Skip to content

Skip to table of contents

ਮੈਂ ਇੰਨਾ ਉਦਾਸ ਹੋਣ ਤੋਂ ਕਿਵੇਂ ਬਚਾਂ?

ਮੈਂ ਇੰਨਾ ਉਦਾਸ ਹੋਣ ਤੋਂ ਕਿਵੇਂ ਬਚਾਂ?

ਨੌਜਵਾਨ ਪੁੱਛਦੇ ਹਨ

ਮੈਂ ਇੰਨਾ ਉਦਾਸ ਹੋਣ ਤੋਂ ਕਿਵੇਂ ਬਚਾਂ?

“ਜਦ ਮੇਰੇ ਦੋਸਤਾਂ ਨੂੰ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਮੈਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਦੀ ਹਾਂ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜਦ ਮੈਂ ਅੰਦਰੋਂ ਦੁਖੀ ਹੁੰਦੀ ਹਾਂ, ਤਾਂ ਘਰ ਜਾ ਕੇ ਆਪਣੇ ਕਮਰੇ ਵਿਚ ਇਕੱਲੀ ਰੋਂਦੀ ਹਾਂ।”—ਕੈਲੀ। *

“ਜਦ ਮੈਂ ਉਦਾਸ ਹੁੰਦਾ ਹਾਂ, ਤਾਂ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਹਾਂ। ਜੇ ਕੋਈ ਮੈਨੂੰ ਕਿਤੇ ਬੁਲਾਉਂਦਾ ਹੈ, ਤਾਂ ਮੈਂ ਕੋਈ-ਨਾ-ਕੋਈ ਬਹਾਨਾ ਬਣਾ ਲੈਂਦਾ ਹਾਂ। ਮੇਰੇ ਘਰ ਦਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਉਦਾਸ ਹਾਂ।”—ਰਾਜ।

ਕੀ ਤੁਹਾਡੇ ਮਨ ਵਿਚ ਵੀ ਕੈਲੀ ਜਾਂ ਰਾਜ ਵਾਂਗ ਖ਼ਿਆਲ ਆਉਂਦੇ ਹਨ? ਜੇ ਹਾਂ, ਤਾਂ ਇਹ ਨਾ ਸੋਚੋ ਕਿ ਤੁਹਾਨੂੰ ਕੁਝ ਹੋ ਗਿਆ ਹੈ। ਹਕੀਕਤ ਇਹ ਹੈ ਕਿ ਕਦੇ-ਨਾ-ਕਦੇ ਸਾਰੇ ਉਦਾਸ ਹੁੰਦੇ ਹਨ। ਬਾਈਬਲ ਵਿਚ ਵੀ ਕਈ ਆਦਮੀਆਂ ਅਤੇ ਔਰਤਾਂ ਬਾਰੇ ਦੱਸਿਆ ਗਿਆ ਹੈ ਜੋ ਇਕ ਸਮੇਂ ਤੇ ਉਦਾਸ ਹੋਏ ਸਨ।

ਕਈ ਵਾਰ ਤੁਸੀਂ ਕਿਸੇ ਵਜ੍ਹਾ ਕਰਕੇ ਉਦਾਸ ਹੁੰਦੇ ਹੋ ਅਤੇ ਕਈ ਵਾਰ ਬੇਵਜ੍ਹਾ। ਐਨਾ, ਜੋ 19 ਸਾਲਾਂ ਦੀ ਹੈ, ਕਹਿੰਦੀ ਹੈ: “ਇਹ ਜ਼ਰੂਰੀ ਨਹੀਂ ਕਿ ਕੋਈ ਮੁਸ਼ਕਲ ਆਉਣ ਤੇ ਹੀ ਤੁਸੀਂ ਉਦਾਸ ਹੁੰਦੇ ਹੋ। ਤੁਸੀਂ ਕਦੇ ਵੀ ਉਦਾਸ ਹੋ ਸਕਦੇ ਹੋ। ਇਹ ਅਜੀਬ ਤਾਂ ਹੈ, ਪਰ ਇੱਦਾਂ ਹੁੰਦਾ ਹੈ!”

