ਕੀ ਮੈਂ ਪੜ੍ਹਾਈ ਵਿੱਚੇ ਹੀ ਛੱਡ ਦੇਵਾਂ?
ਨੌਜਵਾਨ ਪੁੱਛਦੇ ਹਨ
ਕੀ ਮੈਂ ਪੜ੍ਹਾਈ ਵਿੱਚੇ ਹੀ ਛੱਡ ਦੇਵਾਂ?
ਤੁਹਾਡੇ ਖ਼ਿਆਲ ਵਿਚ ਤੁਹਾਨੂੰ ਕਿਹੜੀ ਕਲਾਸ ਤਕ ਪੜ੍ਹਾਈ ਕਰਨੀ ਚਾਹੀਦੀ ਹੈ?
․․․․․
ਤੁਹਾਡੇ ਮੰਮੀ-ਡੈਡੀ ਇਸ ਬਾਰੇ ਕੀ ਕਹਿੰਦੇ ਹਨ?
․․․․․
ਕੀ ਉੱਪਰ ਦਿੱਤੇ ਦੋਵੇਂ ਜਵਾਬ ਮਿਲਦੇ-ਜੁਲਦੇ ਹਨ? ਜੇ ਹਾਂ, ਤਾਂ ਫਿਰ ਵੀ ਤੁਹਾਨੂੰ ਕਦੇ-ਕਦੇ ਲੱਗ ਸਕਦਾ ਹੈ ਕਿ ਤੁਸੀਂ ਵਿੱਚੇ ਹੀ ਆਪਣੀ ਪੜ੍ਹਾਈ ਛੱਡ ਦਿਓ। ਕੀ ਤੁਸੀਂ ਵੀ ਇਨ੍ਹਾਂ ਨੌਜਵਾਨਾਂ ਵਾਂਗ ਸੋਚਦੇ ਹੋ?
● “ਕਦੇ-ਕਦੇ ਮੈਨੂੰ ਸਕੂਲੇ ਇੰਨੀ ਟੈਨਸ਼ਨ ਹੁੰਦੀ ਸੀ ਕਿ ਮੈਂ ਘਰ ਹੀ ਰਹਿਣਾ ਚਾਹੁੰਦੀ ਸੀ। ਮੈਂ ਸੋਚਦੀ ਸੀ, ‘ਸਕੂਲ ਜਾ ਕੇ ਉਹ ਗੱਲਾਂ ਸਿੱਖਣ ਦਾ ਕੀ ਫ਼ਾਇਦਾ ਜੋ ਮੇਰੇ ਕਦੇ ਕੰਮ ਹੀ ਨਹੀਂ ਆਉਣੀਆਂ?’”—ਰੇਚਲ।
● “ਮੈਨੂੰ ਸਕੂਲ ਦੇ ਨਾਂ ਤੋਂ ਹੀ ਖਿੱਝ ਆਉਂਦੀ ਸੀ ਅਤੇ ਮੈਂ ਚਾਹੁੰਦਾ ਸੀ ਕਿ ਪੜ੍ਹਨ ਦੀ ਬਜਾਇ ਮੈਂ ਕੋਈ ਨੌਕਰੀ ਕਰ ਲਵਾਂ ਤਾਂਕਿ ਪੈਸਾ ਕਮਾ ਸਕਾਂ।”—ਜੋਨ।
● “ਰੋਜ਼ ਰਾਤ ਨੂੰ ਮੈਂ ਤਕਰੀਬਨ ਚਾਰ ਘੰਟੇ ਸਕੂਲ ਦਾ ਕੰਮ ਕਰਦੀ ਸੀ। ਇੰਨਾ ਹੀ ਨਹੀਂ ਸਕੂਲ ਦੇ ਪ੍ਰਾਜੈਕਟ ਅਤੇ ਟੈੱਸਟਾਂ ਦੀ ਤਿਆਰੀ ਨੇ ਮੈਨੂੰ ਮਾਰ ਲਿਆ ਸੀ! ਮੇਰੀ ਤਾਂ ਬਸ ਹੋ ਗਈ ਸੀ।”—ਅਦਿੱਤੀ।
● “ਸਾਡੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਤਿੰਨ ਬੱਚਿਆਂ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਇਕ ਨੇ ਤਾਂ ਆਪਣੀ ਜਾਨ ਹੀ ਲੈ ਲਈ ਅਤੇ ਸਕੂਲ ਵਿਚ ਸ਼ਰੇਆਮ ਗੁੰਡਾਗਰਦੀ ਹੁੰਦੀ ਸੀ। ਇਨ੍ਹਾਂ ਗੱਲਾਂ ਕਰਕੇ ਮੈਂ ਸਕੂਲ ਛੱਡਣਾ ਚਾਹੁੰਦੀ ਸੀ।”—ਰਜਨੀ।
ਕੀ ਤੁਹਾਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਜੇ ਹਾਂ, ਤਾਂ ਤੁਸੀਂ ਕਿਹੜੀ ਗੱਲ ਕਰਕੇ ਸਕੂਲ ਛੱਡਣਾ ਚਾਹੁੰਦੇ ਹੋ?
