾਲ ਗ਼ਰੀਬ ਲੋਕਾਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ? ਉਨ੍ਹਾਂ ਬਾਰੇ ਕੀ ਜਿਹੜੇ ਦੋ ਵੇਲੇ ਦੀ ਰੋਟੀ ਕਮਾਉਣ ਲਈ ਹੱਡ-ਤੋੜ ਮਿਹਨਤ ਕਰਦੇ ਹਨ?’

ਕੈਮਰੂਨ ਵਿਚ ਰਹਿਣ ਵਾਲੀ ਬਰਟ ਉੱਤੇ ਗੌਰ ਕਰੋ। ਉਹ ਮੰਡੀ ਵਿਚ ਕਸਾਵਾ ਤੋਂ ਬਣੀਆਂ ਡੰਡੀਆਂ ਦੇ ਪੈਕਟ ਵੇਚਦੀ ਹੈ। ਉਹ ਦੱਸਦੀ ਹੈ: “ਆਮ ਤੌਰ ਤੇ ਕਸਾਵਾ ਦੇ ਹਰ ਪੈਕਟ ਵਿਚ 20 ਡੰਡੀਆਂ ਹੁੰਦੀਆਂ ਹਨ। ਪਰ ਬਹੁਤ ਸਾਰੇ ਦੁਕਾਨਦਾਰ ਸਿਰਫ਼ 17 ਜਾਂ 18 ਡੰਡੀਆਂ ਪੈਕਟ ਵਿਚ ਪਾਉਂਦੇ ਹਨ। ਮੈਂ ਦੂਜਿਆਂ ਨੂੰ ਧੋਖਾ ਦੇਣ ਦੀ ਬਜਾਇ ਈਮਾਨਦਾਰੀ ਨਾਲ ਕਮਾਈ ਕਰਨੀ ਪਸੰਦ ਕਰਦੀ ਹਾਂ।”

ਕੀ ਬਰਟ ਦਾ ਕੰਮ ਬਹੁਤ ਚੱਲਦਾ ਹੈ? ਹਮੇਸ਼ਾ ਨਹੀਂ। ਉਹ ਦੱਸਦੀ ਹੈ: “ਕਈ ਵਾਰ ਬਿਨਾਂ ਕੁਝ ਵੇਚੇ ਮੇਰਾ ਸਾਰਾ ਦਿਨ ਲੰਘ ਜਾਂਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਦੂਜੇ ਦੁਕਾਨਦਾਰ ਫਿਰ ਵੀ ਮੈਨੂੰ ਖਾਣ-ਪੀਣ ਲਈ ਕੁਝ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਵਾਂਗੀ। ਅਜਿਹੀ ਇੱਜ਼ਤ ਕਮਾਉਣ ਲਈ ਕਈ ਵਰ੍ਹੇ ਲੱਗ ਜਾਂਦੇ ਹਨ।”

ਅਸੀਂ ਪਰਮੇਸ਼ੁਰ ’ਤੇ ਭਰੋਸਾ ਰੱਖ ਸਕਦੇ ਹਾਂ

ਜਿਹੜਾ ਇਨਸਾਨ ਆਪਣੀਆਂ ਗੱਲਾਂ ’ਤੇ ਪੱਕਾ ਰਹਿੰਦਾ ਹੈ ਅਸੀਂ ਉਸ ’ਤੇ ਪੂਰਾ ਭਰੋਸਾ ਕਰਦੇ ਹਾਂ। ਇਸਰਾਏਲੀ ਕੌਮ ਦੇ ਆਗੂ ਯਹੋਸ਼ੁਆ ਨੇ ਪਰਮੇਸ਼ੁਰ ਬਾਰੇ ਕਿਹਾ: “ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ . . . ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।” (ਯਹੋਸ਼ੁਆ 21:45) ਕੀ ਅਸੀਂ ਵੀ ਯਹੋਵਾਹ ’ਤੇ ਇੰਨਾ ਭਰੋਸਾ ਰੱਖ ਸਕਦੇ ਹਾਂ?

