Skip to content

Skip to table of contents

ਲਾਜਵਾਬ ਹੀਮੋਗਲੋਬਿਨ ਕਮਾਲ ਦਾ ਡੀਜ਼ਾਈਨ!

ਲਾਜਵਾਬ ਹੀਮੋਗਲੋਬਿਨ ਕਮਾਲ ਦਾ ਡੀਜ਼ਾਈਨ!

ਲਾਜਵਾਬ ਹੀਮੋਗਲੋਬਿਨ ਕਮਾਲ ਦਾ ਡੀਜ਼ਾਈਨ!

‘ਸਾਹ ਲੈਣਾ ਕਿੰਨੀ ਆਮ ਗੱਲ ਹੈ, ਪਰ ਇਸ ਦੇ ਪਿੱਛੇ ਬਹੁਤ ਸਾਰੀਆਂ ਗੁੰਝਲਦਾਰ ਕ੍ਰਿਆਵਾਂ ਸ਼ਾਮਲ ਹਨ। ਜ਼ਿੰਦਾ ਰਹਿਣ ਲਈ ਸਾਹ ਲੈਣਾ ਖ਼ੂਨ ਵਿਚਲੇ ਅਣੂਆਂ ਉੱਤੇ ਨਿਰਭਰ ਕਰਦਾ ਹੈ।’—ਮੈਕਸ ਐੱਫ਼. ਪੈਰੂਟਸ, ਜਿਸ ਨੇ ਹੀਮੋਗਲੋਬਿਨ ਦੇ ਅਣੂ ਬਾਰੇ ਸਟੱਡੀ ਕੀਤੀ ਤੇ 1962 ਵਿਚ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਵਿੱਚੋਂ ਇਕ ਸੀ।

ਅਸੀਂ ਸਾਰੇ ਸਾਹ ਲੈਂਦੇ ਹਾਂ ਅਤੇ ਆਮ ਕਰਕੇ ਇਸ ਦੇ ਬਾਰੇ ਕਦੇ ਸੋਚਦੇ ਵੀ ਨਹੀਂ। ਪਰ ਜੇ ਸੋਚਿਆ ਜਾਵੇ, ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਸਾਹ ਲੈਣ ਪਿੱਛੇ ਹੀਮੋਗਲੋਬਿਨ ਦਾ ਬਹੁਤ ਵੱਡਾ ਹੱਥ ਹੈ। ਇਹ ਇਕ ਗੁੰਝਲਦਾਰ ਅਣੂ ਹੈ ਜਿਸ ਨੂੰ ਸਾਡੇ ਸਿਰਜਣਹਾਰ ਨੇ ਬਹੁਤ ਹੀ ਲਾਜਵਾਬ ਢੰਗ ਨਾਲ ਬਣਾਇਆ ਹੈ। ਸਾਡੇ ਸਰੀਰ ਵਿਚ ਖ਼ੂਨ ਦੇ 30 ਲੱਖ ਕਰੋੜ ਲਾਲ ਸੈੱਲ ਹੁੰਦੇ ਹਨ ਤੇ ਹਰੇਕ ਵਿਚ ਹੀਮੋਗਲੋਬਿਨ ਪਾਇਆ ਜਾਂਦਾ ਹੈ। ਹੀਮੋਗਲੋਬਿਨ ਸਾਡੇ ਫੇਫੜਿਆਂ ਤੋਂ ਆਕਸੀਜਨ ਲੈ ਕੇ ਪੂਰੇ ਸਰੀਰ ਵਿਚ ਪਹੁੰਚਾਉਂਦਾ ਹੈ। ਹੀਮੋਗਲੋਬਿਨ ਤੋਂ ਬਿਨਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ।

ਹੀਮੋਗਲੋਬਿਨ ਦੇ ਅਣੂ ਆਕਸੀਜਨ ਦੇ ਿਨੱਕੇ-ਿਨੱਕੇ ਅਣੂਆਂ ਨੂੰ ਸਹੀ ਸਮੇਂ ਤੇ ਕਿੱਦਾਂ ਚੁੱਕ ਲੈਂਦੇ ਹਨ? ਉਨ੍ਹਾਂ ਨੂੰ ਉਹ ਸਹੀ ਸਮੇਂ ਤਕ ਕਿੱਦਾਂ ਫੜੀ ਰੱਖਦੇ ਹਨ? ਫਿਰ ਉਨ੍ਹਾਂ ਨੂੰ ਉਹ ਸਹੀ ਸਮੇਂ ਤੇ ਕਿੱਦਾਂ ਛੱਡਦੇ ਹਨ? ਇਹ ਸਭ ਕੁਝ ਕਰਨ ਲਈ ਹੀਮੋਗਲੋਬਿਨ ਦੇ ਅਣੂ ਕਮਾਲ ਦਾ ਕੰਮ ਕਰਦੇ ਹਨ।