․․․․․
ਸ਼ਾਇਦ ਤੁਸੀਂ ਪੜ੍ਹਾਈ ਛੱਡਣ ਬਾਰੇ ਸੋਚ ਰਹੇ ਹੋ। ਪਰ ਕੀ ਤੁਸੀਂ ਇਸ ਕਰਕੇ ਛੱਡਣਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਪੜ੍ਹਾਈ ਪੂਰੀ ਹੋ ਗਈ ਹੈ ਜਾਂ ਇਸ ਕਰਕੇ ਕਿ ਤੁਹਾਡਾ ਮਨ ਅੱਕ ਗਿਆ ਹੈ? ਇਸ ਸਵਾਲ ਦਾ ਜਵਾਬ ਪਾਉਣ ਲਈ ਆਓ ਅਸੀਂ ਦੇਖੀਏ ਕਿ ਪੜ੍ਹਾਈ ਵਿੱਚੇ ਹੀ ਛੱਡਣ ਦਾ ਕੀ ਮਤਲਬ ਹੈ।
ਪੜ੍ਹਾਈ ਪੂਰੀ ਕਰਨੀ ਜਾਂ ਛੱਡਣੀ?
ਤੁਹਾਡੇ ਖ਼ਿਆਲ ਵਿਚ ਪੜ੍ਹਾਈ ਪੂਰੀ ਕਰਨ ਵਿਚ ਅਤੇ ਪੜ੍ਹਾਈ ਛੱਡਣ ਵਿਚ ਕੀ ਫ਼ਰਕ ਹੈ?
․․․․․
ਕੁਝ ਦੇਸ਼ਾਂ ਵਿਚ ਪੰਜ ਤੋਂ ਅੱਠ ਸਾਲਾਂ ਦੇ ਵਿਚ-ਵਿਚ ਪੜ੍ਹਾਈ ਖ਼ਤਮ ਹੋ ਜਾਂਦੀ ਹੈ। ਪਰ ਕਈ ਦੇਸ਼ਾਂ ਵਿਚ ਬੱਚਿਆਂ ਨੂੰ ਦੱਸ ਤੋਂ ਬਾਰਾਂ ਸਾਲਾਂ ਤਕ ਸਕੂਲਾਂ ਵਿਚ ਪੜ੍ਹਨਾ ਪੈਂਦਾ ਹੈ। ਸੋ ਵੱਖ-ਵੱਖ ਦੇਸ਼ਾਂ ਵਿਚ ਸਕੂਲ ਦੀ ਪੜ੍ਹਾਈ ਪੂਰੀ ਕਰਨ ਦੀ ਉਮਰ ਵੱਖ-ਵੱਖ ਹੁੰਦੀ ਹੈ।
ਇਸ ਤੋਂ ਇਲਾਵਾ, ਕਈ ਦੇਸ਼ਾਂ ਵਿਚ ਕੁਝ ਬੱਚੇ ਸਕੂਲ ਜਾਣ ਦੀ ਬਜਾਇ ਘਰ ਹੀ ਬੈਠ ਕੇ ਪੜ੍ਹਾਈ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਇਸ ਤਰ੍ਹਾਂ ਚਾਹੁੰਦੇ ਹਨ। ਭਾਵੇਂ ਕਿ ਉਹ ਘਰ ਹੀ ਬੈਠ
ਕੇ ਆਪਣੀ ਪੜ੍ਹਾਈ ਕਰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿੰਦੇ ਹਨ।ਜੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਸਕੂਲ ਛੱਡਣ ਦੀ ਸੋਚ ਰਹੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੇ ਸਵਾਲ ਪੁੱਛਣ ਦੀ ਲੋੜ ਹੈ:
ਕਾਨੂੰਨ ਕੀ ਕਹਿੰਦਾ ਹੈ: ਹਰ ਦੇਸ਼ ਵਿਚ ਸਰਕਾਰਾਂ ਦੇ ਆਪੋ ਆਪਣੇ ਕਾਨੂੰਨ ਹਨ ਕਿ ਬੱਚਿਆਂ ਨੂੰ ਕਿੰਨੀ ਕੁ ਲਾਜ਼ਮੀ ਸਿੱਖਿਆ ਲੈਣੀ ਚਾਹੀਦੀ ਹੈ। ਤੁਹਾਡੇ ਇਲਾਕੇ ਦੀ ਸਰਕਾਰ ਮੁਤਾਬਕ ਬੱਚੇ ਨੂੰ ਘਟੋ-ਘੱਟ ਕਿੰਨੀ ਸਿੱਖਿਆ ਲੈਣੀ ਚਾਹੀਦੀ ਹੈ? ਕੀ ਤੁਸੀਂ ਉੱਨੀ ਸਿੱਖਿਆ ਲੈ ਲਈ ਹੈ? ਬਾਈਬਲ ਕਹਿੰਦੀ ਹੈ ਕਿ “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ।” ਜੇ ਤੁਸੀਂ ਆਪਣੀ ਪੜ੍ਹਾਈ ਵਿੱਚੇ ਹੀ ਛੱਡੋਗੇ, ਤਾਂ ਇਸ ਦਾ ਮਤਲਬ ਤੁਸੀਂ ਕਾਨੂੰਨ ਤੋੜ ਰਹੇ ਹੋ।—ਰੋਮੀਆਂ 13:1.
