Skip to content

Skip to table of contents

ਲੈ ਮਜ਼ਾ ਮੇਰੀ ਜਾਨ ਦਫ਼ਤਰ ਵਿਚ ਬੈਠੇ ਖਾ ਘਰ ਦਾ ਪਕਵਾਨ

ਲੈ ਮਜ਼ਾ ਮੇਰੀ ਜਾਨ ਦਫ਼ਤਰ ਵਿਚ ਬੈਠੇ ਖਾ ਘਰ ਦਾ ਪਕਵਾਨ

ਲੈ ਮਜ਼ਾ ਮੇਰੀ ਜਾਨ ਦਫ਼ਤਰ ਵਿਚ ਬੈਠੇ ਖਾ ਘਰ ਦਾ ਪਕਵਾਨ

ਤੁਹਾਨੂੰ ਸ਼ਾਇਦ ਤੜਕੇ ਪੰਜ ਵਜੇ ਆਪਣੀ ਨੌਕਰੀ ਤੇ ਜਾਣ ਲਈ ਘਰੋਂ ਨਿਕਲਣਾ ਪੈਂਦਾ ਹੈ। ਕਾਸ਼ ਕਿ ਤੁਹਾਨੂੰ ਦਫ਼ਤਰ ਵਿਚ ਬੈਠੇ ਹੋਏ ਹੀ ਘਰ ਦੀ ਬਣੀ ਸੁਆਦਲੀ ਰੋਟੀ ਖਾਣ ਨੂੰ ਮਿਲ ਸਕੇ! ਆਓ ਮੇਰੇ ਨਾਲ ਤੇ ਕਰੋ ਮੁੰਬਈ ਦੇ ਡੱਬੇ ਵਾਲਿਆਂ ਨਾਲ ਮੁਲਾਕਾਤ ਜਿਨ੍ਹਾਂ ਸਦਕਾ ਇਸ ਵੱਡੇ ਸ਼ਹਿਰ ਦੇ ਕਰਮਚਾਰੀ ਹੁਣ ਇਸੇ ਚੀਜ਼ ਦਾ ਮਜ਼ਾ ਲੈ ਰਹੇ ਹਨ।

ਮੌਕੇ ਦਾ ਫ਼ਾਇਦਾ ਉਠਾਇਆ

19ਵੀਂ ਸਦੀ ਦੇ ਅੰਤ ਵਿਚ ਬੰਬਈ, ਯਾਨੀ ਹੁਣ ਮੁੰਬਈ, ਇਕ ਵਪਾਰ ਕੇਂਦਰ ਵਜੋਂ ਤਰੱਕੀ ਕਰ ਰਿਹਾ ਸੀ। ਅੰਗ੍ਰੇਜ਼ ਅਤੇ ਭਾਰਤੀ ਬਿਜ਼ਨਿਸ ਵਾਲਿਆਂ ਦੇ ਦਫ਼ਤਰ ਉਨ੍ਹਾਂ ਦੇ ਘਰਾਂ ਤੋਂ ਕਾਫ਼ੀ ਦੂਰ ਸਨ। ਆਵਾਜਾਈ ਦੇ ਸਾਧਨ ਵਿਰਲੇ ਤੇ ਆਸ-ਪਾਸ ਹੋਟਲ ਟਾਂਵੇਂ-ਟਾਂਵੇਂ ਸਨ। ਉਹ ਸੋਚਦੇ ਸਨ ਕਿ ਕਾਸ਼ ਦੁਪਹਿਰ ਨੂੰ ਘਰ ਦੀ ਬਣੀ ਰੋਟੀ ਖਾਣ ਨੂੰ ਮਿਲ ਸਕੇ! ਇਹ ਲੋੜ ਪੂਰੀ ਕਰਨ ਲਈ ਮਾਲਕਾਂ ਨੇ ਸੋਚਿਆ ਕਿ ਕਿਉਂ ਨਾ ਨੌਕਰਾਂ ਤੋਂ ਘਰੋਂ ਰੋਟੀ ਮੰਗਵਾਈ ਜਾਵੇ? ਇਸ ਸਮੇਂ ’ਤੇ ਇਕ ਚੁਸਤ ਬੰਦੇ ਨੇ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਲਾਗਲੇ ਪਿੰਡਾਂ ਤੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਬੁਲਾ ਕੇ ਘਰਾਂ ਤੋਂ ਦਫ਼ਤਰਾਂ ਤਕ ਖਾਣਾ ਰੋਜ਼ ਪਹੁੰਚਾਉਣ ਦਾ ਕੰਮ-ਧੰਦਾ ਸ਼ੁਰੂ ਕੀਤਾ। ਇਸ ਛੋਟੀ ਜਿਹੀ ਸ਼ੁਰੂਆਤ ਤੋਂ ਅੱਜ ਦੇ ਇਸ ਮਾਲਾਮਾਲ ਬਿਜ਼ਨਿਸ ਨੇ ਜਨਮ ਲਿਆ।