ਅਣੂਆਂ ਦੀਆਂ ਨਿੱਕੀਆਂ-ਨਿੱਕੀਆਂ ਟੈਕਸੀਆਂ

ਫ਼ਰਜ਼ ਕਰੋ ਕਿ ਖ਼ੂਨ ਦੇ ਹਰੇਕ ਲਾਲ ਸੈੱਲ ਵਿਚ ਹੀਮੋਗਲੋਬਿਨ ਦਾ ਹਰੇਕ ਅਣੂ ਇਕ ਚਾਰ ਦਰਵਾਜ਼ੇ ਵਾਲੀ ਟੈਕਸੀ ਵਰਗਾ ਹੈ ਜਿਸ ਵਿਚ ਸਿਰਫ਼ ਚਾਰ ਸਵਾਰੀਆਂ ਬੈਠ ਸਕਦੀਆਂ ਹਨ। ਇਸ ਅਣੂਦਾਰ ਟੈਕਸੀ ਨੂੰ ਕਿਸੇ ਡ੍ਰਾਈਵਰ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਖ਼ੁਦ ਇਸ ਸੈੱਲ ਵਿਚ ਹੀ ਬੈਠ ਕੇ ਸਫ਼ਰ ਕਰੇਗੀ। ਹਰ ਲਾਲ ਸੈੱਲ ਹੀਮੋਗਲੋਬਿਨ ਦੇ ਇਨ੍ਹਾਂ ਅਣੂਆਂ ਨਾਲ ਭਰਿਆ ਹੁੰਦਾ ਹੈ।

ਹੀਮੋਗਲੋਬਿਨ ਦੇ ਇਕ ਅਣੂ ਦਾ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਖ਼ੂਨ ਦੇ ਲਾਲ ਸੈੱਲ ਫੇਫੜਿਆਂ ’ਤੇ ਪਹੁੰਚਦੇ ਹਨ। ਜਿਉਂ ਹੀ ਅਸੀਂ ਸਾਹ ਲੈ ਕੇ ਆਪਣੇ ਫੇਫੜਿਆਂ ਅੰਦਰ ਹਵਾ ਖਿੱਚਦੇ ਹਾਂ, ਆਕਸੀਜਨ ਦੇ ਇਹ ਿਨੱਕੇ-ਿਨੱਕੇ ਅਣੂ ਸਫ਼ਰ ਕਰਨ ਵਾਸਤੇ ਟੈਕਸੀ ਲੱਭਣ ਲੱਗ ਪੈਂਦੇ ਹਨ। ਇਹ ਅਣੂ ਉਨ੍ਹਾਂ ਖ਼ੂਨ ਦੇ ਲਾਲ ਸੈੱਲਾਂ ਵਿਚ ਵੜ ਜਾਂਦੇ ਹਨ। ਉਸ ਸਮੇਂ ਹਰੇਕ ਸੈੱਲ ਵਿਚ ਭਰੀਆਂ ਹੋਈਆਂ ਹੀਮੋਗਲੋਬਿਨ ਦੀਆਂ ਟੈਕਸੀਆਂ ਦੇ ਦਰਵਾਜ਼ੇ ਬੰਦ ਹੁੰਦੇ ਹਨ। ਪਰ ਇੰਨੀ ਭੀੜ ਵਿਚ ਵੀ ਆਕਸੀਜਨ ਦਾ ਅਣੂ ਪਿੱਛੇ ਨਹੀਂ ਰਹਿੰਦਾ, ਸਗੋਂ ਉਹ ਬਿਨਾਂ ਦੇਰ ਕੀਤਿਆਂ ਹੀਮੋਗਲੋਬਿਨ ਦੀ ਟੈਕਸੀ ਵਿਚ ਘੁਸੜ ਕੇ ਆਪਣੀ ਸੀਟ ਮੱਲ ਲੈਂਦਾ ਹੈ!