ਤੁਸੀਂ ਕਿਉਂ ਪੜ੍ਹ ਰਹੇ ਹੋ? ਤੁਸੀਂ ਕੀ ਬਣਨਾ ਚਾਹੁੰਦੇ ਹੋ? ਪਤਾ ਨਹੀਂ? ਤਾਂ ਪਤਾ ਕਰੋ! ਨਹੀਂ ਤਾਂ ਤੁਸੀਂ ਉਸ ਇਨਸਾਨ ਵਰਗੇ ਹੋਵੋਗੇ ਜੋ ਟ੍ਰੇਨ ’ਚ ਸਫ਼ਰ ਕਰਦਾ ਹੈ, ਪਰ ਉਸ ਨੂੰ ਆਪਣੀ ਮੰਜ਼ਲ ਦਾ ਨਹੀਂ ਪਤਾ। ਸੋ ਆਪਣੇ ਮਾਪਿਆਂ ਨਾਲ ਬੈਠ ਕੇ ਸਫ਼ਾ 28 ’ਤੇ ਦਿੱਤੀ “ਪੜ੍ਹਨ ਦਾ ਮਕਸਦ” ਨਾਂ ਦੀ ਡੱਬੀ ਨੂੰ ਭਰੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੀ ਪੜ੍ਹਾਈ ’ਤੇ ਧਿਆਨ ਲਗਾ ਸਕੋਗੇ ਅਤੇ ਤੁਸੀਂ ਆਪਣੇ ਮਾਪਿਆਂ ਦੀ ਰਾਇ ਨਾਲ ਤੈਅ ਕਰ ਸਕੋਗੇ ਕਿ ਤੁਸੀਂ ਕਿੰਨੀਆਂ ਕੁ ਕਲਾਸਾਂ ਪੜ੍ਹੋਗੇ।—ਕਹਾਉਤਾਂ 21:5.
ਤੁਹਾਡੇ ਟੀਚਰ ਅਤੇ ਦੂਸਰੇ ਸ਼ਾਇਦ ਤੁਹਾਨੂੰ ਸਲਾਹ ਦੇਣ ਕਿ ਤੁਹਾਨੂੰ ਕਿੰਨੀ ਕੁ ਪੜ੍ਹਾਈ ਕਰਨੀ ਚਾਹੀਦੀ ਹੈ। ਪਰ ਆਖ਼ਰੀ ਫ਼ੈਸਲਾ ਤੁਹਾਡੇ ਮੰਮੀ-ਡੈਡੀ ਹੀ ਕਰਨਗੇ। (ਕਹਾਉਤਾਂ 1:8; ਕੁਲੁੱਸੀਆਂ 3:20) ਜੇ ਤੁਸੀਂ ਉਨ੍ਹਾਂ ਦੀ ਰਜ਼ਾਮੰਦੀ ਤੋਂ ਬਗੈਰ ਹੀ ਪੜ੍ਹਾਈ ਵਿੱਚੇ ਹੀ ਛੱਡੋਗੇ, ਤਾਂ ਤੁਸੀਂ ਆਪਣੀ ਮੰਜ਼ਲ ਤਕ ਨਹੀਂ ਪਹੁੰਚੋਗੇ।
ਮੈਂ ਪੜ੍ਹਾਈ ਕਿਉਂ ਛੱਡਣੀ ਚਾਹੁੰਦਾ ਹਾਂ? ਆਪਣੇ ਆਪ ਨੂੰ ਧੋਖਾ ਨਾ ਦਿਓ। (ਯਿਰਮਿਯਾਹ 17:9) ਸਾਡੀ ਇਨਸਾਨਾਂ ਦੀ ਫਿਤਰਤ ਹੈ ਕਿ ਅਸੀਂ ਆਪਣੇ ਫ਼ਾਇਦੇ ਵਾਸਤੇ ਬਹਾਨੇ ਬਣਾਉਂਦੇ ਹਾਂ।—ਯਾਕੂਬ 1:22.
ਹੇਠਾਂ ਉਹ ਕਾਰਨ ਲਿਖੋ ਜਿਨ੍ਹਾਂ ਕਰਕੇ ਤੁਸੀਂ ਆਪਣੀ ਪੜ੍ਹਾਈ ਵਿੱਚੇ ਹੀ ਛੱਡਣੀ ਚਾਹੁੰਦੇ ਹੋ।
․․․․․
ਹੇਠਾਂ ਆਪਣੀ ਪੜ੍ਹਾਈ ਛੱਡਣ ਦੇ ਕੁਝ ਬਹਾਨੇ ਲਿਖੋ।
․․․․․
ਤੁਸੀਂ ਕਿਹੜੇ ਕਾਰਨ ਲਿਖੇ ਸਨ? ਹੋ ਸਕਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਦੀ ਪੈਸੇ ਪੱਖੋਂ ਮਦਦ ਕਰਨੀ ਚਾਹੋ ਜਾਂ ਤੁਸੀਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣਾ ਚਾਹੋ। ਦੂਜੇ ਪਾਸੇ, ਤੁਸੀਂ ਸ਼ਾਇਦ ਸਕੂਲ ਵਿਚ ਹੁੰਦੇ ਟੈੱਸਟਾਂ ਜਾਂ ਹੋਮਵਰਕ ਤੋਂ ਛੁਟਕਾਰਾ ਪਾਉਣ ਲਈ ਬਹਾਨੇ ਬਣਾਓ। ਇਹ ਪਤਾ ਕਰਨਾ ਜ਼ਰੂਰੀ ਹੈ ਕਿ ਤੁਹਾਡੇ ਸਕੂਲ ਛੱਡਣ ਦੀ ਵਜ੍ਹਾ ਕੀ ਹੈ।
ਜੋ ਕਾਰਨ ਤੁਸੀਂ ਲਿਖੇ ਹਨ ਉਨ੍ਹਾਂ ’ਤੇ ਦੁਬਾਰਾ ਧਿਆਨ ਕਰੋ। ਸਕੂਲ ਛੱਡਣ ਦੇ ਸਭ ਤੋਂ ਵੱਡੇ ਕਾਰਨ ’ਤੇ ਨੰਬਰ 5 ਲਿਖੋ ਫਿਰ ਉਸ ਤੋਂ ਘੱਟ ਜ਼ਰੂਰੀ ਕਾਰਨਾਂ ’ਤੇ 4, 3, 2 ਅਤੇ 1 ਲਿਖੋ। ਜੇ ਤੁਸੀਂ ਮੁਸ਼ਕਲਾਂ ਤੋਂ ਬਚਣ ਲਈ ਸਕੂਲ ਛੱਡਣਾ ਚਾਹੁੰਦੇ ਹੋ, ਤਾਂ ਇੱਦਾਂ ਕਰਨ ਨਾਲ ਮੁਸ਼ਕਲਾਂ ਹੱਲ ਨਹੀਂ ਹੋਣਗੀਆਂ।
ਸਕੂਲ ਛੱਡਣ ਵਿਚ ਕੀ ਹਰਜ਼ ਹੈ?