ਉਦਾਸ ਹੋਣ ਦਾ ਭਾਵੇਂ ਕੋਈ ਕਾਰਨ ਹੋਵੇ ਜਾਂ ਨਾ ਹੋਵੇ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਉਦਾਸ ਹੋਣ ਤੋਂ ਕਿਵੇਂ ਬਚ ਸਕਦੇ ਹੋ?

ਪਹਿਲੀ ਸਲਾਹ: ਗੱਲ ਕਰੋ। ਬਾਈਬਲ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.

ਕੈਲੀ: “ਕਿਸੇ ਨਾਲ ਗੱਲ ਕਰ ਕੇ ਮੇਰਾ ਦਿਲ ਹਲਕਾ ਹੋ ਜਾਂਦਾ ਹੈ। ਫਿਰ ਮੈਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਚਲੋ ਕਿਸੇ ਨੂੰ ਤਾਂ ਪਤਾ ਲੱਗਾ ਹੈ ਕਿ ਮੇਰੇ ’ਤੇ ਕੀ ਬੀਤ ਰਹੀ ਹੈ। ਇੱਦਾਂ ਲੱਗਦਾ ਹੈ ਜਿੱਦਾਂ ਕੋਈ ਮੈਨੂੰ ਰੱਸੀ ਦੇ ਸਹਾਰੇ ਨਾਲ ਉਦਾਸੀ ਦੀ ਡੂੰਘੀ ਖਾਈ ਵਿੱਚੋਂ ਬਾਹਰ ਖਿੱਚ ਲੈ ਆਉਂਦਾ ਹੈ।”

ਸੁਝਾਅ: ਹੇਠਾਂ ਆਪਣੇ ਕਿਸੇ “ਮਿੱਤ੍ਰ” ਦਾ ਨਾਂ ਲਿਖੋ ਜਿਸ ਨੂੰ ਤੁਸੀਂ ਉਦੋਂ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ ਜਦੋਂ ਤੁਸੀਂ ਉਦਾਸ ਹੁੰਦੇ ਹੋ।

․․․․․

ਦੂਜੀ ਸਲਾਹ: ਲਿਖ ਲਓ। ਜਦ ਤੁਹਾਡੀ ਜ਼ਿੰਦਗੀ ਵਿਚ ਉਦਾਸੀ ਦੇ ਕਾਲੇ ਬਦਲ ਛਾਏ ਹੁੰਦੇ ਹਨ, ਤਾਂ ਤੁਸੀਂ ਸ਼ਾਇਦ ਆਪਣੇ ਮਨ ਦੇ ਵਿਚਾਰ ਲਿਖ ਸਕਦੇ ਹੋ। ਜ਼ਬੂਰਾਂ ਦੇ ਇਕ ਲਿਖਾਰੀ ਦਾਊਦ ਨੇ ਆਪਣੇ ਗਮ ਨੂੰ ਸ਼ਬਦਾਂ ਵਿਚ ਬਿਆਨ ਕੀਤਾ। (ਜ਼ਬੂਰਾਂ ਦੀ ਪੋਥੀ 6:6) ਤੁਸੀਂ ਵੀ ਆਪਣੇ ਜਜ਼ਬਾਤਾਂ ਨੂੰ ਲਿਖ ਕੇ ਆਪਣੇ ਮਨ ਦੇ ਬੋਝ ਨੂੰ ਕੁਝ ਹੱਦ ਤਕ ਲਾਹ ਸਕਦੇ ਹੋ।—ਕਹਾਉਤਾਂ 3:21.

ਹੈਦਰ: “ਉਦਾਸ ਹੋਣ ਕਰਕੇ ਮੇਰੇ ਮਨ ਵਿਚ ਖਲਬਲੀ ਮਚੀ ਹੁੰਦੀ ਹੈ, ਪਰ ਉਸ ਵੇਲੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੈਂ ਇਕ ਕਾਗਜ਼ ’ਤੇ ਲਿਖ ਲੈਂਦੀ ਹਾਂ। ਸਾਰੀਆਂ ਗੱਲਾਂ ਲਿਖਣ ਤੋਂ ਬਾਅਦ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਦਾਸ ਕਿਉਂ ਹਾਂ। ਜਦੋਂ ਮੈਨੂੰ ਉਸ ਕਾਰਨ ਦਾ ਪਤਾ ਲੱਗ ਜਾਂਦਾ ਹੈ, ਤਾਂ ਮੈਂ ਆਪਣੀ ਉਦਾਸੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਹਾਂ।”

