Skip to content

Skip to table of contents

ਨਾਸਤਿਕ ਲੋਕਾਂ ਦੀ ਜੰਗ

ਨਾਸਤਿਕ ਲੋਕਾਂ ਦੀ ਜੰਗ

ਨਾਸਤਿਕ ਲੋਕਾਂ ਦੀ ਜੰਗ

ਦੁਨੀਆਂ ਵਿਚ ਇਕ ਨਵੇਂ ਕਿਸਮ ਦੇ ਨਾਸਤਿਕ ਲੋਕ ਉੱਠ ਰਹੇ ਹਨ। ਉਹ ਆਪਣੇ ਖ਼ਿਆਲਾਂ ਨੂੰ ਆਪਣੇ ਤਕ ਰੱਖਣ ਦੀ ਬਜਾਇ ਸਾਰਿਆਂ ਤਕ ਫੈਲਾਉਣਾ ਚਾਹੁੰਦੇ ਹਨ। ਇਕ ਕਾਲਮਨਵੀਸ ਨੇ ਲਿਖਿਆ ਕਿ ਇਹ ਲੋਕ “ਗਰਮਜੋਸ਼ੀ ਨਾਲ ਤੇ ਗੁੱਸੇ ਵਿਚ ਆ ਕੇ ਹਰ ਧਰਮ ਦੇ ਲੋਕਾਂ ਨੂੰ ਆਪਣੀ ਸੋਚ ਵੱਲ ਖਿੱਚਣ ਦਾ ਪੂਰਾ ਜ਼ੋਰ ਲਾ ਰਹੇ ਹਨ।” ਉਨ੍ਹਾਂ ਦੀ ਨਜ਼ਰ ਉਨ੍ਹਾਂ ਲੋਕਾਂ ’ਤੇ ਵੀ ਹੈ ਜੋ ਨਾ ਤਾਂ ਕਹਿੰਦੇ ਹਨ ਕਿ ਰੱਬ ਹੈ ਤੇ ਨਾ ਹੀ ਇਹ ਕਿ ਉਹ ਹੈ ਨਹੀਂ। ਨਾਸਤਿਕ ਲੋਕਾਂ ਮੁਤਾਬਕ ਰੱਬ ਹੈ ਹੀ ਨਹੀਂ ਅਤੇ ਉਹ ਹੋਰ ਕਿਸੇ ਦੀ ਗੱਲ ਸੁਣਨਾ ਨਹੀਂ ਚਾਹੁੰਦੇ।

ਨੋਬਲ ਪੁਰਸਕਾਰ ਸਟੀਵਨ ਵਾਇਨਬਰਗ ਨੇ ਕਿਹਾ: “ਦੁਨੀਆਂ ਧਰਮਾਂ ਦੇ ਜਾਲ ਵਿਚ ਫਸੀ ਹੋਈ ਹੈ ਅਤੇ ਸਾਇੰਸਦਾਨਾਂ ਵਜੋਂ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਇਸ ਜਾਲ ਵਿੱਚੋਂ ਕੱਢੀਏ। ਸ਼ਾਇਦ ਇਹੀ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੋਵੇਗੀ। ਪੂਰੀ ਦੁਨੀਆਂ ਨੂੰ ਗਹਿਰੀ ਨੀਂਦ ਤੋਂ ਜਾਗਣ ਦੀ ਲੋੜ ਹੈ।” ਲੋਕਾਂ ਨੂੰ ਨੀਂਦ ਤੋਂ ਜਗਾਉਣ ਦਾ ਇਕ ਤਰੀਕਾ ਹੈ ਨਾਸਤਿਕਤਾ ਬਾਰੇ ਕਿਤਾਬਾਂ ਛਾਪਣੀਆਂ। ਲੱਗਦਾ ਹੈ ਕਿ ਇਹ ਤਰੀਕਾ ਕਾਮਯਾਬ ਹੋ ਰਿਹਾ ਹੈ ਕਿਉਂਕਿ ਇਹ ਕਿਤਾਬਾਂ ਸਭ ਤੋਂ ਵਧ ਵਿੱਕ ਰਹੀਆਂ ਹਨ।