ਜੇ ਤੁਸੀਂ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿਓ, ਤਾਂ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਤੁਸੀਂ ਆਪਣੀ ਮੰਜ਼ਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਟ੍ਰੇਨ ਵਿੱਚੋਂ ਛਾਲ ਮਾਰ ਦਿੱਤੀ। ਸ਼ਾਇਦ ਟ੍ਰੇਨ ਵਿਚ ਬੈਠਣਾ ਔਖਾ ਲੱਗੇ ਅਤੇ ਉਸ ਵਿਚ ਬੈਠੇ ਲੋਕ ਚੰਗੇ ਨਾ ਹੋਣ। ਪਰ ਜੇ ਤੁਸੀਂ ਟ੍ਰੇਨ ਵਿੱਚੋਂ ਛਾਲ ਮਾਰੋਗੇ, ਤਾਂ ਤੁਸੀਂ ਆਪਣੀ ਮੰਜ਼ਲ
’ਤੇ ਨਹੀਂ ਪਹੁੰਚ ਪਾਓਗੇ ਤੇ ਸ਼ਾਇਦ ਤੁਹਾਡੇ ਗਹਿਰੀ ਸੱਟ ਵੀ ਲੱਗੇ। ਉਸੇ ਤਰ੍ਹਾਂ ਜੇ ਤੁਸੀਂ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ, ਤਾਂ ਤੁਹਾਨੂੰ ਹੁਣ ਵੀ ਅਤੇ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਅਤੇ ਤੰਗੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਮਿਸਾਲ ਲਈ:ਆਉਣ ਵਾਲੀਆਂ ਮੁਸ਼ਕਲਾਂ। ਤੁਹਾਡੇ ਲਈ ਨੌਕਰੀ ਲੱਭਣੀ ਮੁਸ਼ਕਲ ਹੋ ਜਾਵੇਗੀ ਅਤੇ ਜੇ ਮਿਲ ਵੀ ਗਈ, ਤਾਂ ਹੋ ਸਕਦਾ ਹੈ ਕਿ ਪੈਸੇ ਬਹੁਤ ਘੱਟ ਮਿਲਣਗੇ। ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤੁਹਾਨੂੰ ਸ਼ਾਇਦ ਜ਼ਿਆਦਾ ਘੰਟੇ ਕੰਮ ਕਰਨਾ ਪਵੇ ਅਤੇ ਹੋ ਸਕਦਾ ਹੈ ਕਿ ਜਿੱਥੇ ਤੁਸੀਂ ਨੌਕਰੀ ਕਰੋਗੇ ਉੱਥੇ ਦਾ ਮਾਹੌਲ ਸਕੂਲ ਨਾਲੋਂ ਵੀ ਭੈੜਾ ਹੋਵੇ।
ਹੋਰ ਮੁਸ਼ਕਲਾਂ। ਰਿਪੋਰਟਾਂ ਦੱਸਦੀਆਂ ਹਨ ਕਿ ਜਿਹੜੇ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿੰਦੇ ਹਨ ਉਨ੍ਹਾਂ ਦੀ ਬਾਕੀਆਂ ਨਾਲੋਂ ਸਿਹਤ ਜ਼ਿਆਦਾ ਖ਼ਰਾਬ ਹੋ ਸਕਦੀ ਹੈ, ਛੋਟੀ ਉਮਰ ਵਿਚ ਹੀ ਬੱਚੇ ਹੋ ਸਕਦੇ ਹਨ, ਗ਼ਲਤ ਕੰਮਾਂ ਕਰਕੇ ਜੇਲ੍ਹ ਵੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੀ ਮਦਦ ਲੈਣੀ ਪੈ ਸਕਦੀ ਹੈ।
ਜੇ ਤੁਸੀਂ ਪੜ੍ਹਾਈ ਪੂਰੀ ਵੀ ਕਰ ਲੈਂਦੇ ਹੋ, ਤਾਂ ਇਹ ਕੋਈ ਗਾਰੰਟੀ ਨਹੀਂ ਕਿ ਤੁਸੀਂ ਇਨ੍ਹਾਂ ਮੁਸ਼ਕਲਾਂ ਤੋਂ ਬਚ ਜਾਓਗੇ। ਪਰ ਤੁਸੀਂ ਇੰਨਾ ਖ਼ਤਰਾ ਮੁੱਲ ਕਿਉਂ ਲੈਣਾ ਚਾਹੁੰਦੇ ਹੋ?