ਸੁਝਾਅ: ਕਈ ਲੋਕਾਂ ਕੋਲ ਆਪਣੀ ਡਾਇਰੀ ਹੁੰਦੀ ਹੈ। ਜੇ ਤੁਹਾਡੇ ਕੋਲ ਵੀ ਹੈ, ਤਾਂ ਤੁਸੀਂ ਕੀ ਲਿਖ ਸਕਦੇ ਹੋ? ਜਦ ਤੁਸੀਂ ਉਦਾਸ ਹੁੰਦੇ ਹੋ, ਤਾਂ ਆਪਣੇ ਦਿਲ ਦੀ ਹਰ ਗੱਲ ਲਿਖੋ। ਇਹ ਵੀ ਲਿਖੋ ਕਿ ਤੁਹਾਡੇ ਖ਼ਿਆਲ ਵਿਚ ਤੁਹਾਡੀ ਉਦਾਸੀ ਦਾ ਕਾਰਨ ਕੀ ਹੈ। ਇਕ ਮਹੀਨੇ ਬਾਅਦ ਇਨ੍ਹਾਂ ਗੱਲਾਂ ਨੂੰ ਦੁਬਾਰਾ ਪੜ੍ਹੋ। ਕੀ ਕੁਝ ਬਦਲਿਆ ਹੈ? ਜੇ ਹਾਂ, ਤਾਂ ਲਿਖੋ ਕਿ ਕਿਸ ਚੀਜ਼ ਨੇ ਤੁਹਾਡੀ ਮਦਦ ਕੀਤੀ ਹੈ।

ਤੀਜੀ ਸਲਾਹ: ਪ੍ਰਾਰਥਨਾ ਕਰੋ। ਬਾਈਬਲ ਕਹਿੰਦੀ ਹੈ ਕਿ ਜੇ ਤੁਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਬਾਰੇ ਪ੍ਰਾਰਥਨਾ ਕਰੋ, ਤਾਂ ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’—ਫ਼ਿਲਿੱਪੀਆਂ 4:7.

ਅਲਕਾ: “ਮੈਂ ਜਾਣਨਾ ਚਾਹੁੰਦੀ ਸੀ ਕਿ ਮੈਂ ਇੰਨੀ ਉਦਾਸ ਕਿਉਂ ਹਾਂ, ਪਰ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ ਕਿ ਉਹ ਮੈਨੂੰ ਖ਼ੁਸ਼ ਰਹਿਣ ਵਿਚ ਮਦਦ ਦੇਵੇ। ਮੈਂ ਬਿਨਾਂ ਕਾਰਨ ਦੇ ਉਦਾਸ ਰਹਿ-ਰਹਿ ਕੇ ਥੱਕ ਗਈ ਸੀ। ਆਖ਼ਰਕਾਰ ਮੇਰੀ ਪ੍ਰਾਰਥਨਾ ਦਾ ਜਵਾਬ ਮਿਲ ਗਿਆ। ਪ੍ਰਾਰਥਨਾ ਵਿਚ ਬੜੀ ਤਾਕਤ ਹੈ ਅਤੇ ਇਸ ਨੂੰ ਐਵੇਂ ਨਹੀਂ ਸਮਝਿਆ ਜਾਣਾ ਚਾਹੀਦਾ।”

ਸੁਝਾਅ: ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਨੂੰ ਕਹੋ ਕਿ ਉਹ ਤੁਹਾਡੀ ਉਦਾਸੀ ਦਾ ਕਾਰਨ ਪਛਾਣਨ ਵਿਚ ਤੁਹਾਡੀ ਮਦਦ ਕਰੇ। ਪ੍ਰਾਰਥਨਾ ਕਰਦੇ ਵੇਲੇ ਜ਼ਬੂਰ 139:23, 24 ਦੇ ਸ਼ਬਦ ਵਰਤੋ।

