ਨੌਜਵਾਨ ਪੁੱਛਦੇ ਹਨ
ਮੈਂ ਕਿਵੇਂ ਸਮਝਾਵਾਂ ਕਿ ਬਾਈਬਲ ਗੇਅ ਹੋਣ ਬਾਰੇ ਕੀ ਕਹਿੰਦੀ ਹੈ?
ਐਵਾਰਡ ਫੰਕਸ਼ਨ ’ਤੇ ਹੰਗਾਮਾ ਛਾ ਗਿਆ ਜਦੋਂ ਦੋ ਮਸ਼ਹੂਰ ਅਭਿਨੇਤਰੀਆਂ ਸ਼ਰੇਆਮ ਇਕ-ਦੂਸਰੇ ਨੂੰ ਚੁੰਮਣ ਲੱਗੀਆਂ। ਦੇਖਣ ਵਾਲੇ ਪਹਿਲਾਂ ਤਾਂ ਹੈਰਾਨ ਹੋ ਗਏ ਫਿਰ ਤਾੜੀਆਂ ਮਾਰਨ ਅਤੇ ਸੀਟੀਆਂ ਵਜਾਉਣ ਲੱਗ ਪਏ। ਸਮਲਿੰਗੀ ਯਾਨੀ ਗੇਅ ਲੋਕਾਂ ਨੇ ਇਸ ਨੂੰ ਆਪਣੀ ਇਕ ਜਿੱਤ ਮੰਨਿਆ। ਆਲੋਚਕਾਂ ਨੇ ਕਿਹਾ ਅਭਿਨੇਤਰੀਆਂ ਨੇ ਆਪਣੀ ਮਸ਼ਹੂਰੀ ਵਧਾਉਣ ਲਈ ਇੰਜ ਕੀਤਾ। ਟੀ.ਵੀ. ’ਤੇ ਇਸ ਖ਼ਬਰ ਨੂੰ ਵਾਰ-ਵਾਰ ਦਿਖਾਇਆ ਗਿਆ ਅਤੇ ਇੰਟਰਨੈੱਟ ’ਤੇ ਲੱਖਾਂ ਹੀ ਲੋਕਾਂ ਨੇ ਇਸ ਨੂੰ ਦੇਖਿਆ।
ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਜਦੋਂ ਮੀਡੀਆ ਵਾਲੇ ਕਿਸੇ ਮਸ਼ਹੂਰ ਹਸਤੀ ਬਾਰੇ ਕਹਿੰਦੇ ਹਨ ਕਿ ਉਹ ਗੇਅ ਜਾਂ ਲੈਸਬੀਅਨ ਹੈ ਜਾਂ ਕਿ ਉਹ ਤੀਵੀਂ ਅਤੇ ਆਦਮੀ ਦੋਹਾਂ ਨਾਲ ਸੈਕਸ ਕਰਦਾ ਹੈ (ਬਾਈਸੈਕਸੁਅਲ) ਤਦ ਇਹ ਗੱਲ ਅੱਗ ਵਾਂਗ ਫੈਲ ਜਾਂਦੀ ਹੈ। ਕਈ ਲੋਕ ਉਨ੍ਹਾਂ ਦੀ ਹਿੰਮਤ ਦੀ ਦਾਦ ਦਿੰਦੇ ਹਨ ਅਤੇ ਦੂਜੇ ਉਨ੍ਹਾਂ ਦੇ ਕੰਮਾਂ ਨੂੰ ਨਿੰਦਦੇ ਹਨ। ਕਈਆਂ ਦਾ ਸੋਚਣਾ ਹੈ ਕਿ ਸਮਲਿੰਗੀ ਹੋਣਾ ਗ਼ਲਤ ਨਹੀਂ ਹੈ, ਸਗੋਂ ਇਹ ਜ਼ਿੰਦਗੀ ਜੀਣ ਦਾ ਇਕ ਵੱਖਰਾ ਤਰੀਕਾ ਹੈ। ਡੈਨਿਅਲ, ਜੋ 21 ਸਾਲਾਂ ਦਾ ਹੈ, ਦੱਸਦਾ ਹੈ: “ਸਕੂਲ ਵਿਚ ਆਮ ਬੱਚਿਆਂ ਦਾ ਵੀ ਇਹੀ ਕਹਿਣਾ ਸੀ ਕਿ ਜੇ ਤੁਹਾਨੂੰ ਸਮਲਿੰਗੀ ਲੋਕਾਂ ਦੇ ਕੰਮ ਚੰਗੇ ਨਹੀਂ ਲੱਗਦੇ, ਤਾਂ ਤੁਸੀਂ ਉਨ੍ਹਾਂ ਨਾਲ ਪੱਖਪਾਤ ਕਰਦੇ ਹੋ।” *