ਅੱਜ ਵੀ ਘਰ ਦੀ ਬਣੀ ਰੋਟੀ ਦੀ ਕੋਈ ਰੀਸ ਨਹੀਂ। ਭਾਵੇਂ ਕਿ ਅੱਜ-ਕੱਲ੍ਹ ਥਾਂ-ਥਾਂ ਹੋਟਲ ਖੁੱਲ੍ਹੇ ਹਨ, ਪਰ ਘਰ ਦੀ ਬਣੀ ਰੋਟੀ ਸਿਰਫ਼ ਸਸਤੀ ਹੀ ਨਹੀਂ ਪੈਂਦੀ, ਸਗੋਂ ਲੋਕ ਇਸ ਨੂੰ ਜ਼ਿਆਦਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕਈਆਂ ਨੂੰ ਆਪਣੀ ਸਿਹਤ ਕਰਕੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਂਦਾ ਹੈ। ਦੂਸਰੇ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਕਾਰਨ ਵੱਖ-ਵੱਖ ਚੀਜ਼ਾਂ ਨਹੀਂ ਵੀ ਖਾ ਸਕਦੇ। ਮਿਸਾਲ ਲਈ, ਕਈ ਲੋਕ ਪਿਆਜ਼ ਤੇ ਕਈ ਲਸਣ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਇਹ ਚੀਜ਼ਾਂ ਆਮ ਤੌਰ ਤੇ ਹੋਟਲਾਂ ਦੇ ਖਾਣੇ ਵਿਚ ਸ਼ਾਮਲ ਹੁੰਦੀਆਂ ਹਨ। ਸੋ ਘਰ ਦਾ ਬਣਿਆ ਖਾਣਾ ਆਪਣੀ ਮਨ-ਪਸੰਦ ਦਾ ਹੁੰਦਾ ਹੈ।

ਬਿਲਕੁਲ ਭਰੋਸੇਯੋਗ

ਵੈਸੇ, ਇਹ ਇੰਤਜ਼ਾਮ ਬਹੁਤ ਸਾਲਾਂ ਤੋਂ ਕੁਝ ਖ਼ਾਸ ਨਹੀਂ ਬਦਲਿਆ, ਪਰ ਇਹ ਅੱਗੇ ਨਾਲੋਂ ਵਧ-ਫੁੱਲ ਜ਼ਰੂਰ ਗਿਆ ਹੈ। ਅੱਜ-ਕੱਲ੍ਹ 5,000 ਆਦਮੀ ਅਤੇ ਥੋੜ੍ਹੀਆਂ ਜਿਹੀਆਂ ਔਰਤਾਂ ਇਹ ਕੰਮ ਕਰਦੀਆਂ ਹਨ। ਇਹ ਡੱਬੇ ਵਾਲੇ 2 ਕਰੋੜ ਦੀ ਆਬਾਦੀ ਵਾਲੇ ਇਲਾਕੇ ਵਿਚ ਵੱਖ-ਵੱਖ ਦਫ਼ਤਰਾਂ ਤਕ ਹਰ ਰੋਜ਼ 2,00,000 ਤੋਂ ਜ਼ਿਆਦਾ ਡੱਬੇ ਪਹੁੰਚਾਉਂਦੇ ਹਨ। ਉਹ 60 ਕੁ ਕਿਲੋਮੀਟਰ ਦੇ ਦਾਇਰੇ ਵਿਚ ਆਪਣਾ ਕੰਮ ਕਰਦੇ ਹਨ। ਕਈ ਡੱਬੇ ਵਾਲੇ ਪੈਦਲ ਅਤੇ ਕਈ ਆਪਣੀਆਂ ਰੇੜ੍ਹੀਆਂ ਉੱਤੇ 30-40 ਟਿਫ਼ਨ ਲੱਦ ਕੇ ਦਫ਼ਤਰਾਂ ਤਕ ਪਹੁੰਚਾਉਂਦੇ ਹਨ, ਪਰ ਕਈ ਸਾਈਕਲ ਜਾਂ ਟ੍ਰੇਨ ਵੀ ਵਰਤਦੇ ਹਨ। ਜੋ ਵੀ ਹੋਵੇ, ਉਹ ਸਹੀ ਸਮੇਂ ਤੇ ਸਹੀ ਵਿਅਕਤੀ ਕੋਲ ਸਹੀ ਡੱਬਾ ਪਹੁੰਚਾ ਦਿੰਦੇ ਹਨ। ਕਿਹਾ ਗਿਆ ਹੈ ਕਿ 6 ਲੱਖ ਡਿਲਿਵਰੀਆਂ ਵਿੱਚੋਂ ਇਕ-ਅੱਧੀ ਹੀ ਕਿਤੇ ਗ਼ਲਤੀ ਹੁੰਦੀ ਹੈ! ਉਹ ਇੰਨਾ ਵਧੀਆ ਰਿਕਾਰਡ ਕਿੱਦਾਂ ਕਾਇਮ ਰੱਖ ਸਕਦੇ ਹਨ?