ਇਨ੍ਹਾਂ ਸੁਝਾਵਾਂ ਤੋਂ ਇਲਾਵਾ ਪਰਮੇਸ਼ੁਰ ਦਾ ਬਚਨ ਵੀ ਤੁਹਾਡੀ ਮਦਦ ਕਰ ਸਕਦਾ ਹੈ। (ਜ਼ਬੂਰਾਂ ਦੀ ਪੋਥੀ 119:105) ਬਾਈਬਲ ਵਿਚ ਹੌਸਲੇ ਭਰੇ ਸ਼ਬਦ ਪੜ੍ਹ ਕੇ ਤੁਹਾਡੇ ਸੋਚ-ਵਿਚਾਰਾਂ, ਤੁਹਾਡੇ ਜਜ਼ਬਾਤਾਂ ਅਤੇ ਤੁਹਾਡੇ ਕੰਮਾਂ ’ਤੇ ਚੰਗਾ ਅਸਰ ਪੈ ਸਕਦਾ ਹੈ। (ਜ਼ਬੂਰਾਂ ਦੀ ਪੋਥੀ 1:1-3) ਰਸੂਲਾਂ ਦੇ ਕਰਤੱਬ ਨਾਂ ਦੀ ਕਿਤਾਬ ਵਿਚ ਦਿਲਚਸਪ ਤੇ ਮਨ ਨੂੰ ਛੂਹ ਲੈਣ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਸੀਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਪਹਿਰਾਬੁਰਜ ਰਸਾਲੇ ਵਿੱਚੋਂ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਨਾਂ ਦੇ ਲੇਖਾਂ ਤੋਂ ਵੀ ਹੌਸਲਾ ਪਾ ਸਕਦੇ ਹਾਂ। ਇਨ੍ਹਾਂ ਲੇਖਾਂ ਵਿਚ ਯੂਨਾਹ, ਪਤਰਸ, ਮਰਿਯਮ ਅਤੇ ਹੰਨਾਹ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਪਹਾੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ।

ਪਰ ਉਦੋਂ ਕੀ ਜਦੋਂ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਸੀਂ ਉਦਾਸ ਰਹਿੰਦੇ ਹੋ?

ਜੇ ਮਨ ਫਿਰ ਵੀ ਉਦਾਸ ਰਹੇ

ਰਾਹੁਲ ਕਹਿੰਦਾ ਹੈ: “ਕਈ ਵਾਰ ਮੈਂ ਐਨਾ ਉਦਾਸ ਹੁੰਦਾ ਹਾਂ ਕਿ ਮੇਰਾ ਬਿਸਤਰੇ ਤੋਂ ਉੱਠਣ ਦਾ ਦਿਲ ਹੀ ਨਹੀਂ ਕਰਦਾ। ਮੇਰੀ ਜ਼ਿੰਦਗੀ ਬੇਕਾਰ ਹੀ ਹੈ।” ਰਾਹੁਲ ਨੂੰ ਡਿਪਰੈਸ਼ਨ ਹੈ ਅਤੇ ਦੁਨੀਆਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ 4 ਨੌਜਵਾਨਾਂ ਵਿੱਚੋਂ 1 ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੈ।

ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਡਿਪਰੈਸ਼ਨ ਹੈ ਜਾਂ ਨਹੀਂ? ਡਿਪਰੈਸ਼ਨ ਦੇ ਕੁਝ ਲੱਛਣ ਹਨ: ਮੂਡ ਤੇ ਸੁਭਾਅ ਦਾ ਬਦਲਣਾ, ਇਕੱਲੇ ਰਹਿਣਾ ਪਸੰਦ ਕਰਨਾ, ਕਿਸੇ ਕੰਮ ਵਿਚ ਮਨ ਨਾ ਲੱਗਣਾ, ਖਾਣ-ਪੀਣ ਤੇ ਸੌਣ ਦੀਆਂ ਆਦਤਾਂ ਵਿਚ ਵੱਡੀ ਤਬਦੀਲੀ ਅਤੇ ਖ਼ੁਦ ਨੂੰ ਨਿਕੰਮਾ ਜਾਂ ਕਿਸੇ ਕੰਮ ਦਾ ਨਾ ਸਮਝਣਾ।