ਹੁਣ ਦੇਖੋ ਅੱਗੇ ਕੀ ਹੁੰਦਾ। ਲਾਲ ਸੈੱਲ ਦੇ ਅੰਦਰ ਹੀਮੋਗਲੋਬਿਨ ਦਾ ਅਣੂ ਆਪਣੀ ਸ਼ਕਲ ਬਦਲਣੀ ਸ਼ੁਰੂ ਕਰ ਦਿੰਦਾ ਹੈ। ਜਦੋਂ ਹੀਮੋਗਲੋਬਿਨ ਟੈਕਸੀ ਦੇ ਚਾਰੇ ਦਰਵਾਜ਼ੇ ਆਪੇ ਹੀ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ, ਤਾਂ ਪਹਿਲੀਆਂ ਸਵਾਰੀਆਂ ਜਿੱਦਾਂ ਹੀ ਅੰਦਰ ਘੁੱਸੜਦੀਆਂ ਹਨ ਉਨ੍ਹਾਂ ਦੇ ਨਾਲ ਬਾਕੀ ਦੀਆਂ ਸਵਾਰੀਆਂ ਸੌਖਿਆਂ ਹੀ ਅੰਦਰ ਵੜ ਜਾਂਦੀਆਂ ਹਨ। ਇਹ ਇੰਨੀ ਵਧੀਆ ਕ੍ਰਿਆ ਹੈ ਕਿ ਜਿੰਨਾ ਸਮਾਂ ਇਕ ਸਾਹ ਲੈਣ ਨੂੰ ਲੱਗਦਾ ਹੈ, ਖ਼ੂਨ ਦੇ ਇਕ ਲਾਲ ਸੈੱਲ ਵਿਚ ਟੈਕਸੀਆਂ ਦੀਆਂ 95 ਫੀ ਸਦੀ ਸੀਟਾਂ ਮੱਲ ਲਈਆਂ ਜਾਂਦੀਆਂ ਹਨ! ਖ਼ੂਨ ਦੇ ਇੱਕੋ-ਇਕ ਲਾਲ ਸੈੱਲ ਵਿਚ 25 ਕਰੋੜ ਤੋਂ ਜ਼ਿਆਦਾ ਹੀਮੋਗਲੋਬਿਨ ਦੇ ਅਣੂ ਆਕਸੀਜਨ ਦੇ ਇਕ ਅਰਬ ਅਣੂ ਢੋਹ ਸਕਦੇ ਹਨ! ਹੁਣ ਜਲਦੀ ਹੀ ਟੈਕਸੀਆਂ ਨਾਲ ਭਰਿਆ ਹੋਇਆ ਖ਼ੂਨ ਦਾ ਇਹ ਲਾਲ ਸੈੱਲ ਸਰੀਰ ਦੇ ਟਿਸ਼ੂਆਂ ਨੂੰ ਲੋੜੀਂਦੀ ਆਕਸੀਜਨ ਪਹੁੰਚਾਉਣ ਲਈ ਆਪਣੇ ਰਾਹ ਤੁਰ ਪੈਂਦਾ ਹੈ। ਪਰ ਤੁਸੀਂ ਸ਼ਾਇਦ ਕਹੋ, ‘ਸੈੱਲ ਵਿਚ ਆਕਸੀਜਨ ਦੇ ਇਨ੍ਹਾਂ ਅਣੂਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਾਹਰ ਨਿਕਲ ਜਾਣ ਤੋਂ ਕਿਹੜੀ ਚੀਜ਼ ਰੋਕਦੀ ਹੈ?’