ਹਰੇਕ ਦੇਸ਼ ਵਿਚ ਸਮੇਂ ਦੇ ਬੀਤਣ ਨਾਲ ਸਮਲਿੰਗੀ ਕੰਮਾਂ ਬਾਰੇ ਲੋਕਾਂ ਦੇ ਵਿਚਾਰ ਬਦਲਦੇ ਰਹਿੰਦੇ ਹਨ। ਪਰ ਮਸੀਹੀਆਂ ਦੇ ਵਿਚਾਰ ਕਦੇ ਨਹੀਂ ਬਦਲਦੇ, ਉਹ “ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ [ਨਹੀਂ] ਡੋਲਦੇ।” (ਅਫ਼ਸੀਆਂ 4:14) ਉਹ ਬਾਈਬਲ ਦੀ ਸਿੱਖਿਆ ਮੁਤਾਬਕ ਚੱਲਦੇ ਹਨ।
ਬਾਈਬਲ ਗੇਅ ਹੋਣ ਬਾਰੇ ਕੀ ਕਹਿੰਦੀ ਹੈ? ਜੇ ਤੁਸੀਂ ਬਾਈਬਲ ਦੇ ਅਸੂਲਾਂ ’ਤੇ ਚੱਲਦੇ ਹੋ, ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦਿਓਗੇ ਜੋ ਤੁਹਾਨੂੰ ਪੱਖਪਾਤੀ ਕਹਿੰਦੇ ਹਨ? ਜਾਂ ਉਦੋਂ ਤੁਸੀਂ ਕੀ ਜਵਾਬ ਦਿਓਗੇ ਜੇ ਕੋਈ ਕਹੇ ਕਿ ਤੁਸੀਂ ਗੇਅ ਜਾਂ ਲੈਸਬੀਅਨ ਲੋਕਾਂ ਨੂੰ ਨਫ਼ਰਤ ਕਰਦੇ ਹੋ? ਹੇਠਾਂ ਦਿੱਤੇ ਸਵਾਲਾਂ ਅਤੇ ਸੁਝਾਵਾਂ ’ਤੇ ਗੌਰ ਕਰੋ।
ਸਮਲਿੰਗਤਾ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸਿਰਫ਼ ਪਤੀ-ਪਤਨੀ ਲਈ ਸੈਕਸ ਕਰਨਾ ਜਾਇਜ਼ ਹੈ। (ਉਤਪਤ 1:27, 28; ਲੇਵੀਆਂ 18:22; ਕਹਾਉਤਾਂ 5:18, 19) ਜਦ ਬਾਈਬਲ ਹਰਾਮਕਾਰੀ ਨੂੰ ਨਿੰਦਦੀ ਹੈ, ਤਾਂ ਇਸ ਵਿਚ ਆਦਮੀ ਅਤੇ ਔਰਤ ਵਿਚਕਾਰ ਨਾਜਾਇਜ਼ ਸੰਬੰਧ ਅਤੇ ਆਦਮੀ-ਆਦਮੀ ਜਾਂ ਔਰਤ-ਔਰਤ ਵਿਚਕਾਰ ਸੰਬੰਧ ਜਾਂ ਗੰਦੇ ਕੰਮ ਵੀ ਸ਼ਾਮਲ ਹਨ। *—ਗਲਾਤੀਆਂ 5:19-21.
ਜੇ ਕੋਈ ਪੁੱਛੇ: “ਸਮਲਿੰਗੀ ਕੰਮਾਂ ਬਾਰੇ ਤੁਸੀਂ ਕੀ ਸੋਚਦੇ ਹੋ?”