ਜੇ ਸੋਚਿਆ ਜਾਵੇ, ਤਾਂ ਧਰਮਾਂ ਨੇ ਹੀ ਇਨ੍ਹਾਂ ਨਾਸਤਿਕ ਖ਼ਿਆਲਾਂ ਨੂੰ ਜਨਮ ਦਿੱਤਾ ਹੈ। ਲੋਕ ਧਰਮਾਂ ਦੇ ਕੱਟੜ ਵਿਚਾਰਾਂ, ਅੱਤਵਾਦ ਅਤੇ ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਲੜਾਈਆਂ ਤੋਂ ਤੰਗ ਆ ਚੁੱਕੇ ਹਨ। ਇਕ ਮਸ਼ਹੂਰ ਨਾਸਤਿਕ ਨੇ ਕਿਹਾ: “ਧਰਮ ਨੇ ਦੁਨੀਆਂ ਵਿਚ ਜ਼ਹਿਰ ਘੋਲਿਆ ਹੈ।” ਇੰਨਾ ਹੀ ਨਹੀਂ, ਉਹ ਮੰਨਦੇ ਹਨ ਕਿ ਹਰ ਧਰਮ ਹੀ ਇਹ ਜ਼ਹਿਰ ਘੋਲਦਾ ਹੈ। ਨਾਸਤਿਕਾਂ ਦਾ ਕਹਿਣਾ ਹੈ ਕਿ ਧਾਰਮਿਕ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਮੰਨਣਾ ਛੱਡ ਦੇਣਾ ਚਾਹੀਦਾ ਹੈ। ਧਰਮ ਦੀ ਜਗ੍ਹਾ ਸਾਇੰਸ ਦੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਕ ਨਾਸਤਿਕ, ਜਿਸ ਦਾ ਨਾਂ ਸੈਮ ਹੈਰਿਸ ਹੈ, ਕਹਿੰਦਾ ਹੈ ਕਿ ‘ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲਾ ਬਕਵਾਸ ਪਵਿੱਤਰ ਕਿਤਾਬਾਂ ਵਿਚ ਪਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਸ਼ਰੇਆਮ ਇਸ ਦੇ ਖ਼ਿਲਾਫ਼ ਬੋਲਣ ਤੋਂ ਡਰਨਾ ਨਹੀਂ ਚਾਹੀਦਾ।’

ਇਕ ਪਾਸੇ ਨਾਸਤਿਕ ਲੋਕ ਧਰਮ ਨੂੰ ਬੁਰਾ-ਭਲਾ ਕਹਿੰਦੇ ਹਨ, ਪਰ ਦੂਸਰੇ ਪਾਸੇ ਉਹ ਸਾਇੰਸ ਦੀ ਪੂਜਾ ਕਰਦੇ ਹਨ। ਕਈਆਂ ਦਾ ਦਾਅਵਾ ਹੈ ਕਿ ਸਾਇੰਸ ਸਾਬਤ ਕਰ ਚੁੱਕੀ ਹੈ ਕਿ ਰੱਬ ਹੈ ਹੀ ਨਹੀਂ। ਕੀ ਇਹ ਸਹੀ ਹੈ? ਕੀ ਇਹ ਮੁਮਕਿਨ ਹੈ? ਹੈਰਿਸ ਅੱਗੇ ਕਹਿੰਦਾ ਹੈ: “ਵਕਤ ਹੀ ਦੱਸੇਗਾ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ।”

ਤੁਹਾਡੇ ਖ਼ਿਆਲ ਵਿਚ ਆਸਤਿਕ ਜਿੱਤਣਗੇ ਜਾਂ ਨਾਸਤਿਕ? ਆਪਣੇ ਆਪ ਨੂੰ ਇਹ ਵੀ ਪੁੱਛੋ: ‘ਕੀ ਰੱਬ ਨੂੰ ਮੰਨਣਾ ਗ਼ਲਤ ਹੈ? ਜੇ ਸਾਰੀ ਦੁਨੀਆਂ ਨਾਸਤਿਕ ਬਣ ਜਾਵੇ, ਤਾਂ ਕੀ ਦੁਨੀਆਂ ਦੀ ਹਾਲਤ ਸੁਧਰ ਜਾਵੇਗੀ?’ ਆਓ ਆਪਾਂ ਦੇਖੀਏ ਕਿ ਕੁਝ ਮੰਨੇ-ਪ੍ਰਮੰਨੇ ਸਾਇੰਸਦਾਨਾਂ ਅਤੇ ਫ਼ਿਲਾਸਫ਼ਰਾਂ ਨੇ ਨਾਸਤਿਕਤਾ, ਧਰਮ ਅਤੇ ਸਾਇੰਸ ਬਾਰੇ ਕੀ ਕਿਹਾ ਹੈ। (g10-E 11)