ਇਹ ਦਾ ਜਵਾਬ ਇਹ ਹੈ ਕਿ ਹੀਮੋਗਲੋਬਿਨ ਦੇ ਹਰੇਕ ਅਣੂ ਵਿਚ ਆਇਰਨ ਦੇ ਅਣੂ ਆਕਸੀਜਨ ਦੇ ਅਣੂਆਂ ਦੇ ਨਾਲ ਜੁੜਨ ਦੀ ਉਡੀਕ ਕਰ ਰਹੇ ਹੁੰਦੇ ਹਨ। ਤੁਸੀਂ ਸ਼ਾਇਦ ਜਾਣਦੇ ਹੋਵੋ ਕਿ ਕਿਸੇ ਲੋਹੇ ਦੀ ਚੀਜ਼ ਨੂੰ ਹਵਾ ਯਾਨੀ ਆਕਸੀਜਨ ਤੇ ਪਾਣੀ ਕਰਕੇ ਜ਼ੰਗਾਲ (ਆਇਰਨ ਆਕਸਾਈਡ) ਲੱਗਦਾ ਹੈ। ਜਦੋਂ ਲੋਹੇ ਨੂੰ ਜ਼ੰਗਾਲ ਲੱਗ ਜਾਂਦਾ ਹੈ, ਤਾਂ ਆਕਸੀਜਨ ਇਕ ਕ੍ਰਿਸਟਲ ਵਿਚ ਹਮੇਸ਼ਾ ਲਈ ਬੱਝ ਜਾਂਦੀ ਹੈ। ਇਸ ਦੇ ਉਲਟ ਸਾਡੇ ਸਰੀਰ ਵਿਚ ਹੀਮੋਗਲੋਬਿਨ ਦਾ ਅਣੂ ਖ਼ੂਨ ਦੇ ਪਾਣੀ ਵਰਗੇ ਲਾਲ ਸੈੱਲ ਵਿਚ ਆਇਰਨ ਅਤੇ ਆਕਸੀਜਨ ਨੂੰ ਜੋੜਦਾ-ਤੋੜਦਾ ਰਹਿੰਦਾ ਹੈ। ਪਰ ਫਿਰ ਵੀ ਜ਼ੰਗਾਲ ਪੈਦਾ ਨਹੀਂ ਹੁੰਦਾ। ਇਹ ਕਿਵੇਂ ਹੋ ਸਕਦਾ ਹੈ?

ਜ਼ਰਾ ਲਾਗੇ ਹੋ ਕੇ ਦੇਖੋ

ਇਸ ਦੇ ਜਵਾਬ ਲਈ ਆਓ ਆਪਾਂ ਹੀਮੋਗਲੋਬਿਨ ਦੇ ਅਣੂ ਨੂੰ ਲਾਗਿਓਂ ਦੇਖੀਏ। ਇਹ ਹਾਈਡ੍ਰੋਜਨ, ਕਾਰਬਨ, ਨਾਈਟ੍ਰੋਜਨ, ਗੰਧਕ ਅਤੇ ਆਕਸੀਜਨ ਦੇ ਤਕਰੀਬਨ 10,000 ਅਣੂਆਂ ਤੋਂ ਬਣਿਆ ਹੁੰਦਾ ਹੈ ਜੋ ਆਇਰਨ ਦੇ ਕੁੱਲ 4 ਅਣੂਆਂ ਦੁਆਲੇ ਸਹੀ ਤਰੀਕੇ ਨਾਲ ਲਪੇਟੇ ਗਏ ਹੁੰਦੇ ਹਨ। ਆਇਰਨ ਦੇ ਚਾਰ ਅਣੂਆਂ ਨੂੰ ਇੰਨੇ ਸਹਾਰੇ ਦੀ ਕਿਉਂ ਲੋੜ ਹੁੰਦੀ ਹੈ?

ਪਹਿਲੀ ਗੱਲ ਇਹ ਹੈ ਕਿ ਆਇਰਨ ਦੇ ਚਾਰ ਅਣੂ ਬਿਜਲੀ ਨਾਲ ਚਾਰਜ ਕੀਤੇ ਗਏ ਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਬੜੀ ਸਾਵਧਾਨੀ ਨਾਲ ਕੰਟ੍ਰੋਲ ਕਰਨ ਦੀ ਲੋੜ ਹੁੰਦੀ ਹੈ। ਬਿਜਲੀ ਨਾਲ ਚਾਰਜ ਅਣੂਆਂ ਨੂੰ ਆਇਨ ਕਿਹਾ ਜਾਂਦਾ ਹੈ। ਜੇ ਇਹ ਅਣੂ ਆਪਣੀ ਸਹੀ ਥਾਂ ਛੱਡ ਦੇਣ, ਤਾਂ ਉਹ ਸੈੱਲ ਦੇ ਅੰਦਰ ਬਹੁਤ ਨੁਕਸਾਨ ਕਰ ਸਕਦੇ ਹਨ। ਇਸ ਲਈ ਚਾਰੇ ਆਇਰਨ ਦੇ ਆਇਨ ਵੱਖੋ-ਵੱਖ ਪਲੇਟਾਂ ਦੇ ਗੱਭੇ ਜਕੜੇ ਹੋਏ ਹੁੰਦੇ ਹਨ। * ਦੂਜੀ ਗੱਲ ਇਹ ਹੈ ਕਿ ਚਾਰੇ ਪਲੇਟਾਂ ਇੰਨੇ ਵਧੀਆ ਤਰੀਕੇ ਨਾਲ ਹੀਮੋਗਲੋਬਿਨ ਦੇ ਅਣੂ ਵਿਚਕਾਰ ਫਿੱਟ ਕੀਤੀਆਂ ਹੁੰਦੀਆਂ ਹਨ ਕਿ ਆਕਸੀਜਨ ਦੇ ਅਣੂ ਆਇਰਨ ਦੇ ਆਇਨਾਂ ਤਕ ਪਹੁੰਚ ਸਕਦੇ ਹਨ, ਪਰ ਪਾਣੀ ਦੇ ਅਣੂ ਉਨ੍ਹਾਂ ਤਕ ਨਹੀਂ ਪਹੁੰਚ ਸਕਦੇ। ਪਾਣੀ ਤੋਂ ਬਿਨਾਂ ਜ਼ੰਗਾਲ ਦੇ ਕ੍ਰਿਸਟਲ ਬਣ ਹੀ ਨਹੀਂ ਸਕਦੇ!