ਇਹ ਸੱਚ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਵਿੱਚੋਂ ਕੋਈ-ਨਾ-ਕੋਈ ਇਕ ਗੱਲ ਤਾਂ ਸਾਡੇ ’ਤੇ ਕਦੇ-ਨਾ-ਕਦੇ ਜ਼ਰੂਰ ਲਾਗੂ ਹੁੰਦੀ ਹੋਵੇਗੀ। ਜੇ ਤੁਸੀਂ ਖ਼ੁਦ ਵਿਚ ਦੋ ਹਫ਼ਤਿਆਂ ਤੋਂ ਜ਼ਿਆਦਾ ਬਦਲਾਅ ਆਉਂਦਾ ਦੇਖਦੇ ਹੋ, ਤਾਂ ਆਪਣੇ ਮੰਮੀ-ਡੈਡੀ ਨਾਲ ਗੱਲ ਕਰੋ ਤਾਂਕਿ ਉਹ ਤੁਹਾਨੂੰ ਡਾਕਟਰ ਦੇ ਲੈ ਜਾਣ। ਡਾਕਟਰ ਤੁਹਾਨੂੰ ਦੱਸ ਸਕੇਗਾ ਕਿ ਤੁਸੀਂ ਡਿਪਰੈਸ਼ਨ ਕਰਕੇ ਉਦਾਸ ਹੋ ਜਾਂ ਕਿਸੇ ਹੋਰ ਗੱਲ ਕਰਕੇ। *

ਜੇ ਤੁਹਾਨੂੰ ਡਿਪਰੈਸ਼ਨ ਹੈ, ਤਾਂ ਇਸ ਵਿਚ ਸ਼ਰਮਾਉਣ ਵਾਲੀ ਕੋਈ ਗੱਲ ਨਹੀਂ। ਇਲਾਜ ਕਰਾਉਣ ਨਾਲ ਕਈਆਂ ਨੂੰ ਕਾਫ਼ੀ ਫ਼ਰਕ ਪਿਆ ਹੈ। ਭਾਵੇਂ ਤੁਸੀਂ ਡਿਪਰੈਸ਼ਨ ਕਰਕੇ ਉਦਾਸ ਹੋ ਜਾਂ ਕਿਸੇ ਹੋਰ ਕਾਰਨ ਕਰਕੇ, ਜ਼ਬੂਰਾਂ ਦੀ ਪੋਥੀ 34:18 ਦੇ ਸੋਹਣੇ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖੋ ਜਿੱਥੇ ਲਿਖਿਆ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (g10-E 09)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 23 ਜਦ ਨੌਜਵਾਨ ਲੰਬੇ ਸਮੇਂ ਤੋਂ ਉਦਾਸ ਰਹਿੰਦੇ ਹਨ, ਤਾਂ ਕਈ ਆਪਣੀ ਜਾਨ ਲੈਣ ਬਾਰੇ ਸੋਚਣ ਲੱਗ ਪੈਂਦੇ ਹਨ। ਜੇ ਤੁਹਾਡੇ ਮਨ ਵਿਚ ਅਜਿਹੇ ਵਿਚਾਰ ਆਉਂਦੇ ਹਨ, ਤਾਂ ਬਿਨਾਂ ਦੇਰ ਕੀਤੇ ਕਿਸੇ ਸਿਆਣੇ ਵਿਅਕਤੀ ਨਾਲ ਗੱਲ ਕਰੋ।—ਜਾਗਰੂਕ ਬਣੋ!, ਜੁਲਾਈ-ਸਤੰਬਰ 2008 ਦੇ ਸਫ਼ੇ 25-27 ਦੇਖੋ।

ਇਸ ਬਾਰੇ ਸੋਚੋ

ਕੀ ਰੋਣ ਦਾ ਕੋਈ ਫ਼ਾਇਦਾ ਹੈ?

“ਮੈਂ ਜਲਦੀ ਕਿਤੇ ਰੋਂਦੀ ਨਹੀਂ, ਪਰ ਉਦਾਸ ਹੋਣ ਤੇ ਮੈਂ ਖ਼ੁਦ ਨੂੰ ਰੋਣ ਤੋਂ ਰੋਕ ਨਹੀਂ ਸਕਦੀ। ਰੋ ਕੇ ਮੇਰਾ ਦਿਲ ਹਲਕਾ ਹੋ ਜਾਂਦਾ ਹੈ ਅਤੇ ਮੈਂ ਸਹੀ-ਸਹੀ ਸੋਚਣ ਲੱਗ ਪੈਂਦੀ ਹਾਂ। ਇੰਜ ਲੱਗਦਾ ਹੈ ਕਿ ਉਦਾਸੀ ਦੇ ਕਾਲੇ ਬਦਲਾਂ ਦੀ ਥਾਂ ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ।”—ਲੀਐਨ।

ਦੂਜੇ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ?