ਪੜ੍ਹਾਈ ਪੂਰੀ ਕਰਨ ਦੇ ਫ਼ਾਇਦੇ
ਜੇ ਤੁਸੀਂ ਪੇਪਰਾਂ ਵਿੱਚੋਂ ਫੇਲ੍ਹ ਹੋ ਗਏ ਹੋ ਜਾਂ ਸਕੂਲ ਵਿਚ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਤੁਸੀਂ ਸ਼ਾਇਦ ਸਕੂਲ ਛੱਡਣਾ ਚਾਹੋ। ਇਹ ਸੱਚ ਹੈ ਕਿ ਅੱਜ ਦੀਆਂ ਮੁਸ਼ਕਲਾਂ ਆਉਣ ਵਾਲੀਆਂ ਮੁਸ਼ਕਲਾਂ ਨਾਲੋਂ ਕਿਤੇ ਵੱਡੀਆਂ ਲੱਗ ਸਕਦੀਆਂ ਹਨ। ਪਰ ਪੜ੍ਹਾਈ ਵਿੱਚੇ ਹੀ ਛੱਡਣ ਦੀ ਬਜਾਇ ਜ਼ਰਾ ਧਿਆਨ ਦਿਓ ਕਿ ਇਸ ਲੇਖ ਦੇ ਸ਼ੁਰੂ ਵਿਚ ਜਿਨ੍ਹਾਂ ਚਾਰ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦੇ ਕੀ-ਕੀ ਫ਼ਾਇਦੇ ਹੋਏ।
● “ਮੈਂ ਠਾਣ ਲਿਆ ਕਿ ਮੈਂ ਸਕੂਲ ਨਹੀਂ ਛੱਡਾਂਗੀ ਅਤੇ ਮੈਂ ਮੁਸ਼ਕਲਾਂ ਨੂੰ ਸਹਿਣਾ ਸਿੱਖਿਆ। ਮੈਨੂੰ ਆਪਣਾ ਰਵੱਈਆ ਬਦਲਣਾ ਪਿਆ। ਸਕੂਲ ਵਿਚ ਮੈਂ ਫਾਈਨ ਆਰਟਸ ਦਾ ਕੋਰਸ ਕੀਤਾ ਅਤੇ ਇਹ ਕਲਾ ਨੌਕਰੀ ਲੱਭਣ ਵਿਚ ਮੇਰੇ ਕੰਮ ਆਵੇਗੀ।”—ਰੇਚਲ।
● “ਹੁਣ ਮੈਂ ਸਮਝ ਗਿਆ ਕਿ ਜੇ ਮੈਂ ਮਿਹਨਤ ਕਰਾਂ, ਤਾਂ
ਮੈਂ ਆਪਣੀ ਮੰਜ਼ਲ ਤਕ ਪਹੁੰਚ ਸਕਦਾ ਹਾਂ। ਮੈਂ ਮਸ਼ੀਨ ਮਕੈਨਿਕ ਦਾ ਕੋਰਸ ਕਰ ਰਿਹਾ ਹਾਂ ਤਾਂਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਪ੍ਰੈੱਸ ਮਕੈਨਿਕ ਦਾ ਕੰਮ ਕਰ ਸਕਾਂ।”—ਜੋਨ।● “ਸਕੂਲ ਨੇ ਮੈਨੂੰ ਮੁਸ਼ਕਲਾਂ ਦਾ ਹੱਲ ਲੱਭਣਾ ਸਿਖਾਇਆ ਹੈ ਚਾਹੇ ਉਹ ਮੁਸ਼ਕਲਾਂ ਕਲਾਸ ਵਿਚ ਹੋਣ ਜਾਂ ਕਿਤੇ ਹੋਰ। ਹੁਣ ਸਕੂਲ ਦੀਆਂ ਮੁਸ਼ਕਲਾਂ, ਰਿਸ਼ਤੇ-ਨਾਤਿਆਂ ਅਤੇ ਆਪਣੀਆਂ ਮੁਸ਼ਕਲਾਂ ਨੂੰ ਮੈਂ ਚੰਗੇ ਤਰੀਕੇ ਨਾਲ ਸੁਲਝਾ ਸਕਦੀ ਹਾਂ।”—ਅਦਿੱਤੀ।
● “ਸਕੂਲ ਦੀਆਂ ਮੁਸ਼ਕਲਾਂ ਨੇ ਮੈਨੂੰ ਨੌਕਰੀ ’ਤੇ ਆਉਣ ਵਾਲੀਆਂ ਮੁਸ਼ਕਲਾਂ ਲਈ ਤਿਆਰ ਕੀਤਾ। ਨਾਲੇ ਯਹੋਵਾਹ ਦੀ ਇਕ ਗਵਾਹ ਹੋਣ ਕਰਕੇ ਮੇਰੀ ਨਿਹਚਾ ਪਰਖੀ ਗਈ। ਮੈਂ ਕਹਿ ਸਕਦੀ ਹਾਂ ਕਿ ਮੁਸ਼ਕਲਾਂ ਨੇ ਮੇਰੇ ਵਿਸ਼ਵਾਸ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ।”—ਰਜਨੀ।
ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ ਹੈ, ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:8) ਪੜ੍ਹਾਈ ਛੱਡਣ ਦੀ ਬਜਾਇ ਸਕੂਲ ਵਿਚ ਆਉਂਦੀਆਂ ਮੁਸ਼ਕਲਾਂ ਦਾ ਧੀਰਜ ਨਾਲ ਸਾਮ੍ਹਣਾ ਕਰੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਅਖ਼ੀਰ ਵਿਚ ਸਬਰ ਦਾ ਫਲ ਬਹੁਤ ਮਿੱਠਾ ਮਿਲੇਗਾ। (g10-E 11)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
ਇਸ ਬਾਰੇ ਸੋਚੋ
● ਛੋਟੇ-ਛੋਟੇ ਟੀਚੇ ਰੱਖ ਕੇ ਤੁਸੀਂ ਸਕੂਲ ਦੀ ਪੜ੍ਹਾਈ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹੋ?