ਪਰਮੇਸ਼ੁਰ ਦੇ ਵਾਅਦੇ ਇੰਨੇ ਭਰੋਸੇਯੋਗ ਹਨ ਕਿ ਉਨ੍ਹਾਂ ਦੀ ਤੁਲਨਾ ਮੀਂਹ ਨਾਲ ਕੀਤੀ ਜਾਂਦੀ ਹੈ। (ਯਸਾਯਾਹ 55:10, 11) ਵਾਕਈ ਕੀ ਮੀਂਹ ਨੂੰ ਕੋਈ ਰੋਕ ਸਕਦਾ ਹੈ? ਕੋਈ ਨਹੀਂ। ਮੀਂਹ ਦਾ ਪਾਣੀ ਮਿੱਟੀ ਨੂੰ ਸਿੰਜਦਾ ਹੈ ਅਤੇ ਫਿਰ ਸਾਗ-ਪਤ ਉੱਗਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦੇ ਵਾਅਦਿਆਂ ਨੂੰ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

ਦੂਜਾ ਪਤਰਸ 3:13 ਪਰਮੇਸ਼ੁਰ ਦੇ ਇਕ ਵਾਅਦੇ ਬਾਰੇ ਦੱਸਦਾ ਹੈ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” ਬਹੁਤ ਜਲਦ ਪਰਮੇਸ਼ੁਰ ਧੋਖੇਬਾਜ਼ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਕੀ ਤੁਸੀਂ ਪਰਮੇਸ਼ੁਰ ਦੇ ਮਕਸਦਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਜੇ ਹਾਂ, ਤਾਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ 5ਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ। (g10-E 10)

[ਸਫ਼ਾ 8 ਉੱਤੇ ਡੱਬੀ/ਤਸਵੀਰ]

ਈਮਾਨਦਾਰੀ ਦਾ ਫਲ ਮਿਲਿਆ

ਲੁਸੀਓ ਫ਼ਿਲਪੀਨ ਵਿਚ ਰਹਿਣ ਵਾਲਾ ਇਕ ਯਹੋਵਾਹ ਦਾ ਗਵਾਹ ਹੈ। ਆਪਣੇ ਮਾਲਕ ਦੇ ਦਫ਼ਤਰ ਦੀ ਸਫ਼ਾਈ ਕਰਦੇ ਵੇਲੇ ਉਸ ਨੂੰ ਇਕ ਅਲਮਾਰੀ ਵਿੱਚੋਂ 27,500 ਡਾਲਰ ਮਿਲੇ। ਜੇ ਉਹ ਚਾਹੁੰਦਾ, ਤਾਂ ਸਾਰੇ ਪੈਸੇ ਆਪਣੇ ਕੋਲ ਰੱਖ ਸਕਦਾ ਸੀ ਕਿਉਂਕਿ ਇਹ ਪੈਸੇ ਉਸ ਦੇ ਮਾਲਕ ਦੇ ਸਨ ਜੋ ਉਸ ਵੇਲੇ ਇਕ ਬਿਜ਼ਨਿਸ ਦੌਰੇ ਤੇ ਗਿਆ ਹੋਇਆ ਸੀ। ਲੁਸੀਓ ਕਹਿੰਦਾ ਹੈ: “ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਡਾਲਰ ਦੇਖਿਆ ਸੀ!”

ਜਦੋਂ ਉਸ ਦਾ ਮਾਲਕ ਵਾਪਸ ਆਇਆ, ਤਾਂ ਲੁਸੀਓ ਨੇ ਸਾਰਾ ਪੈਸਾ ਉਸ ਦੇ ਹਵਾਲੇ ਕਰ ਦਿੱਤਾ। ਨਤੀਜਾ? ਲੁਸੀਓ ਦੱਸਦਾ ਹੈ: “ਮੈਨੂੰ ਹੋਰ ਜ਼ਿੰਮੇਵਾਰੀ ਦਿੱਤੀ ਗਈ। ਇੰਨਾ ਹੀ ਨਹੀਂ ਮੇਰੇ ਮਾਲਕ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਰਹਿਣ ਲਈ ਇਕ ਕਮਰਾ ਦਿੱਤਾ। ਭਾਵੇਂ ਕਿ ਫ਼ਿਲਪੀਨ ਵਿਚ ਰਹਿਣਾ ਸੌਖਾ ਨਹੀਂ, ਪਰ ਮੈਨੂੰ ਇੰਜ ਲੱਗਦਾ ਹੈ ਕਿ ਯਹੋਵਾਹ ਦੇ ਅਸੂਲਾਂ ’ਤੇ ਟਿਕੇ ਰਹਿਣ ਕਰਕੇ ਉਸ ਨੇ ਸਾਡੀ ਬਹੁਤ ਦੇਖ-ਭਾਲ ਕੀਤੀ ਹੈ।

[ਸਫ਼ਾ 9 ਉੱਤੇ ਡੱਬੀ/ਤਸਵੀਰ]