“ਜਦੋਂ ਮੈਂ ਉਦਾਸ ਹੁੰਦੀ ਹਾਂ, ਤਾਂ ਮੈਨੂੰ ਪਤਾ ਹੈ ਕਿ ਮੇਰੇ ਲਈ ਇਕੱਲੇ ਰਹਿਣਾ ਚੰਗਾ ਨਹੀਂ। ਭਾਵੇਂ ਮੈਨੂੰ ਸੋਚਣ ਤੇ ਰੋਣ ਲਈ ਕੁਝ ਸਮਾਂ ਚਾਹੀਦਾ ਹੈ, ਪਰ ਇਸ ਤੋਂ ਬਾਅਦ ਮੈਨੂੰ ਦੂਜਿਆਂ ਦੀ ਲੋੜ ਹੁੰਦੀ ਹੈ ਤਾਂਕਿ ਮੈਂ ਆਪਣੀ ਉਦਾਸੀ ਬਾਰੇ ਜ਼ਿਆਦਾ ਨਾ ਸੋਚਦੀ ਰਹਾਂ।—ਕ੍ਰਿਸਟੀਨ।

[ਸਫ਼ਾ 31 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਮੈਂ ਉਦੋਂ ਜ਼ਿਆਦਾ ਉਦਾਸ ਹੁੰਦੀ ਹਾਂ ਜਦ ਮੈਂ ਆਪਣੇ ਬਾਰੇ ਕੁਝ ਜ਼ਿਆਦਾ ਸੋਚਣ ਲੱਗ ਪੈਂਦੀ ਹਾਂ। ਪਰ ਜਦ ਮੈਂ ਦੂਜਿਆਂ ਦੀ ਮਦਦ ਕਰਦੀ ਹਾਂ, ਤਾਂ ਮੈਂ ਆਪਣੇ ਬਾਰੇ ਘੱਟ ਸੋਚਦੀ ਹਾਂ ਅਤੇ ਇਸ ਤੋਂ ਮੈਨੂੰ ਖ਼ੁਸ਼ੀ ਮਿਲਦੀ ਹੈ।”

“ਜਦ ਮੈਂ ਕਸਰਤ ਕਰਨ ਲਈ ਸਮਾਂ ਕੱਢਦੀ ਹਾਂ, ਤਾਂ ਮੇਰਾ ਮੂਡ ਵੀ ਠੀਕ ਰਹਿੰਦਾ ਹੈ ਤੇ ਮੈਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੀ ਹਾਂ। ਜਦੋਂ ਮੈਂ ਆਪਣੀ ਪੂਰੀ ਤਾਕਤ ਕਸਰਤ ਕਰਨ ਵਿਚ ਲਾ ਦਿੰਦੀ ਹਾਂ, ਤਾਂ ਥੱਕੀ ਹੋਣ ਕਰਕੇ ਮੇਰੇ ਕੋਲ ਉਦਾਸ ਹੋਣ ਦਾ ਸਮਾਂ ਹੀ ਨਹੀਂ ਹੁੰਦਾ!”

[ਤਸਵੀਰਾਂ]

ਡ੍ਰਨੈਲ

ਰਿਬੈਕਾ

[ਸਫ਼ਾ 32 ਉੱਤੇ ਤਸਵੀਰ]

ਦੂਸਰਿਆਂ ਦੀ ਮਦਦ ਤੇ ਆਪਣੀ ਕੋਸ਼ਿਸ਼ ਨਾਲ ਤੁਸੀਂ ਉਦਾਸੀ ਦੀ ਡੂੰਘੀ ਖਾਈ ਵਿੱਚੋਂ ਬਾਹਰ ਨਿਕਲ ਸਕਦੇ ਹੋ