ਸੰਨ 1956 ਵਿਚ ਡੱਬੇ ਵਾਲੇ ਇਕ ਕਮੇਟੀ ਅਧੀਨ ਇਕ ਚੈਰੀਟੀ ਟ੍ਰਸਟ ਵਜੋਂ ਰਜਿਸਟਰ ਕੀਤੇ ਗਏ। ਕਾਮਿਆਂ ਦੇ ਵੱਖ-ਵੱਖ ਗਰੁੱਪ ਆਪੋ-ਆਪਣੇ ਸੁਪਰਵਾਈਜ਼ਰ ਦੇ ਅਧੀਨ ਆਪਣਾ-ਆਪਣਾ ਕੰਮ ਸੰਭਾਲਦੇ ਹਨ। ਪਰ ਸਾਰੇ ਜਣੇ ਇਸ ਸੰਸਥਾ ਵਿਚ ਬਰਾਬਰ ਦੇ ਹਿੱਸੇਦਾਰ ਹਨ ਅਤੇ ਉਹ ਮੰਨਦੇ ਹਨ ਕਿ ਇਹੀ ਉਨ੍ਹਾਂ ਦੀ ਸਫ਼ਲਤਾ ਦਾ ਰਾਜ਼ ਹੈ। ਅਸਲ ਵਿਚ 100 ਸਾਲਾਂ ਤੋਂ ਚੱਲਦੇ ਆਏ ਇਸ ਬਿਜ਼ਨਿਸ ਵਿਚ ਅਜੇ ਤਕ ਕਦੇ ਵੀ ਹੜਤਾਲ ਨਹੀਂ ਹੋਈ।

ਹਰ ਡੱਬੇ ਵਾਲੇ ਕੋਲ ਆਪਣਾ ਸ਼ਨਾਖਤੀ ਕਾਰਡ ਹੁੰਦਾ ਹੈ ਤੇ ਉਹ ਚਿੱਟੇ ਕੁੜਤੇ-ਪਜਾਮਿਆਂ ਅਤੇ ਟੋਪੀਆਂ ਤੋਂ ਪਛਾਣੇ ਜਾਂਦੇ ਹਨ। ਜੇ ਉਹ ਟੋਪੀ ਨਾ ਪਾਉਣ ਜਾਂ ਬਿਨਾਂ ਕਿਸੇ ਕਾਰਨ ਲੇਟ ਜਾਂ ਗ਼ੈਰ-ਹਾਜ਼ਰ ਹੋਣ ਜਾਂ ਆਪਣੀ ਡਿਊਟੀ ’ਤੇ ਸ਼ਰਾਬ ਪੀਣ, ਤਾਂ ਉਨ੍ਹਾਂ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

ਰੋਜ਼ ਦੀ ਰੁਟੀਨ

ਸਵੇਰ ਨੂੰ 8:30 ਵਜੇ ਡੱਬੇ ਵਾਲੇ ਲੋਕਾਂ ਦੇ ਘਰਾਂ ਤੋਂ ਡੱਬੇ ਲੈਣ ਆ ਜਾਂਦੇ ਹਨ। ਇਸ ਕਰਕੇ ਉਨ੍ਹਾਂ ਘਰਾਂ ਵਿਚ ਪਤਨੀ ਜਾਂ ਹੋਰ ਕਿਸੇ ਨੇ ਖਾਣਾ ਪਕਾ ਕੇ ਟਿਫ਼ਨ ਵਿਚ ਤਿਆਰ ਰੱਖਿਆ ਹੁੰਦਾ ਹੈ। ਡੱਬੇ ਵਾਲਾ ਆਪਣੀ ਸਾਈਕਲ ਜਾਂ ਰੇੜ੍ਹੀ ’ਤੇ ਇਕ ਇਲਾਕੇ ਤੋਂ ਕਈ ਟਿਫ਼ਨ ਇਕੱਠੇ ਕਰ ਕੇ ਫੱਟਾ-ਫੱਟ ਰੇਲਵੇ ਸਟੇਸ਼ਨ ’ਤੇ ਪਹੁੰਚਾਉਂਦਾ ਹੈ ਜਿੱਥੇ ਉਹ ਆਪਣੇ ਗਰੁੱਪ ਦੇ ਹੋਰਨਾਂ ਨਾਲ ਮਿਲਦਾ ਹੈ। ਡੱਬਿਆਂ ਨੂੰ ਸਹੀ ਜਗ੍ਹਾ ਪਹੁੰਚਾਉਣ ਲਈ ਉਨ੍ਹਾਂ ਨੂੰ ਛਾਂਟਿਆ ਜਾਂਦਾ ਹੈ ਠੀਕ ਜਿੱਦਾਂ ਡਾਕੀਆ ਆਪਣੀਆਂ ਚਿੱਠੀਆਂ ਵੱਖੋ-ਵੱਖਰੀ ਜਗ੍ਹਾ ਪਹੁੰਚਾਉਣ ਲਈ ਛਾਂਟਦਾ ਹੈ।

ਹਰ ਡੱਬੇ ’ਤੇ ਲੱਗਿਆ ਨੰਬਰ, ਅੱਖਰ ਅਤੇ ਰੰਗ ਦਿਖਾਉਂਦਾ ਹੈ ਕਿ ਉਹ ਡੱਬਾ ਕਿਹੜੀ ਜਗ੍ਹਾ ਤੋਂ ਆਇਆ, ਉਸ ਦੇ ਨੇੜਲੇ ਰੇਲਵੇ ਸਟੇਸ਼ਨ ਦਾ ਨਾਂ ਕੀ ਹੈ, ਡੱਬਾ ਕਿਸ ਰੇਲਵੇ ਸਟੇਸ਼ਨ ਪਹੁੰਚਾਉਣਾ ਹੈ, ਬਿਲਡਿੰਗ ਦਾ ਨਾਂ ਕੀ ਹੈ ਅਤੇ ਮੰਜ਼ਲ ਦਾ ਨੰਬਰ ਕੀ ਹੈ। ਫਿਰ ਇਕ ਥਾਂ ਜਾਣ ਵਾਲੇ ਡੱਬੇ ਇਕੱਠੇ ਕਰ ਕੇ ਲੱਕੜ ਦੇ ਲੰਬੇ ਫ਼ਰੇਮਾਂ ’ਤੇ ਲੱਦੇ ਜਾਂਦੇ ਹਨ ਜਿਨ੍ਹਾਂ ’ਤੇ 48 ਡੱਬੇ ਰੱਖੇ ਜਾ ਸਕਦੇ ਹਨ। ਫਿਰ ਇਨ੍ਹਾਂ ਨੂੰ ਟ੍ਰੇਨ ਵਿਚ ਡ੍ਰਾਈਵਰ ਦੇ ਨਾਲ ਦੇ ਖ਼ਾਸ ਕੰਪਾਰਟਮੈਂਟ ਵਿਚ ਚੜ੍ਹਾਇਆ ਜਾਂਦਾ ਹੈ। ਇਕ ਵੱਡੇ ਸਟੇਸ਼ਨ ’ਤੇ ਪਹੁੰਚ ਕੇ ਇਹ ਡੱਬੇ ਫਿਰ ਤੋਂ ਛਾਂਟ ਕੇ ਸਹੀ ਸਟੇਸ਼ਨ ’ਤੇ ਪਹੁੰਚਾਏ ਜਾਂਦੇ ਹਨ। ਉੱਥੇ ਉਨ੍ਹਾਂ ਨੂੰ ਫਿਰ ਤੋਂ ਛਾਂਟ ਕੇ ਸਾਈਕਲਾਂ ’ਤੇ ਜਾਂ ਰੇੜ੍ਹੀਆਂ ’ਤੇ ਲੋਕਾਂ ਕੋਲ ਪਹੁੰਚਾਇਆ ਜਾਂਦਾ ਹੈ।

ਡੱਬੇ ਪਹੁੰਚਾਉਣ ਦੇ ਇਹ ਜ਼ਰੀਏ ਸਿਰਫ਼ ਵਧੀਆ ਹੀ ਨਹੀਂ, ਸਗੋਂ ਇਹ ਸਸਤੇ ਵੀ ਪੈਂਦੇ ਹਨ। ਇਸ ਤੋਂ ਇਲਾਵਾ ਡੱਬੇ ਵਾਲੇ ਟ੍ਰੈਫਿਕ ਵਿਚ ਨਹੀਂ ਫਸਦੇ ਕਿਉਂਕਿ ਉਹ ਆਪਣੀਆਂ ਸਾਈਕਲਾਂ ’ਤੇ ਛੋਟੀਆਂ-ਛੋਟੀਆਂ ਗੱਲੀਆਂ ਜਾਂ ਟ੍ਰੈਫਿਕ ਦੇ ਵਿੱਚੋਂ ਦੀ ਆਸਾਨੀ ਨਾਲ ਲੰਘ ਜਾਂਦੇ ਹਨ। ਨਤੀਜੇ ਵਜੋਂ ਖਾਣਾ ਐਨ 12:30 ਵਜੇ ਦਫ਼ਤਰ ਵਿਚ ਪਹੁੰਚ ਜਾਂਦਾ ਹੈ। ਫਿਰ 1:15 ਤੋਂ 2:00 ਵਜੇ ਦੇ ਵਿਚ-ਵਿਚ ਇਹ ਮਿਹਨਤੀ ਡੱਬੇ ਵਾਲੇ ਆਪਣੀ ਰੋਟੀ ਖਾਣ ਤੋਂ ਬਾਅਦ ਖਾਲੀ ਟਿਫ਼ਨ ਇਕੱਠੇ ਕਰ ਕੇ ਉਨ੍ਹਾਂ ਨੂੰ ਫਿਰ ਤੋਂ ਸਹੀ ਘਰਾਂ ਵਿਚ ਵਾਪਸ ਪਹੁੰਚਾਉਂਦੇ ਹਨ। ਘਰਵਾਲੇ ਉਨ੍ਹਾਂ ਨੂੰ ਧੋ-ਸਵਾਰ ਕੇ ਅਗਲੇ ਦਿਨ ਲਈ ਤਿਆਰ ਰੱਖਦੇ ਹਨ। ਸ਼ੁਰੂ ਤੋਂ ਅਖ਼ੀਰ ਤਕ ਹਰ ਡੱਬੇ ਵਾਲਾ ਆਪਣਾ ਕੰਮ ਬੜੇ ਵਧੀਆ ਤਰੀਕੇ ਨਾਲ ਕਰਦਾ ਹੈ।

ਕਾਬਲ-ਏ-ਤਾਰੀਫ਼ ਸੇਵਾ

ਡੱਬੇ ਵਾਲਿਆਂ ਦਾ ਬੇਮਿਸਾਲ ਰਿਕਾਰਡ ਕਾਬਲੇ-ਏ-ਤਾਰੀਫ਼ ਹੈ। ਹੋਰਨਾਂ ਸੰਸਥਾਵਾਂ ਨੇ ਉਨ੍ਹਾਂ ਦੇ ਇਸ ਡਿਲਿਵਰੀ ਸਿਸਟਮ ਦੀ ਜਾਂਚ ਕੀਤੀ ਹੈ ਤਾਂਕਿ ਉਹ ਵੀ ਆਪਣੇ ਬਿਜ਼ਨਿਸ ਵਾਸਤੇ ਕੁਝ ਸਿੱਖ ਸਕਣ। ਡੱਬੇ ਵਾਲਿਆਂ ’ਤੇ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ ਗਈਆਂ ਹਨ। ਫੌਬਸ ਗਲੋਬਲ ਮੈਗਜ਼ੀਨ ਵਾਲਿਆਂ ਨੇ ਉਨ੍ਹਾਂ ਦੇ ਇੰਨੇ ਵਧੀਆ ਰਿਕਾਰਡ ਕਰਕੇ ਉਨ੍ਹਾਂ ਨੂੰ ਇਨਾਮ ਦਿੱਤਾ ਹੈ। ਇਨ੍ਹਾਂ ਦਾ ਨਾਂ ਗਿਨਿਸ ਬੁੱਕ ਆਫ਼ ਰੈਕੋਡਸ ਵਿਚ ਆਉਣ ਤੋਂ ਇਲਾਵਾ ਅਮਰੀਕਾ ਦੇ ਹਾਰਵਰਡ ਬਿਜ਼ਨੈਸ ਸਕੂਲ ਨੇ ਵੀ ਇਨ੍ਹਾਂ ਬਾਰੇ ਸਟੱਡੀ ਕੀਤੀ ਹੈ। ਡੱਬੇ ਵਾਲਿਆਂ ਨੂੰ ਵੱਡੀਆਂ-ਵੱਡੀਆਂ ਹਸਤੀਆਂ ਵੀ ਮਿਲਣ ਆਈਆਂ ਹਨ ਜਿਨ੍ਹਾਂ ਵਿਚ ਬ੍ਰਿਟੇਨ ਦੇ ਸ਼ਾਹੀ ਘਰਾਣੇ ਦਾ ਇਕ ਮੈਂਬਰ ਵੀ ਹੈ। ਉਹ ਇਨ੍ਹਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਕੁਝ ਡੱਬੇ ਵਾਲਿਆਂ ਨੂੰ ਇੰਗਲੈਂਡ ਵਿਚ ਆਪਣੇ ਵਿਆਹ ’ਤੇ ਵੀ ਬੁਲਾਇਆ!

ਅੱਜ ਡੱਬੇ ਵਾਲੇ ਕੰਪਿਊਟਰ ਅਤੇ ਸੈੱਲ ਫ਼ੋਨ ਰਾਹੀਂ ਆਰਡਰ ਲੈਂਦੇ ਅਤੇ ਆਪਣਾ ਹਿਸਾਬ-ਕਿਤਾਬ ਕਰਦੇ ਹਨ। ਪਰ ਅੱਜ ਵੀ ਉਨ੍ਹਾਂ ਦਾ ਡਿਲਿਵਰੀ ਸਿਸਟਮ ਨਹੀਂ ਬਦਲਿਆ। ਦੁਪਹਿਰ ਵੇਲੇ ਜਦੋਂ ਮੁੰਬਈ ਦੇ ਦਫ਼ਤਰਾਂ ਵਿਚ ਲੋਕਾਂ ਦੇ ਢਿੱਡ ਵਿਚ ਚੂਹੇ ਨੱਚਣ ਲੱਗ ਪੈਂਦੇ ਹਨ ਤਾਂ ਉਨ੍ਹਾਂ ਨੂੰ ਪੱਕਾ ਪਤਾ ਹੁੰਦਾ ਹੈ ਕਿ ਘਰ ਦੀ ਬਣੀ ਗਰਮਾ-ਗਰਮ ਰੋਟੀ ਬਿਨਾਂ ਇਕ ਮਿੰਟ ਦੇਰ ਕੀਤਿਆਂ ਉਨ੍ਹਾਂ ਦੇ ਡੈੱਸਕਾਂ ’ਤੇ ਪਹੁੰਚਣ ਵਾਲੀ ਹੈ! (g10-E 11)

[ਸਫ਼ਾ 21 ਉੱਤੇ ਤਸਵੀਰ]

ਥਾਂ-ਥਾਂ ਡਿਲਿਵਰੀ ਲਈ ਟ੍ਰੇਨ ’ਤੇ ਲੱਦੇ ਜਾ ਰਹੇ ਡੱਬੇ

[ਸਫ਼ਾ 21 ਉੱਤੇ ਤਸਵੀਰ]

ਟਿਫ਼ਨ ਸੌਖਿਆਂ ਹੀ ਸਹੀ ਟਿਕਾਣੇ ’ਤੇ ਪਹੁੰਚਾਇਆ ਜਾਂਦਾ ਹੈ

[ਸਫ਼ਾ 22 ਉੱਤੇ ਤਸਵੀਰ]

ਕਈ ਬਿਜ਼ਨਿਸ ਵਾਲਿਆਂ ਨੇ ਡੱਬੇ ਵਾਲਿਆਂ ਦੇ ਵਧੀਆ ਡਿਲਿਵਰੀ ਸਿਸਟਮ ਤੋਂ ਬਹੁਤ ਕੁਝ ਸਿੱਖਿਆ ਹੈ