ਤੁਸੀਂ ਕਹਿ ਸਕਦੇ ਹੋ: “ਮੈਂ ਗੇਅ ਅਤੇ ਲੈਸਬੀਅਨ ਲੋਕਾਂ ਨੂੰ ਨਹੀਂ, ਪਰ ਉਨ੍ਹਾਂ ਦੇ ਕੰਮਾਂ ਨੂੰ ਚੰਗਾ ਨਹੀਂ ਸਮਝਦਾ।”
✔ ਯਾਦ ਰੱਖੋ: ਜੇ ਤੁਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਦਾ ਫ਼ੈਸਲਾ ਕੀਤਾ ਹੈ, ਤਾਂ ਇਹ ਤੁਹਾਡਾ ਆਪਣਾ ਫ਼ੈਸਲਾ ਹੈ। (ਯਹੋਸ਼ੁਆ 24:15) ਸੋ ਆਪਣੇ ਫ਼ੈਸਲੇ ਤੋਂ ਸ਼ਰਮਿੰਦਾ ਨਾ ਹੋਵੋ।—ਜ਼ਬੂਰਾਂ ਦੀ ਪੋਥੀ 119:46.
ਕੀ ਬਾਈਬਲ ਸਾਰਿਆਂ ਦਾ ਆਦਰ ਕਰਨ ਲਈ ਨਹੀਂ ਕਹਿੰਦੀ?
ਬਿਲਕੁਲ। ਬਾਈਬਲ ਕਹਿੰਦੀ ਹੈ: “ਸਭਨਾਂ ਦਾ ਆਦਰ ਕਰੋ।” (1 ਪਤਰਸ 2:17) ਇਸ ਲਈ ਮਸੀਹੀ ਲੋਕ ਗੇਅ ਅਤੇ ਲੈਸਬੀਅਨ ਲੋਕਾਂ ਨੂੰ ਨਫ਼ਰਤ ਨਹੀਂ ਕਰਦੇ। ਉਹ ਸਾਰੇ ਲੋਕਾਂ ਦਾ ਆਦਰ ਕਰਦੇ ਹਨ, ਚਾਹੇ ਕੋਈ ਸਮਲਿੰਗੀ ਹੀ ਕਿਉਂ ਨਾ ਹੋਵੇ।—ਮੱਤੀ 7:12.
ਜੇ ਕੋਈ ਕਹੇ: “ਮੈਨੂੰ ਲੱਗਦਾ ਕਿ ਤੁਹਾਡੇ ਵਰਗਿਆਂ ਦੇ ਵਿਚਾਰਾਂ ਕਰਕੇ ਗੇਅ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ।”
ਤੁਸੀਂ ਕਹਿ ਸਕਦੇ ਹੋ: “ਮੈਂ ਗੇਅ ਲੋਕਾਂ ਨੂੰ ਨਹੀਂ, ਸਗੋਂ ਉਨ੍ਹਾਂ ਦੇ ਕੰਮਾਂ ਨੂੰ ਪਸੰਦ ਨਹੀਂ ਕਰਦਾ।”
✔ ਤੁਸੀਂ ਇਹ ਵੀ ਕਹਿ ਸਕਦੇ ਹੋ: “ਮਿਸਾਲ ਲਈ, ਮੈਂ ਸਿਗਰਟ ਨਹੀਂ ਪੀਂਦਾ। ਮੈਂ ਸਿਗਰਟ ਤੋਂ ਨਫ਼ਰਤ ਕਰਦਾ ਹਾਂ। ਪਰ ਮੰਨ ਲਓ ਕਿ ਤੁਸੀਂ ਸਿਗਰਟ ਪੀਂਦੇ ਹੋ। ਇਹ ਤੁਹਾਡਾ ਆਪਣਾ ਫ਼ੈਸਲਾ ਹੈ। ਪਰ ਵੱਖੋ-ਵੱਖਰੇ ਫ਼ੈਸਲਿਆਂ ਕਰਕੇ ਅਸੀਂ ਇਕ-ਦੂਜੇ ਨੂੰ ਨਫ਼ਰਤ ਨਹੀਂ ਕਰਦੇ, ਹੈ ਨਾ? ਇਸੇ ਤਰ੍ਹਾਂ ਗੇਅ ਲੋਕਾਂ ਦੇ ਕੰਮਾਂ ਬਾਰੇ ਸਾਡਾ ਨਜ਼ਰੀਆ ਵੱਖੋ-ਵੱਖਰਾ ਹੈ।”
ਕੀ ਯਿਸੂ ਨੇ ਸਾਰਿਆਂ ਦਾ ਆਦਰ ਕਰਨਾ ਨਹੀਂ ਸਿਖਾਇਆ? ਜੇ ਹਾਂ, ਤਾਂ ਕੀ ਮਸੀਹੀਆਂ ਨੂੰ ਗੇਅ ਲੋਕਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ?
ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਸਿਖਾਇਆ ਕਿ ਉਹ ਆਪਣੀ ਮਨ-ਮਰਜ਼ੀ ਨਾਲ ਜ਼ਿੰਦਗੀ ਜੀ ਸਕਦੇ ਹਨ। ਸਗੋਂ ਉਸ ਨੇ ਸਿਖਾਇਆ ਕਿ “ਹਰੇਕ ਜੋ ਉਸ ਉੱਤੇ ਨਿਹਚਾ ਕਰੇ” ਹਮੇਸ਼ਾ ਦੀ ਜ਼ਿੰਦਗੀ ਪਾਵੇਗਾ। (ਯੂਹੰਨਾ 3:16) ਯਿਸੂ ’ਤੇ ਨਿਹਚਾ ਕਰਨ ਦਾ ਮਤਲਬ ਹੈ ਕਿ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਣਾ। ਇਸ ਵਿਚ ਨਾ ਸਿਰਫ਼ ਸਮਲਿੰਗੀ ਕੰਮ, ਸਗੋਂ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮ ਕਰਨ ਤੋਂ ਪਰੇ ਰਹਿਣਾ ਵੀ ਸ਼ਾਮਲ ਹੈ।—ਰੋਮੀਆਂ 1:26, 27.
ਜੇ ਕੋਈ ਕਹੇ: “ਗੇਅ ਲੋਕਾਂ ਦੇ ਆਪਣੇ ਹੱਥ-ਵੱਸ ਨਹੀਂ ਕਿ ਉਹ ਖ਼ੁਦ ਨੂੰ ਬਦਲ ਸਕਣ ਕਿਉਂਕਿ ਉਹ ਜਨਮ ਤੋਂ ਹੀ ਇੱਦਾਂ ਹਨ।”
ਤੁਸੀਂ ਕਹਿ ਸਕਦੇ ਹੋ: “ਬਾਈਬਲ ਇਹ ਨਹੀਂ ਦੱਸਦੀ ਕਿ ਲੋਕ ਜਨਮ ਤੋਂ ਹੀ ਗੇਅ ਹੁੰਦੇ ਹਨ, ਪਰ ਇਹ ਜ਼ਰੂਰ ਦੱਸਦੀ ਹੈ ਕਿ ਕੁਝ ਭੈੜੀਆਂ ਆਦਤਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ। (2 ਕੁਰਿੰਥੀਆਂ 10:4, 5) ਭਾਵੇਂ ਤੀਵੀਂ ਤੀਵੀਂ ਨੂੰ ਜਾਂ ਆਦਮੀ ਆਦਮੀ ਨੂੰ ਕਿਉਂ ਨਾ ਪਸੰਦ ਕਰਦਾ ਹੋਵੇ, ਤਾਂ ਵੀ ਬਾਈਬਲ ਮਸੀਹੀਆਂ ਨੂੰ ਸਮਲਿੰਗੀ ਕੰਮ ਕਰਨ ਤੋਂ ਮਨ੍ਹਾ ਕਰਦੀ ਹੈ।”
✔ ਸੁਝਾਅ: ਗੇਅ ਲੋਕਾਂ ਦੀਆਂ ਇੱਛਾਵਾਂ ’ਤੇ ਬਹਿਸ ਕਰਨ ਨਾਲੋਂ ਤੁਸੀਂ ਇਸ ਗੱਲ ’ਤੇ ਜ਼ੋਰ ਦਿਓ ਕਿ ਬਾਈਬਲ ਸਮਲਿੰਗੀ ਕੰਮਾਂ ਨੂੰ ਮਨ੍ਹਾ ਕਰਦੀ ਹੈ। ਇਸ ਨੂੰ ਸਮਝਾਉਣ ਲਈ ਤੁਸੀਂ ਕਹਿ ਸਕਦੇ ਹੋ: “ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਉਹ ਕਹਿੰਦੇ ਹਨ ਕਿ ਗੁੱਸਾ ਉਨ੍ਹਾਂ ਦੇ ਖ਼ੂਨ ਵਿਚ ਹੀ ਪਾਇਆ ਜਾਂਦਾ ਹੈ ਅਤੇ ਇਸ ਕਰਕੇ ਉਹ ਆਪਣੇ ਗੁੱਸੇ ਨੂੰ ਕੰਟ੍ਰੋਲ ਨਹੀਂ ਕਰ ਸਕਦੇ। (ਕਹਾਉਤਾਂ 29:22) ਭਾਵੇਂ ਇਹ ਗੱਲ ਉਨ੍ਹਾਂ ਬਾਰੇ ਸੱਚ ਹੈ, ਫਿਰ ਵੀ ਬਾਈਬਲ ਕਹਿੰਦੀ ਹੈ ਕਿ ਸਾਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ। (ਜ਼ਬੂਰਾਂ ਦੀ ਪੋਥੀ 37:8; ਅਫ਼ਸੀਆਂ 4:31) ਬਾਈਬਲ ਦੀ ਇਹ ਸਲਾਹ ਸਾਰਿਆਂ ਉੱਤੇ ਲਾਗੂ ਹੁੰਦੀ ਹੈ।”
ਪਰਮੇਸ਼ੁਰ ਕਿਸੇ ਗੇਅ ਇਨਸਾਨ ਨੂੰ ਕਿਵੇਂ ਕਹਿ ਸਕਦਾ ਹੈ ਕਿ ਉਹ ਇਹ ਕੰਮ ਛੱਡ ਦੇਵੇ? ਇਹ ਤਾਂ ਗ਼ਲਤ ਹੈ।
ਇਸ ਤਰ੍ਹਾਂ ਦੀ ਸੋਚਣੀ ਇਸ ਧਾਰਣਾ ’ਤੇ ਟਿਕੀ ਹੈ ਕਿ ਇਨਸਾਨਾਂ ਨੂੰ ਆਪਣੀ ਹਰ ਇੱਛਾ ਪੂਰੀ ਕਰਨੀ ਚਾਹੀਦੀ ਹੈ। ਪਰ ਬਾਈਬਲ ਮੁਤਾਬਕ ਇਹ ਗੱਲ ਝੂਠ ਹੈ। ਇਹ ਸਾਡੇ ਹੱਥ ਵਿਚ ਹੈ ਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨੂੰ ਕੰਟ੍ਰੋਲ ਵਿਚ ਰੱਖਾਂਗੇ ਜਾਂ ਨਹੀਂ।—ਕੁਲੁੱਸੀਆਂ 3:5.
ਜੇ ਕੋਈ ਕਹੇ: “ਭਾਵੇਂ ਤੁਸੀਂ ਗੇਅ ਨਹੀਂ ਹੋ, ਫਿਰ ਵੀ ਤੁਹਾਨੂੰ ਇਸ ਬਾਰੇ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ।”
ਤੁਸੀਂ ਕਹਿ ਸਕਦੇ ਹੋ: “ਫ਼ਰਜ਼ ਕਰੋ ਕਿ ਮੈਨੂੰ ਜੂਆ ਖੇਡਣਾ ਗ਼ਲਤ ਲੱਗਦਾ ਹੈ, ਪਰ ਤੁਹਾਨੂੰ ਠੀਕ ਲੱਗਦਾ ਹੈ। ਕੀ ਇਹ ਚੰਗਾ ਹੋਵੇਗਾ ਕਿ ਤੁਸੀਂ ਮੈਨੂੰ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਕਰੋ ਸਿਰਫ਼ ਇਸ ਲਈ ਕਿਉਂਕਿ ਲੱਖਾਂ ਹੀ ਲੋਕ ਜੂਆ ਖੇਡਦੇ ਹਨ?”
✔ ਯਾਦ ਰੱਖੋ: ਆਮ ਲੋਕਾਂ ਵਾਂਗ ਗੇਅ ਲੋਕ ਵੀ ਕੁਝ ਕੰਮਾਂ ਨੂੰ ਗ਼ਲਤ ਸਮਝਦੇ ਹਨ ਜਿਵੇਂ ਕਿ ਧੋਖੇਬਾਜ਼ੀ, ਬੇਇਨਸਾਫ਼ੀ ਜਾਂ ਲੜਾਈਆਂ। ਬਾਈਬਲ ਵੀ ਇਨ੍ਹਾਂ ਕੰਮਾਂ ਨੂੰ ਗ਼ਲਤ ਕਹਿੰਦੀ ਹੈ। ਇਸੇ ਤਰ੍ਹਾਂ ਬਾਈਬਲ ਮੁਤਾਬਕ ਸਮਲਿੰਗਤਾ ਵਰਗੇ ਗੰਦੇ ਕੰਮ ਵੀ ਗ਼ਲਤ ਹਨ।—1 ਕੁਰਿੰਥੀਆਂ 6:9-11.
ਬਾਈਬਲ ਦੀ ਸਲਾਹ ਨਾ ਤਾਂ ਗ਼ਲਤ ਹੈ ਅਤੇ ਨਾ ਹੀ ਇਹ ਸਾਨੂੰ ਪੱਖਪਾਤ ਕਰਨਾ ਸਿਖਾਉਂਦੀ ਹੈ। ਬਾਈਬਲ ਕਹਿੰਦੀ ਹੈ ਕਿ “ਹਰਾਮਕਾਰੀ ਤੋਂ ਭੱਜੋ।” ਇਹ ਸਲਾਹ ਸਾਰਿਆਂ ’ਤੇ ਲਾਗੂ ਹੁੰਦੀ ਹੈ, ਚਾਹੇ ਉਹ ਸਮਲਿੰਗੀ ਹੋਣ ਜਾਂ ਨਹੀਂ।—1 ਕੁਰਿੰਥੀਆਂ 6:18.
ਮਸੀਹੀ ਭੇਡ-ਚਾਲ ਚੱਲਣ ਦੀ ਬਜਾਇ ਬਾਈਬਲ ਦੇ ਅਸੂਲਾਂ ’ਤੇ ਟਿਕੇ ਰਹਿੰਦੇ ਹਨ
ਅੱਜ ਲੱਖਾਂ ਹੀ ਲੋਕ ਬਾਈਬਲ ਦੀ ਸਲਾਹ ਮੁਤਾਬਕ ਚੱਲਦੇ ਹਨ ਅਤੇ ਉਹ ਆਪਣੀਆਂ ਗ਼ਲਤ ਇੱਛਾਵਾਂ ਨੂੰ ਕੰਟ੍ਰੋਲ ਕਰਦੇ ਹਨ। ਇਨ੍ਹਾਂ ਵਿਚ ਬਹੁਤ ਸਾਰੇ ਕੁਆਰੇ ਲੋਕ ਹਨ ਅਤੇ ਉਹ ਵੀ ਜਿਨ੍ਹਾਂ ਦੇ ਸਾਥੀ ਅਪਾਹਜ ਹਨ। ਭਾਵੇਂ ਉਨ੍ਹਾਂ ਨੂੰ ਆਪਣੀਆਂ ਸਰੀਰਕ ਇੱਛਾਵਾਂ ਨੂੰ ਕੰਟ੍ਰੋਲ ਕਰਨਾ ਪੈਂਦਾ ਹੈ, ਫਿਰ ਵੀ ਉਹ ਖ਼ੁਸ਼ ਹਨ। ਸਮਲਿੰਗੀ ਇੱਛਾਵਾਂ ਨੂੰ ਵੀ ਕੰਟ੍ਰੋਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਪਰਮੇਸ਼ੁਰ ਖ਼ੁਸ਼ ਹੋਵੇਗਾ।—ਬਿਵਸਥਾ ਸਾਰ 30:19. (g10-E 12)
^ ਪੈਰਾ 4 ਇਸ ਲੇਖ ਵਿਚ ਨਾਂ ਬਦਲੇ ਗਏ ਹਨ।
^ ਪੈਰਾ 7 ਬਾਈਬਲ ਮੁਤਾਬਕ “ਹਰਾਮਕਾਰੀ” ਦਾ ਮਤਲਬ ਸਿਰਫ਼ ਆਦਮੀ ਅਤੇ ਔਰਤ ਵਿਚਕਾਰ ਨਾਜਾਇਜ਼ ਸੰਬੰਧ ਨਹੀਂ ਹੈ। ਇਸ ਵਿਚ ਮੌਖਿਕ ਸੰਭੋਗ, ਗੁਦਾ-ਸੰਭੋਗ ਅਤੇ ਇਕ-ਦੂਜੇ ਦੇ ਗੁਪਤ ਅੰਗਾਂ ਨੂੰ ਪਲੋਸਣ ਵਰਗੇ ਗੰਦੇ ਕੰਮ ਵੀ ਸ਼ਾਮਲ ਹਨ।
ਇਸ ਬਾਰੇ ਸੋਚੋ
-
ਪਰਮੇਸ਼ੁਰ ਨੇ ਇਨਸਾਨਾਂ ਲਈ ਅਸੂਲ ਕਿਉਂ ਬਣਾਏ?
-
ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਤੁਹਾਨੂੰ ਕੀ ਫ਼ਾਇਦੇ ਹੁੰਦੇ ਹਨ?