● ਇਹ ਜਾਣਨਾ ਜ਼ਰੂਰੀ ਕਿਉਂ ਹੈ ਕਿ ਤੁਸੀਂ ਸਕੂਲ ਛੱਡਣ ਤੋਂ ਬਾਅਦ ਕਿਹੋ ਜਿਹੀ ਨੌਕਰੀ ਕਰਨੀ ਚਾਹੁੰਦੇ ਹੋ?
[ਸਫ਼ਾ 27 ਉੱਤੇ ਡੱਬੀ/ਤਸਵੀਰਾਂ]
ਤੁਹਾਡੇ ਹਾਣੀ ਕੀ ਕਹਿੰਦੇ ਹਨ
“ਸਕੂਲ ਤੋਂ ਹੀ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈਦਾ ਹੋਇਆ। ਕਿਸੇ ਦੇ ਸੋਚ-ਵਿਚਾਰਾਂ ਨੂੰ ਪੜ੍ਹ ਕੇ ਸਮਝਣਾ ਬਹੁਤ ਵਧੀਆ ਗੱਲ ਹੈ।”
“ਆਪਣੇ ਸਾਰੇ ਕੰਮਾਂ ਲਈ ਸਮਾਂ ਕੱਢਣਾ ਮੈਨੂੰ ਮੁਸ਼ਕਲ ਲੱਗਦਾ ਹੈ। ਪਰ ਜੇ ਮੈਂ ਸਕੂਲ ਨਾ ਜਾਂਦਾ, ਤਾਂ ਮੇਰੀ ਮੁਸ਼ਕਲ ਹੋਰ ਵੀ ਵੱਧ ਜਾਂਦੀ! ਸਕੂਲ ਨੇ ਮੈਨੂੰ ਰੁਟੀਨ ਵਿਚ ਰਹਿਣਾ ਸਿਖਾਇਆ ਤਾਂਕਿ ਮੈਂ ਆਪਣੇ ਜ਼ਰੂਰੀ ਕੰਮ ਸਮੇਂ ਸਿਰ ਕਰ ਸਕਾਂ।”
[ਤਸਵੀਰਾਂ]
ਏਸਮੇ
ਕ੍ਰਿਸਟਫਰ
[ਸਫ਼ਾ 28 ਉੱਤੇ ਡੱਬੀ]
ਪੜ੍ਹਨ ਦਾ ਮਕਸਦ
ਪੜ੍ਹਾਈ ਕਰਨ ਦਾ ਮੁੱਖ ਮਕਸਦ ਹੁੰਦਾ ਹੈ ਕਿ ਤੁਸੀਂ ਅਗਾਹਾਂ ਨੂੰ ਇਕ ਨੌਕਰੀ ਲੱਭ ਕੇ ਆਪਣਾ ਗੁਜ਼ਾਰਾ ਤੋਰ ਸਕੋ ਅਤੇ ਬਾਅਦ ਵਿਚ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕੋ। (2 ਥੱਸਲੁਨੀਕੀਆਂ 3:10, 12) ਕੀ ਤੁਸੀਂ ਸੋਚਿਆ ਹੈ ਕਿ ਤੁਸੀਂ ਕਿੱਦਾਂ ਦੀ ਨੌਕਰੀ ਕਰੋਗੇ ਅਤੇ ਸਕੂਲ ਇਸ ਵਿਚ ਤੁਹਾਡੀ ਮਦਦ ਕਿੱਦਾਂ ਕਰ ਸਕਦਾ ਹੈ? ਇਹ ਦੇਖਣ ਲਈ ਕਿ ਤੁਹਾਡੀ ਪੜ੍ਹਾਈ ਤੁਹਾਡੀ ਕਿੰਨੀ ਕੁ ਮਦਦ ਕਰ ਰਹੀ ਹੈ ਖ਼ੁਦ ਨੂੰ ਹੇਠਾਂ ਦਿੱਤੇ ਸਵਾਲ ਪੁੱਛੋ:
ਮੇਰੇ ਵਿਚ ਕਿਹੜੀਆਂ ਖੂਬੀਆਂ ਹਨ? (ਮਿਸਾਲ ਲਈ, ਕੀ ਤੁਸੀਂ ਲੋਕਾਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰ ਲੈਂਦੇ ਹੋ? ਕੀ ਤੁਸੀਂ ਆਪਣੇ ਹੱਥਾਂ ਨਾਲ ਕੰਮ ਕਰਨਾ ਪਸੰਦ ਕਰਦੇ ਹੋ ਜਿਵੇਂ ਚੀਜ਼ਾਂ ਬਣਾਉਣੀਆਂ ਜਾਂ ਟੁੱਟੀਆਂ ਚੀਜ਼ਾਂ ਠੀਕ ਕਰਨੀਆਂ? ਕੀ ਤੁਸੀਂ ਸੋਚ-ਸਮਝ ਕੇ ਮੁਸ਼ਕਲਾਂ ਸੁਲਝਾ ਲੈਂਦੇ ਹੋ?)