ਈਮਾਨਦਾਰੀ ਦੀ ਤਕੜੀ

ਕੈਮਰੂਨ ਦੇ ਡੂਆਲਾ ਬਾਜ਼ਾਰ ਵਿਚ ਮੋਈਸ ਦੀ ਮੱਛੀਆਂ ਵਾਲੀ ਹੱਟੀ ਕਾਫ਼ੀ ਮਸ਼ਹੂਰ ਹੈ। ਉਹ ਕਹਿੰਦਾ ਹੈ: “ਮੇਰੀ ਹੱਟੀ ਦਾ ਨਾਂ ਹੈ ਤੱਕੜੀ। ਮੈਂ ਇਸ ਲਈ ਇਹ ਨਾਂ ਰੱਖਿਆ ਕਿਉਂਕਿ ਪੂਰੇ ਬਾਜ਼ਾਰ ਵਿਚ ਕੁਝ ਹੀ ਦੁਕਾਨਦਾਰ ਹਨ ਜੋ ਸਹੀ-ਸਹੀ ਭਾਰ ਤੋਲਦੇ ਹਨ। ਬਹੁਤ ਵਾਰ ਲੋਕ ਮੈਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹਨ। ਜੇ ਉਹ ਇਕ ਕਿਲੋ ਮੱਛੀ ਮੰਗਦੇ ਹਨ, ਤਾਂ ਮੈਂ ਉਨ੍ਹਾਂ ਨੂੰ ਪੂਰੀ-ਪੂਰੀ ਤੋਲ ਕੇ ਦਿੰਦਾ ਹਾਂ। ਪਰ ਉਹ ਬਾਅਦ ਵਿਚ ਕਿਸੇ ਹੋਰ ਹੱਟੀ ਤੋਂ ਭਾਰ ਤੁਲਵਾ ਕੇ ਦੇਖਦੇ ਹਨ। ਕਈ ਵਾਰ ਮੱਛੀ ਕਿਲੋ ਤੋਂ ਵੀ ਜ਼ਿਆਦਾ ਹੁੰਦੀ ਹੈ। ਤਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਠੱਗਿਆ ਨਹੀਂ ਹੈ। ਬਹੁਤ ਲੋਕ ਮੈਨੂੰ ਕਹਿੰਦੇ ਹਨ: ‘ਅਸੀਂ ਇਸ ਕਰਕੇ ਤੇਰੀ ਹੱਟੀ ’ਤੇ ਆਉਂਦੇ ਹਾਂ ਕਿਉਂਕਿ ਤੂੰ ਬਹੁਤ ਈਮਾਨਦਾਰ ਹੈਂ।’”

[ਸਫ਼ਾ 7 ਉੱਤੇ ਤਸਵੀਰ]

“ਅਸੀਂ ਆਪਣੇ ਮਾਲਕ ਨੂੰ ਦੱਸਿਆ, ‘ਭਾਵੇਂ ਸਾਨੂੰ ਨੌਕਰੀ ਤੋਂ ਕੱਢ ਦਿਓ, ਪਰ ਅਸੀਂ ਝੂਠ ਨਹੀਂ ਬੋਲਾਂਗੇ।’”—ਡੋਮਿੰਗੋ, ਫ਼ਿਲਪੀਨ।

[ਸਫ਼ਾ 7 ਉੱਤੇ ਤਸਵੀਰ]

“ਲੇਖਾ-ਜੋਖਾ ਕਰਨ ਵਾਲਿਆਂ ਨੇ ਮੇਰੀ ਈਮਾਨਦਾਰੀ ਦੀ ਤਾਰੀਫ਼ ਕੀਤੀ।”—ਪੀਏਰ, ਕੈਮਰੂਨ।

[ਸਫ਼ਾ 7 ਉੱਤੇ ਤਸਵੀਰ]

“ਇਕ ਵਾਰ ਇਕ ਵਕੀਲ ਨੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। . . . ਮੈਂ ਤੇ ਮੇਰੀ ਪਤਨੀ ਨੇ ਪਾਰਸਲ ਖੋਲ੍ਹਿਆ ਹੀ ਨਹੀਂ।”—ਰਿਕਾਰਡੋ, ਬ੍ਰਾਜ਼ੀਲ।

[ਸਫ਼ਾ 7 ਉੱਤੇ ਤਸਵੀਰ]

ਕਈ ਵਾਰ ਬਿਨਾਂ ਕੁਝ ਵੇਚੇ ਬਰਟ ਦਾ ਸਾਰਾ ਦਿਨ ਲੰਘ ਜਾਂਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਦੂਜੇ ਦੁਕਾਨਦਾਰ ਫਿਰ ਵੀ ਉਸ ਨੂੰ ਖਾਣ-ਪੀਣ ਲਈ ਕੁਝ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਵੇਗੀ।