Skip to content

Skip to table of contents

“ਮੈਂ ਬਚਪਨ ਤੋਂ ਹੀ ਨਾਸਤਿਕ ਸੀ”

“ਮੈਂ ਬਚਪਨ ਤੋਂ ਹੀ ਨਾਸਤਿਕ ਸੀ”

“ਮੈਂ ਬਚਪਨ ਤੋਂ ਹੀ ਨਾਸਤਿਕ ਸੀ”

ਸਾਰੀ ਦੁਨੀਆਂ ਵਿਚ ਪ੍ਰਾਗ ਦੀ ਚਾਰਲਜ਼ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਫ੍ਰਾਂਟੀਸ਼ੇਕ ਵੀਸਕੋਚੀਲ ਨਿਊਰੋਫਿਜ਼ਿਆਲੋਜੀ ਦੀ ਰੀਸਰਚ ਕਰਕੇ ਮਸ਼ਹੂਰ ਹੈ। ਇਕ ਸਮੇਂ ਤੇ ਉਹ ਨਾਸਤਿਕ ਹੁੰਦਾ ਸੀ, ਪਰ ਹੁਣ ਉਹ ਰੱਬ ਨੂੰ ਮੰਨਦਾ ਹੈ। ਜਾਗਰੂਕ ਬਣੋ! ਨਾਲ ਇਕ ਇੰਟਰਵਿਊ ਵਿਚ, ਪ੍ਰੋਫ਼ੈਸਰ ਵੀਸਕੋਚੀਲ ਦੱਸਦਾ ਹੈ ਕਿ ਉਸ ਨੇ ਆਪਣਾ ਮਨ ਕਿਉਂ ਬਦਲਿਆ।

ਸਾਇੰਸ ਵਿਚ ਆਪਣਾ ਕੈਰੀਅਰ ਬਣਾਉਣ ਤੋਂ ਪਹਿਲਾਂ ਤੁਸੀਂ ਧਰਮਾਂ ਬਾਰੇ ਕੀ ਸੋਚਦੇ ਸੀ?

ਮੈਂ ਬਚਪਨ ਤੋਂ ਹੀ ਨਾਸਤਿਕ ਸੀ ਅਤੇ ਮੇਰੇ ਪਿਤਾ ਜੀ ਪਾਦਰੀਆਂ ਦਾ ਮਖੌਲ ਉਡਾਉਂਦੇ ਹੁੰਦੇ ਸਨ। ਸਾਲ 1963 ਵਿਚ ਮੈਂ ਜੀਵ-ਵਿਗਿਆਨ ਤੇ ਕੈਮਿਸਟਰੀ ਵਿਚ ਡਿਗਰੀਆਂ ਹਾਸਲ ਕੀਤੀਆਂ। ਸਕੂਲ ਦੌਰਾਨ ਮੈਂ ਵਿਕਾਸਵਾਦ ਦੀ ਥਿਊਰੀ ਨੂੰ ਮੰਨਦਾ ਸੀ।

ਸਾਇੰਸ ਵਿਚ ਆਪਣੇ ਕੈਰੀਅਰ ਬਾਰੇ ਸਾਨੂੰ ਕੁਝ ਦੱਸੋ।

ਡਾਕਟਰੀ ਪਾਸ ਕਰਨ ਤੋਂ ਬਾਅਦ ਮੈਂ ਦਿਮਾਗ਼ ਦੇ ਨਾੜੀ-ਸੈੱਲਾਂ ਦੀ ਸਟੱਡੀ ਕੀਤੀ। ਮੈਂ ਨਸਾਂ, ਸੈੱਲ ਵਿਚ ਪ੍ਰੋਟੀਨ ਦੇ ਆਉਣ-ਜਾਣ, ਮਾਸ-ਪੇਸ਼ੀਆਂ ਅਤੇ ਨਸਾਂ ਦੇ ਟ੍ਰਾਂਸਪਲਾਂਟ ਅਤੇ ਇਨ੍ਹਾਂ ’ਤੇ ਦਵਾਈਆਂ ਦੇ ਅਸਰ ਦੀ ਵੀ ਸਟੱਡੀ ਕੀਤੀ। ਮੇਰੀ ਰਿਸਰਚ ਦੀਆਂ ਕਈ ਖੋਜਾਂ ਛਾਪੀਆਂ ਗਈਆਂ ਅਤੇ ਅੱਜ ਵੀ ਮੇਰੇ ਕੁਝ ਲੇਖ ਦੂਸਰੇ ਸਾਇੰਸਦਾਨਾਂ ਦੇ ਕੰਮ ਆਉਂਦੇ ਹਨ। ਸਮੇਂ ਦੇ ਬੀਤਣ ਨਾਲ ਦੂਸਰੇ ਸਾਇੰਸਦਾਨਾਂ ਨੇ ਮੈਨੂੰ ਚੈੱਕ ਰਿਪਬਲਿਕ ਦੀ ਖ਼ਾਸ ਸੋਸਾਇਟੀ ਦਾ ਇਕ ਮੈਂਬਰ ਬਣਨ ਲਈ ਚੁਣਿਆ। ਇਹ ਮੇਰੇ ਲਈ ਵੱਡੇ ਮਾਣ ਦੀ ਗੱਲ ਸੀ। ਦਸੰਬਰ 1989 ਵਿਚ ਕਮਿਊਨਿਸਟ ਰਾਜ ਦੇ ਖ਼ਿਲਾਫ਼ ਹੋਏ ਇਨਕਲਾਬ ਤੋਂ ਬਾਅਦ ਮੈਂ ਚਾਰਲਜ਼ ਯੂਨੀਵਰਸਿਟੀ ਦਾ ਇਕ ਪ੍ਰੋਫ਼ੈਸਰ ਬਣਿਆ ਅਤੇ ਮੈਨੂੰ ਪੱਛਮ ਜਾਣ ਦੀ ਇਜਾਜ਼ਤ ਮਿਲੀ ਜਿੱਥੇ ਮੈਂ ਕੁਝ ਆਪਣੇ ਸਾਥੀ ਵਿਗਿਆਨੀਆਂ ਨੂੰ ਮਿਲਿਆ। ਇਨ੍ਹਾਂ ਵਿੱਚੋਂ ਕੁਝ ਨੇ ਨੋਬਲ ਪੁਰਸਕਾਰ ਵੀ ਜਿੱਤਿਆ ਸੀ।

ਕੀ ਤੁਸੀਂ ਕਦੇ ਰੱਬ ਬਾਰੇ ਸੋਚਿਆ ਸੀ?

ਇਕ ਤਰ੍ਹਾਂ ਨਾਲ, ਹਾਂ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇੰਨੇ ਪੜ੍ਹੇ-ਲਿਖੇ ਲੋਕ ਰੱਬ ਨੂੰ ਕਿਉਂ ਮੰਨਦੇ ਹਨ। ਮੇਰੇ ਕੁਝ ਪ੍ਰੋਫ਼ੈਸਰ ਵੀ ਮੰਨਦੇ ਸਨ, ਪਰ ਕਮਿਊਨਿਸਟ ਰਾਜ ਕਰਕੇ ਉਹ ਦੂਸਰਿਆਂ ਨੂੰ ਇਹ ਗੱਲ ਖੁੱਲ੍ਹੇ-ਆਮ ਨਹੀਂ ਦੱਸਦੇ ਸਨ। ਉਸ ਵੇਲੇ ਮੈਨੂੰ ਲੱਗਦਾ ਸੀ ਕਿ ਰੱਬ ਨੂੰ ਇਨਸਾਨਾਂ ਨੇ ਬਣਾਇਆ ਹੈ। ਨਾਲੇ ਧਰਮ ਦੇ ਨਾਂ ਤੇ ਕੀਤੇ ਜ਼ੁਲਮ ਦੇਖ ਕੇ ਮੈਂ ਬਹੁਤ ਗੁੱਸੇ ਹੁੰਦਾ ਸੀ।

ਤੁਸੀਂ ਵਿਕਾਸਵਾਦ ਬਾਰੇ ਆਪਣਾ ਮਨ ਕਿਉਂ ਬਦਲਿਆ?

ਵਿਕਾਸਵਾਦ ਬਾਰੇ ਮੇਰੀ ਸੋਚ ਉਦੋਂ ਬਦਲਣ ਲੱਗੀ ਜਦ ਮੈਂ ਦਿਮਾਗ਼ ਦੇ ਨਾੜੀ-ਸੈੱਲਾਂ ਦੀ ਸਟੱਡੀ ਕਰ ਰਿਹਾ ਸੀ। ਇਕ ਨਾੜੀ-ਸੈੱਲ ਦੇ ਦੂਜੇ ਨਾੜੀ-ਸੈੱਲ ਦਰਮਿਆਨ ਇਨ੍ਹਾਂ ਕਨੈਕਸ਼ਨਾਂ ਤੋਂ ਮੈਂ ਬਹੁਤ ਹੈਰਾਨ ਸੀ ਕਿਉਂਕਿ ਕਹਿਣ ਨੂੰ ਤਾਂ ਇਹ ਸੌਖੇ ਸਮਝੇ ਜਾਂਦੇ ਹਨ, ਪਰ ਸੀ ਇਹ ਬੜੇ ਗੁੰਝਲਦਾਰ। ਫਿਰ ਮੈਂ ਸੋਚਿਆ, ‘ਇਹ ਕਨੈਕਸ਼ਨ ਅਤੇ ਡੀ. ਐੱਨ. ਏ. ਦੇ ਪ੍ਰੋਗ੍ਰਾਮ ਆਪਣੇ ਆਪ ਹੀ ਕਿੱਦਾਂ ਬਣ ਗਏ?’ ਇਹ ਤਾਂ ਹੋ ਹੀ ਨਹੀਂ ਸਕਦਾ!

ਫਿਰ 1970 ਦੇ ਸ਼ੁਰੂ ਵਿਚ ਮੈਂ ਰੂਸ ਦੇ ਇਕ ਮੰਨੇ-ਪ੍ਰਮੰਨੇ ਸਾਇੰਸਦਾਨ ਤੇ ਪ੍ਰੋਫ਼ੈਸਰ ਦਾ ਲੈਕਚਰ ਸੁਣਨ ਗਿਆ। ਉਸ ਨੇ ਕਿਹਾ ਕਿ ਜੀਨਾਂ ਵਿਚ ਤਬਦੀਲੀਆਂ ਕਾਰਨ ਜਾਂ ਕੁਦਰਤੀ ਚੋਣ ਰਾਹੀਂ ਨਵੀਆਂ ਨਸਲਾਂ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ ਹਨ। ਫਿਰ ਕਿਸੇ ਨੇ ਉਸ ਨੂੰ ਪੁੱਛਿਆ ਕਿ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਜ਼ਿੰਦਗੀ ਕਿੱਦਾਂ ਸ਼ੁਰੂ ਹੋਈ। ਪ੍ਰੋਫ਼ੈਸਰ ਨੇ ਆਪਣੀ ਜੇਬ ਵਿੱਚੋਂ ਰੂਸੀ ਭਾਸ਼ਾ ਵਿਚ ਇਕ ਛੋਟੀ ਜਿਹੀ ਬਾਈਬਲ ਕੱਢੀ ਅਤੇ ਕਿਹਾ, “ਬਾਈਬਲ ਪੜ੍ਹੋ—ਖ਼ਾਸ ਕਰਕੇ ਉਤਪਤ ਦੀ ਕਿਤਾਬ ਵਿਚ ਵਿਸ਼ਵ ਦੀ ਰਚਨਾ ਬਾਰੇ ਜੋ ਲਿਖਿਆ ਗਿਆ ਹੈ।”

ਲੈਕਚਰ ਤੋਂ ਬਾਅਦ ਮੈਂ ਪ੍ਰੋਫ਼ੈਸਰ ਨੂੰ ਪੁੱਛਿਆ ਕਿ ਕੀ ਉਹ ਸੱਚ-ਮੁੱਚ ਬਾਈਬਲ ਪੜ੍ਹਨ ਦੀ ਸਲਾਹ ਦੇ ਰਿਹਾ ਸੀ? ਉਸ ਦਾ ਜਵਾਬ ਕੁਝ ਇਸ ਤਰ੍ਹਾਂ ਸੀ: “ਸਭ ਤੋਂ ਸੌਖਾ ਬੈਕਟੀਰੀਆ ਲਗਭਗ ਹਰ 20 ਮਿੰਟ ਬਾਅਦ ਵੰਡਿਆ ਜਾਂਦਾ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਉਸ ਦੇ ਵੱਖ-ਵੱਖ ਪ੍ਰੋਟੀਨ ਹੋ ਸਕਦੇ ਹਨ। ਹਰ ਪ੍ਰੋਟੀਨ ਵਿਚ 20 ਕਿਸਮ ਦੇ ਐਮੀਨੋ ਐਸਿਡ ਹੁੰਦੇ ਹਨ ਜੋ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ਤੇ ਇਨ੍ਹਾਂ ਦੀ ਗਿਣਤੀ ਵੀ ਸੈਂਕੜਿਆਂ ਵਿਚ ਹੋ ਸਕਦੀ ਹੈ। ਬੈਕਟੀਰੀਆ ਦੇ ਵਿਕਾਸ ਹੋਣ ਲਈ ਤੇ ਇਸ ਵਿਚ ਤਬਦੀਲੀਆਂ ਆਉਣ ਲਈ ਤਿੰਨ ਜਾਂ ਚਾਰ ਅਰਬ ਸਾਲ ਤੋਂ ਵੀ ਜ਼ਿਆਦਾ ਲੱਗ ਸਕਦੇ ਹਨ। ਪਰ ਇਹ ਕਿੱਦਾਂ ਹੋ ਸਕਦਾ ਹੈ ਜਦ ਕਈ ਸਾਇੰਸਦਾਨ ਮੰਨਦੇ ਹਨ ਕਿ ਧਰਤੀ ਉੱਤੇ ਜ਼ਿੰਦਗੀ ਦੀ ਸ਼ੁਰੂਆਤ ਨੂੰ ਇੰਨੇ ਹੀ ਸਾਲ ਹੋਏ ਹਨ।” ਉਸ ਨੂੰ ਬਾਈਬਲ ਵਿਚ ਉਤਪਤ ਦੀ ਕਿਤਾਬ ਜ਼ਿਆਦਾ ਸਹੀ ਲੱਗਦੀ ਸੀ।

ਉਸ ਪ੍ਰੋਫ਼ੈਸਰ ਦੀਆਂ ਗੱਲਾਂ ਦਾ ਤੁਹਾਡੇ ’ਤੇ ਕੀ ਅਸਰ ਪਿਆ?

ਉਸ ਦੀਆਂ ਗੱਲਾਂ ਅਤੇ ਮੇਰੀਆਂ ਆਪਣੀਆਂ ਸੋਚਾਂ ਕਰਕੇ ਮੈਂ ਇਸ ਵਿਸ਼ੇ ਉੱਤੇ ਰੱਬ ਨੂੰ ਮੰਨਣ ਵਾਲੇ ਕਈ ਸਾਥੀਆਂ ਅਤੇ ਦੋਸਤਾਂ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਦੀਆਂ ਗੱਲਾਂ ’ਤੇ ਮੈਨੂੰ ਯਕੀਨ ਨਹੀਂ ਹੋਇਆ। ਫਿਰ ਮੈਂ ਇਕ ਯਹੋਵਾਹ ਦੇ ਗਵਾਹ ਨਾਲ ਗੱਲ ਕੀਤੀ ਜੋ ਖ਼ੁਦ ਵਿਗਿਆਨੀ ਸੀ। ਉਸ ਨੇ ਤਿੰਨ ਸਾਲਾਂ ਤਕ ਮੈਨੂੰ ਅਤੇ ਮੇਰੀ ਪਤਨੀ ਨੂੰ ਬਾਈਬਲ ਦੀਆਂ ਕਈ ਗੱਲਾਂ ਸਮਝਾਈਆਂ। ਸਾਡੇ ’ਤੇ ਦੋ ਖ਼ਾਸ ਗੱਲਾਂ ਦਾ ਅਸਰ ਪਿਆ। ਪਹਿਲੀ ਗੱਲ, ਚਰਚ ਦੀਆਂ ਆਮ ਸਿੱਖਿਆਵਾਂ ਬਾਈਬਲ ਦੀਆਂ ਸਿੱਖਿਆਵਾਂ ਤੋਂ ਬਹੁਤ ਦੂਰ ਸਨ। ਦੂਜੀ ਗੱਲ, ਭਾਵੇਂ ਬਾਈਬਲ ਸਾਇੰਸ ਦੀ ਕਿਤਾਬ ਨਹੀਂ ਹੈ, ਪਰ ਸਾਇੰਸ ਬਾਈਬਲ ਨਾਲ ਮੇਲ ਖਾਂਦੀ ਹੈ।

ਕੀ ਤੁਹਾਡੀ ਨਵੀਂ ਸੋਚ ਨੇ ਤੁਹਾਡੇ ਕੰਮ ਅਤੇ ਰੀਸਰਚ ਵਿਚ ਕੋਈ ਰੁਕਾਵਟ ਪਾਈ ਹੈ?

ਬਿਲਕੁਲ ਨਹੀਂ। ਹਰ ਚੰਗਾ ਸਾਇੰਸਦਾਨ ਜਾਣਦਾ ਹੈ ਕਿ ਉਹ ਭਾਵੇਂ ਜੋ ਕੁਝ ਵੀ ਮੰਨਦਾ ਹੋਵੇ, ਪਰ ਇਸ ਦਾ ਉਸ ਦੇ ਕੰਮ ’ਤੇ ਅਸਰ ਨਹੀਂ ਪੈਣਾ ਚਾਹੀਦਾ। ਇਹ ਸੱਚ ਹੈ ਕਿ ਮੈਂ ਖ਼ੁਦ ਬਦਲ ਗਿਆ ਹਾਂ। ਮੈਂ ਹੁਣ ਪਹਿਲਾਂ ਵਾਂਗ ਆਪਣੇ ’ਤੇ ਹੀ ਭਰੋਸਾ ਨਹੀਂ ਰੱਖਦਾ, ਨਾ ਹੀ ਦੂਸਰਿਆਂ ਨਾਲ ਮੁਕਾਬਲਾ ਕਰਨਾ ਚਾਹੁੰਦਾ ਹਾਂ ਤੇ ਨਾ ਹੀ ਮੈਨੂੰ ਆਪਣੀ ਪੜ੍ਹਾਈ ’ਤੇ ਘਮੰਡ ਹੈ। ਇਸ ਦੀ ਬਜਾਇ ਮੈਂ ਆਪਣੀ ਕਾਬਲੀਅਤ ਲਈ ਰੱਬ ਦਾ ਸ਼ੁਕਰ ਕਰਦਾ ਹਾਂ। ਇਸ ਤੋਂ ਇਲਾਵਾ ਮੈਂ ਕੁਦਰਤ ਵਿਚ ਕਮਾਲ ਦੇ ਡੀਜ਼ਾਈਨ ਦੇਖ ਕੇ ਇਹ ਨਹੀਂ ਸੋਚਦਾ ਕਿ ਇਹ ਆਪਣੇ ਆਪ ਹੀ ਬਣ ਗਏ, ਸਗੋਂ ਮੈਂ ਕੁਝ ਹੋਰਨਾਂ ਸਾਇੰਸਦਾਨਾਂ ਵਾਂਗ ਇਹ ਪੁੱਛਦਾ ਹਾਂ, ‘ਰੱਬ ਨੇ ਇਸ ਨੂੰ ਕਿੱਦਾਂ ਡੀਜ਼ਾਈਨ ਕੀਤਾ?’ (g10-E 11)

[ਸਫ਼ਾ 9 ਉੱਤੇ ਸੁਰਖੀ]

ਮੈਂ ਕੁਝ ਹੋਰਨਾਂ ਸਾਇੰਸਦਾਨਾਂ ਵਾਂਗ ਇਹ ਪੁੱਛਦਾ ਹਾਂ, ‘ਰੱਬ ਨੇ ਇਸ ਨੂੰ ਕਿੱਦਾਂ ਡੀਜ਼ਾਈਨ ਕੀਤਾ?’