․․․․․
ਮੈਂ ਕਿਹੋ ਜਿਹੀ ਨੌਕਰੀ ਕਰਾਂ ਤਾਂਕਿ ਆਪਣੀਆਂ ਖੂਬੀਆਂ ਨੂੰ ਵਰਤ ਸਕਾਂ?
․․․․․
ਜਿੱਥੇ ਮੈਂ ਰਹਿੰਦਾ ਹਾਂ ਉੱਥੇ ਕਿੱਦਾਂ ਦੀ ਨੌਕਰੀ ਮਿਲ ਸਕਦੀ ਹੈ?
․․․․․
ਕਿਹੜੀਆਂ ਕਲਾਸਾਂ ਨੌਕਰੀ ਲੱਭਣ ਵਿਚ ਮੇਰੀ ਮਦਦ ਕਰਨਗੀਆਂ?
․․․․․
ਮੈਂ ਕਿਹੜਾ ਕੋਰਸ ਕਰਾਂ ਜੋ ਮੈਨੂੰ ਮੇਰੀ ਮੰਜ਼ਲ ਤਕ ਪਹੁੰਚਣ ਵਿਚ ਮਦਦ ਕਰੇਗਾ?
․․․․․
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਉਹ ਪੜ੍ਹਾਈ ਕਰੋ ਜੋ ਤੁਹਾਡੀ ਜ਼ਿੰਦਗੀ ਵਿਚ ਕੰਮ ਆਵੇਗੀ। ਇਹ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਹਮੇਸ਼ਾ ਪੜ੍ਹਾਈ ਕਰਦੇ ਰਹੋ ਅਤੇ ਵੱਡੇ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਓ।
[ਸਫ਼ਾ 29 ਉੱਤੇ ਡੱਬੀ]
ਮਾਪਿਆਂ ਨੂੰ ਸਲਾਹ
“ਮੇਰੇ ਟੀਚਰ ਬਹੁਤ ਬੋਰ ਕਰਦੇ ਹਨ!” “ਮੈਨੂੰ ਬਹੁਤ ਹੋਮਵਰਕ ਮਿਲਦਾ ਹੈ!” “ਮੈ ਮਸਾਂ ਪਾਸ ਹੋਣ ਜੋਗੇ ਨੰਬਰ ਲੈਂਦਾ ਹਾਂ—ਕੋਸ਼ਿਸ਼ ਕਰਨ ਦਾ ਕੀ ਫ਼ਾਇਦਾ?” ਹਿੰਮਤ ਹਾਰਨ ਕਰਕੇ ਕਈ ਨੌਜਵਾਨ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿੰਦੇ ਹਨ ਜਿਸ ਕਰਕੇ ਉਹ ਆਪਣਾ ਗੁਜ਼ਾਰਾ ਤੋਰਨ ਦੇ ਕਾਬਲ ਨਹੀਂ ਬਣਦੇ। ਜੇ ਤੁਹਾਡਾ ਧੀ-ਪੁੱਤ ਪੜ੍ਹਾਈ ਵਿੱਚੇ ਹੀ ਛੱਡਣੀ ਚਾਹੁੰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਤੁਸੀਂ ਪੜ੍ਹਾਈ ਬਾਰੇ ਕੀ ਸੋਚਦੇ ਹੋ? ਜਦੋਂ ਤੁਸੀਂ ਸਕੂਲ ਜਾਂਦੇ ਸੀ, ਤਾਂ ਕੀ ਤੁਸੀਂ ਉਸ ਨੂੰ ਸਮੇਂ ਦੀ ਬਰਬਾਦੀ ਸਮਝਦੇ ਸੀ ਜਾਂ ਤੁਹਾਨੂੰ ਸਕੂਲ ਜੇਲ੍ਹ ਵਾਂਗ ਲੱਗਦਾ ਸੀ? ਜੇ ਹਾਂ, ਤਾਂ ਤੁਹਾਡੀ ਸੋਚ ਦਾ ਤੁਹਾਡੇ ਬੱਚਿਆਂ ’ਤੇ ਅਸਰ ਪੈ ਸਕਦਾ ਹੈ। ਚੰਗੀ ਤਰ੍ਹਾਂ ਪੜ੍ਹਨ ਨਾਲ ਉਨ੍ਹਾਂ ਨੂੰ ਸਮਝਦਾਰੀ ਅਤੇ ਸਿਆਣਪ ਵਰਗੇ ਗੁਣ ਮਿਲਣਗੇ ਜੋ ਜ਼ਿੰਦਗੀ ਭਰ ਉਨ੍ਹਾਂ ਦੇ ਕੰਮ ਆਉਣਗੇ।—ਕਹਾਉਤਾਂ 3:21.