ਹੀਮੋਗਲੋਬਿਨ ਦੇ ਅਣੂ ਵਿਚ ਆਇਰਨ ਦੇ ਅਣੂ ਖ਼ੁਦ ਆਕਸੀਜਨ ਨੂੰ ਜੋੜ ਜਾਂ ਤੋੜ ਨਹੀਂ ਸਕਦੇ। ਪਰ ਬਿਜਲੀ ਨਾਲ ਚਾਰਜ ਆਇਰਨ ਦੇ ਅਣੂਆਂ ਤੋਂ ਬਿਨਾਂ ਹੀਮੋਗਲੋਬਿਨ ਆਪਣਾ ਕੰਮ ਨਹੀਂ ਕਰ ਸਕਦਾ। ਆਇਰਨ ਦੇ ਆਇਨ ਹੀਮੋਗਲੋਬਿਨ ਦੇ ਅਣੂ ਵਿਚ ਚੰਗੀ ਤਰ੍ਹਾਂ ਫਿੱਟ ਹੋਏ ਹੁੰਦੇ ਹਨ ਜਿਸ ਕਰਕੇ ਪੂਰੇ ਸਰੀਰ ਵਿਚ ਖ਼ੂਨ ਰਾਹੀਂ ਆਕਸੀਜਨ ਪਹੁੰਚ ਸਕਦੀ ਹੈ।

ਖ਼ੂਨ ਵਿਚ ਆਕਸੀਜਨ ਛੱਡਣੀ

ਜਦੋਂ ਖ਼ੂਨ ਦਾ ਇਕ ਲਾਲ ਸੈੱਲ ਧਮਨੀਆਂ ਨੂੰ ਛੱਡ ਕੇ ਸਰੀਰ ਦੇ ਗਹਿਰੇ ਟਿਸ਼ੂਆਂ ਦੀਆਂ ਹੋਰ ਵੀ ਛੋਟੀਆਂ ਰਗਾਂ ਵਿਚ ਜਾਂਦਾ ਹੈ, ਤਾਂ ਇਸ ਸੈੱਲ ਦਾ ਆਲੇ-ਦੁਆਲੇ ਦਾ ਵਾਤਾਵਰਣ ਬਦਲ ਜਾਂਦਾ ਹੈ। ਹੁਣ ਵਾਤਾਵਰਣ ਫੇਫੜਿਆਂ ਨਾਲੋਂ ਨਿੱਘਾ ਹੁੰਦਾ ਹੈ, ਆਕਸੀਜਨ ਘੱਟ ਹੁੰਦੀ ਹੈ ਤੇ ਸੈੱਲ ਦੇ ਦੁਆਲੇ ਕਾਰਬਨ ਡਾਇਆਕਸਾਈਡ ਤੋਂ ਜ਼ਿਆਦਾ ਖਟਾਸ ਹੁੰਦੀ ਹੈ। ਇਹ ਗੱਲਾਂ ਇਸ਼ਾਰਾ ਕਰਦੀਆਂ ਹਨ ਕਿ ਸੈੱਲ ਦੇ ਅੰਦਰ ਹੀਮੋਗਲੋਬਿਨ ਦੇ ਅਣੂ ਹੁਣ ਆਪਣੀਆਂ ਅਨਮੋਲ ਸਵਾਰੀਆਂ ਯਾਨੀ ਆਕਸੀਜਨ ਦੇ ਅਣੂਆਂ ਨੂੰ ਛੱਡ ਦੇਣ।

ਜਦੋਂ ਆਕਸੀਜਨ ਦੇ ਅਣੂ ਹੀਮੋਗਲੋਬਿਨ ਦੇ ਅਣੂ ਵਿੱਚੋਂ ਨਿਕਲਦੇ ਹਨ, ਤਾਂ ਉਹ ਫਿਰ ਇਕ ਵਾਰ ਆਪਣੀ ਸ਼ਕਲ ਬਦਲਦੇ ਹਨ। ਇਸ ਤਬਦੀਲੀ ਨਾਲ ਟੈਕਸੀ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਅਤੇ ਆਕਸੀਜਨ ਬਾਹਰ ਰਹਿ ਜਾਂਦੀ ਹੈ ਜਿੱਥੇ ਉਸ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਬੰਦ ਦਰਵਾਜ਼ੇ ਹੀਮੋਗਲੋਬਿਨ ਨੂੰ ਰਹਿੰਦੀ-ਖੂਹੰਦੀ ਆਕਸੀਜਨ ਫੇਫੜਿਆਂ ਵਿਚ ਵਾਪਸ ਲਿਜਾਣ ਤੋਂ ਵੀ ਰੋਕਦੇ ਹਨ। ਵਾਪਸ ਜਾਂਦੇ ਵੇਲੇ ਹੀਮੋਗਲੋਬਿਨ ਦੇ ਇਹ ਅਣੂ ਕਾਰਬਨ ਡਾਇਆਕਸਾਈਡ ਨੂੰ ਆਪਣੇ ਨਾਲ ਲੈ ਜਾਂਦੇ ਹਨ।

ਹੁਣ ਖ਼ੂਨ ਦੇ ਲਾਲ ਸੈੱਲ ਜਲਦੀ-ਜਲਦੀ ਫੇਫੜਿਆਂ ਵਿਚ ਵਾਪਸ ਜਾਂਦੇ ਹਨ ਜਿੱਥੇ ਹੀਮੋਗਲੋਬਿਨ ਦੇ ਅਣੂ ਕਾਰਬਨ ਡਾਇਆਕਸਾਈਡ ਛੱਡ ਦਿੰਦੇ ਹਨ ਅਤੇ ਜ਼ਿੰਦਾ ਰੱਖਣ ਵਾਲੀ ਤਾਜ਼ੀ ਆਕਸੀਜਨ ਨੂੰ ਫਿਰ ਤੋਂ ਲੈ ਲੈਂਦੇ ਹਨ। ਖ਼ੂਨ ਦੇ ਇਕ ਲਾਲ ਸੈੱਲ ਦੀ 120 ਦਿਨਾਂ ਦੀ ਮਿਆਦ ਦੌਰਾਨ ਇਹ ਚੱਕਰ ਹਜ਼ਾਰਾਂ ਹੀ ਵਾਰ ਦੁਹਰਾਇਆ ਜਾਂਦਾ ਹੈ।

ਅਸੀਂ ਕਹਿ ਸਕਦੇ ਹਾਂ ਕਿ ਹੀਮੋਗਲੋਬਿਨ ਦਾ ਅਣੂ ਕੋਈ ਮਾਮੂਲੀ ਅਣੂ ਨਹੀਂ ਹੈ। ਜਿਸ ਤਰ੍ਹਾਂ ਇਸ ਲੇਖ ਦੇ ਸ਼ੁਰੂ ਵਿਚ ਕਿਹਾ ਗਿਆ ਸੀ ਇਹ ਅਣੂ ਬਹੁਤ ਗੁੰਝਲਦਾਰ ਹੈ। ਵਾਕਈ ਅਸੀਂ ਇਸ ਸ਼ਾਨਦਾਰ ਅਤੇ ਕਮਾਲ ਦੀ ਇੰਜੀਨੀਅਰੀ ਤੋਂ ਬਹੁਤ ਹੀ ਹੈਰਾਨ ਹਾਂ ਜਿਸ ਸਦਕਾ ਅਸੀਂ ਸਾਰੇ ਜੀਉਂਦੇ ਹਾਂ ਅਤੇ ਆਪਣੇ ਸਿਰਜਣਹਾਰ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ! (g10-E 09)

[ਫੁਟਨੋਟ]

^ ਪੈਰਾ 12 ਇਹ ਪਲੇਟ ਇਕ ਵੱਖਰਾ ਅਣੂ ਹੁੰਦਾ ਹੈ ਜਿਸ ਨੂੰ ਹੀਮ ਕਿਹਾ ਜਾਂਦਾ ਹੈ। ਇਹ ਖ਼ੁਦ ਪ੍ਰੋਟੀਨ ਦਾ ਨਹੀਂ ਬਣਿਆ ਹੁੰਦਾ, ਪਰ ਹੀਮੋਗਲੋਬਿਨ ਦੇ ਪ੍ਰੋਟੀਨ ਵਾਲੇ ਢਾਂਚੇ ਨਾਲ ਜੁੜਿਆ ਹੁੰਦਾ ਹੈ।

[ਸਫ਼ਾ 25 ਉੱਤੇ ਡੱਬੀ/ਚਾਰਟ]

ਆਪਣੇ ਹੀਮੋਗਲੋਬਿਨ ਦੀ ਦੇਖ-ਭਾਲ ਕਰੋ!

ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਖ਼ੂਨ ਵਿਚ ਆਇਰਨ ਘੱਟ ਹੈ, ਪਰ ਇਸ ਦਾ ਅਸਲੀ ਮਤਲਬ ਹੁੰਦਾ ਹੈ ਕਿ ਉਨ੍ਹਾਂ ਦੇ ਖ਼ੂਨ ਵਿਚ ਹੀਮੋਗਲੋਬਿਨ ਘੱਟ ਹੈ। ਹੀਮੋਗਲੋਬਿਨ ਦੇ ਅਣੂ ਵਿਚ ਆਇਰਨ ਦੇ ਚਾਰ ਜ਼ਰੂਰੀ ਅਣੂਆਂ ਤੋਂ ਬਿਨਾਂ ਦੂਸਰੇ 10,000 ਅਣੂ ਆਪਣਾ ਕੰਮ ਨਹੀਂ ਕਰ ਸਕਦੇ। ਇਸ ਲਈ ਸਰੀਰ ਵਿਚ ਆਇਰਨ ਹੋਣ ਲਈ ਸਹੀ ਭੋਜਨ ਖਾਣਾ ਜ਼ਰੂਰੀ ਹੈ। ਇਸ ਚਾਰਟ ਵਿਚ ਉਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਲਿਸਟ ਦਿੱਤੀ ਗਈ ਹੈ ਜੋ ਆਇਰਨ ਨਾਲ ਭਰਪੂਰ ਹਨ।

ਆਇਰਨ ਨਾਲ ਭਰਪੂਰ ਚੀਜ਼ਾਂ ਖਾਣ ਤੋਂ ਇਲਾਵਾ ਸਾਨੂੰ ਇਸ ਸਲਾਹ ’ਤੇ ਵੀ ਚੱਲਣਾ ਚਾਹੀਦਾ ਹੈ: 1. ਬਾਕਾਇਦਾ ਕਸਰਤ ਕਰੋ। 2. ਸਿਗਰਟਾਂ ਨਾ ਪੀਓ। 3. ਸਿਗਰਟ ਦੇ ਧੂੰਏਂ ਤੋਂ ਬਚ ਕੇ ਰਹੋ। ਸਿਗਰਟ ਅਤੇ ਤਮਾਖੂ ਦੇ ਹੋਰ ਤਰ੍ਹਾਂ ਦੇ ਧੂੰਏਂ ਇੰਨੇ ਖ਼ਤਰਨਾਕ ਕਿਉਂ ਹਨ?

ਕਿਉਂਕਿ ਅਜਿਹਾ ਧੂੰਆਂ ਕਾਰਬਨ ਮੋਨੋਆਕਸਾਈਡ ਨਾਲ ਭਰਿਆ ਹੁੰਦਾ ਹੈ, ਯਾਨੀ ਉਹੀ ਜ਼ਹਿਰੀਲਾ ਧੂੰਆਂ ਜੋ ਗੱਡੀਆਂ ਵਿੱਚੋਂ ਨਿਕਲਦਾ ਹੈ। ਕਈ ਦੁਰਘਟਨਾਵਾਂ ਵਿਚ ਕਾਰਬਨ ਮੋਨੋਆਕਸਾਈਡ ਕਰਕੇ ਲੋਕ ਮਰ ਜਾਂਦੇ ਹਨ ਤੇ ਇਸ ਗੈਸ ਨਾਲ ਕੁਝ ਲੋਕ ਖ਼ੁਦਕਸ਼ੀ ਵੀ ਕਰਦੇ ਹਨ। ਆਕਸੀਜਨ ਨਾਲੋਂ ਕਾਰਬਨ ਮੋਨੋਆਕਸਾਈਡ ਹੀਮੋਗਲੋਬਿਨ ਵਿਚ ਆਇਰਨ ਦੇ ਅਣੂਆਂ ਨਾਲ 200 ਗੁਣਾ ਜ਼ਿਆਦਾ ਛੇਤੀ ਜੁੜਦੀ ਹੈ। ਸੋ ਸਿਗਰਟਾਂ ਦਾ ਧੂੰਆਂ ਇਕ ਵਿਅਕਤੀ ਨੂੰ ਆਕਸੀਜਨ ਚੰਗੀ ਤਰ੍ਹਾਂ ਅੰਦਰ ਨਹੀਂ ਲੈਣ ਦਿੰਦਾ ਜਿਸ ਕਰਕੇ ਉਸ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ।

[ਚਾਰਟ]

ਭੋਜਨ ਕਿੰਨਾ ਆਇਰਨ (ਮਿਲੀਗ੍ਰਾਮ)

ਸੂਜੀ 1/2 ਕੱਪ 5.5

ਗੁੜ੍ਹ ਦਾ ਸੀਰਾ 1 ਵੱਡਾ ਚਮਚਾ 5.0

ਸੋਇਆਬੀਨ ਦਾ ਪਨੀਰ 1/2 ਕੱਪ 4.0

ਬਦਾਮ 1/2 ਕੱਪ 3.5

ਦਾਲ 1/2 ਕੱਪ 3.3

ਰਾਜਮਾਂਹ 1/2 ਕੱਪ 2.6

ਛੋਲੇ 1/2 ਕੱਪ 2.4

ਸੁੱਕੀਆਂ ਖੁਰਮਾਣੀਆਂ 8 2.1

ਸੁੱਕੀਆਂ ਅੰਜੀਰਾਂ 4 2.1

ਉਬਾਲੀਆਂ ਹੋਈਆਂ ਫਲੀਆਂ 1/2 ਕੱਪ 0.8

ਕੱਚੀ ਪਾਲਕ 1 ਕੱਪ 0.8

[ਸਫ਼ਾ 23 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਪ੍ਰੋਟੀਨ ਵਾਲਾ ਢਾਂਚਾ

ਆਕਸੀਜਨ

ਆਇਰਨ ਦਾ ਅਣੂ

ਹੀਮ

ਫੇਫੜਿਆਂ ਦੇ ਆਕਸੀਜਨ ਨਾਲ ਭਰਪੂਰ ਵਾਤਾਵਰਣ ਵਿਚ ਆਕਸੀਜਨ ਦਾ ਇਕ ਅਣੂ ਹੀਮੋਗਲੋਬਿਨ ਨਾਲ ਜੁੜ ਜਾਂਦਾ ਹੈ

ਜਦ ਆਕਸੀਜਨ ਦਾ ਪਹਿਲਾ ਅਣੂ ਜੁੜ ਜਾਂਦਾ ਹੈ, ਤਾਂ ਹੀਮੋਗਲੋਬਿਨ ਦੀ ਸ਼ਕਲ ਬਦਲ ਜਾਂਦੀ ਹੈ ਜਿਸ ਕਰਕੇ ਆਕਸੀਜਨ ਦੇ ਤਿੰਨ ਹੋਰ ਅਣੂ ਫਟਾਫਟ ਜੁੜ ਜਾਂਦੇ ਹਨ

ਹੀਮੋਗਲੋਬਿਨ ਆਕਸੀਜਨ ਦੇ ਅਣੂਆਂ ਨੂੰ ਫੇਫੜਿਆਂ ਤੋਂ ਦੂਰ ਲੈ ਜਾ ਕੇ ਸਰੀਰ ਵਿਚ ਉੱਥੇ ਛੱਡ ਦਿੰਦਾ ਹੈ ਜਿੱਥੇ ਉਨ੍ਹਾਂ ਦੀ ਲੋੜ ਹੁੰਦੀ ਹੈ