ਮਦਦ ਦਿਓ। ਕਈਆਂ ਦੇ ਚੰਗੇ ਨੰਬਰ ਆ ਸਕਦੇ ਹਨ, ਪਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ ਜਾਂ ਉਹ ਸਹੀ ਮਾਹੌਲ ’ਚ ਨਹੀਂ ਪੜ੍ਹਦੇ। ਸਹੀ ਮਾਹੌਲ ਉਹ ਹੁੰਦਾ ਹੈ ਜਿੱਥੇ ਸਾਫ਼-ਸੁਥਰਾ ਡੈੱਸਕ ਹੋਵੇ, ਪੂਰੀ-ਪੂਰੀ ਰੋਸ਼ਨੀ ਅਤੇ ਰਿਸਰਚ ਕਰਨ ਵਾਲਾ ਸਾਜੋ-ਸਾਮਾਨ ਹੋਵੇ। ਤੁਸੀਂ ਆਪਣੇ ਬੱਚੇ ਨੂੰ ਤਰੱਕੀ ਕਰਨ ਵਿਚ ਮਦਦ ਦੇ ਸਕਦੇ ਹੋ ਚਾਹੇ ਉਹ ਸਕੂਲ ਦੀ ਪੜ੍ਹਾਈ ਹੋਵੇ ਜਾਂ ਬਾਈਬਲ ਦੀ। ਉਹ ਕਿਵੇਂ? ਤੁਸੀਂ ਉਨ੍ਹਾਂ ਨੂੰ ਸਿਖਲਾਈ ਦੇ ਸਕਦੇ ਹੋ ਅਤੇ ਸਹੀ ਮਾਹੌਲ ਬਣਾ ਸਕਦੇ ਹੋ ਤਾਂਕਿ ਉਹ ਮਨ ਲਾ ਕੇ ਪੜ੍ਹਾਈ ਕਰ ਸਕੇ।—1 ਤਿਮੋਥਿਉਸ 4:15.
ਸਾਥ ਦਿਓ। ਟੀਚਰਾਂ ਅਤੇ ਸਲਾਹਕਾਰਾਂ ਨੂੰ ਆਪਣੇ ਦੋਸਤ ਸਮਝੋ ਨਾ ਕਿ ਦੁਸ਼ਮਣ। ਉਨ੍ਹਾਂ ਨੂੰ ਮਿਲੋ। ਉਨ੍ਹਾਂ ਦੇ ਨਾਂ ਜਾਣੋ। ਉਨ੍ਹਾਂ ਨਾਲ ਆਪਣੇ ਬੱਚਿਆਂ ਦੇ ਟੀਚਿਆਂ ਅਤੇ ਮੁਸ਼ਕਲਾਂ ਬਾਰੇ ਗੱਲ ਕਰੋ। ਜੇ ਤੁਹਾਡਾ ਬੱਚਾ ਚੰਗੇ ਨੰਬਰ ਨਹੀਂ ਲੈ ਰਿਹਾ, ਤਾਂ ਇਸ ਦੀ ਵਜ੍ਹਾ ਪਤਾ ਕਰੋ। ਮਿਸਾਲ ਲਈ, ਕੀ ਤੁਹਾਡੇ ਬੱਚੇ ਨੂੰ ਲੱਗਦਾ ਹੈ ਕਿ ਜੇ ਉਹ ਚੰਗੇ ਨੰਬਰ ਲਵੇਗਾ, ਤਾਂ ਦੂਜੇ ਬੱਚੇ ਉਸ ਨੂੰ ਬੁਰਾ-ਭਲਾ ਕਹਿਣਗੇ ਜਾਂ ਮਾਰਨਗੇ? ਕੀ ਉਸ ਦੀ ਟੀਚਰ ਨਾਲ ਨਹੀਂ ਬਣਦੀ? ਉਸ ਦੀਆਂ ਕਲਾਸਾਂ ਬਾਰੇ ਕੀ? ਉਸ ਨੂੰ ਮਿਹਨਤ ਤਾਂ ਕਰਨੀ ਚਾਹੀਦੀ ਹੈ, ਪਰ ਸਕੂਲ ਦੀ ਪੜ੍ਹਾਈ ਦਾ ਉਸ ’ਤੇ ਬੋਝ ਨਹੀਂ ਪੈਣਾ ਚਾਹੀਦਾ। ਇਕ ਹੋਰ ਗੱਲ: ਕੀ ਉਸ ਦੀ ਸਿਹਤ ਕਰਕੇ ਪੜ੍ਹਾਈ ’ਤੇ ਅਸਰ ਪੈ ਰਿਹਾ ਹੈ ਜਿਵੇਂ ਕਮਜ਼ੋਰ ਨਿਗਾਹ ਜਾਂ ਡਿਸਲੈਕਸੀਆ ਵਰਗੀ ਮੁਸ਼ਕਲ?
ਜਿੰਨਾ ਜ਼ਿਆਦਾ ਤੁਸੀਂ ਆਪਣੇ ਬੱਚੇ ਦਾ ਸਾਥ ਦਿਓਗੇ ਉੱਨਾ ਹੀ ਉਹ ਅੱਗੇ ਵਧ ਸਕੇਗਾ।—ਕਹਾਉਤਾਂ 22:6.
[ਸਫ਼ਾ 29 ਉੱਤੇ ਤਸਵੀਰ]
ਪੜ੍ਹਾਈ ਵਿੱਚੇ ਹੀ ਛੱਡ ਦੇਣੀ ਆਪਣੀ ਮੰਜ਼ਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਟ੍ਰੇਨ ਵਿੱਚੋਂ ਛਾਲ ਮਾਰਨ ਦੇ ਬਰਾਬਰ ਹੈ